ਹੋਲੀ ’ਤੇ ਖੂਨ ਨਾਲ ਰੰਗੇ ਦੇਸ਼ ਦੇ ਕਈ ਹਿੱਸੇ ਕਿਤੇ ਚੱਲੇ ਚਾਕੂ ਤਾਂ ਕਿਤੇ ਡਾਂਗ-ਸੋਟੇ

03/10/2023 2:15:23 AM

ਹੋਲੀ ਦਾ ਮਹਾਪੁਰਬ ਦੇਸ਼ ਭਰ ’ਚ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਾਲ ਵੀ ਜਦੋਂ ਪੂਰਾ ਦੇਸ਼ ਜਸ਼ਨ ਦੇ ਮਾਹੌਲ ’ਚ ਡੁੱਬਿਆ ਹੋਇਆ ਸੀ, ਹੋਲੀ ਖੇਡਣ ਦੇ ਦੌਰਾਨ ਕੁਝ ਅਜਿਹੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਨਾਲ ਕਈ ਪਰਿਵਾਰਾਂ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ :

* ਸ੍ਰੀ ਅਨੰਦਪੁਰ ਸਾਹਿਬ (ਪੰਜਾਬ) ’ਚ ਹੋਲੇ-ਮਹੱਲੇ ਦੇ ਦੌਰਾਨ ਕੈਨੇਡਾ ਤੋਂ ਆਏ ਪ੍ਰਦੀਪ ਸਿੰਘ ਨਾਂ ਦੇ ਨੌਜਵਾਨ ਨੇ ਜਦੋਂ ਕੁਝ ਨੌਜਵਾਨਾਂ ਨੂੰ ਟਰੈਕਟਰ ਤੇ ਜੀਪ ’ਤੇ ਉੱਚੀ ਆਵਾਜ਼ ’ਚ ਗੀਤ ਵਜਾਉਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਉਸ ਦੀ ਹੱਤਿਆ ਕਰ ਦਿੱਤੀ।

* ਮੁੰਡਕਾ (ਦਿੱਲੀ) ’ਚ 2 ਧੜਿਆਂ ਦੇ ਦਰਮਿਆਨ ਹੋਲੀ ਖੇਡਣ ਦੇ ਦੌਰਾਨ ਹੋਏ ਝਗੜੇ ’ਚ 2 ਨੌਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ ਜਦਕਿ 7 ਹੋਰ ਜ਼ਖਮੀ ਹੋ ਗਏ।

* ਬਾਗਪਤ (ਉੱਤਰ ਪ੍ਰਦੇਸ਼) ਦੇ ‘ਹਿਲਵਾੜੀ’ ਪਿੰਡ ’ਚ ਇਕ ਵਿਅਕਤੀ ਨੇ ਪੁਰਾਣੀ ਰੰਜਿਸ਼ ਦੇ ਕਾਰਨ ਇਕ ਪਿੰਡ ਵਾਸੀ ਨੂੰ ਹੋਲੀ ਦੇ ਬਹਾਨੇ ਆਪਣੇ ਘਰ ਸੱਦ ਕੇ ਸ਼ਰਾਬ ਪਿਆਉਣ ਦੇ ਬਾਅਦ ਉਸ ’ਤੇ ਚਾਕੂ ਨਾਲ ਕਈ ਵਾਰ ਕਰ ਕੇ ਉਸ ਨੂੰ ਮਾਰ ਦਿੱਤਾ।

* ਦੇਵਰੀਆ (ਉੱਤਰ ਪ੍ਰਦੇਸ਼) ਦੇ ‘ਰਾਘਵਪੁਰ’ ਪਿੰਡ ’ਚ ਹੋਲੀ ਦੇ ਦਿਨ ਸ਼ਰਾਬ ਪੀ ਰਹੇ ਕੁਝ ਲੋਕ ਆਪਸ ’ਚ ਉਲਝ ਕੇ ਮਾਰੋ-ਮਾਰੀ ’ਤੇ ਉਤਰ ਆਏ। ਇਸ ਦੌਰਾਨ ਉਨ੍ਹਾਂ ’ਚ ਸੁਲਾਹ ਕਰਾਉਣ ਦੀ ਕੋਸ਼ਿਸ਼ ਕਰ ਰਹੀ ‘ਬਾਸਮਤੀ’ ਨਾਂ ਦੀ ਔਰਤ ਖਰੂਦੀਆਂ ਦੀ ਲਪੇਟ ’ਚ ਆ ਗਈ ਅਤੇ ਗੰਭੀਰ ਸੱਟਾਂ ਲੱਗਣ ਨਾਲ ਉਸ ਦੀ ਮੌਤ ਹੋ ਗਈ।

* ਇਸੇ ਦਿਨ ਗ੍ਰੇਟਰ ਨੋਇਡਾ (ਉੱਤਰ ਪ੍ਰਦੇਸ਼) ਦੇ ‘ਦਨਕੌਰ’ ’ਚ 2 ਬਦਮਾਸ਼ਾਂ ਨੇ ਰੰਗ ਖੇਡਣ ਦੇ ਬਹਾਨੇ ਇਕ ਵਿਅਕਤੀ ਨੂੰ ਉਸ ਦੇ ਘਰੋਂ ਸੱਦ ਕੇ ਉਸ ਦੀ ਹੱਤਿਆ ਕਰ ਦਿੱਤੀ ਅਤੇ ਲਾਸ਼ ਰਸਤੇ ’ਚ ਸੁੱਟ ਕੇ ਫਰਾਰ ਹੋ ਗਏ।

* ਇਸੇ ਦਿਨ ਗ੍ਰੇਟਰ ਨੋਇਡਾ (ਉੱਤਰ ਪ੍ਰਦੇਸ਼) ’ਚ ਹੋਲੀ ਖੇਡਣ ਦੌਰਾਨ 2 ਧੜਿਆਂ ’ਚ ਲੜਾਈ ਅਤੇ ਪੱਥਰਬਾਜ਼ੀ ’ਚ 6 ਵਿਅਕਤੀ ਜ਼ਖਮੀ ਹੋ ਗਏ ਜਿਨ੍ਹਾਂ ’ਚੋਂ 2 ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।

* ਇਸੇ ਦਿਨ ਮਥੁਰਾ (ਉੱਤਰ ਪ੍ਰਦੇਸ਼) ਦੇ ‘ਬਹਰਾਵਾਲੀ’ ’ਚ ਗੁਲਾਲ ਲਗਾਉਣ ਨੂੰ ਲੈ ਕੇ ਹੋਏ ਝਗੜੇ ’ਚ ਗੋਲੀ ਮਾਰ ਕੇ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ।

* ਇਸੇ ਦਿਨ ਦੁਰਗ (ਮੱਧ ਪ੍ਰਦੇਸ਼) ਦੇ ਭਿਲਾਈ ’ਚ ਖੂਨ ਦੀ ਹੋਲੀ ਖੇਡੀ ਗਈ ਜਿੱਥੇ ‘ਖੁਰਸੀਪਾਰ’ ਇਲਾਕੇ ’ਚ ਹੋਲੀ ਖੇਡਣ ਦੇ ਬਹਾਨੇ ਰੰਜਿਸ਼ਨ 2 ਧੜਿਆਂ ’ਚ ਖੁੱਲ੍ਹ ਕੇ ਮਾਰੋ-ਮਾਰੀ ਦੌਰਾਨ ਇਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ।

* ਹੋਲੀ ਦੇ ਹੀ ਦਿਨ ਸ਼ਿਵਪੁਰੀ (ਮੱਧ ਪ੍ਰਦੇਸ਼) ਦੇ ‘ਫਿਜਿਕਲ’ ਥਾਣਾ ਇਲਾਕੇ ਦੇ ਅਧੀਨ ਨੀਤੂ ਪ੍ਰਜਾਪਤੀ ਨਾਂ ਦੇ ਇਕ ਨੌਜਵਾਨ ਨੇ ਸਵੇਰ ਦੇ ਸਮੇਂ ਹੋਲੀ ਖੇਡਣ ਦੇ ਬਾਅਦ ਦੁਪਹਿਰੇ ਆਪਣੇ ਘਰ ’ਚ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

ਇਕ ਦਿਨ ਪਹਿਲਾਂ ਹੀ ਉਸ ਦਾ ਆਪਣੀ ਪਤਨੀ ਨਾਲ ਝਗੜਾ ਹੋਇਆ ਸੀ ਅਤੇ ਉਹ ਆਪਣੀ ਧੀ ਨੂੰ ਨਾਲ ਲੈ ਕੇ ਪੇਕੇ ਚਲੀ ਗਈ ਸੀ।

* ਹੋਲੀ ਦੇ ਦਿਨ ਗੋਪਾਲਗੰਜ (ਬਿਹਾਰ) ’ਚ ਗੁਲਾਲ ਲਗਾਉਣ ਨੂੰ ਲੈ ਕੇ ਦੋ ਧੜਿਆਂ ਦੇ ਆਪਸ ’ਚ ਭਿੜਣ ਨਾਲ 10 ਵਿਅਕਤੀ ਜ਼ਖਮੀ ਹੋ ਗਏ।

* ਰੋਹਤਕ (ਹਰਿਆਣਾ) ’ਚ ਹੋਲੀ ਦਾ ਜਸ਼ਨ ਉਸ ਸਮੇਂ ਮਾਤਮ ’ਚ ਬਦਲ ਗਿਆ ਜਦੋਂ ਡੀ. ਜੇ. ’ਤੇ ਗਾਣਾ ਵਜਾਉਣ ਨੂੰ ਲੈ ਕੇ ਹੋਏ ਝਗੜੇ ਦੇ ਕਾਰਨ ਆਪਣੀ ਭੈਣ ਦੇ ਘਰ ਹੋਲੀ ਖੇਡਣ ਆਏ ਇਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ।

* ਗੁਰੂਗ੍ਰਾਮ (ਹਰਿਆਣਾ) ਦੇ ਬਸਈ ਚੌਕ ’ਚ ਹੋਲੀ ’ਤੇ ਸ਼ਰਾਬ ਦੇ ਨਸ਼ੇ ’ਚ ਮਾਮੂਲੀ ਬਹਿਸ ਦੇ ਕਾਰਨ 2 ਧੜਿਆਂ ਦਰਮਿਆਨ ਝੜਪ ਦੌਰਾਨ ਖੁੱਲ੍ਹ ਕੇ ਲੱਤ-ਮੁੱਕੇ ਚੱਲੇ ਅਤੇ ਦੋਵਾਂ ਧੜਿਆਂ ਨੇ ਸੜਕ ’ਤੇ ਖੁੱਲ੍ਹ ਕੇ ਹੰਗਾਮਾ ਕੀਤਾ।

* ਭੂਨਾ (ਹਰਿਆਣਾ) ’ਚ ਹੋਲੀ ’ਤੇ ਆਪਸ ’ਚ ਭਿੜੇ ਦੋਸ਼ੀਆਂ ਦਾ ਝਗੜਾ ਸੁਲਝਾਉਣ ਪਹੁੰਚੀ ਪੁਲਸ ਟੀਮ ’ਤੇ ਪੱਥਰਾਅ ਨਾਲ 4 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।

* ਬਯਾਵਰ (ਰਾਜਸਥਾਨ) ’ਚ ਹੋਲੀ ਖੇਡਣ ਦੇ ਦੌਰਾਨ ਕੁਝ ਨੌਜਵਾਨਾਂ ਦੀ ਟੋਲੀ ਦਰਮਿਆਨ ਬਹਿਸ ਦੇ ਬਾਅਦ ਹੋਈ ਕੁੱਟਮਾਰ ’ਚ ਛੁਡਾ ਰਹੇ ਇਕ ਨੌਜਵਾਨ ਦੇ ਸਿਰ ’ਤੇ ਪੱਥਰ ਮਾਰੇ ਜਾਣ ਨਾਲ ਉਸ ਦੀ ਮੌਤ ਹੋ ਗਈ।

* ਜਲੰਧਰ ਸ਼ਹਿਰ (ਪੰਜਾਬ) ’ਚ ਰੰਗ ਸੁੱਟਣ ਨੂੰ ਲੈ ਕੇ ਹੋਏ ਝਗੜੇ ’ਚ ਇਕ ਨੌਜਵਾਨ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ।

ਇਹੀ ਨਹੀਂ ਕੁਝ ਸੂਬਿਆਂ ’ਚ ਹੋਲੀ ਦੀ ਮਸਤੀ ’ਚ ਲਾਪ੍ਰਵਾਹੀ ਦੇ ਨਤੀਜੇ ਵਜੋਂ ਹੋਏ ਸੜਕ ਹਾਦਸਿਆਂ ’ਚ ਘੱਟੋ-ਘੱਟ 43 ਵਿਅਕਤੀਆਂ ਦੀ ਮੌਤ ਹੋਣ ਦੀ ਵੀ ਖਬਰ ਹੈ।

ਉਕਤ ਉਦਾਹਰਣਾਂ ਤੋਂ ਸਪੱਸ਼ਟ ਹੈ ਕਿ ਹੋਲੀ ਦੇ ਜਸ਼ਨਾਂ ਦੇ ਦੌਰਾਨ ਨਸ਼ਿਆਂ ਦੇ ਪ੍ਰਭਾਵ ਅਤੇ ਦਬੰਗਈ ਵਾਲੇ ਰੁਝਾਨ ਦੇ ਅਧੀਨ ਕੁਝ ਲੋਕਾਂ ਦੇ ਕਾਰਿਆਂ ਦੇ ਨਤੀਜੇ ਵਜੋਂ ਕਈ ਪਰਿਵਾਰ ਉਜੜ ਗਏ। ਇਸ ਲਈ ਅਜਿਹਾ ਆਚਰਣ ਕਿਸੇ ਵੀ ਤਰ੍ਹਾਂ ਸਹੀ ਨਹੀਂ ਕਿਹਾ ਜਾ ਸਕਦਾ।

-ਵਿਜੇ ਕੁਮਾਰ

Anmol Tagra

This news is Content Editor Anmol Tagra