ਧਾਕੜ ਲੋਕਾਂ ਦੀ ਗੁੰਡਾਗਰਦੀ ਸੰਸਦ ਮੈਂਬਰ ਵਲੋਂ ਜਹਾਜ਼ ਦੇ ਕਰਮਚਾਰੀ ਨੂੰ ਕੁੱਟਣ ਦੀ ਸ਼ਰਮਨਾਕ ਹਰਕਤ

03/25/2017 8:04:23 AM

ਸੱਤਾ ਅਦਾਰੇ ਨਾਲ ਜੁੜੇ ਲੋਕਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਕੋਈ ਗਲਤ ਕੰਮ ਨਹੀਂ ਕਰਨਗੇ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਲਝਾਉਣ ''ਚ ਮਦਦ ਕਰਨਗੇ ਪਰ ਅੱਜ ਖੁਦ ਇਹੋ ਲੋਕ ਵੱਡੇ ਪੱਧਰ ''ਤੇ ਧੱਕੇਸ਼ਾਹੀ ਕਰ ਰਹੇ ਹਨ, ਜਿਸ ਦੀਆਂ ਕੁਝ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 03 ਜਨਵਰੀ ਨੂੰ ਕਰਨਾਟਕ ਦੇ ਕਾਰਵਾੜ ''ਚ ਭਾਜਪਾ ਵਿਧਾਇਕ ਅਨੰਤ ਕੁਮਾਰ ਹੇਗੜੇ ਨੇ ਇਕ ਹਸਪਤਾਲ ਦੇ 2 ਡਾਕਟਰਾਂ ਤੇ ਹੋਰ ਸਟਾਫ ਨੂੰ ਬੁਰੀ ਤਰ੍ਹਾਂ ਕੁੱਟ ਦਿੱੱਤਾ।
* 07 ਜਨਵਰੀ ਨੂੰ ਇਕ 14 ਸਾਲਾ ਲੜਕੀ ਨਾਲ ਜੁੜੇ ਸੈਕਸ ਰੈਕੇਟ ''ਚ ਲੋੜੀਂਦੇ ਮੇਘਾਲਿਆ ਦੇ ਵਿਧਾਇਕ ਜੂਲੀਅਸ ਦੋਰਫਾਂਗ ਨੂੰ ਆਸਾਮ ਤੋਂ ਗ੍ਰਿਫਤਾਰ ਕੀਤਾ ਗਿਆ।
* 18 ਜਨਵਰੀ ਨੂੰ ਹੋਸ਼ੰਗਾਬਾਦ ''ਚ ''ਨਮਾਮਿ ਦੇਵੀ ਨਰਮਦੇ'' ਸੇਵਾ ਯਾਤਰਾ ''ਚ ਸ਼ਾਮਿਲ ਭਾਜਪਾ ਐੱਮ. ਪੀ. ਰਾਓ ਉਦੈ ਪ੍ਰਤਾਪ ਸਿੰਘ ਨੇ ਪੁਲਸ ਮੁਲਾਜ਼ਮ ਤੋਂ ਕਿਸੇ ਗੱਲ ''ਤੇ ਨਾਰਾਜ਼ ਹੋ ਕੇ ਉਸ ਨੂੰ ਥੱਪੜ ਮਾਰ ਦਿੱਤਾ ਤੇ ਕਿਹਾ ''''ਕੀ ਮੈਨੂੰ ਪਛਾਣਦਾ ਨਹੀਂ?''''
* 21 ਜਨਵਰੀ ਨੂੰ ਆਸਾਮ ਦੇ ਨੌਗਾਂਵ ''ਚ ਇਕ ਇੰਜੀਨੀਅਰ ਜੈਅੰਤ ਦਾਸ ਨੇ ਸੜਕ ਵਿਚਾਲੇ ਖੜ੍ਹੀ ਭਾਜਪਾ ਵਿਧਾਇਕ ਡਿੰਬੇਸ਼ਵਰ ਦਾਸ ਦੀ ਕਾਰ ਉਥੋਂ ਹਟਾ ਦਿੱਤੀ ਤਾਂ ਵਿਧਾਇਕ ਨੇ ਉਸ ਦੀ ਬੇਇੱਜ਼ਤੀ ਕੀਤੀ ਤੇ ਆਪਣੇ ਪੈਰਾਂ ਨੂੰ ਹੱਥ ਲੁਆ ਕੇ ਮੁਆਫੀ ਮੰਗਵਾਈ।
* 05 ਫਰਵਰੀ ਨੂੰ ਬੰਗਾਲ ਦੇ ''ਦੱਖਣੀ 24 ਪਰਗਣਾ'' ਜ਼ਿਲੇ ''ਚ ਤ੍ਰਿਣਮੂਲ ਕਾਂਗਰਸ ਦੇ ਨੇਤਾ ''ਖਾਤਿਬ ਸਰਦਾਰ'' ਨੇ ਇਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
* 07 ਮਾਰਚ ਨੂੰ ਬਿਹਾਰ ਦੇ ਸੁਪੌਲ ''ਚ ਵੀਰਪੁਰ ਥਾਣਾ ਖੇਤਰ ਦੇ ਸੀਤਾਪੁਰ ''ਚ ਭਾਜਪਾ ਵਿਧਾਇਕ ਨੀਰਜ ਕੁਮਾਰ ਬਬਲੂ ਨੇ ਲੋਕਾਂ ਨਾਲ ਮਾਰ-ਕੁਟਾਈ ਕੀਤੀ ਤੇ ਗਾਲ੍ਹਾਂ ਕੱਢੀਆਂ।
* 16 ਮਾਰਚ ਨੂੰ ਮਹਾਰਾਸ਼ਟਰ ਦੇ ਠਾਣੇ ''ਚ ਭਾਜਪਾ ੇ ਦੇ ਨਗਰ ਸੇਵਕ ਸ਼ੈਲੇਸ਼ ਦਾਤ੍ਰਕ ਨੇ ਵਿਵਾਦ ਕਾਰਨ ਜੂਨੀਅਰ ਇੰਜੀਨੀਅਰ ਮਹੇਸ਼ ਗੁਪਤੇ ਨੂੰ ਕੁੱਟ ਦਿੱਤਾ।
* 17 ਮਾਰਚ ਨੂੰ ਜਮੀਅਤ-ਉਲੇਮਾ-ਏ-ਹਿੰਦ ਦੇ ਜਨਰਲ ਸਕੱਤਰ ਤੇ ਸਾਬਕਾ ਐੱਮ. ਪੀ. ਮਹਿਮੂਦ ਮਦਨੀ ਦੇ ਭਰਾ ਮਸੂਦ ਮਦਨੀ ਨੂੰ ਬਲਾਤਕਾਰ ਦੇ ਦੋਸ਼ ''ਚ ਗ੍ਰਿਫਤਾਰ ਕੀਤਾ ਗਿਆ।
* 19 ਮਾਰਚ ਨੂੰ ਦਿੱਲੀ ਪੁਲਸ ਨੇ 25 ਲੱਖ ਰੁਪਏ ਦੀ ਲੁੱਟ ਦੇ ਮਾਮਲੇ ''ਚ ''ਆਮ ਆਦਮੀ ਪਾਰਟੀ'' ਦੇ ਨੇਤਾ ਨਜੀਬ (25) ਨੂੰ ਗ੍ਰਿਫਤਾਰ ਕੀਤਾ।
* 23 ਮਾਰਚ ਨੂੰ ਸਤਾਰਾ (ਮਹਾਰਾਸ਼ਟਰ) ਪੁਲਸ ਨੇ ਰਾਕਾਂਪਾ ਐੱਮ. ਪੀ. ਉਦੈ ਰਾਜੇ ਭੌਂਸਲੇ ਅਤੇ 9 ਹੋਰਨਾਂ ਵਿਰੁੱਧ ਇਕ ਕੰਪਨੀ ਦੇ ਅਧਿਕਾਰੀ ਤੋਂ ਜ਼ਬਰਦਸਤੀ ਵਸੂਲੀ ਤੇ ਮਾਰ-ਕੁਟਾਈ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ।
* ਇਸੇ ਦਿਨ ਏਅਰ ਇੰਡੀਆ ਦੀ ਉਡਾਣ ਨੰਬਰ ਏ. ਆਈ.-852 ਰਾਹੀਂ ਪੁਣੇ ਤੋਂ ਦਿੱਲੀ ਆਏ ਸ਼ਿਵ ਸੈਨਾ ਦੇ ਸੰਸਦ ਮੈਂਬਰ ਰਵਿੰਦਰ ਗਾਇਕਵਾੜ ਨੇ ਦਿੱਲੀ ਹਵਾਈ ਅੱਡੇ ''ਤੇ ਡਿਊਟੀ ਮੈਨੇਜਰ ਆਰ. ਸੁਕੁਮਾਰ ਨਾਲ ਜੋ ਕੁਝ ਕੀਤਾ, ਉਸ ਨੇ ਤਾਂ ਸਾਰਿਆਂ ਨੂੰ ਮਾਤ ਹੀ ਪਾ ਦਿੱਤੀ।
ਗਾਇਕਵਾੜ ਕੋਲ ਬਿਜ਼ਨੈੱਸ ਕਲਾਸ ਦਾ ਟ੍ਰੈਵਲ ਕੂਪਨ ਸੀ ਪਰ ਉਕਤ ਜਹਾਜ਼ ''ਚ ਬਿਜ਼ਨੈੱਸ ਕਲਾਸ ਨਹੀਂ ਸੀ। ਏਅਰ ਇੰਡੀਆ ਦਾ ਕਹਿਣਾ ਸੀ ਕਿ ਸੰਸਦ ਮੈਂਬਰ ਉਸੇ ਦਿਨ ਦਿੱਲੀ ਲਈ ਮੁਹੱਈਆ ਬਿਜ਼ਨੈੱਸ ਕਲਾਸ ਵਾਲੀਆਂ ਏਅਰ ਇੰਡੀਆਂ ਦੀਆਂ ਦੋ ਫਲਾਈਟਾਂ ''ਚੋਂ ਕੋਈ ਇਕ ਚੁਣ ਸਕਦਾ ਸੀ ਪਰ ਉਸ ਨੇ ਇਹੋ ਫਲਾਈਟ ਚੁਣੀ।
ਦਿੱਲੀ ਪਹੁੰਚਣ ''ਤੇ ਪਹਿਲਾਂ ਤਾਂ ਉਹ ਅੱਧਾ ਘੰਟਾ ਜਹਾਜ਼ ''ਚੋਂ ਬਾਹਰ ਹੀ ਨਹੀਂ ਨਿਕਲਿਆ ਅਤੇ ਗੁੱਸੇ ''ਚ ਬੋਲਦਾ ਰਿਹਾ। ਜਦੋਂ ਗਰਾਊਂਡ ਸਟਾਫ ਨੇ ਉਸ ਨੂੰ ਬਾਹਰ ਆਉਣ ਲਈ ਕਿਹਾ ਤਾਂ ਉਸ ਨੇ ਡਿਊਟੀ ਮੈਨੇਜਰ ਆਰ. ਸੁਕੁਮਾਰ ਨੂੰ ਗਾਲ੍ਹਾਂ ਕੱਢੀਆਂ, ਉਸ ਦੀ ਐਨਕ ਤੋੜ ਦਿੱਤੀ, ਬੇਇੱਜ਼ਤ ਕੀਤਾ ਤੇ ਸੈਂਡਲਾਂ ਨਾਲ ਕੁੱਟਿਆ, ਜਿਸ ਨਾਲ ਉਸ ਨੂੰ ਸੱਟਾਂ ਲੱਗੀਆਂ।
ਸੰਸਦ ਮੈਂਬਰ ਦਾ ਗੁੱਸਾ ਫਿਰ ਵੀ ਸ਼ਾਂਤ ਨਹੀਂ ਹੋਇਆ ਤੇ ਉਸ ਨੇ ਚਿੱਲਾਉਣਾ ਸ਼ੁਰੂ ਕਰ ਦਿੱਤਾ, ''''ਹਾਂ ਮੈਂ ਇਸ ਨੂੰ ਕੁੱਟਿਆ ਅਤੇ 25 ਸੈਂਡਲ ਮਾਰੇ... ਮੇਰਾ ਵੱਸ ਚਲਦਾ ਤਾਂ ਮੈਂ ਇਸ ਨੂੰ ਜਹਾਜ਼ ''ਚੋਂ ਹੇਠਾਂ ਸੁੱਟ ਦਿੰਦਾ। ਇਹ ਮੋਦੀ ਨੂੰ ਸ਼ਿਕਾਇਤ ਕਰਨ ਦੀ ਗੱਲ ਕਹਿ ਰਿਹਾ ਸੀ। ਮੈਂ ਭਾਜਪਾ ਦਾ ਨਹੀਂ....ਸ਼ਿਵ ਸੈਨਾ ਦਾ ਸੰਸਦ ਮੈਂਬਰ ਹਾਂ.... ਅਪਮਾਨ ਬਿਲਕੁਲ ਬਰਦਾਸ਼ਤ ਨਹੀਂ ਕਰਾਂਗਾ।''''
ਇਸ ਸੰਸਦ ਮੈਂਬਰ ਦੀ ਧੱਕੇਸ਼ਾਹੀ/ਗੁੰਡਾਗਰਦੀ ਵਿਰੁੱਧ 18 ਕੇਸ ਪਹਿਲਾਂ ਹੀ ਦਰਜ ਹਨ। ਉਸ ਨੇ ਅਗਸਤ 2014 ''ਚ ਰਮਜ਼ਾਨ ਦੇ ਮਹੀਨੇ ਦਿੱਲੀ ''ਚ ਸਥਿਤ ਮਹਾਰਾਸ਼ਟਰ ਸਦਨ ''ਚ ਇਕ ਰੋਜ਼ੇਦਾਰ ਵੇਟਰ ਦੇ ਮੂੰਹ ''ਚ ਰੋਟੀ ਤੁੰਨ ਕੇ ਉਸ ਨੂੰ ਅਪਮਾਨਿਤ ਕੀਤਾ ਸੀ।
ਗਾਇਕਵਾੜ ਦੀ ਕਰਤੂਤ ਨੂੰ ਲੈ ਕੇ ਹੋਏ ਹੰਗਾਮੇ ਦਰਮਿਆਨ ਸ਼ਿਵ ਸੈਨਾ ਸੁਪਰੀਮੋ ਊਧਵ ਠਾਕਰੇ ਨੇ ਉਸ ਨੂੰ ਤਲਬ ਕਰ ਲਿਆ ਹੈ ਤੇ ਸਿਆਸੀ ਹਲਕਿਆਂ ਸਮੇਤ  ਸਾਰੀਆਂ ਹਵਾਈ ਸੇਵਾਵਾਂ ਨੇ ਉਸ ਦੀ ਇਸ ਘਟੀਆ ਹਰਕਤ ਦੀ ਇਕ ਸੁਰ ''ਚ ਨਿੰਦਾ ਕੀਤੀ ਹੈ।
ਏਅਰ ਇੰਡੀਆ ਸਮੇਤ ਅੱਧਾ ਦਰਜਨ ਤੋਂ ਜ਼ਿਆਦਾ ਹਵਾਈ ਸੇਵਾਵਾਂ ਨੇ ਰਵਿੰਦਰ ਗਾਇਕਵਾੜ ਦੇ  ਆਪਣੇ  ਜਹਾਜ਼ਾਂ ''ਚ ਸਫਰ ਕਰਨ ''ਤੇ ਰੋਕ ਲਾ ਦਿੱਤੀ ਹੈ ਤੇ ਕਿਹਾ ਹੈ ਕਿ ਜੇਕਰ ਉਹ ਕਿਸੇ ਜਹਾਜ਼ ''ਚ ਬੈਠਾ ਹੋਵੇਗਾ ਤਾਂ ਜਹਾਜ਼ ਨਹੀਂ ਉਡਾਇਆ ਜਾਵੇਗਾ।
ਇਸ ਤੋਂ ਇਲਾਵਾ ''ਫੈੱਡਰੇਸ਼ਨ ਆਫ ਇੰਡੀਅਨ ਏਅਰਲਾਈਨਜ਼'' ਅਤੇ ਏਅਰ ਇੰਡੀਆ ਨੇ ਸਾਂਝਾ ਬਿਆਨ ਜਾਰੀ ਕਰ ਕੇ ''''ਮੁਲਾਜ਼ਮਾਂ ਤੇ ਮੁਸਾਫਿਰਾਂ ਦੀ ਸੁਰੱਖਿਆ ਨੂੰ ਧਿਆਨ ''ਚ ਰੱਖਦਿਆਂ ਇਕ ''ਨੋ ਫਲਾਈ'' ਸੂਚੀ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਹੈ, ਜਿਸ ''ਚ ਉਨ੍ਹਾਂ ਸਾਰੇ ਹੁੱਲੜਬਾਜ਼ੀ ਕਰਨ ਵਾਲੇ ਮੁਸਾਫਿਰਾਂ ਦੇ ਨਾਂ ਹੋਣਗੇ, ਜਿਨ੍ਹਾਂ ਨੂੰ ਲੈ ਕੇ ਜਹਾਜ਼ ਉਡਾਣ ਨਹੀਂ ਭਰਨਗੇ।''''
ਸੱਤਾ ਨਾਲ ਜੁੜੇ ਲੋਕਾਂ ਦੀ ਧੱਕੇਸ਼ਾਹੀ ਦਾ ਇਹ ਰੁਝਾਨ ਖਤਰਨਾਕ ਹੈ। ਜੇਕਰ ਇਸ ਨੂੰ ਨਾ ਰੋਕਿਆ ਗਿਆ ਤਾਂ ਪ੍ਰਤੀਕਿਰਿਆ ਵਜੋਂ ਆਮ ਲੋਕ ਵੀ ਕਾਨੂੰਨ ਹੱਥ ''ਚ ਲੈਣ ਲੱਗ ਪੈਣਗੇ ਤੇ ਉਦੋਂ ਫਿਰ ਇਸ ਦਾ ਨਤੀਜਾ ਸਾਰੀਆਂ ਧਿਰਾਂ ਲਈ ਦੁਖਦਾਈ ਹੀ ਹੋਵੇਗਾ।
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra