‘ਅਸਾਮ ਅਤੇ ਮਿਜ਼ੋਰਮ ’ਚ’ ਹੱਦ ਵਿਵਾਦ ਨੂੰ ਲੈ ਕੇ ‘ਖੂਨੀ ਟਕਰਾਅ’

07/28/2021 3:25:28 AM

ਦੇਸ਼ ’ਚ ਵੱਖ-ਵੱਖ ਸੂਬਿਆਂ ਦੇ ਦਰਮਿਆਨ ਕਈ ਹੱਦਾਂ ਅਤੇ ਪਾਣੀ ਦੇ ਵਿਵਾਦ ਚੱਲ ਰਹੇ ਹਨ ਜਿਸ ਦੇ ਨਤੀਜੇ ਵਜੋਂ ਰਹਿ-ਰਹਿ ਕੇ ਇਨ੍ਹਾਂ ’ਚ ਤਣਾਅ ਅਤੇ ਟਕਰਾਅ ਪੈਦਾ ਹੁੰਦਾ ਰਹਿੰਦਾ ਹੈ।

ਵਿਵਾਦਾਂ ਦੀ ਇਸ ਲੜੀ ’ਚ ਅਸਾਮ ਅਤੇ ਮਿਜ਼ੋਰਮ ਦਰਮਿਆਨ ਹੱਦ ਵਿਵਾਦ ਬੀਤੀ 26 ਜੁਲਾਈ ਨੂੰ ਹਿੰਸਕ ਰੂਪ ਧਾਰਨ ਕਰ ਗਿਆ, ਜਦੋਂ ਦੋਵਾਂ ਸੂਬਿਆਂ ਦੀ ਪੁਲਸ ਅਤੇ ਨਾਗਰਿਕਾਂ ਦਰਮਿਆਨ ਅਸਾਮ ਦੇ ਕਛਾਰ ਜ਼ਿਲੇ ’ਚ, ਹੱਦ ਦੇ ਨੇੜੇ ਹੋਈ ਭਿਆਨਕ ਹਿੰਸਕ ਝੜਪ ’ਚ ਅਸਾਮ ਪੁਲਸ ਦੇ 5 ਜਵਾਨਾਂ ਅਤੇ 1 ਨਾਗਰਿਕ ਦੀ ਮੌਤ ਅਤੇ ਕਛਾਰ ਦੇ ਪੁਲਸ ਸੁਪਰਡੈਂਟ ਨਿੰਬਾਲਕਰ ਵੈਭਵ ਸਮੇਤ ਘੱਟੋ-ਘੱਟ 60 ਜਵਾਨ ਗੰਭੀਰ ਤੌਰ ’ਤੇ ਜ਼ਖਮੀ ਹੋ ਗਏ।

ਇਸ ਘਟਨਾ ਲਈ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਇਕ-ਦੂਸਰੇ ਨੂੰ ਦੋਸ਼ੀ ਠਹਿਰਾ ਰਹੇ ਹਨ। ਦੋਵਾਂ ਸੂਬਿਆਂ ’ਚ 1875 ਤੋਂ ਹੀ ਭੂਮੀ-ਵਿਵਾਦ ਚੱਲਿਆ ਆ ਰਿਹਾ ਹੈ। ਮਿਜ਼ੋਰਮ ਦੇ ਤਿੰਨ ਜ਼ਿਲਿਆਂ ਆਈਜੋਲ, ਕੋਲਾਸਿਬ ਅਤੇ ਮਮਿਤ ਦੀ ਹੱਦ ਅਸਾਮ ਦੇ 3 ਜ਼ਿਲਿਆਂ ਹੇਲਾਕਾਂਡੀ, ਕਛਾਰ ਅਤੇ ਕਰੀਮਗੰਜ ਦੇ ਨਾਲ ਸਾਂਝੀ ਹੈ।

ਮਿਜ਼ੋਰਮ ਦਾ ਦਾਅਵਾ ਹੈ ਕਿ ਅਸਾਮ ਉਸ ਦੇ ਸਰਹੱਦੀ ਪਿੰਡਾਂ ਦੀ ਜ਼ਮੀਨ ’ਤੇ ਦਾਅਵਾ ਜਤਾ ਰਿਹਾ ਹੈ, ਜਿੱਥੇ 100 ਤੋਂ ਵੱਧ ਸਾਲਾਂ ’ਚ ਮਿਜ਼ੋ ਲੋਕ ਰਹਿ ਰਹੇ ਹਨ। ਦੂਸਰੇ ਪਾਸੇ ਅਸਾਮ ਸਰਕਾਰ ਦਾ ਦੋਸ਼ ਹੈ ਕਿ ਮਿਜ਼ੋਰਮ ਦੇ ਲੋਕਾਂ ਨੇ ਬਰਾਕਘਾਟੀ ਦੇ ਖੇਤਰ ’ਚ ਅਸਾਮ ਦੇ 3 ਜ਼ਿਲਿਆਂ ’ਚ 1,777.58 ਹੈਕਟੇਅਰ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।

ਮਿਜ਼ੋਰਮ ਦਾ ਕਹਿਣਾ ਹੈ ਕਿ 26 ਜੁਲਾਈ ਨੂੰ ਇਕ ਜੋੜਾ ਕਛਾਰ ਜ਼ਿਲੇ ਦੇ ਰਸਤੇ ਮਿਜ਼ੋਰਮ ਆ ਰਿਹਾ ਸੀ ਤਾਂ ਪਰਤਦੇ ਸਮੇਂ ਉਨ੍ਹਾਂ ਦੀ ਗੱਡੀ ਨਾਲ ਹੋਈ ਭੰਨ-ਤੋੜ ਦੇ ਬਾਅਦ ਝਗੜਾ ਵੱਧ ਗਿਆ ਅਤੇ ਨੌਬਤ ਫਾਇਰਿੰਗ ਤੱਕ ਪਹੁੰਚ ਗਈ।

ਇਹ ਘਟਨਾ ਅਜਿਹੇ ਸਮੇਂ ’ਚ ਹੋਈ, ਜਦੋਂ ਇਸ ਤੋਂ ਦੋ ਦਿਨ ਪਹਿਲਾਂ ਹੀ 24 ਜੁਲਾਈ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੂਰਵ-ਉੱਤਰ ਦੇ 7 ਸੂਬਿਅਾਂ ਦੇ ਮੁੱਖ ਮੰਤਰੀਆਂ ਦੇ ਨਾਲ ਬੈਠਕ ਕਰ ਕੇ ਉਨ੍ਹਾਂ ਨੂੰ ਆਪਣੇ ਹੱਦ ਦੇ ਵਿਵਾਦ ਸੁਲਝਾਉਣ ਦੀ ਲੋੜ ’ਤੇ ਬਲ ਦਿੱਤਾ ਸੀ ਪਰ ਇਸ ਦੇ ਬਾਅਦ ਵੀ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਸੋਸ਼ਲ ਮੀਡੀਆ ’ਤੇ ਆਪਸ ’ਚ ਉਲਝ ਪਏ। ਹਾਲਾਂਕਿ ਬਾਅਦ ’ਚ ਸ਼ਾਹ ਨੇ ਦੋਵਾਂ ਨੂੰ ਰਾਜ਼ੀ ਕਰ ਲਿਆ ਅਤੇ ਦੋਵਾਂ ਮੁੱਖ ਮੰਤਰੀਆਂ ਨੇ ਉਨ੍ਹਾਂ ਨੂੰ ਖੇਤਰ ’ਚ ਸ਼ਾਂਤੀ ਬਣਾਈ ਰੱਖਣ ਦਾ ਭਰੋਸਾ ਦਿੱਤਾ।

ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਮਿਜ਼ੋਰਮ ਪੁਲਸ ’ਤੇ ਅਸਾਮ ਦੇ ਪੁਲਸ ਮੁਲਾਜ਼ਮਾਂ ਦੇ ਵਿਰੁੱਧ ਹਲਕੀਆਂ ਮਸ਼ੀਨਗੰਨਾਂ, ਐੱਲ. ਐੱਮ. ਜੀ. ਦੀ ਵਰਤੋਂ ਕਰਨ ਦਾ ਦੋਸ਼ ਲਗਾਇਆ ਹੈ, ਉੱਧਰ ਲਗਾਤਾਰ ਗੋਲੀਬਾਰੀ ਦੇ ਦਰਮਿਆਨ ਜੰਗਲ ’ਚ ਲੁਕੇ ਅਸਾਮ ਦੇ ਇਕ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਦੋਵਾਂ ਸੂਬਿਆਂ ਦੇ ਪ੍ਰਸ਼ਾਸਨਿਕ ਅਧਿਕਾਰੀ ਗੱਲਬਾਤ ਕਰ ਰਹੇ ਸਨ, ਤਦ ਹੀ ਦੂਸਰੇ ਪਾਸਿਓਂ ਕੁਝ ਦੰਗਾਕਾਰੀਆਂ ਨੇ ਗੋਲਾਬਾਰੀ ਸ਼ੁਰੂ ਕਰ ਦਿੱਤੀ।

ਮਿਜ਼ੋਰਮ ਦੇ ਗ੍ਰਹਿ ਮੰਤਰੀ ਲਾਲਚਾਮਲਿਆਨਾ ਨੇ ਦਾਅਵਾ ਕੀਤਾ ਕਿ ਅਸਾਮ ਪੁਲਸ ਦੇ 200 ਜਵਾਨਾਂ ਵੱਲੋਂ ਸੀ. ਆਰ. ਪੀ. ਐੱਫ. ਜਵਾਨਾਂ ਦੀ ਡਿਊਟੀ ਚੌਕੀ ਨੂੰ ਜ਼ਬਰਦਸਤੀ ਪਾਰ ਕਰਨ, ਸਾੜ-ਫੂਕ ਕਰਨ, ਨਿਹੱਥੇ ਲੋਕਾਂ ’ਤੇ ਹਮਲੇ ਅਤੇ ਫਾਇਰਿੰਗ ਕਰਨ ’ਤੇ ਮਿਜ਼ੋਰਮ ਪੁਲਸ ਨੇ ਜਵਾਬੀ ਫਾਇਰਿੰਗ ਨਾਲ ਇਸ ਦਾ ਉੱਤਰ ਦਿੱਤਾ।

ਇਸ ਤੋਂ ਪਹਿਲਾਂ 30 ਜੂਨ ਨੂੰ ਮਿਜ਼ੋਰਮ ਨੇ ਅਸਾਮ ’ਤੇ ਕੋਲਾਸਿਬ ਜ਼ਿਲੇ ’ਚ ਨਾਜਾਇਜ਼ ਕਬਜ਼ੇ ਦਾ ਦੋਸ਼ ਲਗਾਇਆ ਸੀ, ਜਦਕਿ ਅਸਾਮ ਦੇ ਅਧਿਕਾਰੀਆਂ ਅਤੇ ਵਿਧਾਇਕਾਂ ਨੇ ਮਿਜ਼ੋਰਮ ’ਤੇ ਹੇਲਾਕਾਂਡੀ ’ਚ ਇਮਾਰਤਾਂ ਦਾ ਨਿਰਮਾਣ ਕਰਨ, ਸੁਪਾਰੀ ਅਤੇ ਕੇਲੇ ਦੇ ਪੌਦੇ ਲਗਾਉਣ ਦੇ ਦੋਸ਼ ਲਗਾਏ।

ਵਰਨਣਯੋਗ ਹੈ ਕਿ 21 ਜਨਵਰੀ, 1972 ਨੂੰ ਮਿਜ਼ੋਰਮ ਦੇ ਵੱਖਰਾ ਸੂਬਾ ਬਣਨ ਦੇ ਬਾਅਦ ਵੀ ਦੋਵਾਂ ਸੂਬਿਆਂ ’ਚ ਦਹਾਕਿਆਂ ਤੋਂ ਸਰਹੱਦੀ ਵਿਵਾਦ ਜਾਰੀ ਹੈ ਅਤੇ ਅਕਸਰ ਦੋਵਾਂ ਸੂਬਿਆਂ ਦੀਆਂ ਹੱਦਾਂ ’ਤੇ ਝੜਪਾਂ ਹੁੰਦੀਆਂ ਰਹਿੰਦੀਆਂ ਹਨ।

ਨਵੀਨਤਮ ਘਟਨਾ ਤੋਂ ਪਹਿਲਾਂ ਇਸੇ ਸਾਲ ਫਰਵਰੀ ’ਚ ਅਤੇ ਉਸ ਤੋਂ ਪਹਿਲਾਂ ਬੀਤੇ ਸਾਲ ਅਗਸਤ ’ਚ ਦੋਵਾਂ ਸੂਬਿਆਂ ’ਚ ਸਰਹੱਦਾਂ ’ਤੇ ਟਕਰਾਅ ਹੋ ਚੁੱਕਾ ਹੈ।

ਇਸੇ ਦਰਮਿਆਨ ਵਿਰੋਧੀ ਪਾਰਟੀਆਂ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅਸਾਮ-ਮਿਜ਼ੋਰਮ ਹੱਦ ਵਿਵਾਦ ’ਤੇ ਹੋਈ ਖੂਨੀ ਹਿੰਸਾ ਦੇ ਮਾਮਲੇ ’ਚ ਕੇਂਦਰ ਸਰਕਾਰ ਨੂੰ ਇਕ ‘ਆਲ ਪਾਰਲੀਆਮੈਂਟੇਰੀਅਨ ਡੈਲੀਗੇਸ਼ਨ’ ਅਸਾਮ ਅਤੇ ਮਿਜ਼ੋਰਮ ਭੇਜਣਾ ਚਾਹੀਦਾ ਹੈ।

ਇਸੇ ਦਰਮਿਆਨ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ‘ਇਨਰਲਾਈਨ ਫਾਰੈਸਟ ਰਿਜ਼ਰਵ’ ਨੂੰ ਕਬਜ਼ੇ ਤੋਂ ਬਚਾਉਣ ਦੇ ਲਈ ਸੁਪਰੀਮ ਕੋਰਟ ਜਾਵੇਗੀ ਅਤੇ ਕਿਹਾ ਕਿ ਮਿਜ਼ੋਰਮ ਵੱਲੋਂ (ਅਸਾਮ ਦੇ ਇਲਾਕੇ ’ਚ) ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਕੁਲ ਮਿਲਾ ਕੇ ਜਿੱਥੇ ਅਸਾਮ-ਮਿਜ਼ੋਰਮ ਹੱਦ ’ਤੇ ਤਣਾਅ ਬਣਿਆ ਹੋਇਆ ਹੈ ਅਤੇ ਅਸਾਮ ਸਰਕਾਰ ਨੇ ਤਿੰਨ ਦਿਨ ਦੇ ਸਰਕਾਰੀ ਸੋਗ ਦਾ ਐਲਾਨ ਕਰ ਦਿੱਤਾ ਹੈ, ਉੱਧਰ ਕੇਂਦਰ ਸਰਕਾਰ ਨੇ 28 ਜੁਲਾਈ ਨੂੰ ਅਸਾਮ ਅਤੇ ਮਿਜ਼ੋਰਮ ਦੇ ਮੁੱਖ ਸਕੱਤਰਾਂ ਅਤੇ ਪੁਲਸ ਮਹਾਨਿਰਦੇਸ਼ਕਾਂ ਦੀ ਬੈਠਕ ਬੁਲਾ ਲਈ ਹੈ। ਦੂਸਰੇ ਪਾਸੇ ਕਛਾਰ ਜ਼ਿਲੇ ਦੇ ਲੋਕਾਂ ਨੇ ਮਿਜ਼ੋਰਮ ਦੀ ਆਰਥਿਕ ਨਾਕੇਬੰਦੀ ਕਰਨ ਦੀ ਧਮਕੀ ਵੀ ਦੇ ਦਿੱਤੀ ਹੈ।

ਆਜ਼ਾਦੀ ਦੇ 74 ਸਾਲ ਬਾਅਦ ਵੀ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਆਪਸੀ ਵਿਵਾਦਾਂ ਦਾ ਜਾਰੀ ਰਹਿਣਾ ਮੰਦਭਾਗਾ ਹੈ। ਵਿਦੇਸ਼ੀ ਗੁਲਾਮੀ ਤੋਂ ਤਾਂ ਸਾਨੂੰ ਮੁਕਤੀ ਮਿਲ ਗਈ ਪਰ ਆਪਸੀ ਲੜਾਈ-ਝਗੜਿਆਂ ਤੋਂ ਅਸੀਂ ਮੁਕਤੀ ਹਾਸਲ ਨਹੀਂ ਕਰ ਸਕੇ ਹਾਂ।

ਅੱਜ ਜਿਥੇ ਚੀਨ ਅਤੇ ਪਾਕਿਸਤਾਨ ਹਰ ਸਮੇਂ ਇਸ ਤਾਕ ’ਚ ਰਹਿੰਦੇ ਹਨ ਕਿ ਭਾਰਤ ਦੇ ਟੁਕੜੇ ਕਿਵੇਂ ਕਰੀਏ, ਅਜਿਹੇ ’ਚ ਜੇਕਰ ਅਸੀਂ (ਭਾਰਤੀ) ਖੁਦ ਨਾਲ ਹੀ ਲੜਦੇ ਰਹਾਂਗੇ ਤਾਂ ਦੁਸ਼ਮਣ ਨੂੰ ਸ਼ਰਾਰਤਾਂ ਕਰਨ ਦਾ ਹੋਰ ਵੀ ਉਤਸ਼ਾਹ ਮਿਲੇਗਾ।

ਜੋ ਊਰਜਾ ਦੇਸ਼ ਦੇ ਵਿਕਾਸ ’ਤੇ ਖਰਚ ਹੋਣੀ ਚਾਹੀਦੀ ਹੈ ਉਸ ਨੂੰ ਆਪਸੀ ਝਗੜਿਆਂ ’ਚ ਨਸ਼ਟ ਕੀਤਾ ਜਾ ਰਿਹਾ ਹੈ। ਸਮੇਂ ਦੀ ਮੰਗ ਹੈ ਕਿ ਅਜਿਹੀਆਂ ਸਮੱਸਿਆਵਾਂ ਨੂੰ ਨਿੱਜੀ ਸਵਾਰਥਾਂ ਦੇ ਕਾਰਨ ਲਟਕਾਉਣ ਦੀ ਬਜਾਏ ਤੁਰੰਤ ਸੁਲਝਾਇਆ ਜਾਣਾ ਚਾਹੀਦਾ ਹੈ।

-ਵਿਜੇ ਕੁਮਾਰ

Bharat Thapa

This news is Content Editor Bharat Thapa