ਕੋਠੀਆਂ ਅਤੇ ਸੜਕਾਂ ਬਣਾਉਣ ਵਾਲੇ ਅੱਜ ਬੇਘਰ ਹੋ ਕੇ ਸੜਕਾਂ ’ਤੇ

04/01/2020 1:50:45 AM

ਕੋਰੋਨਾ ਮਹਾਮਾਰੀ ਦਾ ਮੁਕਾਬਲਾ ਕਰਨ ਲਈ 25 ਮਾਰਚ ਤੋਂ ਲਾਗੂ ਕੀਤੇ ਗਏ ਲਾਕਡਾਊਨ ਤੋਂ ਬਾਅਦ ਰੋਜ਼ਗਾਰ ਖੁੱਸ ਜਾਣ ਕਾਰਣ ਵੱਡੇ ਸ਼ਹਿਰਾਂ ਤੋਂ ਲੱਖਾਂ ਮਜ਼ਦੂਰ ਪਿੰਡਾਂ ਨੂੰ ਮੁੜ ਰਹੇ ਹਨ। ਜਿਥੇ ਸਰਕਾਰ ਦੇ ਸਾਹਮਣੇ ਇਹ ਸੰਕਟ ਖੜ੍ਹਾ ਹੋ ਗਿਆ ਹੈ ਕਿ ਜੇ ਇਸ ਨੂੰ ਰੋਕਿਆ ਨਾ ਗਿਆ ਤਾਂ ਇਨਫੈਕਸ਼ਨ ਫੈਲਣ ਦਾ ਖਤਰਾ ਵਧ ਜਾਵੇਗਾ, ਉਥੇ ਹੀ ਦੂਜੇ ਸੂਬਿਆਂ ਤੋਂ ਆ ਕੇ ਲੋਕਾਂ ਦੇ ਘਰਾਂ, ਦੁਕਾਨਾਂ, ਕਾਰਖਾਨਿਆਂ, ਖੇਤਾਂ ’ਚ ਕੰਮ ਕਰਨ, ਸੜਕਾਂ ਦੇ ਨਿਰਮਾਣ ’ਚ ਹਿੱਸਾ ਪਾਉਣ ਵਾਲੇ ਇਹ ਪ੍ਰਵਾਸੀ ਜੋ ਇਨ੍ਹਾਂ ਸੂਬਿਆਂ ਦੀਆਂ ਸਾਰੀਆਂ ਸਰਗਰਮੀਆਂ ਦੀ ਧੁਰੀ ਜਿਹੀ ਬਣ ਗਏ ਸਨ, ਅੱਜ ਰੋਜ਼ਗਾਰ ਨਾ ਰਹਿਣ ’ਤੇ ਖੁਦ ਬੇਘਰ ਹੋ ਕੇ ਸੜਕਾਂ ’ਤੇ ਠੋਕਰਾਂ ਖਾਣ ਲਈ ਮਜਬੂਰ ਹੋ ਗਏ ਹਨ। ਇਨ੍ਹਾਂ ਨੂੰ ਆਪਣੇ ਸੂਬਿਆਂ ’ਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਤਾਂ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਕਰ ਰਹੀਆਂ ਹਨ ਪਰ ਉਨ੍ਹਾਂ ਕੋਲ ਇੰਨੇ ਸਰੋਤ ਨਹੀਂ ਹਨ ਕਿ ਇਨ੍ਹਾਂ ਦੀ ਪੂਰੀ ਮਦਦ ਕਰ ਸਕਣ। ਆਪਣੇ ਘਰ ਪਹੁੰਚਣ ਨੂੰ ਕਾਹਲੇ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਰੋਜ਼ੀ-ਰੋਟੀ ਖੁੱਸ ਜਾਣ ਤੋਂ ਬਾਅਦ ਹੁਣ ਉਨ੍ਹਾਂ ਕੋਲ ਆਪਣੇ ਘਰ ਮੁੜ ਜਾਣ ਤੋਂ ਸਿਵਾ ਹੋਰ ਕੋਈ ਰਾਹ ਨਹੀਂ ਬਚਿਆ ਹੈ। ਪੁਣੇ ’ਚ ਕੰਮ ਕਰਨ ਵਾਲੇ ਝਾਰਖੰਡ ਦੇ ਇਕ ਵਿਅਕਤੀ ਨੇ ਝਾਰਖੰਡ ਸਰਕਾਰ ਵਲੋਂ ਕਾਇਮ ਕੀਤੀ ਗਈ ਹੈਲਪਲਾਈਨ ’ਤੇ ਫੋਨ ਕਰ ਕੇ ਰੋਂਦੇ ਹੋਏ ਕਿਹਾ, ‘‘ਅਸੀਂ ਤੁਹਾਨੂੰ ਹੱਥ ਜੋੜ ਕੇ ਬੋਲ ਰਹੇ ਹਾਂ ਕਿ ਸਾਨੂੰ ਇਥੋਂ ਕੱਢ ਲਓ। ਅਸੀਂ ਇਥੇ ਰੋ ਰਹੇ ਹਾਂ ਅਤੇ ਉਥੇ ਸਾਡੇ ਘਰ ਵਾਲੇ ਰੋ ਰਹੇ ਹਨ। ਸਾਡੇ ਕੋਲ ਕੁਝ ਨਹੀਂ ਬਚਿਆ ਹੈ।’’ ਇਹ ਕਿਸੇ ਇਕ ਵਿਅਕਤੀ ਦੀ ਨਹੀਂ, ਲੱਗਭਗ ਸਾਰੇ ਮਜ਼ਦੂਰਾਂ ਦੀ ਇਹੀ ਕਹਾਣੀ ਹੈ। ਗੁਜਰਾਤ ਦੇ ਸੂਰਤ ’ਚ 29 ਮਾਰਚ ਦੀ ਰਾਤ ਨੂੰ ਹਾਲਾਤ ਉਸ ਸਮੇਂ ਗੰਭੀਰ ਹੋ ਗਏ, ਜਦੋਂ ਕੰਮ ਛੱਡ ਕੇ ਜਾ ਰਹੇ ਉਥੋਂ ਦੀਆਂ ਕੱਪੜਾ ਮਿੱਲਾਂ ’ਚ ਕੰਮ ਕਰਨ ਵਾਲੇ ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਤੋਂ ਆਏ ਮਜ਼ਦੂਰਾਂ ਨੂੰ ਪੁਲਸ ਨੇ ਜ਼ਬਰਦਸਤੀ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਮਜ਼ਦੂਰਾਂ ਨੇ ਪੁਲਸ ’ਤੇ ਪਥਰਾਅ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰਨ ਲਈ ਪੁਲਸ ਨੂੰ ਲਾਠੀਚਾਰਜ ਅਤੇ ਹੰਝੂ ਗੈਸ ਦਾ ਸਹਾਰਾ ਲੈਣਾ ਪਿਆ ਅਤੇ 96 ਮਜ਼ਦੂਰਾਂ ਨੂੰ ਹਿਰਾਸਤ ’ਚ ਵੀ ਲੈ ਲਿਆ ਗਿਆ। ਇਸੇ ਤਰ੍ਹਾਂ ਕੇਰਲ ’ਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ, ਜਿਨ੍ਹਾਂ ’ਚੋਂ ਜ਼ਿਆਦਾਤਰ ਬੰਗਾਲ ਦੇ ਮੁਰਸ਼ਿਦਾਬਾਦ ਜ਼ਿਲੇ ਦੇ ਹਨ, ਪਿਛਲੇ ਦਿਨੀਂ ਕੋਟਾਇਮ ਜ਼ਿਲੇ ਤੋਂ ਆਪਣੇ-ਆਪਣੇ ਘਰਾਂ ਲਈ ਪੈਦਲ ਹੀ ਚੱਲ ਪਏ। ਆਂਧਰ ਪ੍ਰਦੇਸ਼ ਦੇ ਹੈਦਰਾਬਾਦ ’ਚ ਨਿਰਮਾਣ ਅਧੀਨ ਆਲੀਸ਼ਾਨ ਕੋਠੀਆਂ ਆਦਿ ’ਚ ਰਾਜ ਮਿਸਤਰੀਆਂ ਆਦਿ ਦਾ ਕੰਮ ਕਰਨ ਵਾਲੇ ਮੱਧ ਪ੍ਰਦੇਸ਼ ਤੋਂ ਆਏ ਮਜ਼ਦੂਰਾਂ ਦਾ ਇਕ ਗਰੁੱਪ ਵੀ ਆਪਣੇ ਘਰਾਂ ਲਈ ਪੈਦਲ ਹੀ ਨਿਕਲ ਪਿਆ ਅਤੇ 80 ਕਿਲੋਮੀਟਰ ਦੀ ਦੂਰੀ ਤਹਿ ਕਰ ਚੁੱਕਾ ਸੀ, ਜਦੋਂ ਪੁਲਸ ਉਨ੍ਹਾਂ ਨੂੰ ਫੜ ਕੇ ਇਕ ਸ਼ੈਲਟਰ ਹੋਮ ’ਚ ਲੈ ਗਈ। ਇਨ੍ਹਾਂ ਲੋਕਾਂ ਨੇ ਆਪਣੀ ਦੁਖਦਾਇਕ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਜਿਨ੍ਹਾਂ ਠੇਕੇਦਾਰਾਂ ਕੋਲ ਉਹ ਕੰਮ ਕਰਦੇ ਸਨ, ਨਾ ਤਾਂ ਉਹ ਹੁਣ ਇਨ੍ਹਾਂ ਦੇ ਫੋਨ ਚੁੱਕ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੇ ਇਨ੍ਹਾਂ ਦੀ ਬਕਾਇਆ ਦਿਹਾੜੀ ਹੀ ਦਿੱਤੀ ਹੈ। ਇਸ ਲਈ ਭੁੱਖ ਤੇ ਬੇਰੋਜ਼ਗਾਰੀ ਤੋਂ ਤੰਗ ਆ ਕੇ ਹੁਣ ਉਨ੍ਹਾਂ ਲਈ ਆਪਣੇ ਘਰ ਮੁੜ ਜਾਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਰਿਹਾ। ਸੂਬਿਆਂ ਵਲੋਂ ਸਰਹੱਦਾਂ ਸੀਲ ਕਰ ਦੇਣ ਕਰਕੇ ਪ੍ਰਵਾਸੀ ਮਜ਼ਦੂਰ ਜਲਮਾਰਗ ਦਾ ਸਹਾਰਾ ਲੈ ਰਹੇ ਹਨ। ਹਰਿਆਣਾ ਉੱਤਰ ਪ੍ਰਦੇਸ਼ ਸਰਹੱਦ ’ਤੇ ਫਸੇ ਕਈ ਮਜ਼ਦੂਰ ਜਾਨ ਖਤਰੇ ’ਚ ਪਾ ਕੇ ਯਮੁਨਾ ਨਦੀ ਰਾਹੀਂ ਆਪਣੇ ਘਰ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਉਹ ਰਬੜ ਦੀਆਂ ਟਿਊਬਾਂ ਵਰਤ ਰਹੇ ਹਨ। ਕੁਝ ਤੈਰਾਕ ਦੂਜੇ ਪਾਸੇ ਪਹੁੰਚਾਉਣ ਲਈ ਉਨ੍ਹਾਂ ਤੋਂ ਵੱਡੀਆਂ ਰਕਮਾਂ ਵਸੂਲ ਰਹੇ ਹਨ। ਦੇਸ਼ ’ਚ ਹੀ ਨਹੀਂ, ਵਿਦੇਸ਼ਾਂ ’ਚ ਵੀ ਕਈ ਫਸੇ ਹੋਏ ਭਾਰਤੀ ਵਿਦਿਆਰਥੀ ਅਤੇ ਹੋਰ ਲੋਕ ਉਨ੍ਹਾਂ ਨੂੰ ਉਥੋਂ ਕੱਢਣ ਲਈ ਅਪੀਲਾਂ ਕਰ ਰਹੇ ਹਨ। ਬੰਗਲਾਦੇਸ਼ ਦੇ ਮੈਡੀਕਲ ਕਾਲਜਾਂ ’ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੇ ਕਿਹਾ ਕਿ ਹੋਸਟਲਾਂ ਦੀਆਂ ਮੈੱਸ ਬੰਦ ਹੋ ਜਾਣ ਕਾਰਣ ਉਨ੍ਹਾਂ ਨੂੰ ਖਾਣਾ ਨਹੀਂ ਮਿਲ ਰਿਹਾ, ਇਸ ਲਈ ਛੇਤੀ ਤੋਂ ਛੇਤੀ ਉਨ੍ਹਾਂ ਲਈ ਮੈੱਸ ਖੁੱਲ੍ਹਵਾਈਆਂ ਜਾਣ। ਈਰਾਨ ’ਚ ਵੀ ਕਈ ਭਾਰਤੀ ਫਸੇ ਹੋਏ ਦੱਸੇ ਜਾਂਦੇ ਹਨ। ਉਥੇ ਹੀ ਕਿਓਮ ਸਿਟੀ ’ਚ ਫਸੇ ਭਾਰਤੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਨਾ ਪੈਸਾ ਬਚਿਆ ਹੈ ਅਤੇ ਨਾ ਭੋਜਨ। ਇਲਾਜ ਦੇ ਨਾਂ ’ਤੇ ਉਨ੍ਹਾਂ ਨੂੰ ਸਿਰਫ ਅਹਿਤਿਆਤ ਵਰਤਣ ਨੂੰ ਹੀ ਕਿਹਾ ਜਾ ਰਿਹਾ ਹੈ। ਅੱਜ ਕੋਰੋਨਾ ਵਾਇਰਸ ਨੇ ਪ੍ਰਵਾਸੀ ਮਜ਼ਦੂਰਾਂ ਦੀ ਕੁਝ ਅਜਿਹੀ ਹਾਲਤ ਕਰ ਦਿੱਤੀ ਹੈ, ਜਿਸ ਨਾਲ ਨਜਿੱਠਣ ਲਈ ਸਰਕਾਰ ਨੂੰ ਅਸਰਦਾਰ ਕਦਮ ਚੁੱਕਣ ਅਤੇ ਜੇ ਉਹ ਆਪਣੇ ਘਰਾਂ ਨੂੰ ਜਾਣਾ ਹੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਤਕ ਮੁਫਤ ਪਹੁੰਚਾਉਣ ਦੀ ਤੁਰੰਤ ਵਿਵਸਥਾ ਕਰਨ ਦੀ ਲੋੜ ਹੈ।

–ਵਿਜੇ ਕੁਮਾਰ\\\

Bharat Thapa

This news is Content Editor Bharat Thapa