ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਦਾ ਘਰ ’ਚ ਵੈਕਸੀਨ ਕਰਵਾਉਣ ਨੂੰ ਲੈ ਕੇ ਵਿਵਾਦ

07/19/2021 3:16:40 AM

ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਆਪਣੇ ਘਰ ’ਚ ਟੀਕਾਕਰਨ ਕਰਵਾਉਣ ਨੂੰ ਲੈ ਕੇ ਇਕ ਨਵੇਂ ਵਿਵਾਦ ’ਚ ਘਿਰ ਗਈ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਉਹ ਆਪਣੇ ਘਰ ’ਚ ਵੈਕਸੀਨ ਲਗਵਾਉਂਦੀ ਹੋਈ ਨਜ਼ਰ ਆ ਰਹੀ ਹੈ, ਜਿਸ ਤੋਂ ਉਨ੍ਹਾਂ ਦੀ ਪਹਿਲੀ ਡੋਜ਼ ਲੱਗਣ ਦਾ ਪਤਾ ਲੱਗਾ।

ਅਜਿਹਾ ਉਦੋਂ ਹੋਇਆ ਜਦੋਂ ਭੋਪਾਲ ’ਚ ਵੈਕਸੀਨ ਕੇਂਦਰਾਂ ’ਚ ਲੰਬੀਆਂ ਲਾਈਨਾਂ ’ਚ ਖੜ੍ਹੇ ਨੌਜਵਾਨ ਅਤੇ ਬਜ਼ੁਰਗ ਲੋਕ ਬੜੇ ਹੌਸਲੇ ਨਾਲ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਨਜ਼ਰ ਆਏ, ਜਿਨ੍ਹਾਂ ’ਚੋ ਜ਼ਿਆਦਾਤਰ ਨੂੰ ਨਿਰਾਸ਼ ਹੋ ਕੇ ਘਰ ਵੀ ਪਰਤਣਾ ਪਿਆ ਕਿਉਂਕਿ ਕਈ ਟੀਕਾਕਰਨ ਕੇਂਦਰਾਂ ’ਚ ਵੈਕਸੀਨ ਦੀ ਕਿੱਲਤ ਸੀ। ਸੂਬਾ ਪ੍ਰਸ਼ਾਸਨ ਦੇ ਅਨੁਸਾਰ, ਪ੍ਰਗਿਆ ਠਾਕੁਰ ‘ਬਜ਼ੁਰਗਾਂ ਅਤੇ ਦਿਵਿਆਂਗਾਂ’ ਦੇ ਲਈ ਖਾਸ ਨਿਯਮਾਂ ਦੇ ਅਧੀਨ ਘਰੇਲੂ ਟੀਕਾਕਰਨ ਦੀ ਹੱਕਦਾਰ ਸੀ।

ਪਰ ਪ੍ਰਗਿਆ ਸਿੰਘ ਠਾਕੁਰ ਦੇ ਦੋ ਹਾਲੀਆ ਵਾਇਰਲ ਵੀਡੀਓਜ਼ ਨੇ ਉਨ੍ਹਾਂ ਦੇ ਉਸ ਦਾਅਵੇ ’ਤੇ ਸਵਾਲ ਉਠਾਇਆ ਹੈ ਕਿ ਬੀਮਾਰੀ ਦੇ ਕਾਰਨ ਮਾਲੇਗਾਂਵ ਧਮਾਕੇ ਮਾਮਲੇ ਦੀ ਸੁਣਵਾਈ ਦੇ ਲਈ ਅਦਾਲਤ ਦੇ ਸਾਹਮਣੇ ਪੇਸ਼ ਹੋਣ ’ਚ ਅਸਮਰੱਥ ਹੈ। ਇਨ੍ਹਾਂ ’ਚੋਂ ਇਕ ਵੀਡੀਓ ’ਚ ਉਹ ਬਾਸਕਟਬਾਲ ਖੇਡ ਰਹੀ ਹੈ ਅਤੇ ਦੂਸਰੇ ’ਚ ਉਹ ਕਿਸੇ ਵਿਆਹ ’ਚ ਨੱਚਦੀ ਦਿਖਾਈ ਦੇ ਰਹੀ ਹੈ।

ਕਾਂਗਰਸੀ ਆਗੂ ਨਰਿੰਦਰ ਸਲੂਜਾ ਨੇ ਟਵਿਟਰ ’ਤੇ ਸਵਾਲ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਸਾਰੇ ਭਾਜਪਾ ਆਗੂ ਹਸਪਤਾਲ ’ਚ ਜਾ ਕੇ ਵੈਕਸੀਨ ਲਗਵਾ ਆਏ ਪਰ ਸਾਧਵੀ ਪ੍ਰਗਿਆ ਨੂੰ ਇਹ ਛੋਟ ਕਿਉਂ ਅਤੇ ਕਿਸ ਆਧਾਰ ’ਤੇ ਮਿਲੀ!

ਸ਼ਾਇਦ ਉਸ ਵਿਵਾਦ ਦਾ ਵਿਸ਼ਾ ਘਰ ਜਾਂ ਬਾਹਰ ਟੀਕਾ ਲਗਵਾਉਣਾ ਨਹੀਂ ਹੋਣਾ ਚਾਹੀਦਾ ਸਗੋਂ ਸਾਧਵੀ ਪ੍ਰਗਿਆ ਸਿੰਘ ਠਾਕੁਰ ਦਾ ਆਖਿਰਕਾਰ ਇਹ ਪ੍ਰਵਾਨ ਕਰਨਾ ਹੋਣਾ ਚਾਹੀਦਾ ਹੈ ਕਿ ਗਊ ਮੂਤਰ ਨਹੀਂ, ਸਗੋਂ ਡਾਕਟਰਾਂ ਦੀ ਸੁਝਾਈ ਅਤੇ ਬਣਾਈ ਹੋਈ ਵੈਕਸੀਨ ਹੀ ਕੋਰੋਨਾ ਦਾ ਇਲਾਜ ਹੈ।

17 ਮਈ ਨੂੰ ਐਤਵਾਰ ਦੇ ਦਿਨ ਸਾਧਵੀ ਪ੍ਰਗਿਆ ਨੇ ਭੋਪਾਲ ’ਚ ਆਪਣੇ ਹੀ ਚੋਣ ਹਲਕੇ ਦੇ ਲੋਕਾਂ ਨੂੰ ਕਿਹਾ ਸੀ ਕਿ ‘‘ਜੇਕਰ ਅਸੀਂ ਰੋਜ਼ਾਨਾ ਦੇਸੀ ਗਊ ਮੂਤਰ (ਇਕ ਦੇਸੀ ਗਾਂ ਦਾ ਮੂਤਰ) ਲਈਏ ਤਾਂ ਇਹ ਕੋਵਿਡ ਨਾਲ ਹੋਣ ਵਾਲੀ ਫੇਫੜਿਆਂ ਦੀ ਇਨਫੈਕਸ਼ਨ ਨੂੰ ਠੀਕ ਕਰ ਦਿੰਦਾ ਹੈ। ਮੈਨੂੰ ਬਹੁਤ ਦਰਦ ਹੋ ਰਿਹਾ ਹੈ ਪਰ ਮੈਂ ਰੋਜ਼ ਗਊ ਮੂਤਰ ਲੈਂਦੀ ਹਾਂ। ਇਸ ਲਈ ਹੁਣ ਮੈਂ ਕੋਰੋਨਾ ਦੇ ਵਿਰੁੱਧ ਕੋਈ ਦਵਾਈ ਨਹੀਂ ਲੈਣੀ ਹੈ ਅਤੇ ਮੈਨੂੰ ਕੋਰੋਨਾ ਨਹੀਂ ਹੈ।’’

ਹਾਲਾਂਕਿ ਇਸ ਤੋਂ ਪਹਿਲਾਂ 11 ਮਈ ਨੂੰ ਹੀ ਅਹਿਮਦਾਬਾਦ ਦੇ ਡਾਕਟਰਾਂ ਨੇ ਗਊ ਮੂਤਰ ਦੀ ਵਰਤੋਂ ਦੇ ਵਿਰੁੱਧ ਚਿਤਾਵਨੀ ਦਿੱਤੀ ਸੀ ਕਿ ਇਹ ਕੋਰੋਨਾ ਨੂੰ ਦੂਰ ਨਹੀਂ ਕਰ ਸਕਦਾ ਅਤੇ ਇਸ ਨਾਲ ਕਈ ਰੋਗ ਫੈਲਣ ਦਾ ਜੋਖਮ ਰਹਿੰਦਾ ਹੈ।

ਪ੍ਰਗਿਆ ਠਾਕੁਰ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਬਹੁਤ ਵਾਇਰਲ ਹੋਇਆ ਸੀ ਅਤੇ ਇਸ ਦੇ ਉਪਰੰਤ ਉਨ੍ਹਾਂ ਨੇ ਕਿਹਾ ਸੀ ਕਿ ‘‘ਗਊ ਮੂਤਰ, ਇਕ ਜੀਵਨ ਰੱਖਿਅਕ ਹੈ।’’

ਅਜਿਹਾ ਜਾਪਦਾ ਹੈ ਕਿ ਉਨ੍ਹਾਂ ਦੇ ਆਪਣੇ ਲਈ ਕੁਝ ਵੱਖ ਨਿਯਮ ਹਨ ਅਤੇ ਜਨਤਾ ਦੇ ਲਈ ਕੁਝ ਹੋਰ।

ਦੋ ਸਾਲ ਪਹਿਲਾਂ 2019 ’ਚ, ਪ੍ਰਗਿਆ ਠਾਕੁਰ ਨੇ ਕਿਹਾ ਸੀ ਕਿ ਗਊ ਮੂਤਰ ਅਤੇ ਹੋਰ ਗਊ ਉਤਪਾਦਾਂ ਦਾ ਮਿਸ਼ਰਣ ਲੈਣ ਨਾਲ ਉਸ ਦਾ ਕੈਂਸਰ ਠੀਕ ਹੋ ਗਿਆ ਸੀ। ਇਸ ਦੇ ਉਪਰੰਤ, ਪਿਛਲੇ ਸਾਲ ਦਸੰਬਰ ’ਚ ਜਦੋਂ ਉਹ ਕੋਰੋਨਾ ਦੇ ਲੱਛਣ ਅਨੁਭਵ ਕਰ ਰਹੀ ਸੀ, ਸਿੱਧੀ ਏਮਜ਼ ਹਸਪਤਾਲ ’ਚ ਦਾਖਲ ਹੋ ਗਈ।

ਜਦੋਂ ਲੋਕਾਂ ਦੀ ਵਾਰੀ ਆਈ ਤਾਂ ਭੋਪਾਲ ਦੇ ਬੈਰਾਗੜ੍ਹ ਇਲਾਕੇ ’ਚ ਆਕਸੀਜਨ ਕੰਸਨਟ੍ਰੇਟਰ (ਸਾਂਦ੍ਰਕ) ਸਮਰਪਿਤ ਕਰਨ ਦੇ ਲਈ ਆਯੋਜਿਤ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਉਹ ਇਹ ਕਹਿੰਦੇ ਹੋਏ ਨਜ਼ਰ ਆਈ ਕਿ ਗਊ ਮੂਤਰ ਹੀ ਕੋਵਿਡ ਤੋਂ ਬਚਣ ਦਾ ਇਕੋ-ਇਕ ਇਲਾਜ ਹੈ।

ਇਹ ਬਿਆਨ ਅਜਿਹੇ ਸਮੇਂ ’ਚ ਆਇਆ ਜਦੋਂ ਰਾਸ਼ਟਰ ਕੋਵਿਡ-19 ਦੀ ਮਹਾਮਾਰੀ ਦੀ ਦੂਸਰੀ ਲਹਿਰ ਨਾਲ ਜੂਝ ਰਿਹਾ ਸੀ, ਜਿਸ ਨਾਲ ਦੇਸ਼ ਦਾ ਸਿਹਤ ਢਾਂਚਾ ਡਾਵਾਂਡੋਲ ਹੋ ਗਿਆ ਸੀ। ਕਈਆਂ ਨੇ ਆਪਣੀ ਜਾਨ ਗੁਆਈ।

ਹੈਲਥਕੇਅਰ ਮਾਹਿਰਾਂ ਨੇ ਵਾਰ-ਵਾਰ ਲੋਕਾਂ ਨੂੰ ਇਲਾਜ ਦੇ ਲਈ ਟੀਕਾਕਰਨ ਦਾ ਸੁਝਾਅ ਦਿੱਤਾ ਸੀ ਪਰ ਉਸ ਸਮੇਂ ਸਾਧਵੀ ਇਸ ਦੇ ਸਮਰਥਨ ’ਚ ਨਹੀਂ ਸੀ।

ਅਜਿਹਾ ਨਹੀਂ ਕਿ ਪ੍ਰਗਿਆ ਠਾਕੁਰ ਪਹਿਲੀ ਵਾਰ ਕਿਸੇ ਵਿਵਾਦਿਤ ਬਿਆਨ ’ਚ ਫਸੀ ਹੈ। ਪਿਛਲੀ ਵਾਰ ਜਦੋਂ ਉਸ ਨੇ ਮਹਾਤਮਾ ਗਾਂਧੀ ਦੇ ਬਾਰੇ ’ਚ ਗਲਤ ਬਿਆਨੀ ਕੀਤੀ ਸੀ ਤਾਂ ਪ੍ਰਧਾਨ ਮੰਤਰੀ ਨੇ ਖੁਦ ਕਿਹਾ ਸੀ ਕਿ ਉਹ ਕਦੀ ਵੀ ਉਨ੍ਹਾਂ ਨੂੰ ਮੁਆਫ ਨਹੀਂ ਕਰਨਗੇ।

ਇਸ ਵਾਰ ਤਾਂ ਲੋਕਾਂ ਦੀਆਂ ਜਾਨਾਂ ਦਾ ਸਵਾਲ ਸੀ ਕਿਉਂਕਿ ਨਾ ਤਾਂ ਉਹ ਮਾਹਿਰ ਹੈ, ਨਾ ਹੀ ਵਿਗਿਆਨੀ ਅਤੇ ਨਾ ਹੀ ਡਾਕਟਰ, ਇਸ ਲਈ ਉਸ ਦਾ ਅਜਿਹਾ ਬਿਆਨ ਦੇਣਾ ਉਚਿਤ ਨਹੀਂ। ਅਜਿਹਾ ਵੀ ਨਹੀਂ ਹੈ ਕਿ ਉਹ ਪਹਿਲੀ ਵਾਰ ਸੰਸਦ ’ਚ ਆਈ ਹੈ। ਉਹ ਸੰਵਿਧਾਨ ’ਚ ਵਰਣਿਤ 11 ਮੌਲਿਕ ਫਰਜ਼ਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਵੇਗੀ ਜਿਨ੍ਹਾਂ ’ਚੋਂ ਫਰਜ਼ ਨੰਬਰ 9 ਕਹਿੰਦਾ ਹੈ,‘‘ਵਿਗਿਆਨਕ ਸੁਭਾਅ, ਮਨੁੱਖਤਾਵਾਦ ਅਤੇ ਜਾਂਚ ਦੀ ਭਾਵਨਾ ਵਿਕਸਿਤ ਕਰਨ ਦੇ ਲਈ ਭਾਰਤ ਵਾਸੀਆਂ ਨੂੰ ਯਤਨਸ਼ੀਲ ਰਹਿਣਾ ਚਾਹੀਦਾ।’’

ਅਜਿਹੇ ’ਚ ਇਹ ਨਹੀਂ ਭੁੱਲਣਾ ਚਾਹੀਦਾ ਕਿ ਅਮਰੀਕਾ ਦੇ ਬਾਅਦ ਸਭ ਤੋਂ ਵੱਧ ਡਾਕਟਰ, ਇੰਜੀਨੀਅਰ ਅਤੇ ਵਿਗਿਆਨੀ ਦੇਣ ਵਾਲੇ ਦੇਸ਼ ਦੇ ਅਕਸ ਨੂੰ ਬਿਨਾਂ ਵਿਗਿਆਨਕ ਤੱਥਾਂ ਦੇ ਦਿੱਤੇ ਗਏ ਬਿਆਨਾਂ ਨਾਲ ਸੱਟ ਵੱਜਦੀ ਹੈ।

Bharat Thapa

This news is Content Editor Bharat Thapa