ਭਾਰਤ ’ਚ ‘ਕੋਰੋਨਾ ਨੇ ਨਿਗਲੇ ਰੋਜ਼ਗਾਰ’ ਜੀ. ਡੀ. ਪੀ. ’ਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ

08/13/2020 3:32:30 AM

‘ਕੋਰੋਨਾ’ ਮਹਾਮਾਰੀ ਨਾਲ ਸਮੁੱਚਾ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਆਰਥਿਕ ਤੇ ਸਮਾਜਿਕ ਢਾਂਚਾ ਬੁਰੀ ਤਰ੍ਹਾਂ ਲੜਖੜਾ ਜਾਣ ਨਾਲ ਦੁਨੀਆ ਭਰ ’ਚ ਰੋਜ਼ਗਾਰ ਦੇ ਮੌਕਿਅਾਂ ’ਚ ਭਾਰੀ ਕਮੀ ਆਈ ਹੈ।

ਭਾਰਤ ’ਚ ਬੇਰੋਜ਼ਗਾਰੀ ਦੀ ਦਰ ਪਿਛਲੇ 5 ਮਹੀਨਿਆਂ ਦੇ ਸਭ ਤੋਂ ਸਿਖਰਲੇ ਪੱਧਰ ’ਤੇ ਪਹੁੰਚ ਕੇ 9 ਅਗਸਤ ਨੂੰ ਸਮਾਪਤ ਹੋਏ ਹਫਤੇ ’ਚ 8.67 ਫੀਸਦੀ ਹੋ ਗਈ।

ਹਿਜਰਤ ਕਰ ਕੇ ਗਏ ਕਿਰਤੀਅਾਂ ਦੀ ਵਾਪਸੀ ਸ਼ੁਰੂ ਹੋਣ ਦੇ ਬਾਵਜੂਦ ਮੈਨੂਫੈਕਚਰਿੰਗ ਅਤੇ ਟੈਕਸਟਾਈਲ ਸੈਕਟਰ ’ਚ ਮੰਦੀ ਨੇ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ ਕਿਉਂਕਿ ਮੰਗ ਘੱਟ ਹੋਣ ਦੇ ਕਾਰਨ ਉਤਪਾਦਨ ’ਚ ਗਿਰਾਵਟ ਆ ਗਈ ਹੈ।

ਇਸ ਨਾਲ ਦੇਸ਼ ਦਾ ਜੀ. ਡੀ. ਪੀ. (ਕੁਲ ਘਰੇਲੂ ਉਤਪਾਦ) ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਦਾ ਖਦਸ਼ਾ ਵਿਸ਼ਵ ਦੀਅਾਂ ਸਾਰੀਅਾਂ ਏਜੰਸੀਅਾਂ ਵਲੋਂ ਪ੍ਰਗਟਾਇਆ ਜਾ ਰਿਹਾ ਹੈ।

ਹਾਲ ਹੀ ’ਚ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀ ਕਾਂਤ ਦਾਸ ਵੀ ਇਸ ਸਾਲ ਜੀ. ਡੀ. ਪੀ. ’ਚ ਗਿਰਾਵਟ ਦਾ ਪ੍ਰਬਲ ਖਦਸ਼ਾ ਪ੍ਰਗਟ ਕਰ ਚੁੱਕੇ ਹਨ।

ਹੁਣ 11 ਅਗਸਤ ਨੂੰ ਦੇਸ਼ ਦੀ ਮੋਹਰੀ ਆਈ. ਡੀ. ਕੰਪਨੀ ‘ਇਨਫੋਸਿਸ’ ਦੇ ਸੰਸਥਾਪਕ ਐੱਨ. ਆਰ. ਨਾਰਾਇਣਮੂਰਤੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਕੋਰੋਨਾ ਮਹਾਮਾਰੀ ਦੇ ਕਾਰਨ ਇਸ ਦੇਸ਼ ਦੀ ਆਰਥਿਕ ਦਸ਼ਾ 1947 ’ਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਸਭ ਤੋਂ ਖਰਾਬ ਸਥਿਤੀ ’ਚ ਹੋਵੇਗੀ ਜੋ 5 ਫੀਸਦੀ ਤੱਕ ਡਿੱਗ ਸਕਦੀ ਹੈ।

ਨਾਰਾਇਣਮੂਰਤੀ ਦੇ ਅਨੁਸਾਰ ਇਸ ਸਥਿਤੀ ਦਾ ਮੁਕਾਬਲਾ ਕਰਨ ਲਈ ਇਸ ਨੂੰ ਜਲਦੀ ਤੋਂ ਜਲਦੀ ਵਾਪਸ ਪਟੜੀ ’ਤੇ ਲਿਆਉਣ ਦੇ ਯਤਨ ਕਰਨੇ ਹੋਣਗੇ। ਇਸ ਦੇ ਲਈ ਇਕ ਅਜਿਹੀ ਨਵੀਂ ਪ੍ਰਣਾਲੀ ਵਿਕਸਿਤ ਕਰਨੀ ਹੋਵੇਗੀ, ਜਿਸ ’ਚ ਦੇਸ਼ ਦੀ ਅਰਥਵਿਵਸਥਾ ਦੇ ਹਰੇਕ ਖੇਤਰ ’ਚ ਹਰੇਕ ਕਾਰੋਬਾਰੀ ਨੂੰ ਪੂਰੀ ਸਮਰੱਥਾ ਨਾਲ ਕੰਮ ਕਰਨ ਦੀ ਇਜਾਜ਼ਤ ਹੋਵੇ।

ਮੂਰਤੀ ਦੇ ਅਨੁਸਾਰ ਕੁਲ ਮਿਲਾ ਕੇ 14 ਕਰੋੜ ਕਰਮਚਾਰੀ ਇਸ ਵਾਇਰਸ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਇਸ ਲਈ ਸਮਝਦਾਰੀ ਇਸੇ ’ਚ ਹੈ ਕਿ ਵਾਇਰਸ ਨਾਲ ਲੜਦੇ ਹੋਏ ਅਰਥਵਿਵਸਥਾ ਨੂੰ ਵਾਧੇ ਦੇ ਰਸਤੇ ’ਤੇ ਅੱਗੇ ਵਧਾਉਣ ਵੱਲ ਇਕ ਨਵੀਂ ਆਮ ਵਿਵਸਥਾ ਨੂੰ ਪਰਿਭਾਸ਼ਿਤ ਕੀਤਾ ਜਾਵੇ।

ਇਸ ਦੇ ਨਾਲ ਨਾਰਾਇਣਮੂਰਤੀ ਨੇ ਲੋਕਾਂ ਨੂੰ ਮਹਾਮਾਰੀ ਦੇ ਨਤੀਜੇ ਵਜੋਂ ਬਦਲਦੇ ਹੋਏ ਹਾਲਾਤ ’ਚ ਰੋਗ ਪੈਦਾ ਕਰਨ ਵਾਲੇ ਵਿਸ਼ਾਣੂਅਾਂ ਦੇ ਦਰਮਿਆਨ ਜ਼ਿੰਦਾ ਰਹਿਣ ਲਈ ਖੁਦ ਨੂੰ ਤਿਆਰ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਹੈ।

ਦੇਸ਼ ਇਸ ਸਮੇਂ ਜਿਸ ਆਰਥਿਕ ਮੰਦੀ ਅਤੇ ਮਹਾਮਾਰੀ ’ਚੋਂ ਲੰਘ ਰਿਹਾ ਹੈ, ਉਸ ’ਚ ਸ਼੍ਰੀ ਨਾਰਾਇਣਮੂਰਤੀ ਦੇ ਵਿਚਾਰ ਮਾਇਨੇ ਰੱਖਦੇ ਹਨ। ਇਸ ਲਈ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਇਨ੍ਹਾਂ ’ਤੇ ਵਿਚਾਰ ਕਰਨਾ ਸਮੇਂ ਦੀ ਲੋੜ ਹੈ।

–ਵਿਜੇ ਕੁਮਾਰ


Bharat Thapa

Content Editor

Related News