ਭਾਜਪਾ ਲੀਡਰਸ਼ਿਪ ਵਲੋਂ ਸ਼੍ਰੋਅਦ ਅਤੇ ਜਦ (ਯੂ) ਨੂੰ ਮਨਾਉਣ ਨਾਲ, ਗੱਠਜੋੜ ਕਮਜ਼ੋਰ ਹੋਣ ਤੋਂ ਬਚਿਆ

01/31/2020 1:27:57 AM

1998 ਤੋਂ 2004 ਤਕ ਪ੍ਰਧਾਨ ਮੰਤਰੀ ਰਹੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿਚ ਭਾਜਪਾ ਦੇ ਗੱਠਜੋੜ ਸਹਿਯੋਗੀ ਤੇਜ਼ੀ ਨਾਲ ਵਧੇ ਅਤੇ ਉਨ੍ਹਾਂ ਨੇ ਰਾਜਗ ਦੇ ਸਿਰਫ 3 ਦਲਾਂ ਦੇ ਗੱਠਜੋੜ ਨੂੰ ਵਿਸਤਾਰ ਦਿੰਦੇ ਹੋਏ 26 ਦਲਾਂ ਤਕ ਪਹੁੰਚਾ ਦਿੱਤਾ ਸੀ। ਸ਼੍ਰੀ ਵਾਜਪਾਈ ਨੇ ਆਪਣੇ ਕਿਸੇ ਵੀ ਗੱਠਜੋੜ ਸਹਿਯੋਗੀ ਨੂੰ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਸੀ ਦਿੱਤਾ ਪਰ ਉਨ੍ਹਾਂ ਦੇ ਸਿਆਸਤ ’ਚੋਂ ਹਟਣ ਤੋਂ ਬਾਅਦ ਭਾਜਪਾ ਦੇ ਕਈ ਸਹਿਯੋਗੀ ਦਲ ਵੱਖ-ਵੱਖ ਮੁੱਦਿਆਂ ’ਤੇ ਅਸਹਿਮਤੀ ਕਾਰਣ ਇਸ ਨੂੰ ਛੱਡ ਗਏ। ਕੁਝ ਹੀ ਸਮਾਂ ਪਹਿਲਾਂ ਭਾਜਪਾ ਦੀ ਸਭ ਤੋਂ ਵੱਧ 35 ਸਾਲ ਪੁਰਾਣੀ ਗੱਠਜੋੜ ਪਾਰਟੀ ‘ਸ਼ਿਵ ਸੈਨਾ’ ਭਾਜਪਾ ਲੀਡਰਸ਼ਿਪ ਨਾਲ ਮਤਭੇਦਾਂ ਕਾਰਣ ਗੱਠਜੋੜ ਨਾਲੋਂ ਅਲੱਗ ਹੋ ਗਈ ਅਤੇ ਉਸ ਤੋਂ ਬਾਅਦ ਭਾਜਪਾ ਦੇ ਦੂਜੇ ਸਭ ਤੋਂ ਪੁਰਾਣੇ ਗੱਠਜੋੜ ਸਹਿਯੋਗੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਜਦ (ਯੂ) ਦੇ ਨਾਲ ਵੀ ਇਸ ਦੇ ਸਬੰਧਾਂ ਵਿਚ ਐੱਨ. ਆਰ. ਸੀ., ਸੀ. ਏ. ਏ. ਅਤੇ ਐੱਨ. ਪੀ. ਆਰ. ਨੂੰ ਲੈ ਕੇ ਤਣਾਅ ਪੈਦਾ ਹੋ ਗਿਆ ਸੀ। ਸ਼੍ਰੋਅਦ ਨੇ ਐੱਨ. ਆਰ. ਸੀ. ਨਾਲ ਮੁਕੰਮਲ ਅਸਹਿਮਤੀ ਪ੍ਰਗਟਾਉਂਦਿਆਂ 24-25 ਦਸੰਬਰ 2019 ਨੂੰ ਸਖਤ ਸ਼ਬਦਾਂ ਵਿਚ ਐੱਨ. ਆਰ. ਸੀ. ਨੂੰ ਖਤਮ ਕਰਨ ਦੀ ਮੰਗ ਦੁਹਰਾਈ ਅਤੇ ਫਿਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਸੀਟਾਂ ਦੀ ਵੰਡ ’ਤੇ ਅੜਿੱਕਾ ਪੈਣ ਕਾਰਣ 20 ਜਨਵਰੀ 2020 ਨੂੰ ਦੋਵਾਂ ਦੇ ਗੱਠਜੋੜ ਵਿਚ ਮਤਭੇਦ ਪੈਦਾ ਹੋ ਗਏ, ਜਿਸ ਤੋਂ ਬਾਅਦ ਸ਼੍ਰੋਅਦ ਨੇ ਦਿੱਲੀ ਵਿਚ ਚੋਣਾਂ ਨਾ ਲੜਨ ਦਾ ਐਲਾਨ ਕਰ ਦਿੱਤਾ। ਇਸ ਸਥਿਤੀ ਦਾ ਸਾਹਮਣਾ ਕਰਨ ਲਈ ਹਾਲਾਂਕਿ ਭਾਜਪਾ ਨੇ ਦਿੱਲੀ ਵਿਚ ਜਦ (ਯੂ) ਨਾਲ ਪਹਿਲੀ ਵਾਰ ਚੋਣਾਂ ਤੋਂ ਪਹਿਲਾਂ ਗੱਠਜੋੜ ਕਰਦੇ ਹੋਏ ਉਸ ਨੂੰ 2 ਸੀਟਾਂ ਦੇ ਦਿੱਤੀਆਂ ਪਰ ਸੰਸਦ ਵਿਚ ਸੀ. ਏ. ਏ. ਦੇ ਸਮਰਥਨ ਦੇ ਬਾਵਜੂਦ ਜਦ (ਯੂ) ਸੁਪਰੀਮੋ ਨਿਤੀਸ਼ ਕੁਮਾਰ ਇਸ ਦੀਆਂ ਵਿਵਸਥਾਵਾਂ ’ਤੇ ਸਵਾਲ ਉਠਾਉਂਦੇ ਰਹੇ। ਬਾਅਦ ਵਿਚ ਨਿਤੀਸ਼ ਨੇ ਐੱਨ. ਪੀ. ਆਰ. (ਰਾਸ਼ਟਰੀ ਆਬਾਦੀ ਰਜਿਸਟਰ) ਉੱਤੇ ਵੀ ਇਤਰਾਜ਼ ਜਤਾਇਆ ਅਤੇ ਕਿਹਾ ਕਿ ‘‘ਇਸ ਦੇ ਲਈ ਪਹਿਲਾਂ ਤੈਅ ਮਾਪਦੰਡ ਨੂੰ ਹੀ ਅੱਗੇ ਵਧਾਉਣਾ ਚਾਹੀਦਾ ਹੈ ਅਤੇ ਮੈਨੂੰ ਐੱਨ. ਪੀ. ਆਰ. ਦਾ ਨਵਾਂ ਫਾਰਮੈਟ ਮਨਜ਼ੂਰ ਨਹੀਂ ਹੈ।’’ ਇਕ ਪਾਸੇ ਸ਼੍ਰੋਅਦ ਅਤੇ ਜਦ (ਯੂ) ਦੇ ਤੇਵਰਾਂ ਨਾਲ ਭਾਜਪਾ ਲਈ ਕੁਝ ਪ੍ਰੇਸ਼ਾਨੀ ਵਾਲੀ ਸਥਿਤੀ ਪੈਦਾ ਹੋਈ ਪਰ ਦੂਜੇ ਪਾਸੇ ਜਦ (ਯੂ) ਦੇ ਉਪ-ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਵਲੋਂ ਸੀ. ਏ. ਏ. ਅਤੇ ਐੱਨ. ਆਰ. ਸੀ. ’ਤੇ ਕੇਂਦਰ ਸਰਕਾਰ ਦਾ ਵਿਰੋਧ ਕਰਨ ਤੋਂ ਇਲਾਵਾ ਜਦ (ਯੂ) ਦੇ ਬੁਲਾਰੇ ਪਵਨ ਵਰਮਾ ਵਲੋਂ ਸੀ. ਏ. ਏ. ਅਤੇ ਐੱਨ. ਆਰ. ਸੀ. ਉੱਤੇ ਨਿਤੀਸ਼ ਦੇ ਰੁਖ਼ ’ਚ ਤਬਦੀਲੀ ਉੱਤੇ ਸਵਾਲ ਖੜ੍ਹੇ ਕਰਨ ਨਾਲ ਜਦ (ਯੂ) ਦੇ ਭਾਜਪਾ ਨਾਲ ਸਬੰਧਾਂ ਉੱਤੇ ਹੀ ਨਹੀਂ, ਸਗੋਂ ਖ਼ੁਦ ਆਪਣੀ ਪਾਰਟੀ ਵਿਚ ਸੰਕਟ ਦੇ ਸੰਕੇਤ ਦਿਖਾਈ ਦੇਣ ਲੱਗੇ। ਲਿਹਾਜ਼ਾ, ਜਿੱਥੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਨੇ ਨਿਤੀਸ਼ ਕੁਮਾਰ ਨਾਲ ਨਿੱਜੀ ਤੌਰ ’ਤੇ ਗੱਲ ਕਰ ਕੇ ਉਨ੍ਹਾਂ ਨੂੰ ਦਿੱਲੀ ਚੋਣਾਂ ਵਿਚ ਸਾਂਝੀਆਂ ਰੈਲੀਆਂ ਕਰਨ ਲਈ ਰਾਜ਼ੀ ਕਰ ਲਿਆ, ਉਥੇ ਨਿਤੀਸ਼ ਨੇ ਗੱਠਜੋੜ ਅਤੇ ਪਾਰਟੀ ਲਈ ‘ਪ੍ਰੇਸ਼ਾਨੀ’ ਪੈਦਾ ਕਰਨ ਵਾਲੇ ਪ੍ਰਸ਼ਾਂਤ ਕਿਸ਼ੋਰ ਅਤੇ ਪਵਨ ਵਰਮਾ ਨੂੰ ਪਾਰਟੀ ’ਚੋਂ ਕੱਢਣ ਦਾ ਐਲਾਨ ਕਰ ਦਿੱਤਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਂਤ ਕਿਸ਼ੋਰ ਨੂੰ ਜਦ (ਯੂ) ਵਿਚ ਸ਼ਾਮਿਲ ਕਰਨ ਦਾ ਫੈਸਲਾ ਉਨ੍ਹਾਂ ਨੇ ਅਮਿਤ ਸ਼ਾਹ ਦੇ ਕਹਿਣ ’ਤੇ ਹੀ ਕੀਤਾ ਸੀ। ਇਸੇ ਤਰ੍ਹਾਂ ਜੇ. ਪੀ. ਨੱਢਾ ਨੇ ਸੁਖਬੀਰ ਬਾਦਲ ਨਾਲ ਸੰਪਰਕ ਕਰ ਕੇ ਉਨ੍ਹਾਂ ਨੂੰ ਦਿੱਲੀ ਚੋਣਾਂ ਵਿਚ ਭਾਜਪਾ ਦਾ ਸਮਰਥਨ ਕਰਨ ਲਈ ਰਾਜ਼ੀ ਕਰ ਲਿਆ ਅਤੇ ਸੁਖਬੀਰ ਬਾਦਲ ਨੇ ਇਸ ਸਬੰਧੀ ਐਲਾਨ ਕਰ ਕੇ ਭਾਜਪਾ ਦੀ ਚਿੰਤਾ ਘਟਾ ਦਿੱਤੀ। ਜੇ. ਪੀ. ਨੱਢਾ ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੁਖਬੀਰ ਬਾਦਲ ਨੇ ਭਾਜਪਾ ਨਾਲ ਆਪਣੇ ਸਬੰਧਾਂ ਨੂੰ ਸਿਆਸੀ ਹੀ ਨਹੀਂ, ਸਗੋਂ ਭਾਵਨਾਤਮਕ ਵੀ ਦੱਸਿਆ। ਓਧਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਸੀ. ਏ. ਏ. ਨੂੰ ਲੈ ਕੇ ਦੋਵਾਂ ਦਲਾਂ ਵਿਚ ਕੋਈ ਮਤਭੇਦ ਨਹੀਂ ਹੈ। ਦੂਜੇ ਪਾਸੇ ਜੇ. ਪੀ. ਨੱਢਾ ਨੇ ਭਾਜਪਾ-ਸ਼੍ਰੋਅਦ ਦੇ ਗੱਠਜੋੜ ਨੂੰ ਸਭ ਤੋਂ ਪੁਰਾਣਾ ਅਤੇ ਮਜ਼ਬੂਤ ਦੱਸਦੇ ਹੋਏ ਇਹ ਕਹਿ ਕੇ ਸ਼੍ਰੋਅਦ ਦੀ ਸ਼ਲਾਘਾ ਕੀਤੀ ਕਿ ‘‘ਦੇਸ਼ ਦੀਆਂ ਜ਼ਰੂਰਤਾਂ ਦੇ ਸਮੇਂ ਸ਼੍ਰੋਅਦ ਹਮੇਸ਼ਾ ਅੱਗੇ ਆਉਂਦਾ ਰਿਹਾ ਹੈ।’’ ਅਮਿਤ ਸ਼ਾਹ ਅਤੇ ਜੇ. ਪੀ. ਨੱਢਾ ਵਲੋਂ ਆਪਣੇ ਦੋ ਮਹੱਤਵਪੂਰਨ ਨਾਰਾਜ਼ ਗੱਠਜੋੜ ਸਹਿਯੋਗੀਆਂ ਨੂੰ ਮਨਾ ਲੈਣ ਦਾ ਯਕੀਨੀ ਹੀ ਭਾਜਪਾ ਨੂੰ ਲਾਭ ਪਹੁੰਚੇਗਾ। ਜਿੱਥੇ ਭਾਜਪਾ ਆਗੂਆਂ ਵਲੋਂ ਨਿਤੀਸ਼ ਕੁਮਾਰ ਨਾਲ ਸਾਂਝੀਆਂ ਰੈਲੀਆਂ ਕਰਨ ਨਾਲ ਪ੍ਰਵਾਸੀ ਬਿਹਾਰੀਆਂ ਅਤੇ ਪੂਰਵਾਂਚਲੀਆਂ ਵਿਚ ਮਹੱਤਵਪੂਰਨ ਸਿਆਸੀ ਸੰਦੇਸ਼ ਜਾਵੇਗਾ, ਉਥੇ ਸ਼੍ਰੋਅਦ ਦੇ ਸਮਰਥਨ ਨਾਲ ਭਾਜਪਾ ਨੂੰ ਸਿੱਖ ਬਹੁ-ਗਿਣਤੀ ਵਾਲੇ ਇਲਾਕਿਆਂ ਵਾਲੀਆਂ ਲੱਗਭਗ ਅੱਧੀ ਦਰਜਨ ਸੀਟਾਂ ’ਤੇ ਲਾਭ ਮਿਲਣ ਦੀ ਸੰਭਾਵਨਾ ਹੈ। ਯਕੀਨੀ ਹੀ ਭਾਜਪਾ ਦੇ 2 ਮਹੱਤਵਪੂਰਨ ਸਹਿਯੋਗੀਆਂ ਦੀ ਨਾਰਾਜ਼ਗੀ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਲਈ ਚਿੰਤਾ ਦੀ ਸਥਿਤੀ ਪੈਦਾ ਕਰਨ ਵਾਲੀ ਸੀ, ਜਿਸ ਨੂੰ ਦੂਰ ਕਰ ਕੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਅਤੇ ਨਵੇਂ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੇ ਸਹੀ ਕੰਮ ਕੀਤਾ ਹੈ ਅਤੇ ਇਸ ਨਾਲ ਭਾਜਪਾ ਵਾਲੇ ਗੱਠਜੋੜ ਨੂੰ ਕਮਜ਼ੋਰ ਹੋਣ ਤੋਂ ਬਚਾ ਲਿਆ ਹੈ। ਅਸੀਂ ਤਾਂ ਪਹਿਲਾਂ ਹੀ ਲਿਖਦੇ ਰਹੇ ਹਾਂ ਕਿ ਮਿੱਤਰ ਦਲਾਂ ਦੀ ਨਾਰਾਜ਼ਗੀ ਯਕੀਨੀ ਹੀ ਭਾਜਪਾ ਦੇ ਹਿੱਤ ਵਿਚ ਨਹੀਂ। ਇਸ ਲਈ ਭਾਜਪਾ ਲੀਡਰਸ਼ਿਪ ਆਪਣੇ ਗੱਠਜੋੜ ਸਹਿਯੋਗੀਆਂ ਨੂੰ ਆਪਣੇ ਨਾਲ ਜਿੰਨਾ ਜੋੜ ਕੇ ਰੱਖੇਗੀ, ਗੱਠਜੋੜ ਓਨਾ ਹੀ ਮਜ਼ਬੂਤ ਹੋਵੇਗਾ ਅਤੇ ਉਹ ਦੇਸ਼ ਦੀ ਬਿਹਤਰ ਸੇਵਾ ਕਰ ਸਕਣਗੇ।

–ਵਿਜੇ ਕੁਮਾਰ

Bharat Thapa

This news is Content Editor Bharat Thapa