ਗੁਆਂਢੀਆਂ ਦੀ ਮਦਦ ਦੇ ਬਹਾਨੇ ਚੀਨ ਵਲੋਂ ਭਾਰਤ ਨੂੰ ਘੇਰਨ ਦੀ ਸਾਜ਼ਿਸ਼

06/14/2020 3:34:20 AM

ਜਿੱਥੇ ਭਾਰਤ ਸਰਕਾਰ ਵਿਸ਼ਵ ਦੇ ਅਨੇਕ ਦੇਸ਼ਾਂ ਨਾਲ ਦੋਸਤਾਨਾ ਸਬੰਧ ਵਧਾ ਰਹੀ ਹੈ, ਉੱਥੇ ਨੇਪਾਲ, ਚੀਨ, ਪਾਕਿਸਤਾਨ ਆਦਿ ਨਜ਼ਦੀਕੀ ਗੁਆਂਢੀਆਂ ਦੇ ਨਾਲ ਇਸ ਦੇ ਸਬੰਧ ਤਨਾਅਪੂਰਨ ਬਣੇ ਹੋਏ ਹਨ। ਇਥੋਂ ਤੱਕ ਕਿ ਗੁਆਂਢੀ ਨੇਪਾਲ ਦੀ ਸਰਕਾਰ ਵੀ ਭਾਰਤ ਵਿਰੋਧੀ ਫੈਸਲਾ ਲੈ ਰਹੀ ਹੈ :

* 14 ਦਸੰਬਰ, 2018 ਨੂੰ ਨੇਪਾਲ ਸਰਕਾਰ ਨੇ 500 ਅਤੇ 2000 ਰੁਪਏ ਅਤੇ 27 ਜੂਨ, 2019 ਨੂੰ 200 ਰੁਪਏ ਮੁੱਲ ਵਾਲੇ ਭਾਰਤੀ ਨੋਟਾਂ ’ਤੇ ਪਾਬੰਦੀ ਲਗਾ ਦਿੱਤੀ।

* 4 ਅਗਸਤ, 2019 ਨੂੰ ਭਾਰਤੀ ਮੂਲ ਦੇ 8 ਵਿਅਕਤੀਆਂ ਦੀ ਨਾਗਰਿਕਤਾ ਰੱਦ ਕਰ ਦਿੱਤੀ।

* 8 ਮਈ, 2020 ਨੂੰ ਨੇਪਾਲ ਸਰਕਾਰ ਨੇ ਭਾਰਤ ਦੁਆਰਾ ਲਿਪੁਲੇਖ ਦੱਰੇ ਤੱਕ ਸੜਕ ਵਿਛਾਉਣ ਦੇ ਵਿਰੁੱਧ ਰੋਸ ਪ੍ਰਗਟ ਕੀਤਾ।

* 19 ਮਈ ਨੂੰ ਨੇਪਾਲ ਸਰਕਾਰ ਨੇ ਦੇਸ਼ ਦੇ ਆਪਣੇ ਨਵੇਂ ਨਕਸ਼ੇ ’ਚ ਭਾਰਤ ਦੇ 3 ਇਲਾਕਿਆਂ ‘ਲਿਪੁਲੇਖ’, ‘ਕਾਲਾਪਾਨੀ’ ਅਤੇ ‘ਲਿੰਪਿਆਧੁਰਾ’ ਨੂੰ ਨੇਪਾਲੀ ਇਲਾਕੇ ’ਚ ਦਿਖਾ ਦਿੱਤਾ ਅਤੇ ਇਸ ਨਾਲ ਸਬੰਧਿਤ ਸੋਧ ਬਿੱਲ ਨੂੰ 13 ਜੂਨ ਨੂੰ ਨੇਪਾਲ ਦੀ ਸੰਸਦ ਨੇ ਵੀ ਪ੍ਰਵਾਨਗੀ ਦੇ ਦਿੱਤੀ।

*19 ਮਈ ਨੂੰ ਹੀ ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਓਲੀ ਨੇ ਨੇਪਾਲ ’ਚ ਕੋਰੋਨਾ ਦੇ ਪ੍ਰਸਾਰ ਦੇ ਲਈ ਭਾਰਤ ਨੂੰ ਦੋਸ਼ੀ ਠਹਿਰਾਇਆ।

* 08 ਜੂਨ ਨੂੰ ਨੇਪਾਲ ਨੇ ਚੀਨ ਦੀ ‘ਵਨ ਚਾਇਨਾ ਪਾਲਿਸੀ’ ਦਾ ਸਮਰਥਨ ਕਰ ਕੇ ਫਿਰ ਆਪਣੇ ਭਾਰਤ ਵਿਰੋਧੀ ਵਤੀਰੇ ਦਾ ਸੰਕੇਤ ਦਿੱਤਾ ਜਦਕਿ ਸਮੁੱਚਾ ਵਿਸ਼ਵ ਹਾਂਗਕਾਂਗ ਦੀ ਖੁਦ ਮੁਖ ਤਿਆਰੀ ਦੇ ਮੁੱਦੇ ’ਤੇ ਚੀਨ ਦੀਆਂ ਨੀਤੀਆਂ ਦਾ ਵਿਰੋਧ ਕਰ ਰਿਹਾ ਹੈ।

* 10 ਜੂਨ ਨੂੰ ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਨੇ ਦੂਸਰੀ ਵਾਰ ਦੋਹਰਾਇਆ ਕਿ ਲਿੰਪਿਆਪੁਰ, ਲਿਪੁਲੇਖ ਅਤੇ ਕਾਲਾਪਾਨੀ ਦੀ ਜ਼ਮੀਨ ਸਾਡੀ ਹੈ।

* 12 ਜੂਨ ਨੂੰ ਬਿਹਾਰ ਦੇ ਸੀਤਾਮੜੀ ਦੇ ਲਗਦੀ ਨੇਪਾਲ ਸਰਹੱਦ ’ਤੇ ਪੁਲਸ ਦੇ ਜਵਾਨਾਂ ਨੇ ਸਰਹੱਦ ’ਤੇ ਆਪਣੀ ਨੇਪਾਲੀ ਨੂੰਹ ਨਾਲ ਗੱਲ ਕਰ ਰਹੇ ਕੁਝ ਲੋਕਾਂ ’ਤੇ ਗੋਲੀ ਚਲਾ ਦਿੱਤੀ ਜਿਸ ਨਾਲ ਇਕ ਭਾਰਤੀ ਨਾਗਰਿਕ ਦੀ ਉੱਥੇ ਮੌਤ ਹੋ ਗਈ।

ਭਾਰਤੀ ਉਪ-ਮਹਾਦੀਪ ’ਚ ਆਪਣੀ ਪੈਠ ਵਧਾਉਣ ਅਤੇ ਭਾਰਤ ਨੂੰ ਘੇਰਨ ਦੀ ਰਣਨੀਤੀ ਦੇ ਤਹਿਤ ਚੀਨ ਸਾਡੇ ਗੁਆਂਢੀ ਪਾਕਿਸਤਾਨ, ਨੇਪਾਲ, ਸ਼੍ਰੀਲੰਕਾ ਆਦਿ ਸਾਧਨਹੀਣ ਦੇਸ਼ਾਂ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਨਾਲ ਆਪਣੇ ਕਰਜ਼ ਹੇਠ ਦਬਾ ਕੇ ਉਨ੍ਹਾਂ ਨੂੰ ਭਾਰਤ ਵਿਰੋਧੀ ਤੇਵਰ ਅਪਣਾਉਣ ਦੇ ਲਈ ਉਕਸਾ ਰਿਹਾ ਹੈ।

ਜਿੱਥੇ ਅਜਿਹਾ ਕਰਕੇ ਚੀਨ ਇਨ੍ਹਾਂ ਦੇਸ਼ਾਂ ਦੇ ਰਾਹੀਂ ਭਾਰਤ ਵਿਰੋਧੀ ਸਰਗਰਮੀਆਂ ਦੁਆਰਾ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉੱਥੇ ਇਨ੍ਹਾਂ ਦੇਸ਼ਾਂ ਨੂੰ ਸਸਤਾ ਸਾਮਾਨ ਵੇਚ ਕੇ ਉਹ ਆਪਣੇ ਦੇਸ਼ ’ਚ ਉਦਯੋਗ, ਕਾਰੋਬਾਰ ਅਤੇ ਨੌਕਰੀਆਂ ਵੀ ਵਧਾ ਰਿਹਾ ਹੈ

‘ਸਾਰਕ’ ਸੰਗਠਨ ਟੁੱਟਣ ਨਾਲ ਇਨ੍ਹਾਂ ਦੇਸ਼ਾਂ ’ਚ ਪੈਦਾ ਹੋਈ ਗੱਲਬਾਤ ਦੀ ਅਣਹੋਂਦ ਵੀ ਕਿਤੇ ਨਾ ਕਿਤੇ ਨੇਪਾਲ ਨਾਲ ਭਾਰਤ ਦੇ ਸਬੰਧਾਂ ’ਚ ਖਟਾਸ ਦਾ ਕਾਰਨ ਬਣ ਰਹੀ ਹੈ ਅਤੇ ਮਨ ’ਚ ਇਹ ਖਦਸ਼ਾ ਵੀ ਪੈਦਾ ਹੁੰਦਾ ਹੈ ਕਿ ਕਿਤੇ ਸਾਡੀ ਸਰਕਾਰ ਵਲੋਂ ਕੋਈ ਲਾਪਰਵਾਹੀ ਤਾਂ ਨਹੀਂ ਹੋ ਰਹੀ?

ਇਸ ਗੱਲ ’ਚ ਤਾਂ ਸ਼ੱਕ ਹੀ ਨਹੀਂ ਹੈ ਕਿ ਜਿੱਥੇ ਭਾਰਤ ਸਰਕਾਰ ਵਿਸ਼ਵ ਦੇ ਅਨੇਕ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਨ ’ਚ ਸਫਲ ਹੋਈ ਹੈ ਪਰ ਆਪਣੇ ਛੋਟੇ-ਛੋਟੇ ਗੁਆਂਢੀ ਦੇਸ਼ਾਂ ਦੇ ਮਾਮਲਿਆਂ ’ਚ ਇਸ ਦੀ ਵਿਦੇਸ਼ ਨੀਤੀ ਕਿਉਂ ਅਸਫਲ ਹੋ ਰਹੀ ਹੈ। ਇਸ ਵੱਲ ਭਾਰਤੀ ਸੱਤਾਧਾਰੀਆਂ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ।

-ਵਿਜੇ ਕੁਮਾਰ


Bharat Thapa

Content Editor

Related News