ਚੀਨ ''ਚ ਸਰਗਰਮ ਘਰੇਲੂ ਅੱਤਵਾਦੀਆਂ ਨਾਲ ਆਈ. ਐੱਸ. ਦਾ ਸੰਪਰਕ ਵਧਣ ਲੱਗਾ

07/16/2017 5:47:39 AM

ਭਾਰਤੀ ਉਪ-ਮਹਾਦੀਪ ਵਿਚ ਪਾਕਿਸਤਾਨ ਦਾ ਸਭ ਤੋਂ ਵੱਡਾ ਸਹਿਯੋਗੀ ਤੇ ਸਾਥੀ ਹੁਣ ਚੀਨ ਬਣ ਰਿਹਾ ਹੈ। ਪਾਕਿ ਸਰਕਾਰ ਨੇ ਇਸ ਨੂੰ ਸਰਹੱਦ ਨੇੜੇ ਕਈ ਛਾਉਣੀਆਂ ਅਤੇ ਸੜਕਾਂ ਬਣਾਉਣ ਲਈ ਜ਼ਮੀਨ ਵੀ ਦਿੱਤੀ ਹੋਈ ਹੈ ਤੇ ਉਹ ਇਸ ਤੋਂ ਇਲਾਵਾ ਵੀ ਪਾਕਿਸਤਾਨ ਵਿਚ ਕਈ ਯੋਜਨਾਵਾਂ 'ਤੇ ਕੰਮ ਕਰ ਰਿਹਾ ਹੈ। ਚੀਨੀ ਆਗੂ ਭਾਰਤ ਵਿਰੋਧੀ ਸਰਗਰਮੀਆਂ ਅਤੇ ਭਾਰਤ 'ਚ ਸਰਗਰਮ ਪਾਕਿਸਤਾਨੀ ਅੱਤਵਾਦੀਆਂ 'ਤੇ ਕੌਮਾਂਤਰੀ ਸੰਗਠਨਾਂ 'ਚ ਪਾਬੰਦੀ  ਲਗਵਾਉਣ ਦੇ ਭਾਰਤ ਦੇ ਯਤਨਾਂ ਨੂੰ ਤਾਰਪੀਡੋ ਕਰ ਕੇ ਪਾਕਿਸਤਾਨ ਨੂੰ ਸਿੱਧਾ ਤੇ ਅਸਿੱਧਾ ਸਮਰਥਨ ਦੇ ਰਹੇ ਹਨ ਪਰ ਉਥੇ ਚੱਲ ਰਹੀਆਂ ਅੱਤਵਾਦ ਦੀਆਂ ਫੈਕਟਰੀਆਂ ਦਾ ਸੇਕ ਹੁਣ ਚੀਨ ਤਕ ਵੀ ਪਹੁੰਚਣ ਲੱਗਾ ਹੈ।
ਇਸ ਦਾ ਪਹਿਲਾ ਸੰਕੇਤ 2009 ਵਿਚ ਉਦੋਂ ਮਿਲਿਆ, ਜਦੋਂ ਮਕਬੂਜ਼ਾ ਕਸ਼ਮੀਰ ਨੇੜੇ ਚੀਨ ਦੇ 'ਝਿੰਜਿਆਂਗ' ਸੂਬੇ 'ਚ ਭਿਅੰਕਰ ਦੰਗਿਆਂ ਵਿਚ 200 ਤੋਂ ਜ਼ਿਆਦਾ ਅਤੇ ਅਗਸਤ 2011 'ਚ 25 ਤੋਂ ਜ਼ਿਆਦਾ ਲੋਕ ਮਾਰੇ ਗਏ।
ਉਦੋਂ ਚੀਨੀ ਅਧਿਕਾਰੀਆਂ ਵਲੋਂ ਜਾਂਚ ਦੌਰਾਨ ਫੜੇ ਗਏ ਇਨ੍ਹਾਂ ਹਮਲਿਆਂ ਲਈ ਜ਼ਿੰਮੇਵਾਰ 'ਉਈਘੁਰ' ਅੱਤਵਾਦੀਆਂ ਨੇ ਮੰਨਿਆ ਕਿ ਉਨ੍ਹਾਂ ਨੂੰ ਵਿਸਫੋਟਕ ਸਮੱਗਰੀ ਅਤੇ ਹਥਿਆਰ ਬਣਾਉਣ ਦੀ ਟ੍ਰੇਨਿੰਗ ਪਾਕਿਸਤਾਨ 'ਚ ਸਰਗਰਮ 'ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ' (ਈ. ਟੀ. ਆਈ. ਐੱਮ.) ਨਾਮੀ ਗਿਰੋਹ ਨੇ ਦਿਵਾਈ ਸੀ।
ਜਾਂਚ ਵਿਚ ਉਕਤ ਹਮਲਿਆਂ ਪਿੱਛੇ ਪਾਕਿਸਤਾਨ ਵਿਚ ਪਲ ਰਹੇ ਧਾਰਮਿਕ ਕੱਟੜਪੰਥੀ ਅੱਤਵਾਦੀ ਗਿਰੋਹਾਂ ਦਾ ਹੱਥ ਹੋਣ ਦੀ ਪੁਸ਼ਟੀ ਤੋਂ ਬਾਅਦ ਚੀਨ ਦੇ ਰਾਸ਼ਟਰਪਤੀ ਹੂ ਜਿਨ ਤਾਓ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਜ਼ਰਦਾਰੀ ਕੋਲ ਫੋਨ 'ਤੇ ਚੀਨੀ ਅੱਤਵਾਦੀਆਂ ਨੂੰ ਪਾਕਿਸਤਾਨ 'ਚ ਸਿਖਲਾਈ ਦੇਣ 'ਤੇ ਪਹਿਲੀ ਵਾਰ ਚਿੰਤਾ ਪ੍ਰਗਟਾਈ ਸੀ।
ਮਾਰਚ 2017 'ਚ ਇਕ ਚੀਨੀ ਸੰਸਥਾ ਦੀ ਰਿਪੋਰਟ 'ਚ ਦੱਸਿਆ ਗਿਆ ਕਿ ਆਪਣੇ ਦੇਸ਼ ਨੂੰ ਅੱਤਵਾਦ ਤੋਂ ਮੁਕਤ ਰੱਖਣ ਦੇ ਯਤਨਾਂ ਦੇ ਬਾਵਜੂਦ ਚੀਨ ਵਿਚ ਅੱਤਵਾਦੀ ਹਮਲਿਆਂ ਅਤੇ ਵਿਦੇਸ਼ੀ ਅੱਤਵਾਦੀ ਗਿਰੋਹਾਂ ਦਾ ਦਬਦਬਾ ਵਧ ਰਿਹਾ ਹੈ।
'ਚਾਈਨਾ ਡੇਲੀ' ਦੀ ਇਕ ਰਿਪੋਰਟ ਅਨੁਸਾਰ ਮਕਬੂਜ਼ਾ ਕਸ਼ਮੀਰ ਤੇ ਅਫਗਾਨਿਸਤਾਨ ਨਾਲ ਲੱਗਦੇ ਝਿੰਜਿਆਂਗ ਵਿਚ ਘਰੇਲੂ ਅੱਤਵਾਦੀ ਸਮੂਹਾਂ ਨਾਲ 'ਇਸਲਾਮਿਕ ਸਟੇਟ' (ਆਈ. ਐੱਸ.) ਦੇ ਸੰਪਰਕ ਵਧ ਰਹੇ ਹਨ, ਜਿਸ ਕਾਰਨ ਹੁਣ ਚੀਨ ਨੂੰ ਵੀ ਅੱਤਵਾਦ ਦਾ ਡਰ ਸਤਾਉਣ ਲੱਗਾ ਹੈ।
ਝਿੰਜਿਆਂਗ 'ਚ ਸਥਿਤੀ ਦੇ ਗੰਭੀਰ ਹੋਣ ਅਤੇ ਚੀਨ ਵਿਚ ਘਰੇਲੂ ਤੇ ਵਿਦੇਸ਼ੀ ਅੱਤਵਾਦੀ ਗਿਰੋਹਾਂ ਵਿਚਾਲੇ ਸੰਪਰਕ ਵਧਣ ਦੇ ਮੱਦੇਨਜ਼ਰ ਚੀਨ ਸਰਕਾਰ ਨੇ ਇਸਲਾਮਿਕ ਅੱਤਵਾਦੀਆਂ ਉੱਤੇ ਸ਼ਿਕੰਜਾ ਕੱਸਣ ਦੇ ਸਿਲਸਿਲੇ 'ਚ ਕਈ ਪਾਬੰਦੀਆਂ ਲਾ ਦਿੱਤੀਆਂ ਹਨ।
ਹੁਣ ਚੀਨ ਦੇ ਦੂਰ-ਦੁਰਾਡੇ ਪੈਂਦੇ ਪੱਛਮੀ ਸ਼ਹਿਰ 'ਕਾਸਗਰ' ਦੀ ਸਭ ਤੋਂ ਵੱਡੀ ਮਸਜਿਦ 'ਚ ਇਬਾਦਤ ਲਈ ਜਾਣ ਵਾਲਿਆਂ ਨੂੰ ਘੂਰਦਿਆਂ ਪੁਲਸ ਅਧਿਕਾਰੀਆਂ ਦੀ ਮੌਜੂਦਗੀ 'ਚ ਮੈਟਲ ਡਿਟੈਕਟਰ ਨਾਲ ਜਾਂਚ ਤੋਂ ਬਾਅਦ ਹੀ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਅਸ਼ਾਂਤ 'ਝਿੰਜਿਆਂਗ' ਖੇਤਰ ਦੇ 'ਉਈਘੁਰ' ਮੁਸਲਿਮ ਬਹੁਲਤਾ ਵਾਲੇ ਇਲਾਕੇ ਵਿਚ ਦਾੜ੍ਹੀ ਰੱਖਣ 'ਤੇ ਅੰਸ਼ਿਕ ਪਾਬੰਦੀ ਸਮੇਤ ਸਰਕਾਰ ਨੇ ਕਈ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਹਨ। ਕਿਸੇ ਨੂੰ ਵੀ ਜਨਤਕ ਤੌਰ 'ਤੇ ਇਬਾਦਤ ਦੀ ਇਜਾਜ਼ਤ ਨਹੀਂ ਹੈ।
ਵਰ੍ਹਿਆਂ ਤੋਂ 'ਕਾਸਗਰ' ਦੀ ਕੇਂਦਰੀ ਮਸਜਿਦ ਵਿਚ ਰਮਜ਼ਾਨ ਦੇ ਅਖੀਰ ਵਿਚ ਆਉਣ ਵਾਲੀ ਈਦ ਦੀ ਨਮਾਜ਼ ਪੜ੍ਹਨ ਅਤੇ ਜਸ਼ਨ ਮਨਾਉਣ ਲਈ ਭੀੜ ਇਕੱਠੀ ਹੁੰਦੀ ਸੀ ਪਰ ਇਸ ਵਾਰ ਰਮਜ਼ਾਨ ਦੇ ਅਖੀਰ ਵਿਚ ਪ੍ਰਾਰਥਨਾ ਹਾਲ 'ਚ ਬਹੁਤ ਘੱਟ ਲੋਕ ਜੁੜੇ। ਇਹੋ ਨਹੀਂ, ਸਰਕਾਰ ਨੇ 'ਕਾਸਗਰ' ਵਿਚ ਈਦ ਦੀ ਨਮਾਜ਼ ਵਿਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਰੋਕਣ ਲਈ ਸ਼ਹਿਰ 'ਚ ਕਈ ਜਗ੍ਹਾ ਸਖਤ ਜਾਂਚ ਨਾਕੇ ਵੀ ਲਾਏ।
ਅਜਿਹੀਆਂ ਪਾਬੰਦੀਆਂ 'ਤੇ ਟਿੱਪਣੀ ਕਰਦਿਆਂ ਸਥਾਨਕ ਮੁਸਲਿਮ ਭਾਈਚਾਰੇ ਦੇ ਲੋਕ ਕਹਿਣ ਲੱਗੇ ਹਨ ਕਿ ਮਜ਼੍ਹਬ ਦੇ ਲਿਹਾਜ਼ ਨਾਲ ਇਹ ਚੰਗੀ ਜਗ੍ਹਾ ਨਹੀਂ ਰਹੀ ਅਤੇ ਝਿੰਜਿਆਂਗ ਚੀਨ ਦੇ ਮੁਸਲਮਾਨਾਂ ਲਈ ਇਕ ਖੁੱਲ੍ਹੀ ਜੇਲ ਵਿਚ ਬਦਲ ਚੁੱਕਾ ਹੈ, ਜਿਸ ਬਾਰੇ ਚੀਨ ਸਰਕਾਰ ਦਾ ਕਹਿਣਾ ਹੈ ਕਿ ਸਖਤ ਪਾਬੰਦੀਆਂ ਅਤੇ ਪੁਲਸ ਦੀ ਭਾਰੀ ਮੌਜੂਦਗੀ ਇਲਾਕੇ ਵਿਚ ਇਸਲਾਮਿਕ ਕੱਟੜਪੰਥੀ ਤੇ ਵੱਖਵਾਦੀ ਸਰਗਰਮੀਆਂ ਨੂੰ ਕਾਬੂ ਕਰਨ ਲਈ ਹੈ।
ਚੀਨ ਬੇਸ਼ੱਕ ਹੀ ਭਾਰਤ ਵਿਰੋਧੀ ਸਰਗਰਮੀਆਂ ਵਿਚ ਪਾਕਿਸਤਾਨ ਦਾ ਸਾਥ ਦੇ ਰਿਹਾ ਹੈ ਅਤੇ 'ਚਾਈਨਾ-ਪਾਕਿਸਤਾਨ ਇਕੋਨਾਮਿਕ ਕੋਰੀਡੋਰ' ਬਣਾਉਣ ਤੋਂ ਇਲਾਵਾ ਪਾਕਿਸਤਾਨ ਨੂੰ ਹੋਰ ਕਈ ਮੁੱਦਿਆਂ 'ਤੇ ਸਮਰਥਨ ਦੇ ਰਿਹਾ ਹੈ ਪਰ ਉਹ ਇਹ ਨਹੀਂ ਚਾਹੁੰਦਾ ਕਿ ਅੱਤਵਾਦ ਦਾ ਇਹ ਰੋਗ ਉਸ ਦੇ ਆਪਣੇ ਦੇਸ਼ ਵਿਚ ਪੰਜੇ ਫੈਲਾਵੇ।
ਜਿਸ ਤਰ੍ਹਾਂ ਚੀਨੀ ਸ਼ਾਸਕ ਆਪਣੇ ਦੇਸ਼ ਵਿਚ ਅੱਤਵਾਦ ਦਾ ਸੇਕ ਮਹਿਸੂਸ ਕਰਦਿਆਂ ਉਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ, ਉਹੋ ਜਿਹਾ ਹੀ ਨਜ਼ਰੀਆ ਦੂਜੇ ਦੇਸ਼ਾਂ ਪ੍ਰਤੀ ਅਪਣਾਉਂਦਿਆਂ ਜੇ ਉਹ ਅੱਤਵਾਦ ਨੂੰ ਪਾਲਣ ਵਾਲੇ ਪਾਕਿਸਤਾਨ ਪ੍ਰਤੀ ਵੀ ਅਪਣਾ ਕੇ ਉਸ 'ਤੇ ਅੱਤਵਾਦੀ ਸਮੂਹਾਂ ਨੂੰ ਸ਼ਹਿ ਦੇਣ ਤੋਂ ਰੋਕਣ ਲਈ ਆਪਣੇ ਪ੍ਰਭਾਵ ਦੀ ਵਰਤੋਂ ਕਰਨ ਤਾਂ ਇਸ ਉਪ-ਮਹਾਦੀਪ ਵਿਚ ਸੁੱਖ-ਸਮ੍ਰਿਧੀ ਅਤੇ ਸ਼ਾਂਤੀ ਦਾ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ।                                                                
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra