ਭਾਰਤ ’ਚ ਅਫਰੀਕਾ ਤੋਂ ਲਿਆਂਦੇ ਗਏ ਚੀਤਿਆਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ

07/17/2023 3:38:09 AM

120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਨ ’ਚ ਸਮਰੱਥ ਚੀਤਾ ਦੁਨੀਆ ਦਾ ਸਭ ਤੋਂ ਤੇਜ਼ ਦੌੜਨ ਵਾਲਾ ਜਾਨਵਰ ਹੈ। ਭਾਰਤ ਵਿਚ ਇਸ ਨੂੰ ਲੁਪਤ ਹੋਏ 7 ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਇਸੇ ਕਾਰਨ ਪਿਛਲੇ ਸਾਲ ਜਨਵਰੀ ’ਚ ਭਾਰਤ ਸਰਕਾਰ ਨੇ ਚੀਤਿਆਂ ਦੀ ਵਤਨ ਵਾਪਸੀ ਲਈ ਇਕ ਐਕਸ਼ਨ ਪਲਾਨ ਤਿਆਰ ਕੀਤਾ, ਜਿਸ ਅਧੀਨ ਨਾਮੀਬੀਆ ਤੋਂ 4 ਨਰ ਅਤੇ 4 ਮਾਦਾ ਸਮੇਤ ਕੁੱਲ 8 ਅਤੇ ਦੱਖਣੀ ਅਫਰੀਕਾ ਤੋਂ 7 ਨਰ ਤੇ 5 ਮਾਦਾ ਸਮੇਤ 12 ਚੀਤੇ ਲਿਆਂਦੇ ਗਏ।

ਇਨ੍ਹਾਂ ਨੂੰ ਮੱਧ ਪ੍ਰਦੇਸ਼ ਵਿਚ 748 ਵਰਗ ਕਿਲੋਮੀਟਰ ਦੇ ਖੇਤਰ ’ਚ ਫੈਲੇ ਕੂਨੋ ਨੈਸ਼ਨਲ ਪਾਰਕ ’ਚ ਰੱਖਿਆ ਗਿਆ ਹੈ। ਐਕਸ਼ਨ ਪਲਾਨ ਮੁਤਾਬਕ ਇਹ ਥਾਂ ਚੀਤਿਆਂ ਦੇ ਰਹਿਣ ਲਈ ਸਭ ਤੋਂ ਢੁੱਕਵੀਂ ਹੈ। ਇੱਥੇ ਚੀਤਿਆਂ ਨੂੰ ਆਪਣਾ ਸ਼ਿਕਾਰ ਕਰਨ ਲਈ ਚੀਤਲ ਵਰਗੇ ਜਾਨਵਰ ਵੀ ਆਸਾਨੀ ਨਾਲ ਉਪਲੱਬਧ ਹਨ। ਇੱਥੇ 1 ਕਿਲੋਮੀਟਰ ਦੇ ਘੇਰੇ ’ਚ 38 ਤੋਂ ਵੱਧ ਚੀਤਲ ਮੌਜੂਦ ਹਨ।

ਕੂਨੋ ਨੈਸ਼ਨਲ ਪਾਰਕ ਅਕਸਰ ਸੁੱਕਾ ਰਹਿੰਦਾ ਹੈ ਅਤੇ ਇੱਥੇ ਵੱਧ ਤੋਂ ਵੱਧ ਤਾਪਮਾਨ 42.3 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 6 ਤੋਂ 7 ਡਿਗਰੀ ਸੈਲਸੀਅਸ ਤੱਕ ਰਹਿੰਦਾ ਹੈ ਪਰ ਅਜਿਹਾ ਲੱਗਦਾ ਹੈ ਕਿ ਕੂਨੋ ਨੈਸ਼ਨਲ ਪਾਰਕ ਦਾ ਮੌਸਮ ਇੱਥੇ ਰੱਖੇ ਹੋਏ ਚੀਤਿਆਂ ਨੂੰ ਰਾਸ ਨਹੀਂ ਆ ਰਿਹਾ ਜਿਸ ਕਾਰਨ ਉਹ ਲਗਾਤਾਰ ਮਰ ਰਹੇ ਹਨ।

ਪਿਛਲੀ 13 ਜੁਲਾਈ ਨੂੰ ਇੱਥੇ ਸੂਰਜ ਨਾਮੀ ਚੀਤੇ ਦੀ ਮੌਤ ਤੋਂ ਬਾਅਦ ਇਸੇ ਸਾਲ ਇੱਥੇ ਮਰਨ ਵਾਲੇ ਚੀਤਿਆਂ ਦੀ ਗਿਣਤੀ 8 ਹੋ ਗਈ ਹੈ। ਮੁੱਢਲੀ ਜਾਂਚ ’ਚ ਉਸ ਦੀ ਧੌਣ ਅਤੇ ਪਿੱਠ ’ਤੇ ਜ਼ਖਮ ਦੇਖੇ ਗਏ। ਵਰਣਨਯੋਗ ਹੈ ਕਿ ਤਿੰਨ ਦਿਨ ਪਹਿਲਾਂ ਵੀ ਇਥੇ ਤੇਜਸ ਨਾਮੀ ਇਕ ਚੀਤੇ ਨੇ ਦਮ ਤੋੜ ਦਿੱਤਾ ਸੀ।

ਉਸ ਦੀ ਵੀ ਧੌਣ ਅਤੇ ਪਿੱਠ ’ਤੇ ਹੀ ਜ਼ਖਮ ਵੇਖੇ ਗਏ ਸਨ। ਉਸ ਦੀ ਪੋਸਟਮਾਰਟਮ ਦੀ ਰਿਪੋਰਟ ’ਚ ਦੱਸਿਆ ਗਿਆ ਸੀ ਕਿ ਉਹ ਅੰਦਰੂਨੀ ਪੱਖੋਂ ਕਮਜ਼ੋਰ ਹੋ ਗਿਆ ਸੀ ਅਤੇ ਸੂਰਜ ਤੇ ਤੇਜਸ ਦੋਹਾਂ ਦੇ ਹੀ ਸਰੀਰ ’ਤੇ ਇਕੋ ਜਿਹੇ ਜ਼ਖਮ ਸਨ, ਜਦੋਂਕਿ ਇਸ ਤੋਂ ਪਹਿਲਾਂ ਇਕ ਚੀਤੇ ਦੀ ਮੌਤ ਦਾ ਕਾਰਨ ਕਿਡਨੀ ਦੀ ਇਨਫੈਕਸ਼ਨ ਦੱਸਿਆ ਗਿਆ ਸੀ।

ਇਨ੍ਹਾਂ ਮੌਤਾਂ ਨੂੰ ਵੇਖਦੇ ਹੋਏ ਇਹ ਸਵਾਲ ਪੁੱਛਿਆ ਜਾਣ ਲੱਗਾ ਹੈ ਕਿ ਕੀ ਚੀਤਿਆਂ ਨੂੰ ਇੱਥੋਂ ਦਾ ਮੌਸਮ ਰਾਸ ਨਹੀਂ ਆ ਰਿਹਾ ਜਾਂ ਕੀ ਉਹ ਕਿਸੇ ਬੀਮਾਰੀ ਤੋਂ ਪੀੜਤ ਹਨ? ਅਫਰੀਕੀ ਚੀਤਾ ਮਾਹਿਰ ਆਦਰਿਯਾਨ ਮੁਤਾਬਕ ਹੋ ਸਕਦਾ ਹੈ ਕਿ ਚੀਤਿਆਂ ਦੀ ਧੌਣ ’ਤੇ ਲਪੇਟੇ ਗਏ ਸੈਟੇਲਾਈਟ ਕਾਲਰ ਕਾਰਨ ਉਹ ਧੌਣ ’ਤੇ ਇਨਫੈਕਸ਼ਨ ਦਾ ਸ਼ਿਕਾਰ ਹੋ ਰਹੇ ਹੋਣ।

ਉਨ੍ਹਾਂ ਦਾ ਕਹਿਣਾ ਹੈ ਕਿ ਮੀਂਹ ਕਾਰਨ ਧੌਣ ’ਤੇ ਲੱਗੇ ਕਾਲਰ ਦੇ ਹੇਠਾਂ ਦਾ ਹਿੱਸਾ ਲਗਾਤਾਰ ਨਮੀ ’ਚ ਰਹਿਣ ਕਾਰਨ ਇਨਫੈਕਟਿਡ ਹੋ ਜਾਂਦਾ ਹੈ। ਇਸ ਕਾਰਨ ਚੀਤਿਆਂ ਦੇ ਸਰੀਰ ’ਤ ਮੱਖੀਆਂ ਅਤੇ ਚਿੱਚੜ ਹਮਲਾ ਕਰ ਦਿੰਦੇ ਹਨ ਜੋ ਅਖੀਰ ਉਨ੍ਹਾਂ ਦੀ ਮੌਤ ਦਾ ਕਾਰਨ ਬਣ ਜਾਂਦੇ ਹਨ। ਇਸ ਲਈ ਜੰਗਲਾਤ ਅਧਿਕਾਰੀਆਂ ਨੂੰ ਤੁਰੰਤ ਬਚੇ ਹੋਏ ਚੀਤਿਆਂ ਦੀ ਜਾਂਚ ਕਰ ਕੇ ਉਨ੍ਹਾਂ ’ਚ ਪਾਈ ਜਾਂਦੀ ਇਨਫੈਕਸ਼ਨ ਦਾ ਪਤਾ ਲਾਉਣਾ ਚਾਹੀਦਾ ਹੈ।

ਕੁਝ ਚੀਤੇ ਆਪਸ ’ਚ ਲੜਦੇ ਰਹਿੰਦੇ ਹਨ ਅਤੇ ਇਸ ਕਾਰਨ ਵੀ ਉਨ੍ਹਾਂ ਦੇ ਸਰੀਰ ’ਚ ਡੂੰਘੇ ਜ਼ਖਮ ਹੋ ਜਾਂਦੇ ਹਨ ਪਰ ਅਜੇ ਵੀ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਕੋਲ ਇਸ ਦਾ ਕੋਈ ਸਪੱਸ਼ਟ ਜਵਾਬ ਨਹੀਂ ਹੈ। ਉਂਝ ਕੁਝ ਸਮਾਂ ਪਹਿਲਾਂ ਆਈ ਇਕ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਕੂਨੋ ਪਾਰਕ ਦੀ ਘੱਟ ਥਾਂ ਚੀਤਿਆਂ ਦੇ ਅਸਹਿਜ ਹੋਣ ਦਾ ਕਾਰਨ ਹੈ ਜਦੋਂਕਿ ਦੱਖਣੀ ਅਫਰੀਕਾ ਦੇ ਚੀਤਿਆਂ ਦੇ ਰਹਿਣ ਲਈ ਕਾਫੀ ਇਲਾਕਾ ਮੌਜੂਦ ਹੈ।

ਇਹ ਵੀ ਸਵਾਲ ਉੱਠਦਾ ਹੈ ਕਿ ਕੀ ਉਨ੍ਹਾਂ ਦਾ ਧਿਆਨ ਨਹੀਂ ਰੱਖਿਆ ਜਾ ਰਿਹਾ ਜਾਂ ਉਨ੍ਹਾਂ ਦੀ ਖੁਰਾਕ ’ਚ ਕੋਈ ਗੜਬੜ ਹੈ। ਜੇ ਉਨ੍ਹਾਂ ਦੀ ਮੌਤ ਦਾ ਕਾਰਨ ਨਾ ਲੱਭਿਆ ਗਿਆ ਤਾਂ ਇਸੇ ਤਰ੍ਹਾਂ ਬਾਕੀ ਚੀਤੇ ਵੀ ਮਰਦੇ ਰਹਿਣਗੇ ਅਤੇ ਭਾਰਤ ’ਚ ਚੀਤਿਆਂ ਨੂੰ ਲਿਆਉਣ ਦਾ ਐਕਸ਼ਨ ਪਲਾਨ ਵੀ ਫੇਲ ਹੋ ਜਾਏਗਾ।

Mukesh

This news is Content Editor Mukesh