ਮਹਾਰਾਸ਼ਟਰ ਜ਼ਿਲਾ ਪ੍ਰੀਸ਼ਦ ਚੋਣਾਂ ’ਚ ਭਾਜਪਾ ਨੂੰ ਲੱਗਾ ਝਟਕਾ : ਵੱਡੀ ਚਿਤਾਵਨੀ

01/10/2020 1:16:31 AM

2014 ਦੀਆਂ ਚੋਣਾਂ ਵਿਚ ਵੱਡੀ ਸਫਲਤਾ ਤੋਂ ਬਾਅਦ ਭਾਜਪਾ ਬੜੀ ਤੇਜ਼ੀ ਨਾਲ ਅੱਗੇ ਵਧੀ ਅਤੇ ਵਿਸ਼ਵ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਬਣ ਗਈ। ਸੰਨ 2017 ਤਕ ਪਹੁੰਚਦੇ-ਪਹੁੰਚਦੇ ਦੇਸ਼ ਦੇ 21 ਸੂਬਿਆਂ ਅਤੇ 72 ਫੀਸਦੀ ਆਬਾਦੀ ਵਾਲੇ ਖੇਤਰ ’ਤੇ ਇਸਦਾ ਅਤੇ ‘ਰਾਜਗ’ ਵਿਚ ਸ਼ਾਮਿਲ ਇਸ ਦੀਆਂ ਸਹਿਯੋਗੀ ਪਾਰਟੀਆਂ ਦਾ ਸ਼ਾਸਨ ਸਥਾਪਿਤ ਹੋ ਗਿਆ।

ਪਰ ਕੁਝ ਕਾਰਣਾਂ ਕਰਕੇ ਭਾਜਪਾ ਦੀ ਬੜ੍ਹਤ ਦੀ ਇਹ ਰਫਤਾਰ ਕਾਇਮ ਨਾ ਰਹੀ ਅਤੇ ਵੱਖ-ਵੱਖ ਸੂਬਿਆਂ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਹਾਰ ਕਾਰਣ ਲੋਕਾਂ ’ਤੇ ਇਸਦੀ ਪਕੜ ਕਮਜ਼ੋਰ ਪੈਣ ਲੱਗੀ।

ਜਿੱਥੇ ਭਾਜਪਾ ਵਿਧਾਨ ਸਭਾਵਾਂ ਦੀਆਂ ਚੋਣਾਂ ਵਿਚ ਪੱਛੜ ਰਹੀ ਹੈ, ਉਥੇ ਹੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਵੀ ਇਸ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਦੇ ਮਹੀਨਿਆਂ ਵਿਚ ਹੋਈਆਂ ਕੁਝ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਭਾਜਪਾ ਨੂੰ ਨਿਰਾਸ਼ਾ ਹੀ ਹੱਥ ਲੱਗੀ ਹੈ।

ਪਿਛਲੇ ਸਾਲ ਦੇ ਸ਼ੁਰੂ ਵਿਚ ਕਰਨਾਟਕ ਦੀਆਂ ਸਥਾਨਕ ਸਰਕਾਰਾਂ ਚੋਣਾਂ ਵਿਚ ਹਾਰ ਤੋਂ ਬਾਅਦ ਨਵੰਬਰ 2019 ਵਿਚ ਰਾਜਸਥਾਨ ’ਚ ਸਥਾਨਕ ਸਰਕਾਰਾਂ ਚੋਣਾਂ ਵਿਚ ਵੀ ਭਾਜਪਾ ਨੂੰ ਪਛਾੜਦੇ ਹੋਏ ਕਾਂਗਰਸ ਨੇ 49 ਸਥਾਨਕ ਸਰਕਾਰਾਂ ’ਚੋਂ 37 ’ਤੇ ਸਫਲਤਾ ਪ੍ਰਾਪਤ ਕਰ ਲਈ, ਜਦਕਿ ਭਾਜਪਾ 12 ਸਥਾਨਕ ਸਰਕਾਰਾਂ ’ਤੇ ਹੀ ਕਬਜ਼ਾ ਕਰ ਸਕੀ।

ਛੱਤੀਸਗੜ੍ਹ ਵਿਚ ਹਾਲ ਹੀ ਵਿਚ ਹੋਈਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ 10 ਨਗਰ ਨਿਗਮਾਂ ’ਚੋਂ 9 ਉੱਤੇ ਕਾਂਗਰਸ ਦਾ ਕਬਜ਼ਾ ਹੋ ਗਿਆ ਹੈ, ਜਦਕਿ ਇਸ ਤੋਂ ਪਹਿਲਾਂ 2015 ਵਿਚ ਹੋਈਆਂ ਨਗਰ ਨਿਗਮਾਂ ਦੀਆਂ ਚੋਣਾਂ ਵਿਚ ਕਾਂਗਰਸ ਦਾ 7 ਨਗਰ ਨਿਗਮਾਂ ’ਤੇ ਹੀ ਕਬਜ਼ਾ ਸੀ।

ਇਥੇ ਹੀ ਬਸ ਨਹੀਂ, ਮਹਾਰਾਸ਼ਟਰ ਵਿਚ ਹੋਈਆਂ 6 ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਵੀ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਉਥੇ 6 ’ਚੋਂ 4 ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਰਾਕਾਂਪਾ, ਕਾਂਗਰਸ ਅਤੇ ਸ਼ਿਵ ਸੈਨਾ ਦੇ ਗੱਠਜੋੜ (ਮਹਾ ਵਿਕਾਸ ਅਘਾੜੀ) ਨੂੰ ਸਫਲਤਾ ਪ੍ਰਾਪਤ ਹੋਈ ਹੈ।

ਸਭ ਤੋਂ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ (ਭਾਜਪਾ) ਦੇ ਗ੍ਰਹਿ ਨਗਰ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਗੜ੍ਹ ਨਾਗਪੁਰ ਦੀਆਂ ਜ਼ਿਲਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਵੀ ਭਾਜਪਾ ਹਾਰ ਗਈ। ਭਾਜਪਾ ਨੂੰ ਆਪਣੇ ਦੂਜੇ ਗੜ੍ਹ ਪਾਲਘਰ ਵਿਚ ਵੀ ਨਿਰਾਸ਼ਾ ਹੀ ਮਿਲੀ।

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਜ਼ਿਲਾ ਪ੍ਰੀਸ਼ਦ ਚੋਣਾਂ ’ਤੇ ਸਨ ਅਤੇ ਲੋਕਾਂ ਵਿਚ ਜਿਗਿਆਸਾ ਬਣੀ ਹੋਈ ਸੀ ਕਿ ਕੀ ਦਿਹਾਤੀ ਜਨਤਾ ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਮਹਾਵਿਕਾਸ ਅਘਾੜੀ ਦਾ ਸਾਥ ਦੇਵੇਗੀ ਜਾਂ ਨਹੀਂ! ਜ਼ਿਲਾ ਪ੍ਰੀਸ਼ਦ ਚੋਣਾਂ ਵਿਚ ਭਾਜਪਾ ਦੀ ਹਾਰ ਦਿਹਾਤੀ ਵੋਟਰਾਂ ਦੇ ਭਾਜਪਾ ਪ੍ਰਤੀ ਬਦਲ ਰਹੇ ਮੂਡ ਦਾ ਸੰਕੇਤ ਦਿੰਦੀ ਹੈ, ਜੋ ਭਾਜਪਾ ਲੀਡਰਸ਼ਿਪ ਲਈ ਇਕ ਚਿਤਾਵਨੀ ਹੈ।

ਵਿਧਾਨ ਸਭਾ ਚੋਣਾਂ ਵਿਚ ਜਿੱਥੇ ਸੂਬੇ ਦੇ ਮੁੱਦੇ ਹਾਵੀ ਹੁੰਦੇ ਹਨ, ਉਥੇ ਹੀ ਸਥਾਨਕ ਚੋਣਾਂ ਵਿਚ ਸਥਾਨਕ ਮੁੱਦਿਆਂ ਦਾ ਬੋਲਬਾਲਾ ਰਹਿੰਦਾ ਹੈ। ਇਸ ਲਿਹਾਜ਼ ਨਾਲ ਦੇਖਿਆ ਜਾਵੇ ਤਾਂ ਵੱਖ-ਵੱਖ ਸਥਾਨਕ ਸਰਕਾਰਾਂ ਦੀਆਂ ਚੋਣਾਂ ਵਿਚ ਭਾਜਪਾ ਦੀ ਹਾਰ ਇਸ ਦੀ ਲੀਡਰਸ਼ਿਪ ਵਲੋਂ ਸਥਾਨਕ ਮੁੱਦਿਆਂ ਦੀ ਅਣਦੇਖੀ ਕਾਰਣ ਵੋਟਰਾਂ ਦੀ ਨਾਰਾਜ਼ਗੀ ਦਾ ਨਤੀਜਾ ਹੈ।

–ਵਿਜੇ ਕੁਮਾਰ

Bharat Thapa

This news is Content Editor Bharat Thapa