ਤਜਰਬੇਕਾਰ ਕਮਲ (ਮੱਧ ਪ੍ਰਦੇਸ਼) ਅਤੇ ਗਹਿਲੋਤ (ਰਾਜਸਥਾਨ) ਨੂੰ ਕਮਾਨ ਸੌਂਪਣ ਦਾ ਕਾਂਗਰਸ ਦਾ ਸਹੀ ਫੈਸਲਾ

12/15/2018 3:08:21 AM

11 ਦਸੰਬਰ ਨੂੰ 3 ਹਿੰਦੀ-ਭਾਸ਼ੀ ਸੂਬਿਅਾਂ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੀਅਾਂ ਚੋਣਾਂ ’ਚ ਕਾਂਗਰਸ ਨੇ ਭਾਜਪਾ ਨੂੰ ਪਛਾੜ ਕੇ ਜਿੱਤ ਤਾਂ ਪ੍ਰਾਪਤ ਕਰ ਲਈ ਪਰ ਜਿੱਤ ਤੋਂ ਬਾਅਦ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਪਾਰਟੀ ’ਚ ਘਮਾਸਾਨ ਸ਼ੁਰੂ ਹੋ ਗਿਆ।
ਇਸ ’ਤੇ ਕਾਬੂ ਪਾਉਣ ’ਚ ਨਾ ਸਿਰਫ ਰਾਹੁਲ ਗਾਂਧੀ ਨੂੰ ਭਾਰੀ ਮੁਸ਼ੱਕਤ ਕਰਨੀ ਪਈ, ਸਗੋਂ ਰਾਹੁਲ ਗਾਂਧੀ ਦੀ ਇਸ ਮਾਮਲੇ ’ਚ ਸਹਾਇਤਾ ਲਈ ਹੋਰਨਾਂ ਤੋਂ ਇਲਾਵਾ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਵੀ ਅੱਗੇ ਆਉਣਾ ਪਿਆ।
12 ਅਤੇ 13 ਦਸੰਬਰ ਦੇ ਪੂਰੇ 2 ਦਿਨ ਇਸੇ ਕਸਰਤ ’ਚ ਲੰਘ ਗਏ। 13 ਦਸੰਬਰ ਨੂੰ  ਦਿਨ ਭਰ ਰਾਹੁਲ ਗਾਂਧੀ ਦੀ ਰਿਹਾਇਸ਼ ’ਤੇ ਹੋਈਅਾਂ ਮੀਟਿੰਗਾਂ ਤੋਂ ਬਾਅਦ ਕਾਂਗਰਸ ਲੀਡਰਸ਼ਿਪ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਦੂਜੇ ਦਾਅਵੇਦਾਰ ਜਯੋਤਿਰਾਦਿੱਤਿਆ ਸਿੰਧੀਆ ਨੂੰ ਸਮਝਾਉਣ ’ਚ ਸਫਲ ਹੋ ਗਈ ਅਤੇ ਦੇਰ ਰਾਤ ਨੂੰ ਮੱਧ ਪ੍ਰਦੇਸ਼ ਦੀ ਕਮਾਨ ਜ਼ਿਆਦਾ ਤਜਰਬੇਕਾਰ ਕਮਲਨਾਥ ਨੂੰ ਸੌਂਪਣ ਦਾ ਐਲਾਨ ਕਰ ਦਿੱਤਾ ਗਿਆ।
ਇਸ ਦਰਮਿਆਨ ਦਿੱਲੀ ’ਚ ਰਾਜਸਥਾਨ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀਅਾਂ ਦੀ ਚੋਣ ਲਈ ਸਲਾਹ-ਮਸ਼ਵਰੇ ਦੌਰਾਨ ਰਾਜਸਥਾਨ ’ਚ ਮੁੱਖ ਮੰਤਰੀ ਦੇ ਅਹੁਦੇ ਦੇ ਦੋ ਦਾਅਵੇਦਾਰਾਂ ’ਚੋਂ ਇਕ, ਪਾਰਟੀ ਦੇ ਕੌਮੀ ਜਨਰਲ ਸਕੱਤਰ ਅਸ਼ੋਕ ਗਹਿਲੋਤ ਦੇ ਬੰਗਲੇ ’ਤੇ ਉਨ੍ਹਾਂ ਦੇ ਸਮਰਥਕਾਂ ਨੇ ਵਧਾਈ ਦੇ ਪੋਸਟਰ ਚਿਪਕਾ ਦਿੱਤੇ ਅਤੇ ਉਨ੍ਹਾਂ ਦੇ ਸਮਰਥਨ ’ਚ ਮੁਜ਼ਾਹਰਾ ਕੀਤਾ। 
ਦੂਜੇ ਪਾਸੇ ਮੁੱਖ ਮੰਤਰੀ ਦੇ ਅਹੁਦੇ ਦੇ ਦੂਜੇ ਦਾਅਵੇਦਾਰ ਸੂਬਾਈ ਕਾਂਗਰਸ ਦੇ ਪ੍ਰਧਾਨ ਸਚਿਨ ਪਾਇਲਟ ਦੇ ਸਮਰਥਕਾਂ ਨੇ ਵੀ ‘ਸਚਿਨ-ਸਚਿਨ’ ਦੇ ਨਾਅਰੇ ਲਾਉਂਦਿਅਾਂ ਵੱਖ-ਵੱਖ ਥਾਵਾਂ ’ਤੇ ਮੁਜ਼ਾਹਰੇ ਕੀਤੇ ਅਤੇ ਬੱਸਾਂ ਦੀ ਕਥਿਤ ਤੌਰ ’ਤੇ ਭੰਨ-ਤੋੜ ਵੀ ਕੀਤੀ। 
ਰਾਜਸਥਾਨ ਤੋਂ ਇਲਾਵਾ ਛੱਤੀਸਗੜ੍ਹ ਦੇ ਮੁੱਖ ਮੰਤਰੀ ਦੀ ਚੋਣ ਕਰਨ ’ਚ ਵੀ ਕਾਂਗਰਸ ਲੀਡਰਸ਼ਿਪ ਦੀ ਕਾਫੀ ਸਿਰ-ਖਪਾਈ ਜਾਰੀ  ਰਹੀ। ਇਥੇ ਪਾਰਟੀ ਦੇ ਸੂਬਾ ਪ੍ਰਧਾਨ ਭੂਪੇਸ਼  ਬਘੇਲ, ਵਿਰੋਧੀ ਧਿਰ ਦੇ ਨੇਤਾ ਰਹੇ ਟੀ. ਐੱਸ. ਸਿੰਹਦੇਵ, ਤਾਮਰਧਵਜ ਸਾਹੂ ਤੇ ਸਾਬਕਾ ਸੂਬਾਈ ਪ੍ਰਧਾਨ ਚਰਨ ਦਾਸ ਮਹੰਤ ਮੁੱਖ ਮੰਤਰੀ ਦੇ ਅਹੁਦੇ ਦੀ ਦੌੜ ’ਚ ਸ਼ਾਮਿਲ ਹਨ। 
13 ਦਸੰਬਰ ਦੀ ਦੇਰ ਰਾਤ ਨੂੰ ਰਾਹੁਲ ਗਾਂਧੀ ਨੇ ਛੱਤੀਸਗੜ੍ਹ ਦੇ ਵਿਧਾਇਕਾਂ ਦੀ ਰਾਏ ਵੀ ਜਾਣੀ ਪਰ ਜਦੋਂ ਫੈਸਲਾ ਦੇਰ ਰਾਤ ਤਕ ਵੀ ਨਹੀਂ ਹੋ ਸਕਿਆ ਤਾਂ ਰਾਜਸਥਾਨ ਦੇ ਨਾਲ ਹੀ ਛੱਤੀਸਗੜ੍ਹ ਦਾ ਮਾਮਲਾ ਵੀ ਟਾਲ ਦਿੱਤਾ ਗਿਆ। ਮੰਨਿਆ ਜਾ ਰਿਹਾ ਸੀ ਕਿ 14 ਦਸੰਬਰ ਨੂੰ ਰਾਜਸਥਾਨ ਦੇ ਨਾਲ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਦਾ ਐਲਾਨ ਵੀ ਹੋਵੇਗਾ, ਜੋ 14 ਦਸੰਬਰ ਦੇਰ ਰਾਤ ਨੂੰ ਜਾਂ 15 ਦਸੰਬਰ ਨੂੰ ਹੋਣਾ ਸੰਭਵ ਹੈ। 
14 ਦਸੰਬਰ ਸ਼ੁੱਕਰਵਾਰ ਨੂੰ ਵੀ ਰਾਜਸਥਾਨ ਦੇ ਸੀ. ਐੱਮ. ਦੇ ਮੁੱਦੇ ’ਤੇ ਰਾਹੁਲ ਗਾਂਧੀ ਦੀ ਰਿਹਾਇਸ਼ ’ਤੇ ਗਹਿਲੋਤ, ਸਚਿਨ ਅਤੇ ਹੋਰਨਾਂ ’ਚ ਵਿਚਾਰ ਚਰਚਾ ਚੱਲਦੀ ਰਹੀ ਅਤੇ ਸ਼ਾਮ 4.30 ਵਜੇ ਮੁੱਖ ਮੰਤਰੀ ਦਾ ਐਲਾਨ ਕਰਨ ਦਾ ਸਮਾਂ ਤੈਅ ਕੀਤਾ ਗਿਆ।
ਦੋਹਾਂ ਨੇਤਾਵਾਂ ਨਾਲ ਮੀਟਿੰਗ ਤੋਂ ਬਾਅਦ ਰਾਹੁਲ ਗਾਂਧੀ ਨੇ ਅਸ਼ੋਕ ਗਹਿਲੋਤ ਅਤੇ ਸਚਿਨ ਪਾਇਲਟ ਨਾਲ ਮੁਸਕਰਾਉਂਦੇ ਹੋਏ ਫੋਟੋ ਟਵੀਟ ਕੀਤੀ ਅਤੇ ਇਸ ਦੇ ਨਾਲ ਉਨ੍ਹਾਂ ਨੇ ਲਿਖਿਆ, ‘‘ਯੂਨਾਈਟਿਡ ਕਲਰਜ਼ ਆਫ ਰਾਜਸਥਾਨ।’’
ਅਾਖਿਰ ਸ਼ਾਮ ਦੇ 4.30 ਵਜੇ ਤੋਂ ਕੁਝ ਸਮਾਂ ਪਹਿਲਾਂ ਹੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵਰਕਰਾਂ ਅਤੇ ਵਿਧਾਇਕਾਂ ਤੋਂ ਫੀਡਬੈਕ ਲੈਣ ਤੋਂ ਬਾਅਦ ਜ਼ਿਆਦਾ  ਤਜਰਬੇਕਾਰ ਅਸ਼ੋਕ ਗਹਿਲੋਤ ਨੂੰ ਰਾਜਸਥਾਨ ਦਾ ਮੁੱਖ ਮੰਤਰੀ ਅਤੇ ਨੌਜਵਾਨ ਸ਼ਕਤੀ ਦੇ ਪ੍ਰਤੀਕ ਸਚਿਨ ਪਾਇਲਟ ਨੂੰ ਉਪ-ਮੁੱਖ ਮੰਤਰੀ ਦੇ ਰੂਪ ’ਚ ਚੁਣ ਕੇ ਰਾਜਸਥਾਨ ਦੀ ਸੱਤਾ ’ਤੇ ਛਾਇਆ ਸਸਪੈਂਸ ਖਤਮ ਕਰ ਦਿੱਤਾ। ਸੂਤਰਾਂ ਅਨੁਸਾਰ ਸਚਿਨ ਪਾਇਲਟ ਪਹਿਲਾਂ ਅਸ਼ੋਕ ਗਹਿਲੋਤ ਨੂੰ ਮੁੱਖ ਮੰਤਰੀ ਬਣਾਏ ਜਾਣ ’ਤੇ ਸਹਿਮਤ ਨਹੀਂ ਸਨ ਪਰ ਬਾਅਦ ’ਚ ਹਾਈਕਮਾਨ ਨੇ ਉਨ੍ਹਾਂ ਨੂੰ ਰਾਜ਼ੀ ਕਰ ਲਿਆ। 
ਇਸ ਬਾਰੇ ਆਯੋਜਿਤ ਪ੍ਰੈੱਸ ਕਾਨਫਰੰਸ ’ਚ ਦੱਸਿਆ ਗਿਆ ਕਿ ਸਾਰੇ ਵਿਧਾਇਕਾਂ ਅਤੇ ਨੇਤਾਵਾਂ ਨਾਲ ਚਰਚਾ ਤੋਂ ਬਾਅਦ ਆਮ ਸਹਿਮਤੀ ਨਾਲ ਫੈਸਲਾ ਲਿਆ ਗਿਆ ਹੈ। ਇਸ ਦੌਰਾਨ ਅਸ਼ੋਕ ਗਹਿਲੋਤ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਰਾਜਸਥਾਨ ਨੂੰ ਚੰਗਾ ਸ਼ਾਸਨ ਦੇੇਵੇਗੀ, ਕਿਸਾਨਾਂ ਦਾ ਕਰਜ਼ਾ ਮੁਆਫ ਹੋਵੇਗਾ, ਨੌਜਵਾਨਾਂ ਨੂੰ ਰੋਜ਼ਗਾਰ ਅਤੇ ਲੋਕਾਂ ਨੂੰ ਚੰਗਾ ਸ਼ਾਸਨ ਮਿਲੇਗਾ। ਸਹੁੰ-ਚੁੱਕ ਸਮਾਗਮ 17 ਦਸੰਬਰ ਨੂੰ ਆਯੋਜਿਤ ਹੋਵੇਗਾ। 
ਅਸ਼ੋਕ ਗਹਿਲੋਤ ਨੂੰ ਰਾਜਸਥਾਨ ਦੀ ਸੱਤਾ ਸੌਂਪ ਕੇ ਕਾਂਗਰਸ ਲੀਡਰਸ਼ਿਪ ਨੇ ਪੂਰੀ  ਤਰ੍ਹਾਂ ਸੰਤੁਲਿਤ ਅਤੇ ਸਹੀ ਫੈਸਲਾ ਕੀਤਾ ਹੈ। ਤੀਜੀ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਅਸ਼ੋਕ ਗਹਿਲੋਤ ਕੋਲ ਕੁਦਰਤੀ ਤੌਰ ’ਤੇ ਸਚਿਨ ਪਾਇਲਟ ਦੇ ਮੁਕਾਬਲੇ ਜ਼ਿਆਦਾ  ਤਜਰਬਾ ਹੈ ਅਤੇ ਉਨ੍ਹਾਂ ਨਾਲ ਡਿਪਟੀ ਵਜੋਂ ਸਚਿਨ ਪਾਇਲਟ ਦੀ ਨੌਜਵਾਨ ਸ਼ਕਤੀ ਦੇ ਸੁਮੇਲ ਨਾਲ ਇਹ ਦੋਵੇਂ ਨੇਤਾ ਸੂਬੇ ਨੂੰ ਅੱਗੇ ਲਿਜਾਣ ’ਚ ਸਫਲ ਹੋਣਗੇ। 
ਹੁਣ ਇਹ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਦੋਵੇਂ ਹੀ ਨੇਤਾ ਆਪਸ ’ਚ ਕਿੰਨਾ ਤਾਲਮੇਲ ਬਣਾ ਕੇ ਚੱਲਦੇ ਹਨ ਅਤੇ ਕਿਹੋ ਜਿਹਾ ਪ੍ਰਸ਼ਾਸਨ ਦਿੰਦੇ ਹਨ।   –ਵਿਜੇ ਕੁਮਾਰ