ਦੇਸ਼ ਦੀ ਸਿਆਸਤ ’ਚ ਹੋ ਰਹੇ ਰੋਜ਼ ਧਮਾਕੇ ’ਤੇ ਧਮਾਕੇ

01/18/2019 6:58:59 AM

ਦੇਸ਼ ਦੀ ਸਿਆਸਤ ਅੱਜ ਇਕ ਅਜੀਬ ਦੌਰ ’ਚੋਂ ਲੰਘ ਰਹੀ ਹੈ। ਵੱਖ-ਵੱਖ ਸਿਆਸੀ ਪਾਰਟੀਅਾਂ ਨਾਲ ਜੁੜੇ ਲੋਕਾਂ ਦਾ ਵੱਖ-ਵੱਖ ਕਾਰਨਾਂ ਕਰਕੇ ਆਪਣੀਅਾਂ ਹੀ ਸਿਆਸੀ ਪਾਰਟੀਅਾਂ ਤੋਂ ਮੋਹ ਭੰਗ ਹੋ ਰਿਹਾ ਹੈ। ਇਸ ਦਾ ਸਬੂਤ ਹੈ ਸਿਰਫ 2 ਦਿਨਾਂ ’ਚ ਤਿੰਨ ਸਿਆਸੀ ਪਾਰਟੀਅਾਂ ਨਾਲ ਜੁੜੇ ਲੋਕਾਂ ਵਲੋਂ ਆਪਣੀਅਾਂ ਹੀ ਪਾਰਟੀਅਾਂ ਨਾਲੋਂ ਨਾਤਾ ਤੋੜਨਾ। 
15 ਜਨਵਰੀ ਨੂੰ ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਗੇਗਾਂਗ ਅਪਾਂਗ ਨੇ ਭਾਜਪਾ ਨੂੰ ਛੱਡਣ ਦਾ ਐਲਾਨ ਕਰ ਦਿੱਤਾ। ਪਾਰਟੀ ਪ੍ਰਧਾਨ ਅਮਿਤ ਸ਼ਾਹ ਨੂੰ ਭੇਜੀ ਚਿੱਠੀ ’ਚ ਉਨ੍ਹਾਂ ਨੇ ਲਿਖਿਆ ਹੈ ਕਿ ‘‘ਮੈਂ ਇਹ ਦੇਖ ਕੇ ਨਿਰਾਸ਼ ਹਾਂ ਕਿ ਮੌਜੂਦਾ ਭਾਜਪਾ ਹੁਣ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਰਾਜਧਰਮ ਵਾਲੇ ਸਿਧਾਂਤ ਦੀ ਪਾਲਣਾ ਨਹੀਂ ਕਰ ਰਹੀ ਹੈ, ਸਗੋਂ ਸੱਤਾ ਹਾਸਿਲ ਕਰਨ ਦਾ ਮੰਚ ਬਣ ਕੇ ਰਹਿ ਗਈ ਹੈ। ਪਾਰਟੀ ਦੀ ਲੀਡਰਸ਼ਿਪ ਲੋਕਤੰਤਰਿਕ ਫੈਸਲਿਅਾਂ ਦੇ ਵਿਕੇਂਦਰੀਕਰਨ ਤੋਂ ਨਫਰਤ ਕਰਦੀ ਹੈ।’’
‘‘ਵਾਜਪਾਈ ਜੀ ਨੇ ਮੈਨੂੰ ਇਹ ਸਿੱਖਿਆ ਦਿੱਤੀ ਸੀ ਕਿ ਸਿਆਸੀ ਆਦਰਸ਼ਾਂ ਨਾਲ ਸਮਝੌਤਾ ਕਰ ਕੇ ਸੱਤਾ ਹਾਸਿਲ ਕਰਨ ਦੀ ਬਜਾਏ ਸਿਆਸੀ ਤੌਰ ’ਤੇ ਅੱਡ ਹੋ ਜਾਣਾ ਬਿਹਤਰ ਹੈ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਲੋਕਾਂ ਦੀਅਾਂ ਅਸਲੀ ਸਮੱਸਿਆਵਾਂ ਹੱਲ ਨਹੀਂ ਕਰ ਰਹੀ ਹੈ।’’
16 ਜਨਵਰੀ ਨੂੰ ਜੈਤੋ ਤੋਂ ‘ਆਮ ਆਦਮੀ ਪਾਰਟੀ’ (ਆਪ) ਦੇ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੰਦਿਅਾਂ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਤਾਨਾਸ਼ਾਹ ਅਤੇ ਘੁਮੰਡੀ ਹੋਣ ਦਾ ਦੋਸ਼ ਲਾਇਆ। 
ਇਨ੍ਹਾਂ ਮੁਤਾਬਿਕ, ‘‘ਪਾਰਟੀ ਆਪਣੇ ਸਿਧਾਂਤਾਂ ਅਤੇ ਨੀਤੀਅਾਂ ਤੋਂ ਭਟਕ ਗਈ ਹੈ। ਮੈਂ ਅੰਨਾ ਹਜ਼ਾਰੇ ਦੇ ਅੰਦੋਲਨ ਅਤੇ ਭ੍ਰਿਸ਼ਟਾਚਾਰ ਵਿਰੁੱਧ ਸ਼ੁਰੂ ਕੀਤੀ ਗਈ ਪਾਰਟੀ ਦੀ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ‘ਆਪ’ ਵਿਚ ਸ਼ਾਮਿਲ ਹੋਇਆ ਪਰ ‘ਆਪ’ ਨੇ ਲੋਕਾਂ ਦੀਅਾਂ ਭਾਵਨਾਵਾਂ ਦਾ ਸਨਮਾਨ ਨਾ ਕਰਦਿਅਾਂ ਬਾਹਰਲੇ ਲੋਕਾਂ ਨੂੰ ਠੋਸਣਾ ਸ਼ੁਰੂ ਕਰ ਦਿੱਤਾ।’’
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 3 ਜਨਵਰੀ ਨੂੰ ਦਾਖਾ ਦੇ ਵਿਧਾਇਕ ਐੱਚ. ਐੱਸ. ਫੂਲਕਾ ਨੇ ਵੀ ਪਾਰਟੀ ਛੱਡ ਦਿੱਤੀ ਹੈ ਤੇ 8 ਜਨਵਰੀ ਨੂੰ ਪਾਰਟੀ ’ਚੋਂ ਮੁਅੱਤਲ ਵਿਧਾਇਕ ਸੁਖਪਾਲ ਖਹਿਰਾ ਆਪਣੀ ਵੱਖਰੀ ਪਾਰਟੀ ਬਣਾ ਚੁੱਕੇ ਹਨ। 
16 ਜਨਵਰੀ ਨੂੰ ਹੀ ਓਡਿਸ਼ਾ ’ਚ ਕਾਂਗਰਸ ਨੂੰ ਝਟਕਾ ਦਿੰਦਿਅਾਂ ਪਾਰਟੀ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਅਤੇ ਝਾਰਸੁਗੜਾ ਤੋਂ 2 ਵਾਰ ਵਿਧਾਇਕ ਚੁਣੇ ਗਏ ਨਬਕਿਸ਼ੋਰ ਦਾਸ ਨੇ ਵਿਕਾਸ ਦੇ ਮੁੱਦੇ ’ਤੇ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। 
ਵੱਖ-ਵੱਖ ਮੁੱਦਿਅਾਂ ਨੂੰ ਲੈ ਕੇ ਸਿਰਫ 2 ਦਿਨਾਂ ’ਚ ਤਿੰਨ ਨੇਤਾਵਾਂ ਵਲੋਂ ਆਪਣੀਅਾਂ ਪਾਰਟੀਅਾਂ ਤੋਂ ਅਸਤੀਫਾ ਦੇਣ ਤੋਂ ਸਪੱਸ਼ਟ ਹੈ ਕਿ ਅੱਜ ਸਿਆਸੀ ਪਾਰਟੀਅਾਂ ’ਚ ਅਤੇ ਇਨ੍ਹਾਂ ਨਾਲ ਜੁੜੇ ਲੋਕਾਂ ’ਚ ਸਭ ਠੀਕ ਨਹੀਂ ਚੱਲ ਰਿਹਾ ਤੇ ਖ਼ੁਦ ਸਿਆਸਤਦਾਨਾਂ ਦਾ ਹੀ ਆਪਣੀਅਾਂ ਪਾਰਟੀਅਾਂ ਉਤੋਂ ਭਰੋਸਾ ਉੱਠਦਾ ਜਾ ਰਿਹਾ ਹੈ।        

–ਵਿਜੇ ਕੁਮਾਰ