ਦਿੱਲੀ ਦੇ ਦੰਗਿਆਂ ਨੂੰ ਲੈ ਕੇ ਹੁਣ ਸਿਆਸੀ ਆਗੂਆਂ ਅਤੇ ਵਰਕਰਾਂ ’ਤੇ ਸ਼ੱਕ ਦੇ ਬੱਦਲ

02/28/2020 1:34:46 AM

11 ਦਸੰਬਰ ਨੂੰ ਨਾਗਰਿਕਤਾ ਸੋਧ ਕਾਨੂੰਨ (ਸੀ. ਏ. ਏ.) ਪਾਸ ਹੋਣ ਦੇ ਤੁਰੰਤ ਬਾਅਦ ਇਸਦੇ ਪੱਖ ਅਤੇ ਵਿਰੋਧ ਵਿਚ ਸ਼ੁਰੂ ਹੋਏ ਦੇਸ਼ਵਿਆਪੀ ਧਰਨਿਆਂ-ਰੋਸ ਵਿਖਾਵਿਆਂ ਦੇ ਚਾਰ ਦਿਨਾਂ ਬਾਅਦ ਹੀ 15 ਦਸੰਬਰ ਨੂੰ ਸ਼ਾਹੀਨ ਬਾਗ ’ਚ ਇਸਦੇ ਵਿਰੁੱਧ ਸ਼ੁਰੂ ਹੋਇਆ ਔਰਤਾਂ ਦਾ ਧਰਨਾ-ਰੋਸ ਵਿਖਾਵਾ 27 ਫਰਵਰੀ ਨੂੰ 74ਵੇਂ ਦਿਨ ਵੀ ਜਾਰੀ ਰਿਹਾ। ਇਸੇ ਦਰਮਿਆਨ 23 ਫਰਵਰੀ ਨੂੰ ਪੂਰਬੀ ਦਿੱਲੀ ਦੇ ਜਾਫਰਾਬਾਦ ਤੋਂ ਸੀ. ਏ. ਏ. ਨੂੰ ਲੈ ਕੇ ਦੰਗਿਆਂ ’ਚ ਅਜੇ ਤੱਕ 39 ਵਿਅਕਤੀਆਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਵਿਅਕਤੀ ਜ਼ਖਮੀ ਹੋ ਕੇ ਹਸਪਤਾਲਾਂ ’ਚ ਪਏ ਹਨ। ਇਨ੍ਹਾਂ ਦੰਗਿਆਂ ਨੂੰ ਲੈ ਕੇ ਦੋਸ਼-ਪ੍ਰਤੀਦੋਸ਼ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ ਅਤੇ ਦਿੱਲੀ ਹਿੰਸਾ ਮਾਮਲੇ ’ਚ ਸੁਣਵਾਈ ਕਰਨ ਵਾਲੇ ਦਿੱਲੀ ਹਾਈਕੋਰਟ ਦੇ ਜੱਜ ਐੱਸ. ਮੁਰਲੀਧਰ ਦੇ ਤਬਾਦਲੇ ਨੂੰ ਲੈ ਕੇ ਕਾਂਗਰਸ ਨੇ ਸਵਾਲ ਉਠਾਉਂਦਿਆਂ ਇਸ ਨੂੰ ਕਪਿਲ ਮਿਸ਼ਰਾ ਅਤੇ ਕੁਝ ਹੋਰ ਭਾਜਪਾ ਨੇਤਾਵਾਂ ਨੂੰ ਬਚਾਉਣ ਦੀ ਸਾਜ਼ਿਸ਼ ਦੱਸਿਆ ਹੈ। ਹਿੰਸਾ ’ਚ ਮਾਰੇ ਗਏ ਇੰਟੈਲੀਜੈਂਸ ਬਿਊਰੋ ਦੇ ਮੁਲਾਜ਼ਮ ਅੰਕਿਤ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਨੇ ਕਥਿਤ ਤੌਰ ’ਤੇ ‘ਆਪ’ ਦੇ ਕੌਂਸਲਰ ਤਾਹਿਰ ਹੁਸੈਨ ’ਤੇ ਹੱਤਿਆ ਦਾ ਦੋਸ਼ ਲਾਇਆ ਹੈ। ਇਹ ਦੋਸ਼ ਵੀ ਹੈ ਕਿ 25 ਫਰਵਰੀ ਨੂੰ ਉਨ੍ਹਾਂ ਦੇ ਚਾਂਦ ਬਾਗ ਸਥਿਤ ਮਕਾਨ ਤੋਂ ਦੰਗਾਕਾਰੀਆਂ ਨੇ ਲੋਕਾਂ ’ਤੇ ਪਥਰਾਅ ਕੀਤਾ ਅਤੇ ਪੈਟਰੋਲ ਬੰਬ ਸੁੱਟੇ। ਤਾਹਿਰ ਇਸ ਤੋਂ ਇਨਕਾਰ ਕਰਦੇ ਰਹੇ ਪਰ 27 ਫਰਵਰੀ ਨੂੰ ਸਾਹਮਣੇ ਆਏ ਇਕ ਵੀਡੀਓ ’ਚ ਉਨ੍ਹਾਂ ਦੇ ਘਰ ਦੀ ਛੱਤ ’ਤੇ ਵੱਡੀ ਗਿਣਤੀ ’ਚ ਬੋਰਿਆਂ ’ਚ ਭਰੇ ਪੱਥਰ, ਪੱਥਰ ਸੁੱਟਣ ਲਈ ਗੁਲੇਲ, ਐਸਿਡ ਅਤੇ ਪੈਟਰੋਲ ਬੰਬ ਖਿੱਲਰੇ ਮਿਲੇ ਹਨ। ਤਾਹਿਰ ਹੁਸੈਨ ਨੇ ਇਸ ਨੂੰ ਉਨ੍ਹਾਂ ਨੂੰ ਬਦਨਾਮ ਕਰਨ ਦੀ ਭਾਜਪਾ ਦੀ ਸਾਜ਼ਿਸ਼ ਦੱਸਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ,‘‘ਕੋਈ ਵੀ ਦੰਗਾਕਾਰੀ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੋਵੇ, ਉਸ ਨੂੰ ਬਖਸ਼ਿਆ ਨਾ ਜਾਵੇ ਅਤੇ ਦੰਗਿਆਂ ’ਚ ਸ਼ਾਮਲ ਲੋਕਾਂ ਦਾ ਸਬੰਧ ‘ਆਪ’ ਨਾਲ ਮਿਲਣ ’ਤੇ ਉਸ ਨੂੰ ਦੁੱਗਣੀ ਸਜ਼ਾ ਦਿੱਤੀ ਜਾਵੇ।’’ ਇਸਦੇ ਉਲਟ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਾਂਗਰਸ ਅਤੇ ‘ਆਪ’ ’ਤੇ ਦਿੱਲੀ ਦੰਗਿਆਂ ਦਾ ਸਿਆਸੀਕਰਨ ਕਰਨ ਦਾ ਦੋਸ਼ ਲਗਾਉਂਦੇ ਕਿਹਾ ਕਿ,‘‘ਪਿਛਲੇ ਸਾਲ ਦਸੰਬਰ ’ਚ ਸੋਨੀਆ ਗਾਂਧੀ ਦੇ ‘ਆਰ ਜਾਂ ਪਾਰ’ ਦੇ ਸੱਦੇ ਦੇ ਬਾਅਦ ਦੋ ਮਹੀਨਿਅ ਾਂ ਤੱਕ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ।’’ ਇਕ ਅਖਬਾਰ ਅਨੁਸਾਰ ਜਿੱਥੇ ਦੰਗਾਕਾਰੀਆਂ ਦਾ ਇਕ ਵਰਗ ਕਥਿਤ ਤੌਰ ’ਤੇ ਇਕ ਹਸਪਤਾਲ ਦੇ ਮੈਡੀਕਲ ਅਧਿਕਾਰੀਆਂ ਨੂੰ ਇਹ ਕਹਿੰਦਿਆਂ ਸੁਣਿਆ ਗਿਆ ਕਿ ਉਹ ਜ਼ਖਮੀਆਂ ਦਾ ਇਲਾਜ ਨਾ ਕਰਨ, ਉੱਧਰ ਇਕ ਹੋਰ ਖਬਰ ਅਨੁਸਾਰ ਘੱਟੋ-ਘੱਟ ਇਕ ਪੁਲਸ ਮੁਲਾਜ਼ਮ ਨੂੰ ਰੌਲਾ ਪਾਉਂਦਿਆਂ ਵਿਖਾਵਾਕਾਰੀਆਂ ਦੇ ਇਕ ਵਰਗ ਤੋਂ ਦੂਸਰੇ ਵਰਗ ਦੇ ਵਿਖਾਵਾਕਾਰੀਆਂ ’ਤੇ ਪੱਥਰ ਮਾਰਨ ਲਈ ਕਹਿੰਦਿਆਂ ਸੁਣਿਆ ਗਿਆ ਹੈ। ਇਸ ਘਟਨਾ ਦੇ ਕਾਰਣ ਜਿੱਥੇ ਅਨਮੋਲ ਜ਼ਿੰਦਗੀਆਂ ਜਾਣ ਦੇ ਇਲਾਵਾ ਸਾਲਾਂ ਤੋਂ ਇਕੱਠੇ ਰਲ-ਮਿਲ ਕੇ ਰਹਿੰਦੇ ਆ ਰਹੇ ਲੋਕਾਂ ਦੇ ਆਪਸੀ ਰਿਸ਼ਤਿਆਂ ਅਤੇ ਵਿਸ਼ਵਾਸ ਨੂੰ ਠੇਸ ਲੱਗੀ ਹੈ ਉੱਥੇ ਵੱਡੀ ਗਿਣਤੀ ’ਚ ਜਾਨੀ ਨੁਸਕਾਨ ਹੋਣ ਦੇ ਕਾਰਣ ਅਨੇਕਾਂ ਪਰਿਵਾਰ ਉੱਜੜ ਗਏ, ਕਰੋੜਾਂ ਰੁਪਏ ਦੀ ਜਾਇਦਾਦ ਨੂੰ ਤਬਾਹ ਕਰ ਦਿੱਤਾ ਗਿਆ। ਅਨੇਕਾਂ ਡਰੇ ਹੋਏ ਲੋਕ ਆਰਜ਼ੀ ਤੌਰ ’ਤੇ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਣ ਲੱਗੇ ਹਨ। ਇਨ੍ਹਾਂ ਦੰਗਿਅ ਾਂ ਨਾਲ ਨਜਿੱਠਣ ਦੇ ਮਾਮਲੇ ’ਚ ਦਿੱਲੀ ਪੁਲਸ ਅਤੇ ਹੋਰ ਉੱਚ ਅਧਿਕਾਰੀਆਂ ਦੀ ਭੂਮਿਕਾ ’ਤੇ ਵੀ ਸਵਾਲੀਆ ਚਿੰਨ੍ਹ ਲਾਏ ਜਾ ਰਹੇ ਹਨ। ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਭੜਕਾਊ ਭਾਸ਼ਣ ਦੇਣ ਵਾਲਿਆਂ ਵਿਰੁੱਧ ਸਮਾਂ ਰਹਿੰਦਿਆਂ ਕਾਰਵਾਈ ਕਿਉਂ ਨਹੀਂ ਕੀਤੀ ਗਈ। ਦਿੱਲੀ ਦੇ ਸਾਬਕਾ ਪੁਲਸ ਕਮਿਸ਼ਨਰਾਂ ਅਤੇ ਪੁਲਸ ਅਧਿਕਾਰੀਆਂ ਦਾ ਕਹਿਣ ਾ ਹੈ ਕਿ,‘‘ਪੁਲਸ ਕੋੋਲੋਂ ਕੋਤਾਹੀ ਹੋਈ ਹੈ। ਪੁਲਸ ਭੜਕਾਊ ਭਾਸ਼ਣ ਦੇਣ ਵਾਲਿਆਂ ਨੂੰ ਸ਼ੁਰੂ ’ਚ ਕਾਬੂ ਨਹੀਂ ਕਰ ਸਕੀ। ਦੋਵੇਂ ਹੀ ਧਿਰਾਂ ਦੇ ਲੋਕਾਂ ਨੂੰ ਆਹਮੋ-ਸਾਹਮਣਿਓਂ ਆਉਣ ਤੋਂ ਰੋਕ ਦਿੱਤਾ ਜਾਂਦਾ ਤਾਂ ਹਿੰਸਾ ਨਾ ਹੁੰਦੀ।’’ ਦਿੱਲੀ ਦੇ ਸਾਬਕਾ ਪੁਲਸ ਕਮਿਸ਼ਨਰ ਅਮੋਦ ਕੰਠ ਅਨੁਸਾਰ,‘‘ਦਿੱਲੀ ਪੁਲਸ ਨੇ ਸ਼ੁਰੂ ’ਚ ਲੋੜੀਂਦੀ ਫੋਰਸ ਕਿਉਂ ਨਹੀਂ ਕੱਢੀ? ਪੁਲਸ ’ਚ ਫੋਰਸ ਦੀ ਕਮੀ ਨਹੀਂ ਹੈ। ਸਵਾਲ ਇਸਦੀ ਵਰਤੋਂ ਦਾ ਹੈ। ਜਦੋਂ ਉੱਥੇ ਇਕ ਰੋਸ ਵਿਖਾਵਾ ਪਹਿਲਾਂ ਤੋਂ ਚੱਲ ਰਿਹਾ ਸੀ ਤਾਂ ਸੀ. ਏ. ਏ. ਦੇ ਸਮਰਥਕਾਂ ਨੂੰ ਰੋਸ ਵਿਖਾਵਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਸੀ। ’’ ਦਿੱਲੀ ਦੇ ਖੁਰੇਜੀ ’ਚ ਰੋਸ ਵਿਖਾਵੇ ਵਾਲੀ ਥਾਂ ’ਤੇ ਮਰਦ ਪੁਲਸ ਅਧਿਕਾਰੀਆਂ ਵਲੋਂ ਸੀ. ਸੀ. ਟੀ. ਵੀ. ਕੈਮਰੇ ਤੋੜਨੇ, ਮਹਿਲਾ ਵਿਖਾਵਾਕਾਰੀਆਂ ਨਾਲ ਘਟੀਆ ਸਲੂਕ ਕਰਨ ਦੇ ਸਬੂਤ ਵੀ ਸਾਹਮਣੇ ਆਏ ਹਨ। ਇਸ ਦੁਖਦਾਈ ਘਟਨਾਕ੍ਰਮ ਦੀ ਸੱਚਾਈ ਤਾਂ ਸ਼ਾਇਦ ਘਟਨਾ ਦੀ ਜਾਂਚ ਦੇ ਬਾਅਦ ਹੀ ਸਾਹਮਣੇ ਆਵੇਗੀ ਪਰ ਹੁਣ ਜਦਕਿ ਦਿੱਲੀ ਦੇ ਪ੍ਰਭਾਵਿਤ ਇਲਾਕਿਆਂ ’ਚ ਸਥਿਤੀ ਆਮ ਵਰਗੀ ਹੋਣ ਵੱਲ ਵਧ ਰਹੀ ਹੈ, ਸਾਰੀਆਂ ਸਿਆਸੀ ਪਾਰਟੀਆਂ ਅਤੇ ਸਰਕਾਰ ਨੂੰ ਆਪਸ ’ਚ ਮਿਲ ਬੈਠ ਕੇ ਆਪਸੀ ਸਦਭਾਵ ਅਤੇ ਸਹਿਯੋਗ ਨਾਲ ਹਾਲਾਤ ਪਟੜੀ ’ਤੇ ਲਿਆਉਣ ਦੀ ਦਿਸ਼ਾ ’ਚ ਯਤਨ ਕਰਨੇ ਚਾਹੀਦੇ ਹਨ। ਹਿੰਦੂ ਹੋਵੇ, ਮੁਸਲਮਾਨ ਹੋਵੇ, ਜਾਂ ਫਿਰ ਸਿੱਖ ਜਾਂ ਈਸਾਈ ਹੋਵੇ, ਦਿੱਲੀ ਸਾਰਿਆਂ ਦੀ ਹੈ ਅਤੇ ਇਸਦੀ ਰੱਖਿਆ ਕਰਨੀ ਸਭ ਦੀ ਜ਼ਿੰਮੇਵਾਰੀ ਹੈ। ਅੱਜ ਦਿੱਲੀ ਪੁਕਾਰ-ਪੁਕਾਰ ਕੇ ਕਹਿ ਰਹੀ,‘‘ਮੈਨੂੰ ਨਾ ਸਾੜੋ’’। ਦਿੱਲੀ ਪੁਲਸ ਅਤੇ ਪ੍ਰਸ਼ਾਸਨ ਨੂੰ ਵੀ ਹੁਣ ਬਹੁਤ ਜ਼ਿਆਦਾ ਚੌਕਸ ਰਹਿਣ ਦੀ ਲੋੜ ਹੈ ਤਾਂ ਕਿ ਦੇਸ਼ ਦੀ ਰਾਜਧਾਨੀ ਦਾ ਮਾਹੌਲ ਸ਼ਾਂਤ ਹੋਵੇ ਅਤੇ ਇਸ ਤਰ੍ਹਾਂ ਦੀ ਵਿਨਾਸ਼ਲੀਲਾ ਅਤੇ ਤਬਾਹੀ ਫਿਰ ਕਦੇ ਨਾ ਹੋਵੇ।

-ਵਿਜੇ ਕੁਮਾਰ

Bharat Thapa

This news is Content Editor Bharat Thapa