ਸ਼ੈਲਟਰ ਹੋਮਜ਼ ’ਚ ਬੱਚੇ-ਬੱਚੀਅਾਂ ਦਾ ਹੋ ਰਿਹਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ

01/11/2019 7:23:01 AM

ਦੇਸ਼ ਭਰ ’ਚ ਬੱਚਿਅਾਂ ਦੇ ਸ਼ੈਲਟਰ ਹੋਮਜ਼ ਦੀ ਸੁਰੱਖਿਆ ਅਤੇ ਮੈਨੇਜਮੈਂਟ ’ਚ ਘੋਰ ਬੇਨਿਯਮੀਅਾਂ ’ਤੇ ਸਵਾਲ ਉਠ ਰਹੇ ਹਨ। ਬਿਹਾਰ ਦੇ ਮੁਜ਼ੱਫਰਨਗਰ ’ਚ ਪਿਛਲੇ ਸਾਲ ਇਕ ਸੈਕਸ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਵੱਖ-ਵੱਖ ਸ਼ੈਲਟਰ ਹੋਮਜ਼ ’ਤੇ ਛਾਪੇਮਾਰੀ ਤੋਂ ਬਾਅਦ ਕੇਂਦਰੀ ਮਹਿਲਾ ਅਤੇ ਬਾਲ ਭਲਾਈ ਮੰਤਰਾਲੇ ਨੇ ਕਈ ਸ਼ੈਲਟਰ ਹੋਮਜ਼ ਨੂੰ ਬੰਦ ਕਰ ਦਿੱਤਾ ਹੈ। 
ਮੁਜ਼ੱਫਰਨਗਰ ਬਾਲਿਕਾ ਗ੍ਰਹਿ (ਸ਼ੈਲਟਰ ਹੋਮ) ਦਾ ਸੰਚਾਲਕ ਬ੍ਰਜੇਸ਼ ਠਾਕੁਰ ਬਿਹਾਰ ਦੀ ਸਾਬਕਾ ਮੰਤਰੀ ਮੰਜੂ ਵਰਮਾ ਦਾ ਪਤੀ ਹੈ। ਇਥੇ ਰਹਿਣ ਵਾਲੀਅਾਂ ਬੱਚੀਅਾਂ ਅਨੁਸਾਰ ਉਨ੍ਹਾਂ ਨੂੰ ਰੋਜ਼ ਮਾਰਿਆ-ਕੁੱਟਿਆ ਜਾਂਦਾ ਸੀ, ਨਸ਼ੇ ਵਾਲੀਅਾਂ ਦਵਾਈਅਾਂ ਦਿੱਤੀਅਾਂ ਜਾਂਦੀਅਾਂ ਸਨ ਅਤੇ ਉਨ੍ਹਾਂ ਨਾਲ ਜਬਰ-ਜ਼ਨਾਹ ਕੀਤਾ ਜਾਂਦਾ ਸੀ। 
ਇਕ ਬੱਚੀ ਅਨੁਸਾਰ ਬ੍ਰਜੇਸ਼ ਠਾਕੁਰ ਨੂੰ ਸ਼ੈਲਟਰ ਹੋਮ ’ਚ ‘ਹੰਟਰ ਵਾਲਾ ਅੰਕਲ’ ਕਿਹਾ ਜਾਂਦਾ ਸੀ। ਉਹ ਜਦੋਂ ਉਨ੍ਹਾਂ ਦੇ ਕਮਰਿਅਾਂ ’ਚ ਦਾਖਲ ਹੁੰਦਾ ਤਾਂ ਕੁੜੀਅਾਂ ਦੀ ਰੂਹ ਕੰਬ ਜਾਂਦੀ। ਇਕ  ਕੁੜੀ ਨੇ ਦੱਸਿਆ ਕਿ ਉਸ ਨੂੰ ਰਾਤ ਸਮੇਂ ਨਸ਼ੇ ਵਾਲੀਅਾਂ ਦਵਾਈਅਾਂ ਦੀ ਭਾਰੀ ਡੋਜ਼ ਦਿੱਤੀ ਜਾਂਦੀ ਅਤੇ ਸਵੇਰੇ ਜਦੋਂ ਉਹ ਜਾਗਦੀ ਤਾਂ ਉਸ ਦੇ ਗੁਪਤ ਅੰਗਾਂ ’ਚ ਬਹੁਤ ਜ਼ਿਆਦਾ ਦਰਦ ਹੁੰਦਾ ਅਤੇ ਉਥੇ ਜ਼ਖ਼ਮ ਦੇ ਨਿਸ਼ਾਨ ਵੀ ਦਿਖਾਈ ਦਿੰਦੇ। 
ਵੱਖ-ਵੱਖ ਸ਼ੈਲਟਰ ਹੋਮਜ਼ ’ਚ ਲੜਕੇ-ਲੜਕੀਅਾਂ ਨੂੰ ਸੁਰੱਖਿਆ ਦੀ ਥਾਂ ਉਨ੍ਹਾਂ ਨਾਲ ਕੀਤੇ ਜਾਣ ਵਾਲੇ ਮਾੜੇ ਸਲੂਕ ਕਾਰਨ ਹੀ ਉਥੋਂ ਵੱਡੀ ਗਿਣਤੀ ’ਚ ਕੁੜੀਅਾਂ ਭੱਜ ਰਹੀਅਾਂ ਹਨ, ਜਿਨ੍ਹਾਂ ਦੀਅਾਂ ਕੁਝ ਮਿਸਾਲਾਂ ਹੇਠਾਂ ਦਰਜ ਹਨ :
* 12 ਜੂਨ 2018 ਨੂੰ ਕਰਨਾਲ ਦੇ ਇਕ ਅਨਾਥ ਆਸ਼ਰਮ ’ਚੋਂ 2 ਨਾਬਾਲਗ ਕੁੜੀਅਾਂ ਭੱਜ ਗਈਅਾਂ। ਇਨ੍ਹਾਂ ਨੂੰ ਕਰਨਾਲ ਪ੍ਰਸ਼ਾਸਨ ਨੇ ਅਨਾਥ ਆਸ਼ਰਮ ’ਚ ਭੇਜਿਆ ਸੀ।  
* 18 ਅਗਸਤ ਨੂੰ ਜੀਂਦ ’ਚ ਡਿਫੈਂਸ ਕਾਲੋਨੀ ਦੇ ਇਕ ਬਾਲ ਆਸ਼ਰਮ ’ਚੋਂ 2 ਨਾਬਾਲਗ ਕੁੜੀਅਾਂ ਫਰਾਰ ਹੋ ਗਈਅਾਂ। ਅਗਲੇ ਦਿਨ ਦੋਹਾਂ ਨੇ ਅਦਾਲਤ ’ਚ ਪੇਸ਼ ਹੋ ਕੇ ਆਸ਼ਰਮ ’ਚ ਵਾਪਸ ਜਾਣ ਤੋਂ ਮਨ੍ਹਾ ਕਰ ਦਿੱਤਾ। ਦੋਹਾਂ ’ਚੋਂ ਇਕ ਕੁੜੀ ਨੇ ਆਸ਼ਰਮ ਦੇ ਸੰਚਾਲਕ ’ਤੇ ਉਸ ਨਾਲ ਮਾਰ-ਕੁਟਾਈ ਅਤੇ ਛੇੜਖਾਨੀ ਕਰਨ ਅਤੇ ਕਿਸੇ ਮੁੰਡੇ ਨਾਲ ਵਿਆਹ ਕਰਨ ਦਾ ਦਬਾਅ ਬਣਾਉਣ ਅਤੇ ਦੂਜੀ ਨੇ ਮਾਰ-ਕੁਟਾਈ ਕਰਨ ਤੇ ਖਾਣਾ ਨਾ ਦੇਣ ਦੇ ਦੋਸ਼ ਲਗਾਏ।
* 18 ਅਗਸਤ ਨੂੰ ਹੀ ਬਹਾਦੁਰਗੜ੍ਹ ਦੇ ‘ਅਪਨਾ ਘਰ’ ਆਸ਼ਰਮ ’ਚੋਂ 4 ਕੁੜੀਅਾਂ ਇਮਾਰਤ ਦੀ ਕੰਧ ਟੱਪ ਕੇ ਸ਼ੱਕੀ ਹਾਲਤਾਂ ’ਚ ਫਰਾਰ ਹੋ ਗਈਅਾਂ। ਉਹ ਲੱਗਭਗ 10 ਫੁੱਟ ਉੱਚੀ ਕੰਧ ’ਤੇ ਚੜ੍ਹ ਕੇ ਉਥੇ ਲੱਗੀਅਾਂ ਕੰਡਿਆਲੀਅਾਂ ਤਾਰਾਂ ਨੂੰ ਵੀ ਹਟਾ ਕੇ ਹੇਠਾਂ ਪਈ ਇਮਾਰਤ ਬਣਾਉਣ ਵਾਲੀ ਸਮੱਗਰੀ ’ਤੇ ਕੁੱਦੀਅਾਂ। 
* 13 ਨਵੰਬਰ ਨੂੰ ਪਾਟਲੀਪੁੱਤਰ ਥਾਣੇ ਦੇ ‘ਨੈਟ੍ਰੋਡਮ ਸਕੂਲ’ ਵਿਚ ਸਥਿਤ ਆਸ਼ਾ ਕਿਰਨ ਸ਼ੈਲਟਰ ਹੋਮ ’ਚੋਂ 4 ਕੁੜੀਅਾਂ ਦੁਪੱਟੇ ਦਾ ਸਹਾਰਾ ਲੈ ਕੇ ਗਰਾਊਂਡ ਫਲੋਰ ਉੱਤੇ ਉਤਰਨ ਤੋਂ ਬਾਅਦ ਉਥੋਂ ਫਰਾਰ ਹੋ ਗਈਅਾਂ। 
* 3 ਦਸੰਬਰ ਨੂੰ ਦਿੱਲੀ ਦੇ ਦਿਲਸ਼ਾਦ ਗਾਰਡਨ ’ਚ ਸਥਿਤ ‘ਸੰਸਕਾਰ ਆਸ਼ਰਮ ਫਾਰ ਗਰਲਜ਼’ ਵਿਚ 9 ਕੁੜੀਅਾਂ ਦੇ ਛੱਤ ਤੋੜ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ। ਪੁਲਸ ਅਨੁਸਾਰ ਇਨ੍ਹਾਂ ’ਚੋਂ 6 ਕੁੜੀਅਾਂ ਜੀ. ਬੀ. ਰੋਡ ਤੋਂ ਛੁਡਵਾਈਅਾਂ ਗਈਅਾਂ ਸਨ। ਪੁਲਸ ਨੂੰ ਸ਼ੱਕ ਹੈ ਕਿ ਇਹ ਕੁੜੀਅਾਂ ਨੇਪਾਲ ਤੋਂ ਬਹਿਲਾ-ਫੁਸਲਾ ਕੇ ਲਿਅਾਂਦੀਅਾਂ ਗਈਅਾਂ ਸਨ ਤੇ ਫਿਰ ਇਨ੍ਹਾਂ ਨੂੰ ਜੀ. ਬੀ. ਰੋਡ ਦੇ ਕੋਠਿਅਾਂ ’ਤੇ ਵੇਚ ਦਿੱਤਾ ਗਿਆ ਸੀ।  
* 6 ਦਸੰਬਰ ਨੂੰ ਕੁੜੀਅਾਂ ਦੇ ਹੋਸਟਲਾਂ ’ਚ ਚੋਰੀ ਨਾਲ ਕੈਮਰੇ ਲਗਾ ਕੇ ਉਨ੍ਹਾਂ ਦੇ ਨਿੱਜੀ ਪਲਾਂ ਅਤੇ ਉਨ੍ਹਾਂ ਦੀਅਾਂ ਸਰਗਰਮੀਅਾਂ ਦੀ ਵੀਡੀਓ ਤਕ ਬਣਾਉਣ ਦਾ ਖੁਲਾਸਾ ਹੋਇਆ ਹੈ। ਇਸ ਸਿਲਸਿਲੇ ’ਚ ਚੇਨਈ ’ਚ ਕੁੜੀਅਾਂ ਦੇ ਇਕ ਹੋਸਟਲ ਦੇ ਸੰਚਾਲਕ ਨੂੰ ਗ੍ਰਿਫਤਾਰ ਕਰ ਕੇ ਪੁਲਸ ਨੇ ਕੈਮਰੇ ਵੀ ਕਬਜ਼ੇ ’ਚ ਲਏ ਹਨ। 
* 29 ਦਸੰਬਰ ਨੂੰ ਦਿੱਲੀ ਮਹਿਲਾ ਕਮਿਸ਼ਨ ਨੇ ਇਕ ਪ੍ਰਾਈਵੇਟ ਸ਼ੈਲਟਰ ਹੋਮ ’ਚ ਬੱਚੀਅਾਂ ਨਾਲ ਮਾੜਾ ਸਲੂਕ ਕਰਨ ਦੇ ਮਾਮਲੇ ’ਚ ਸਟਾਫ ਦੇ ਵਿਰੁੱਧ ਐੱਫ. ਆਈ. ਆਰ. ਦਰਜ ਕਰਵਾਈ। ਦੋਸ਼ ਹੈ ਕਿ ਇਥੇ ਬੱਚੀਅਾਂ ਤੋਂ ਕੰਮ ਕਰਵਾਇਆ ਜਾਂਦਾ ਸੀ ਅਤੇ ਵਿਰੋਧ ਕਰਨ ’ਤੇ ਉਨ੍ਹਾਂ ਨੂੰ ਮਿਰਚਾਂ ਖੁਆਈਅਾਂ ਜਾਂਦੀਅਾਂ ਸਨ। ਜਦੋਂ ਇਸ ਨਾਲ ਵੀ ਉਹ ਨਾ ਮੰਨਦੀਅਾਂ ਤਾਂ ਉਨ੍ਹਾਂ ਦੇ ਗੁਪਤ ਅੰਗਾਂ ’ਚ ਮਿਰਚ ਪਾਊਡਰ ਪਾ ਦਿੱਤਾ ਜਾਂਦਾ ਸੀ। 
* ਹੁਣ 7 ਜਨਵਰੀ 2019 ਨੂੰ ਮੁਜ਼ੱਫਰਨਗਰ ਸ਼ੈਲਟਰ ਹੋਮ ਦੇ ਮਾਮਲੇ ’ਚ ਸੀ. ਬੀ. ਆਈ. ਦੀ ਚਾਰਜਸ਼ੀਟ ’ਚ ਬੱਚੀਅਾਂ ਨਾਲ ਹੋਏ ਵਹਿਸ਼ੀਪੁਣੇ ਦਾ ਪਤਾ ਲੱਗਾ ਹੈ। ਇਸ ਦੇ ਮੁਤਾਬਿਕ ਬੱਚੀਅਾਂ ਨੂੰ ਡਰੱਗਜ਼ ਦੇ ਕੇ ਨੀਂਦ ’ਚ ਹੀ ਬਲਾਤਕਾਰ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਕੁਰਸੀ ਨਾਲ ਬੰਨ੍ਹ ਕੇ ਬਲਾਤਕਾਰ ਕੀਤਾ ਜਾਂਦਾ ਅਤੇ ਅਸ਼ਲੀਲ ਭੋਜਪੁਰੀ ਗੀਤਾਂ ’ਤੇ ਨੱਚਣ ਲਈ ਮਜਬੂਰ ਕੀਤਾ ਜਾਂਦਾ ਸੀ। 
ਉਕਤ ਤੱਥਾਂ ਨੂੰ ਦੇਖਦਿਅਾਂ ਬਾਲ ਆਸ਼ਰਮਾਂ ’ਚੋਂ ਬੱਚੀਅਾਂ ਦਾ ਗਾਇਬ ਹੋਣਾ ਬੇਵਜ੍ਹਾ ਨਹੀਂ। ਜਿੱਥੇ ਇਸ ਪਿੱਛੇ ਆਸ਼ਰਮਾਂ ਦੇ ਪ੍ਰਬੰਧਕਾਂ ਦੀ ਅਣਮਨੁੱਖਤਾ ਹੈ, ਉਥੇ ਹੀ ਇਨ੍ਹਾਂ ਆਸ਼ਰਮਾਂ ’ਚ ਪ੍ਰਬੰਧਕਾਂ ਵਲੋਂ ਉਥੇ ਰਹਿਣ ਵਾਲਿਅਾਂ ’ਤੇ ਅੱਤਿਆਚਾਰ, ਉਨ੍ਹਾਂ ਦੇ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਤੇ ਉਨ੍ਹਾਂ ਨੂੰ ਜੀਵਨ ਲਈ ਉਪਯੋਗੀ ਲਾਜ਼ਮੀ ਸਹੂਲਤਾਂ ਤੋਂ ਵਾਂਝੇ ਰੱਖੇ ਜਾਣ ਦੀਅਾਂ ਅਪਰਾਧਕ ਕਰਤੂਤਾਂ  ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। 
ਅਜਿਹੀ ਸਥਿਤੀ ’ਚ ਅਵਿਵਸਥਾਵਾਂ ਦੇ ਦੋਸ਼ ਹੇਠ ਸਿਰਫ ਸ਼ੈਲਟਰ ਹੋਮਜ਼ ਨੂੰ ਬੰਦ ਕਰਨਾ ਕੋਈ ਇਲਾਜ ਨਹੀਂ ਹੈ, ਸਗੋਂ ਸਮੇਂ-ਸਮੇਂ ’ਤੇ ਇਨ੍ਹਾਂ ਦਾ ਅਚਨਚੇਤ ਨਿਰੀਖਣ ਕਰਨ ਅਤੇ ਇਨ੍ਹਾਂ ਦੇ ਦੋਸ਼ੀ ਪਾਏ ਜਾਣ ਵਾਲੇ ਸੰਚਾਲਕਾਂ ਨੂੰ ਸਖਤ ਤੋਂ ਸਖਤ ਅਤੇ ਸਿੱਖਿਆਦਾਇਕ ਸਜ਼ਾ ਦੇਣੀ ਜ਼ਰੂਰੀ ਹੈ ਤਾਂ ਕਿ ਉਥੇ ਰਹਿਣ ਵਾਲੇ ਲਾਚਾਰ ਤੇ ਮਜਬੂਰ ਬੱਚੇ-ਬੱਚੀਅਾਂ ਦਾ ਜੀਵਨ ਅਤੇ ਭਵਿੱਖ ਸੁਰੱਖਿਅਤ ਰਹਿ ਸਕੇ।        

–ਵਿਜੇ ਕੁਮਾਰ