‘ਰੂਸ ’ਚ ਫੌਜੀਆਂ ਦੀ ਬਗਾਵਤ’, ਦੇਸ਼ ’ਚ ਗ੍ਰਹਿ ਯੁੱਧ ਦਾ ਖਤਰਾ ਵਧਿਆ

06/25/2023 4:30:38 AM

ਯੂਕ੍ਰੇਨ ’ਤੇ ਹਮਲਾ ਕਰਨ ਦੇ ਸਵਾ ਸਾਲ ਬਾਅਦ ਵੀ ਰੂਸ ਦਾ ਤਾਨਾਸ਼ਾਹ ਪੁਤਿਨ ਉਸ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰਨ ’ਚ ਸਫਲ ਨਹੀਂ ਹੋਇਆ ਹੈ।

ਅਮਰੀਕੀ ਫੌਜੀ ਹੈੱਡਕੁਆਰਟਰ ‘ਪੈਂਟਾਗਨ’ ਦੇ 16 ਅਪ੍ਰੈਲ, 2023 ਤਕ ਦੇ ਅੰਕੜਿਆਂ ਮੁਤਾਬਕ ਇਸ ਯੁੱਧ ’ਚ ਯੂਕ੍ਰੇਨ ਦੇ ਲਗਭਗ 1,31,000 ਨਾਗਰਿਕ ਤੇ ਫੌਜੀ ਤੇ ਰੂਸ ਦੇ ਲਗਭਗ 2,23,000 ਨਾਗਰਿਕ ਤੇ ਫੌਜੀ ਮਾਰੇ ਜਾ ਚੁੱਕੇ ਹਨ।

ਇਸ ਦਰਮਿਆਨ ਅਚਾਨਕ ਪੁਤਿਨ ਲਈ ਕੰਮ ਕਰਨ ਵਾਲੇ ਪ੍ਰਾਈਵੇਟ ਫੌਜੀਆਂ ਦੀ ਫੌਜ ‘ਵੈਗਨਰ ਗਰੁੱਪ’ ਨੇ ਪੁਤਿਨ ਵਿਰੁੱਧ ਬਗਾਵਤ ਕਰ ਦਿੱਤੀ ਹੈ। ਉਸ ਨੇ ਰੋਸਤੋਵ (ਰੂਸ) ’ਚ ਆਪਣੇ ਲੜਾਕਿਆਂ ਅਤੇ ਟੈਂਕਾਂ ਨੂੰ ਉਤਾਰ ਦਿੱਤਾ ਹੈ ਅਤੇ ਵੋਰੋਨੇਜ ਅਤੇ ਰੋਸਤੋਵ ਸ਼ਹਿਰਾਂ ਅਤੇ ਏਅਰਪੋਰਟ ਸਮੇਤ ਕਈ ਸ਼ਹਿਰਾਂ ’ਚ ਡੇਰਾ ਜਮਾ ਲਿਆ ਹੈ।

‘ਵੈਗਨਰ ਗਰੁੱਪ’ ਦਾ ਹੈੱਡਕੁਆਰਟਰ ਸੇਂਟ ਪੀਟਰਸਬਰਗ (ਰੂਸ) ’ਚ ਹੈ। ਸਾਬਕਾ ਫੌਜੀਆਂ ਸਮੇਤ ਇਸ ’ਚ ਸ਼ਾਮਲ 80 ਫੀਸਦੀ ਤੋਂ ਵੱਧ ਲੋਕ ਅਪਰਾਧੀ ਰਹਿ ਚੁੱਕੇ ਹਨ ਅਤੇ ਇਸ ਦਾ ਮੁਖੀ ‘ਯੇੇਵੇਗਨੀ ਪ੍ਰਿੰਗੋਝਿਨ’ ਖੁਦ ਇਕ ਐਲਾਨਿਆ ਅਪਰਾਧੀ ਹੈ ਜੋ ਕਈ ਵੱਡੇ ਅਪਰਾਧਾਂ ’ਚ ਲੋੜੀਂਦਾ ਰਿਹਾ ਹੈ।

ਕਿਸੇ ਸਮੇਂ ਪੁਤਿਨ ਦਾ ਕਰੀਬੀ ਰਿਹਾ ‘ਯੇਵੇਗਨੀ ਪ੍ਰਿੰਗੋਝਿਨ’ ਜੇਲ ਤੋਂ ਛੁੱਟ ਕੇ ਸਨੈਕਸ ਵੇਚਣ ਲੱਗਾ ਅਤੇ ਫਿਰ ਕਿਸੇ ਸਮੇਂ ਪੁਤਿਨ ਦਾ ਖਾਨਸਾਮਾ ਬਣ ਗਿਆ ਸੀ। ਅੱਜ ਇਸ ਦੀ ਰੂਸ ’ਚ ਕਈ ਰੈਸਟੋਰੈਂਟਸ ਦੀ ਚੇਨ ਹੈ ਤੇ ਇਸ ਦਾ ਨੈੱਟਵਰਕ 18 ਹੋਰ ਦੇਸ਼ਾਂ ’ਚ ਵੀ ਹੈ।

ਕੁਝ ਮਹੀਨੇ ਪਹਿਲਾਂ ‘ਵੈਗਨਰ ਗਰੁੱਪ’ ਨੇ ਰੂਸੀ ਫੌਜ ਵੱਲੋਂ ਯੂਕ੍ਰੇਨ ’ਤੇ ਹਮਲੇ ’ਚ ਅਹਿਮ ਭੂਮਿਕਾ ਨਿਭਾਈ ਜਿੱਥੇ ਯੂਕ੍ਰੇਨੀਆਂ ਦੀ ਹੱਤਿਆ ਕਰਨ ਅਤੇ ਹੋਰ ਸਰਗਰਮੀਆਂ ਨੂੰ ਅੰਜਾਮ ਦੇਣ ਲਈ ਇਸ ਦੇ 50,000 ਲੜਾਕੇ ਤਾਇਨਾਤ ਸਨ।

‘ਵੈਗਨਰ ਗਰੁੱਪ’ ਨੂੰ ਰੂਸ ਦੇ ਹਰ ਸ਼ਹਿਰ ਦੀ ਜਾਣਕਾਰੀ ਹੋਣ ਕਾਰਨ ਇਹ ਪੁਤਿਨ ਲਈ ਬਹੁਤ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਗਰੁੱਪ ਦਾ ਦੋਸ਼ ਹੈ ਕਿ ਪੁਤਿਨ ਉਸ ਦੀ ਸਹਾਇਤਾ ਤਾਂ ਚਾਹੁੰਦਾ ਹੈ ਪਰ ਪੈਸੇ ਨਹੀਂ ਦੇਣਾ ਚਾਹੁੰਦਾ।

‘ਵੈਗਨਰ ਗਰੁੱਪ’ ਦੀ ਬਗਾਵਤ ਦਾ ਇਕ ਕਾਰਨ ਰੂਸੀ ਰੱਖਿਆ ਮੰਤਰੀ ਸਰਗੇਈ ਸੋਇਗੂ ਦੇ ਹੁਕਮ ’ਤੇ ਰੂਸੀ ਫੌਜ ਵੱਲੋਂ ਜਾਣਬੁੱਝ ਕੇ ਉਨ੍ਹਾਂ ਦੇ ਕੈਂਪ ’ਤੇ ਮਿਜ਼ਾਈਲ ਨਾਲ ਅਤੇ ਕਾਫਲੇ ’ਤੇ ਲੜਾਕੂ ਜਹਾਜ਼ਾਂ ਵੱਲੋਂ ਕੀਤੇ ਗਏ ਹਮਲੇ ਹਨ ਜਿਨ੍ਹਾਂ ’ਚ ਵੱਡੀ ਗਿਣਤੀ ’ਚ ਉਸ ਦੇ ਫੌਜੀ ਮਾਰੇ ਗਏ ਸਨ।

ਇਨ੍ਹਾਂ ਕਾਰਨਾਂ ਕਾਰਨ ‘ਯੇਵੇਗਨੀ ਪ੍ਰਿੰਗੋਝਿਨ’ ਨੇ ਮਾਸਕੋ ਨੂੰ ਸਜ਼ਾ ਦੇਣ ਅਤੇ ਬਦਲਾ ਲੈਣ ਦੀ ਕਸਮ ਖਾਧੀ ਹੈ ਅਤੇ ਯੂਕ੍ਰੇਨੀ ਫੌਜ ਨਾਲ ਮਿਲ ਕੇ ਰੂਸ ਦੇ ਵਿਰੁੱਧ ਬਗਾਵਤ ਕਰਦੇ ਹੋਏ ਰੂਸ ’ਚ ਫੌਜੀ ਸੱਤਾ ਨੂੰ ਪਲਟਣ ਲਈ ਆਪਣਾ ਅਤੇ ਆਪਣੇ 25,000 ਲੜਾਕਿਆਂ ਦਾ ਬਲੀਦਾਨ ਦੇਣ ਲਈ ਤਿਆਰ ਹੋਣ ਦਾ ਐਲਾਨ ਕਰ ਦਿੱਤਾ ਅਤੇ ਇਸ ਦੇ ਲੜਾਕਿਆਂ ਨੇ ਰੂਸ ਦਾ ਇਕ ਲੜਾਕੂ ਜਹਾਜ਼ ਤੇ 2 ਹੈਲੀਕਾਪਟਰ ਵੀ ਹੇਠਾਂ ਸੁੱਟ ਲਏ ਹਨ।

ਦੂਜੇ ਪਾਸੇ ਰੂਸ ਦੀ ‘ਫੈਡਰਲ ਸਿਕਿਓਰਿਟੀ ਸਰਵਿਸ’ ਨੇ ‘ਯੇਵੇਗਨੀ ਪ੍ਰਿੰਗੋਝਿਨ’ ’ਤੇ ਹਥਿਆਰਬੰਦ ਬਗਾਵਤ ਦਾ ਦੋਸ਼ ਲਾਉਂਦੇ ਹੋਏ ਉਸ ਦੀ ਗ੍ਰਿਫਤਾਰੀ ਦਾ ਵਾਰੰਟ ਜਾਰੀ ਕਰ ਿਦੱਤਾ ਹੈ ਅਤੇ ਉਸ ਦੇ ਫੌਜੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਸ ਦਾ ਹੁਕਮ ਨਾ ਮੰਨਣ।

‘ਵੈਗਨਰ ਗਰੁੱਪ’ ਦੀ ਬਗਾਵਤ ਨਾਲ ਨਜਿੱਠਣ ਲਈ ਰੂਸ ਦੀਆਂ ਵਿਸ਼ੇਸ਼ ਫੌਜਾਂ ਨੇ ਮਾਸਕੋ ਦੇ ਚਾਰੇ ਪਾਸੇ ਨਾਕਾਬੰਦੀ ਕਰ ਦਿੱਤੀ ਹੈ ਅਤੇ ਰੂਸ ਦੀ ਸੰਸਦ (ਡੂਮਾ) ਦੀ ਸੁਰੱਖਿਆ ਲਈ ਟੈਂਕ ਤਾਇਨਾਤ ਕਰ ਿਦੱਤੇ ਹਨ।

ਇਸ ਬਗਾਵਤ ਦਰਮਿਆਨ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਦੇਸ਼ ਵਾਸੀਆਂ ਦੇ ਨਾਂ ਆਪਣੇ ਸੰਬੋਧਨ ’ਚ ਕਿਹਾ ਹੈ ਕਿ ‘ਵੈਗਨਰ ਗਰੁੱਪ’ ਨੇ ਰੂਸ ਦੀ ਫੌਜ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਇਸ ਵਿਰੁੱਧ ਫੌਜੀ ਕਾਰਵਾਈ ਕਰਨ ਅਤੇ ਬਾਗੀ ਆਗੂਆਂ ਨੂੰ ਮਾਰਨ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ‘‘ਅਸੀਂ ਵੈਗਨਰ ਨਾਲ ਕੋਈ ਸਮਝੌਤਾ ਨਹੀਂ ਕਰਾਂਗੇ। ਰੂਸੀ ਫੌਜ ਵੈਗਨਰ ਗਰੁੱਪ ਦੀ ਹਥਿਆਰਬੰਦ ਬਗਾਵਤ ਨੂੰ ਦਰੜ ਕੇ ਰੱਖ ਦੇਵੇਗੀ।’’

ਓਧਰ ‘ਵੈਗਨਰ ਗਰੁੱਪ’ ਨੇ ਵੀ ਪੁਤਿਨ ਨਾਲ ਸਿੱਧੀ ਟੱਕਰ ਲੈਂਦੇ ਹੋਏ ਵੱਡੀ ਧਮਕੀ ਦੇ ਦਿੱਤੀ ਹੈ ਕਿ ‘‘ਪੁਤਿਨ ਨੇ ਗਲਤ ਚੋਣ ਕਰ ਲਈ ਹੈ ਜਿਸ ਦਾ ਉਸ ਨੂੰ ਖਮਿਆਜ਼ਾ ਭੁਗਤਣਾ ਪਵੇਗਾ ਅਤੇ ਰੂਸ ’ਚ ਜਲਦੀ ਹੀ ਨਵਾਂ ਰਾਸ਼ਟਰਪਤੀ ਹੋਵੇਗਾ।’’

ਵੈਗਨਰ ਦੀ ਧਮਕੀ ਪਿੱਛੋਂ ਮਾਸਕੋ ’ਚ ਸਾਰੇ ਜਨਤਕ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ ਅਤੇ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ।

ਇਸ ਦਰਮਿਆਨ ਜਿੱਥੇ 24 ਜੂਨ ਨੂੰ ਰੂਸ ਦੇ ਤਾਜ਼ਾ ਹਾਲਾਤ ’ਤੇ ਇੰਗਲੈਂਡ ਦੀ ‘ਕੋਬਰਾ ਕਮੇਟੀ’ ਨੇ ਚਰਚਾ ਕੀਤੀ ਹੈ ਉੱਥੇ ਹੀ ‘ਵੈਗਨਰ ਗਰੁੱਪ’ ਦੇ ਲੜਾਕਿਆਂ ਨੇ ਮਾਸਕੋ ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਨੂੰ ਰੋਕਣ ਲਈ ਰਾਹ ਬੰਦ ਕੀਤੇ ਜਾਣ ਲੱਗੇ ਹਨ ਅਤੇ ਦੇਸ਼ ’ਚ ਮਾਰਸ਼ਲ ਲਾਅ ਲਾਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਗਈ ਹੈ।

‘ਵੈਗਨਰ ਗਰੁੱਪ’ ਦੇ ਹਮਾਇਤੀਆਂ ਅਤੇ ਵਿਰੋਧੀਆਂ ਵਿਚਾਲੇ ਝੜਪਾਂ ਦੇ ਇਲਾਵਾ ਦੇਸ਼ ਦੇ ਕਈ ਸ਼ਹਿਰਾਂ ’ਚ ਹਿੰਸਾ ਸ਼ੁਰੂ ਹੋ ਗਈ ਹੈ ਕਿਉਂਕਿ ਰੂਸ ’ਚ ‘ਯੇਵੇਗਨੀ ਪ੍ਰਿੰਗੋਝਿਨ’ ਦੇ ਹਮਾਇਤੀ ਵੀ ਕਾਫੀ ਗਿਣਤੀ ’ਚ ਹਨ, ਇਸ ਲਈ ਰਾਸ਼ਟਰਪਤੀ ਪੁਤਿਨ ਦੀਆਂ ਔਕੜਾਂ ਵਧਣਾ ਤੈਅ ਹੈ। ਜੇ ਹਾਲਾਤ ਕਾਬੂ ’ਚ ਨਾ ਆਏ ਤਾਂ ਰੂਸ ’ਚ ਗ੍ਰਹਿ ਯੁੱਧ ਵੀ ਛਿੜ ਸਕਦਾ ਹੈ।

-ਵਿਜੇ ਕੁਮਾਰ

Mukesh

This news is Content Editor Mukesh