''ਨਸ਼ਿਆਂ ਨਾਲ ਤਬਾਹ'' ਹੋ ਰਿਹਾ ਰਾਜਧਾਨੀ ਦਿੱਲੀ ਵਿਚ ''ਮਾਸੂਮ ਬਚਪਨ''

03/19/2017 6:13:04 AM

''ਬਲਾਤਕਾਰਾਂ ਦੀ ਰਾਜਧਾਨੀ'' ਦੇ ਨਾਲ-ਨਾਲ ਦਿੱਲੀ ਨਸ਼ਿਆਂ ਦੀ ਰਾਜਧਾਨੀ ਵੀ ਬਣਦੀ ਜਾ ਰਹੀ ਹੈ। ਇਥੇ ਬਾਲਗ ਨਸ਼ੇੜੀਆਂ ਦੀ ਗੱਲ ਤਾਂ ਇਕ ਪਾਸੇ, 9-9 ਸਾਲ ਤਕ ਦੀ ਛੋਟੀ ਉਮਰ ਦੇ ਬੱਚੇ ਵੀ ਨਸ਼ਿਆਂ ਦੀ ਲਪੇਟ ''ਚ ਆ ਰਹੇ ਹਨ। 
ਕੁਝ ਸਮਾਂ ਪਹਿਲਾਂ ''ਦਿੱਲੀ ਸਟੇਟ ਏਡਜ਼ ਕੰਟਰੋਲ ਸੁਸਾਇਟੀ'' ਵਲੋਂ ਕਰਵਾਏ ਗਏ ਇਕ ਸਰਵੇਖਣ ਦੀ ਰਿਪੋਰਟ ''ਚ ਇਹ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਕਿ ਇਥੇ ਸੜਕਾਂ, ਰੇਲਵੇ ਸਟੇਸ਼ਨਾਂ ਦੇ ਪਲੇਟਫਾਰਮਾਂ ਅਤੇ ਬੱਸ ਸਟੈਂਡਾਂ ਆਦਿ ''ਤੇ ਰਹਿਣ ਵਾਲੇ 7 ਤੋਂ 18 ਸਾਲ ਦੀ ਉਮਰ ਦੇ 70 ਹਜ਼ਾਰ ਤੋਂ ਜ਼ਿਆਦਾ ਬੱਚੇ ਵੱਖ-ਵੱਖ ਤਰ੍ਹਾਂ ਦੇ ਨਸ਼ਿਆਂ ਦੀ ਲਤ ਦਾ ਸ਼ਿਕਾਰ ਹੋ ਚੁੱਕੇ ਹਨ।
ਸਰਵੇਖਣ ''ਚ ਸ਼ਾਮਿਲ ਸਭ ਤੋਂ ਜ਼ਿਆਦਾ 20 ਹਜ਼ਾਰ ਬੱਚਿਆਂ ਨੂੰ ਤੰਬਾਕੂ, 9450 ਨੂੰ ਅਲਕੋਹਲ, 7910 ਨੂੰ ਸੁੰਘ ਕੇ ਲੈਣ ਵਾਲੇ ਨਸ਼ੇ (ਇਨਹੇਲੈਂਟ), 5600 ਨੂੰ ਭੰਗ-ਗਾਂਜਾ ਅਤੇ 840 ਬੱਚਿਆਂ ਨੂੰ ਹੈਰੋਇਨ ਵਰਗੇ ਨਸ਼ੇ ਦੀ ਲਤ ਦਾ ਸ਼ਿਕਾਰ ਪਾਇਆ ਗਿਆ। ਕਈ ਬੱਚੇ ''ਫਲਿਊਡ'' ਪੀਣ ਦੇ ਆਦੀ ਪਾਏ ਗਏ।
ਆਪਣੇ ਪਰਿਵਾਰਾਂ ਜਾਂ ਰਿਸ਼ਤੇਦਾਰਾਂ ਨਾਲ ਰਹਿਣ ਵਾਲੇ ਬੱਚਿਆਂ ਚੋਂ 20 ਫੀਸਦੀ ਦੇ ਲਗਭਗ ਆਪਣੇ ਪਰਿਵਾਰਾਂ ਨੂੰ ਸਹਾਰਾ ਦੇਣ ਅਤੇ ਰੋਜ਼ੀ-ਰੋਟੀ ਕਮਾਉਣ ਲਈ ਮਿਹਨਤ-ਮਜ਼ਦੂਰੀ ਜਾਂ ਛੋਟੇ-ਮੋਟੇ ਕੰਮ-ਧੰਦੇ ਕਰਦੇ ਹਨ।
ਆਪਣੇ ਪਰਿਵਾਰਾਂ ਤੋਂ ਇਲਾਵਾ ਸੜਕ ''ਤੇ, ਰੇਲਵੇ ਪਲੇਟਫਾਰਮਾਂ ਅਤੇ ਰੇਲ ਗੱਡੀਆਂ ਦੇ ਖਾਲੀ ਡੱਬਿਆਂ  ਆਦਿ ''ਚ ਰਹਿਣ ਵਾਲੇ 30 ਫੀਸਦੀ ਦੇ ਲਗਭਗ ਬੱਚਿਆਂ ਨੇ ਨਸ਼ੇ ਦੀ ਲਤ ਦਾ ਸ਼ਿਕਾਰ ਹੋ ਜਾਣ ਕਾਰਨ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਹੈ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਇਥੇ ਆ ਕੇ ਆਪਣੇ ਮਾਂ-ਪਿਓ ਨਾਲੋਂ ਵਿਛੜਨ ਅਤੇ ਮਨੁੱਖੀ ਤਸਕਰ ਗਿਰੋਹਾਂ ਵਲੋਂ ਇਥੇ ਲਿਆਂਦੇ ਗਏ ਅਜਿਹੇ ਮੰਦਭਾਗੇ ਬੱਚੇ ਵੀ ਇਨ੍ਹਾਂ ''ਚ ਸ਼ਾਮਿਲ ਹਨ, ਜਿਨ੍ਹਾਂ ਦਾ ਆਪਣੇ ਮਾਂ-ਪਿਓ ਨਾਲ ਦੁਬਾਰਾ ਕਦੇ ਵੀ ਮੇਲ ਨਹੀਂ ਹੋ ਸਕਿਆ ਅਤੇ ਜੋ ਸਮਾਜ ਵਿਰੋਧੀ ਗਿਰੋਹਾਂ ਕੋਲ ਵੇਚ ਦਿੱਤੇ ਗਏ ਹਨ।
ਕਿਉਂਕਿ ਕਿਸੇ ਨੂੰ ਵੀ ਅਪਰਾਧ ਦੀ ਦੁਨੀਆ ''ਚ ਧੱਕਣ ਦਾ ਸਭ ਤੋਂ ਸੌਖਾ ਤਰੀਕਾ ਉਸ ਨੂੰ ਨਸ਼ੇ ਦੀ ਲਤ ਲਗਾ ਦੇਣਾ ਹੀ ਮੰਨਿਆ ਜਾਂਦਾ ਹੈ, ਇਸ ਲਈ ਇਨ੍ਹਾਂ ਤੋਂ ਆਪਣਾ ਕੰਮ ਬਿਹਤਰ ਢੰਗ ਨਾਲ ਕਰਵਾਉਣ ਲਈ ਇਹ ਗਿਰੋਹ ਇਨ੍ਹਾਂ ਨੂੰ ਨਸ਼ਿਆਂ ਦੀ ਲਤ ਲਗਾਉਣ ਤੇ ਵੱਖ-ਵੱਖ ਤਰ੍ਹਾਂ ਦੇ ਸਮਾਜ ਵਿਰੋਧੀ ਕੰਮਾਂ ਦੀ ਸਿਖਲਾਈ ਦੇ ਕੇ ਇਸ ਧੰਦੇ ''ਚ ਕਦੋਂ ਧੱਕ ਦਿੰਦੇ ਹਨ ਤੇ ਇਹ ਕਦੋਂ ਅਪਰਾਧੀ ਗਿਰੋਹਾਂ ਦਾ ਹਿੱਸਾ ਬਣ ਜਾਂਦੇ ਹਨ, ਪਤਾ ਹੀ ਨਹੀਂ ਲੱਗਦਾ।
ਅਪਰਾਧੀ ਗਿਰੋਹਾਂ ਦੇ ਹੱਥੇ ਚੜ੍ਹਨ ਤੋਂ ਬਾਅਦ ਇਹ ਉਨ੍ਹਾਂ ਦੇ ਇਸ਼ਾਰਿਆਂ ''ਤੇ ਚੋਰੀ, ਜੇਬ-ਤਰਾਸ਼ੀ, ਉਠਾਈਗਿਰੀ, ਨਸ਼ੀਲੀਆਂ ਦਵਾਈਆਂ ਦੇ ਕੋਰੀਅਰ ਅਤੇ ਇਥੋਂ ਤਕ ਕਿ ਪੇਸ਼ੇਵਰ ਭਿਖਾਰੀ ਬਣ ਕੇ ਆਪਣੇ ਮਾਲਕਾਂ ਨੂੰ ਕਮਾਈ ਕਰ ਕੇ ਲਿਆ ਕੇ ਦੇਣ ਲਈ ਮਜਬੂਰ ਹੋ ਜਾਂਦੇ ਹਨ ਤੇ ਉਮਰ ਭਰ ਉਨ੍ਹਾਂ ਦੇ ਜਾਲ ''ਚੋਂ ਬਾਹਰ ਨਹੀਂ ਨਿਕਲਦੇ।
ਨਸ਼ੇ ਦੀ ਲਤ ਅਤੇ ਮਾੜੀ ਸੰਗਤ ਕਾਰਨ ਇਹ ਆਪਸ ''ਚ ਗਲਤ ਕੰਮ ਵੀ ਕਰਦੇ ਹਨ ਜਿਸ ਕਾਰਨ ਏਡਜ਼ ਅਤੇ ਹੈਪੇਟਾਈਟਸ ਬੀ ਤੋਂ ਇਲਾਵਾ ਕਈ ਸਰੀਰਕ ਤੇ ਮਾਨਸਿਕ ਬੀਮਾਰੀਆਂ, ਪਾਚਨ ਪ੍ਰਣਾਲੀ ਦੇ ਵਿਕਾਰ, ਸਰੀਰ ਦੇ ਵੱਖ-ਵੱਖ ਹਿੱਸਿਆਂ ''ਚ ਸੋਜ਼, ਯਾਦਦਾਸ਼ਤ ਜਾਣ ਦੇ ਸ਼ਿਕਾਰ ਹੋ ਕੇ ਬੇਵਕਤੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ। 
ਬੱਚਿਆਂ ''ਚ ਵਧ ਰਹੀ ਨਸ਼ੇ ਦੀ ਲਤ ਨੂੰ ਦੇਖਦਿਆਂ ਪਿਛਲੇ ਸਾਲ 14 ਦਸੰਬਰ ਨੂੰ ਐੱਨ. ਜੀ. ਓ. ''ਬਚਪਨ ਬਚਾਓ ਅੰਦੋਲਨ'' ਨੇ ਸੁਪਰੀਮ ਕੋਰਟ ਨੂੰ ਦੇਸ਼ ''ਚ ਨਸ਼ੇੜੀਆਂ ਦੇ ਮੁੜ-ਵਸੇਬੇ ਅਤੇ ਨਸ਼ਾ ਛੁਡਾਊ ਕੇਂਦਰਾਂ ''ਚ ਵਿਸ਼ੇਸ਼ ਤੌਰ ''ਤੇ ਨਸ਼ਿਆਂ ਦੇ ਸ਼ਿਕਾਰ ਬੱਚਿਆਂ ਲਈ ਵੱਖਰਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਦੇਣ ਦੀ ਅਪੀਲ ਕੀਤੀ ਸੀ।
ਇਸ ''ਤੇ ਸੁਣਵਾਈ ਕਰਦਿਆਂ ਤੱਤਕਾਲੀ ਮੁੱਖ ਜੱਜ ਟੀ. ਐੱਸ. ਠਾਕੁਰ ਅਤੇ ਜਸਟਿਸ ਡੀ. ਵਾਈ. ਚੰਦਰਚੂੜ ਨੇ ਕੇਂਦਰ ਸਰਕਾਰ ਨੂੰ ਇਸ ਦੇ ਲਈ ਇਕ ਕੌਮੀ ਸਰਵੇ ਕਰਵਾਉਣ ਦਾ ਹੁਕਮ ਦੇਣ ਤੋਂ ਇਲਾਵਾ ਸਕੂਲੀ ਸਿਲੇਬਸਾਂ ''ਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਬੁਰੇ ਅਸਰਾਂ ਬਾਰੇ ਜਾਣਕਾਰੀ ਦੇਣ ''ਤੇ ਵੀ ਜ਼ੋਰ ਦਿੱਤਾ ਸੀ।
ਹੁਣ ਦਿੱਲੀ ''ਚ ਲਗਾਤਾਰ ਵਧ ਰਹੇ ਨਸ਼ੇ ਦੇ ਕਾਰੋਬਾਰ ਅਤੇ ਇਸ ਦੀ ਲਪੇਟ ''ਚ ਆਉਣ ਵਾਲੇ ਬੱਚਿਆਂ ਦੀ ਲਗਾਤਾਰ ਵਧ ਰਹੀ ਗਿਣਤੀ ਨੂੰ ਦੇਖਦਿਆਂ ਦਿੱਲੀ ਦੇ ਵੱਡੇ ਹਸਪਤਾਲਾਂ ''ਚ ''ਜੁਵੇਨਾਈਲ ਡਰੱਗ ਰੀਹੈਬਲੀਟੇਸ਼ਨ ਸੈਂਟਰ'' ਖੋਲ੍ਹਣ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਥੇ ਹਰੇਕ ਬੱਚੇ ਲਈ ਇਕ ਅਟੈਂਡੈਂਟ ਦਾ ਪ੍ਰਬੰਧ ਵੀ ਕੀਤਾ ਜਾਵੇਗਾ।
ਇਹ ਯੋਜਨਾ ਕਦੋਂ ਸਿਰੇ ਚੜ੍ਹੇਗੀ, ਇਸ ਬਾਰੇ ਕੁਝ ਕਹਿਣਾ ਅਜੇ ਮੁਸ਼ਕਿਲ ਹੈ ਪਰ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਇਸ ਨੂੰ ਜਿੰਨੀ ਛੇਤੀ ਲਾਗੂ ਕੀਤਾ ਜਾਵੇ, ਓਨਾ ਹੀ ਚੰਗਾ ਹੋਵੇਗਾ ਕਿਉਂਕਿ ਬੱਚੇ ਹੀ ਕਿਸੇ ਦੇਸ਼ ਦੀ ਨੀਂਹ ਹੁੰਦੇ ਹਨ ਅਤੇ ਜਦੋਂ ਨੀਂਹ ਹੀ ਕਮਜ਼ੋਰ ਹੋਵੇ ਤਾਂ ਇਕ ਮਜ਼ਬੂਤ ਦੇਸ਼ ਦੀ ਕਲਪਨਾ ਕਿਵੇਂ ਕੀਤੀ ਜਾ ਸਕਦੀ ਹੈ।
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra