ਆਮ ਆਦਮੀ ਪਾਰਟੀ ''ਚ ਵੱਡਾ ਧਮਾਕਾ : ਸੰਸਥਾਪਕ ਮੈਂਬਰ ਵਲੋਂ ਕੇਜਰੀਵਾਲ ''ਤੇ ਰਿਸ਼ਵਤ ਲੈਣ ਦਾ ਦੋਸ਼

05/08/2017 6:50:23 AM

ਵਿਚਾਰਕ ਮੱਤਭੇਦਾਂ ਦੇ ਆਧਾਰ ''ਤੇ ਗਾਂਧੀਵਾਦੀ ਸਮਾਜ ਸੇਵੀ ਅੰਨਾ ਹਜ਼ਾਰੇ ਤੋਂ ਵੱਖ ਹੋ ਕੇ ਅਰਵਿੰਦ ਕੇਜਰੀਵਾਲ ਨੇ ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ, ਯੋਗੇਂਦਰ ਯਾਦਵ, ਮਨੀਸ਼ ਸਿਸੋਦੀਆ ਅਤੇ ਕਿਰਨ ਬੇਦੀ ਆਦਿ ਨੂੰ ਲੈ ਕੇ 2 ਅਕਤੂਬਰ 2012 ਨੂੰ ''ਆਮ ਆਦਮੀ ਪਾਰਟੀ'' (ਆਪ) ਦਾ ਗਠਨ ਕੀਤਾ ਸੀ ਪਰ ਜਲਦ ਹੀ ਮੱਤਭੇਦਾਂ ਕਾਰਨ ਇਸ ਦੇ ਅਨੇਕ ਮਹੱਤਵਪੂਰਨ ਮੈਂਬਰ ਪਾਰਟੀ ਛੱਡ ਗਏ। ਤਮਾਮ ਵਿਵਾਦਾਂ ਦੇ ਬਾਵਜੂਦ ਦਿੱਲੀ ''ਚ 2015 ਦੀਆਂ ਚੋਣਾਂ ''ਚ 70 ''ਚੋਂ 67 ਸੀਟਾਂ ਜਿੱਤ ਕੇ ਕੇਜਰੀਵਾਲ ਦੁਬਾਰਾ ਮੁੱਖ ਮੰਤਰੀ ਤਾਂ ਬਣੇ ਪਰ ਕੁਝ ਹੀ ਸਮੇਂ ਬਾਅਦ ਪਾਰਟੀ ''ਚ ਫਿਰ ਉਨ੍ਹਾਂ ਵਿਰੁੱਧ ਆਵਾਜ਼ਾਂ ਉੱਠਣ ਲੱਗੀਆਂ। ਸ਼ਾਂਤੀ ਭੂਸ਼ਣ, ਪ੍ਰਸ਼ਾਂਤ ਭੂਸ਼ਣ ਅਤੇ ਯੋਗੇਂਦਰ ਯਾਦਵ ਨੇ ਉਨ੍ਹਾਂ ''ਤੇ ਅਨੇਕ ਦੋਸ਼ ਲਾਏ, ਜਿਸ ''ਤੇ ਕੇਜਰੀਵਾਲ ਨੇ ਉਨ੍ਹਾਂ ਨੂੰ ਪਾਰਟੀ ''ਚੋਂ ਕੱਢ ਦਿੱਤਾ। ਪੰਜਾਬ ਦੀਆਂ ਲੋਕ ਸਭਾ ਚੋਣਾਂ ''ਚ 4 ਸੀਟਾਂ ਜਿੱਤ ਕੇ ਪੈਰ ਜਮਾ ਰਹੀ ਪਾਰਟੀ ''ਚ ਵੀ ਜਲਦ ਹੀ ਵਿਦਰੋਹ ਦੇ ਸੁਰ ਉੱਭਰਨ ਲੱਗੇ ਅਤੇ ਇਸ ਤਰ੍ਹਾਂ ਦੇ ਘਟਨਾਚੱਕਰ ਵਿਚਾਲੇ ਆਪਣੇ ਵਿਸਤਾਰਵਾਦੀ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਏ ਕੇਜਰੀਵਾਲ ਨੇ ਪੰਜਾਬ ਤੇ ਗੋਆ ਦੀਆਂ ਵਿਧਾਨ ਸਭਾ ਅਤੇ ਦਿੱਲੀ ਨਗਰ ਨਿਗਮ ਦੀਆਂ ਚੋਣਾਂ ਲੜੀਆਂ।
ਇਨ੍ਹਾਂ ''ਚ ''ਆਪ'' ਦੀ ਲੱਕ-ਤੋੜ ਹਾਰ ਤੋਂ ਬਾਅਦ ਜਿਥੇ ਪਾਰਟੀ ਦੇ ਅਨੇਕ ਨੇਤਾਵਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ, ਉਥੇ ਹੀ ਦੱਬੇ ਸੁਰ ''ਚ ਕੇਜਰੀਵਾਲ ਦੀ ਕਾਰਜਸ਼ੈਲੀ ਵਿਰੁੱਧ ਪਾਰਟੀ ''ਚ ਵਿਦਰੋਹ ਦੇ ਸੁਰ ਤੇਜ਼ ਹੋਣ ਤੋਂ ਇਲਾਵਾ ਇਹ ਆਵਾਜ਼ ਵੀ ਉੱਠਣ ਲੱਗੀ ਕਿ ਉਨ੍ਹਾਂ ਨੂੰ ਪਾਰਟੀ ਦੇ ਕਨਵੀਨਰ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਪਾਰਟੀ ''ਚ ਮਚੇ ਕੋਹਰਾਮ ਵਿਚਾਲੇ ਜਿਥੇ ਪਾਰਟੀ ਦੇ ਸੀਨੀਅਰ ਨੇਤਾ ਕੁਮਾਰ ਵਿਸ਼ਵਾਸ ਨੇ ਪਾਰਟੀ ਦੀ ਚੋਣ ਰਣਨੀਤੀ ''ਤੇ ਸਵਾਲ ਉਠਾਏ ਤਾਂ ਦੂਸਰੇ ਪਾਸੇ ਵਿਧਾਇਕ ਅਮਾਨਤੁੱਲਾ ਖਾਂ ਨੇ ਕੁਮਾਰ ਵਿਸ਼ਵਾਸ ''ਤੇ ਪਾਰਟੀ ਹੜੱਪਣ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼ ਲਾ ਦਿੱਤਾ। ਵਿਧਾਇਕ ਅਮਾਨਤੁੱਲਾ ਨੂੰ ਮੁਅੱਤਲ ਕਰ ਕੇ ਕੇਜਰੀਵਾਲ ਨੇ ''ਆਪ'' ''ਤੇ ਛਾਇਆ ਸੰਕਟ ਟਾਲਣ ਦੀ ਕੋਸ਼ਿਸ਼ ਕੀਤੀ ਕਿ ਅਚਾਨਕ 6 ਮਈ ਨੂੰ ਪਾਰਟੀ ''ਚ ਇਕ ਹੋਰ ਭੜਥੂ ਪੈ ਗਿਆ ਅਤੇ ਅਰਵਿੰਦ ਕੇਜਰੀਵਾਲ ਨੇ ਕੁਮਾਰ ਵਿਸ਼ਵਾਸ ਦੇ ਪ੍ਰਬਲ ਸਮਰਥਕ ਕਪਿਲ ਮਿਸ਼ਰਾ ਨੂੰ ਜਲ ਸੋਮਿਆਂ ਦੇ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ।
ਕਪਿਲ ਮਿਸ਼ਰਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਿਤ ਕੀਤੇ ਬਿਨਾਂ ਹੀ ਪ੍ਰੈੱਸ ਰਾਹੀਂ ਇਹ ਹੁਕਮ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੇ 5 ਮਈ ਨੂੰ ਟੈਂਕਰ ਘਪਲੇ ਨੂੰ ਲੈ ਕੇ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਨੂੰ ਪੱਤਰ ਲਿਖ ਕੇ ਟੈਂਕਰ ਮਾਫੀਆ  ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
7 ਮਈ ਨੂੰ ਕਪਿਲ ਮਿਸ਼ਰਾ ਨੇ ਪ੍ਰੈੱਸ ਕਾਨਫਰੰਸ ''ਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਪਣੀ ਹੀ ਕੈਬਨਿਟ ਦੇ ਦੂਸਰੇ ਮੰਤਰੀ ਸਤੇਂਦਰ ਜੈਨ ਤੋਂ ਰਿਸ਼ਵਤ ਲੈਣ ਦਾ ਅਰਵਿੰਦ ਕੇਜਰੀਵਾਲ ''ਤੇ ਦੋਸ਼ ਲਾਉਂਦੇ ਹੋਏ ਕਿਹਾ ਹੈ,''''ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਕਿ ਸਤੇਂਦਰ ਜੈਨ ਜੀ ਨੇ ਕੇਜਰੀਵਾਲ ਨੂੰ 2 ਕਰੋੜ ਰੁਪਏ ਦਿੱਤੇ।''''
ਇਹ ਬਿਲਕੁਲ ਸਪੱਸ਼ਟ ਸੀ ਕਿ ਪੰਜਾਬ ਅਤੇ ਗੋਆ ਦੀਆਂ ਚੋਣਾਂ ''ਚ ਹਾਰ ਤੋਂ ਬਾਅਦ ''ਆਪ'' ਵਿਚ ਅੰਦਰੂਨੀ ਕਲੇਸ਼ ਸ਼ੁਰੂ ਹੋ ਜਾਏਗਾ ਅਤੇ ਇਸ ਤੋਂ ਬਾਅਦ ਪਾਰਟੀ ''ਚ ਲੱਗਣ ਵਾਲੇ ਭ੍ਰਿਸ਼ਟਾਚਾਰ ਤੇ ਮਨੀਲਾਂਡਰਿੰਗ ਦੇ ਦੋਸ਼ਾਂ ਨਾਲ ''ਆਪ'' ਦਾ ਸੰਕਟ ਵਧ ਗਿਆ ਹੈ।
ਇਹ ਮਹਿਸੂਸ ਕੀਤਾ ਗਿਆ ਸੀ ਕਿ ਇਨ੍ਹਾਂ ਦੋਸ਼ਾਂ ਨਾਲ ਕਮਜ਼ੋਰ ਹੋਣ ਦੇ ਬਾਵਜੂਦ ਕੇਜਰੀਵਾਲ ਆਪਣੇ ਮੈਂਬਰਾਂ ਨੂੰ ਸੰਗਠਿਤ ਰੱਖਣ ''ਚ ਸਫਲ ਰਹਿਣਗੇ ਪਰ ਪਿਛਲੇ ਦੋ ਹਫਤਿਆਂ ''ਚ ਇਸ ਦੇ ਅਨੇਕ ਮੰਤਰੀ ਪਾਰਟੀ ਛੱਡ ਗਏ ਹਨ। ਕਪਿਲ ਮਿਸ਼ਰਾ ਨੇ ਸ਼ਾਇਦ ਅੰਤਿਮ ਹਮਲਾ ਕੀਤਾ ਹੈ ਅਤੇ ਉਨ੍ਹਾਂ ਦੇ ਇਸ ਦੋਸ਼ ਨਾਲ ਪਾਰਟੀ ਟੁੱਟਣ ਕੰਢੇ ਪਹੁੰਚ ਗਈ ਹੈ। ਕਪਿਲ ਮਿਸ਼ਰਾ ਦਾ ਇਹ ਖੁੱਲ੍ਹੇਆਮ ਦਾਅਵਾ ਹੈ ਕਿ ''''ਮੈਂ ਪਾਰਟੀ ਦਾ ਸੰਸਥਾਪਕ ਮੈਂਬਰ ਹਾਂ ਅਤੇ ਪਾਰਟੀ ਵਿਚ ਹੀ ਰਹਾਂਗਾ, ਕਿਤੇ ਨਹੀਂ ਜਾਵਾਂਗਾ ਅਤੇ ਕੋਈ ਵੀ ਮੈਨੂੰ ਪਾਰਟੀ ''ਚੋਂ ਕੱਢ ਨਹੀਂ ਸਕਦਾ।'''' ਪਾਰਟੀ ਵਿਚ ਵੰਡ ਦਾ ਖਦਸ਼ਾ ਸੰਕੇਤ ਦੇ ਰਿਹਾ ਹੈ।
ਇਸ ਤੋਂ ਲੱਗਦਾ ਹੈ ਕਿ ਪਾਰਟੀ ਦੋ ਹਿੱਸਿਆਂ ''ਚ ਵੰਡੀ ਜਾਏਗੀ। ਪਾਰਟੀ ਦੇ ਹੋਰ ਅਨੇਕ ਮੈਂਬਰਾਂ ਦਾ ਮਜ਼ਬੂਤ ਸਮਰਥਨ ਹੋਣ ਕਾਰਨ ਆਬਜ਼ਰਵਰਾਂ ਨੂੰ ਲੱਗਦਾ ਹੈ ਕਿ ਮੱਤਭੇਦਾਂ ਕਾਰਨ ਪਾਰਟੀ ਛੱਡ ਕੇ ਜਾ ਚੁੱਕੇ ਸਾਰੇ ਪੁਰਾਣੇ ਮੈਂਬਰਾਂ ਨੂੰ ਸੱਦਾ ਦੇ ਕੇ ਕਪਿਲ ਮਿਸ਼ਰਾ ਇਕ ਨਵੀਂ ''ਏ. ਪੀ. ਪੀ.'' ਬਣਾਉਣ ਦੀ ਯੋਜਨਾ ਬਣਾ ਰਹੇ ਹਨ।
ਬੇਸ਼ੱਕ ਅਜਿਹੇ ਵਿਵਾਦਾਂ ਨੇ ਕੇਜਰੀਵਾਲ ਦੀ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਹੈ ਅਤੇ ਪਾਰਟੀ ਲਈ ਪਹਿਲਾਂ ਵਾਂਗ ਸਮਰਥਨ ਹਾਸਲ ਕਰਨਾ ਮੁਸ਼ਕਿਲ ਹੋਵੇਗਾ। ਸਿਆਸੀ ਆਬਜ਼ਰਵਰਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਦੂਜੀਆਂ ਪਾਰਟੀਆਂ ਦੇ ''ਦਬਾਅ'' ਵਿਚ ਆ ਕੇ ਇਸ ਦੇ ਮੈਂਬਰਾਂ ਦੀ ਹਿਜਰਤ ਸ਼ੁਰੂ ਹੋ ਗਈ ਤਾਂ ਦਿੱਲੀ ''ਚ ਮੱਧਕਾਲੀ ਚੋਣਾਂ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ।

 

Vijay Kumar Chopra

This news is Chief Editor Vijay Kumar Chopra