ਭੂਟਾਨ ਦੇ ਪ੍ਰਧਾਨ ਮੰਤਰੀ ''ਸ਼ੇਰਿੰਗ'', ਜੋ ਸਿਆਸਤ ਦੇ ਨਾਲ ਕਰਦੇ ਹਨ ਡਾਕਟਰੀ ਇਲਾਜ ਵੀ

05/12/2019 4:59:29 AM

ਉਂਝ ਤਾਂ ਭੂਟਾਨ ਭਾਰਤ ਦਾ ਇਕ ਛੋਟਾ ਜਿਹਾ ਗੁਆਂਢੀ ਦੇਸ਼ ਹੈ ਪਰ ਕੁਝ ਮਾਮਲਿਆਂ 'ਚ ਇਹ ਭਾਰਤ ਨਾਲੋਂ ਕਿਤੇ ਅੱਗੇ ਨਿਕਲ ਗਿਆ ਹੈ। ਇਹ 7,50,000 ਦੀ ਆਬਾਦੀ ਵਾਲਾ ਬੁੱਧ ਧਰਮ ਦਾ ਪੈਰੋਕਾਰ ਚੌਗਿਰਦਾ-ਮਿੱਤਰ ਦੇਸ਼ ਹੈ।
ਰੁੱਖ ਉਗਾਉਣ 'ਤੇ ਜ਼ੋਰ ਦਿੰਦਿਆਂ ਇਸ ਦੇ ਸੰਵਿਧਾਨ 'ਚ ਵਿਵਸਥਾ ਕੀਤੀ ਗਈ ਹੈ ਕਿ ਦੇਸ਼ 'ਚ 60 ਫੀਸਦੀ ਜ਼ਮੀਨੀ ਹਿੱਸੇ 'ਤੇ ਲਾਜ਼ਮੀ ਤੌਰ 'ਤੇ ਜੰਗਲ ਹੀ ਹੋਣਗੇ।
ਇਥੇ ਤੰਬਾਕੂ ਦੀ ਵਿਕਰੀ ਵੀ ਪੂਰੀ ਤਰ੍ਹਾਂ ਮਨ੍ਹਾ ਹੈ ਅਤੇ ਸ਼ਾਇਦ ਇਹ ਦੁਨੀਆ ਦਾ ਇਕੋ-ਇਕ ਦੇਸ਼ ਹੈ, ਜਿਸ ਦੇ ਪ੍ਰਧਾਨ ਮੰਤਰੀ 'ਲੋਟੇ ਸ਼ੇਰਿੰਗ' ਹਫਤੇ 'ਚ 5 ਦਿਨ ਪ੍ਰਧਾਨ ਮੰਤਰੀ ਵਜੋਂ ਕੰਮ ਕਰਦੇ ਹਨ ਅਤੇ 6ਵੇਂ ਦਿਨ, ਭਾਵ ਸ਼ਨੀਵਾਰ ਨੂੰ ਥਿੰਪੂ ਦੇ ਸਭ ਤੋਂ ਵੱਡੇ ਸਰਕਾਰੀ ਹਸਪਤਾਲ 'ਚ ਡਾਕਟਰ ਵਜੋਂ ਆਪਣੀਆਂ ਸੇਵਾਵਾਂ ਦਿੰਦੇ ਹਨ।
50 ਸਾਲਾ ਸ਼ੇਰਿੰਗ ਇਸ ਦਿਨ ਹਸਪਤਾਲ 'ਚ ਜਾ ਕੇ ਰੋਗੀਆਂ ਦਾ ਇਲਾਜ ਕਰਦੇ ਹਨ, ਜਿਸ 'ਚ ਆਪ੍ਰੇਸ਼ਨ ਕਰਨਾ ਵੀ ਸ਼ਾਮਿਲ ਹੈ। ਉਹ ਐਤਵਾਰ ਦਾ ਦਿਨ ਆਪਣੇ ਪਰਿਵਾਰ ਨਾਲ ਬਿਤਾਉਂਦੇ ਹਨ। ਸ਼ੇਰਿੰਗ ਦਾ ਕਹਿਣਾ ਹੈ ਕਿ ''ਮੈਂ ਰੋਗੀਆਂ ਦਾ ਇਲਾਜ ਅਤੇ ਆਪ੍ਰੇਸ਼ਨ ਕਰ ਕੇ ਆਪਣਾ ਤਣਾਅ ਦੂਰ ਕਰਦਾ ਹਾਂ। ਰੋਗੀਆਂ ਦੇ ਇਲਾਜ ਨਾਲ ਮੇਰਾ ਹਫਤਾ ਖਤਮ ਹੁੰਦਾ ਹੈ।''
ਬੰਗਲਾਦੇਸ਼, ਜਾਪਾਨ, ਆਸਟ੍ਰੇਲੀਆ ਅਤੇ ਅਮਰੀਕਾ 'ਚ ਪੜ੍ਹੇ ਸ਼ੇਰਿੰਗ ਨੇ ਆਪਣਾ ਸਿਆਸੀ ਕੈਰੀਅਰ 2013 'ਚ ਸ਼ੁਰੂ ਕੀਤਾ ਸੀ। ਇਸ ਤੋਂ ਪਹਿਲਾਂ ਉਹ ਭੂਟਾਨ ਨਰੇਸ਼ 'ਜਿਗਮੇ ਖੇਸਾਰ ਨਾਮਗਯਾਲ ਵਾਂਗਚੁਕ' ਨਾਲ ਡਾਕਟਰਾਂ ਦੀ ਟੀਮ ਦੇ ਲੀਡਰ ਵਜੋਂ ਦੇਸ਼ ਦੇ ਦੂਰ-ਦੁਰਾਡੇ ਪੈਂਦੇ ਦਿਹਾਤੀ ਹਿੱਸਿਆਂ 'ਚ ਮੁਫਤ ਇਲਾਜ ਕਰਨ ਜਾਂਦੇ ਹੁੰਦੇ ਸਨ ਤੇ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਉਨ੍ਹਾਂ ਨੇ ਡਾਕਟਰੀ ਜਾਰੀ ਰੱਖੀ ਹੋਈ ਹੈ।
ਪ੍ਰਧਾਨ ਮੰਤਰੀ ਦਫਤਰ 'ਚ ਵੀ ਉਨ੍ਹਾਂ ਦੀ ਕੁਰਸੀ ਦੇ ਪਿੱਛੇ ਉਨ੍ਹਾਂ ਦਾ 'ਲੈਬ ਕੋਟ' ਟੰਗਿਆ ਰਹਿੰਦਾ ਹੈ, ਜੋ ਉਨ੍ਹਾਂ ਮੁਤਾਬਿਕ ਉਨ੍ਹਾਂ ਨੂੰ ਚੋਣਾਂ ਦੇ ਮੌਕੇ ਚੁੱਕੀ ਗਈ ਸਹੁੰ ਦੀ ਯਾਦ ਦਿਵਾਉਂਦਾ ਰਹਿੰਦਾ ਹੈ ਕਿ ਉਹ ਦੇਸ਼ ਦੇ ਲੋਕਾਂ ਦੀ ਸਿਹਤ 'ਚ ਸੁਧਾਰ 'ਤੇ ਹਮੇਸ਼ਾ ਜ਼ੋਰ ਦੇਣਗੇ।
ਉਨ੍ਹਾਂ ਦਾ ਕਹਿਣਾ ਹੈ ਕਿ ''ਸਿਆਸਤ ਵੀ ਬਹੁਤ ਕੁਝ ਡਾਕਟਰੀਕਰਨ ਵਰਗੀ ਹੀ ਹੈ। ਹਸਪਤਾਲ 'ਚ ਮੈਂ ਰੋਗੀਆਂ ਦੀ ਸਕੈਨਿੰਗ ਅਤੇ ਇਲਾਜ ਕਰਦਾ ਹਾਂ ਅਤੇ ਸਰਕਾਰ ਵਿਚ ਮੈਂ ਸਰਕਾਰੀ ਨੀਤੀਆਂ ਦੀ ਸਕੈਨਿੰਗ ਕਰ ਕੇ ਉਨ੍ਹਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ।''
ਇਕ ਪ੍ਰਧਾਨ ਮੰਤਰੀ ਅਤੇ ਡਾਕਟਰ ਵਜੋਂ ਸਫਲਤਾਪੂਰਵਕ ਦੋਹਰੀ ਜ਼ਿੰਮੇਵਾਰੀ ਨਿਭਾਉਂਦਿਆਂ ਡਾ. ਸ਼ੇਰਿੰਗ ਦੁਨੀਆ ਭਰ 'ਚ ਇਕ ਮਿਸਾਲ ਹਨ, ਜਿਨ੍ਹਾਂ ਤੋਂ ਇਕ ਵਾਰ ਸੱਤਾ 'ਚ ਆਉਣ ਤੋਂ ਬਾਅਦ ਆਪਣੀਆਂ ਸਾਰੀਆਂ ਚੋਣ ਕਸਮਾਂ ਅਤੇ ਵਾਅਦੇ ਭੁੱਲ ਜਾਣ ਵਾਲੇ ਸਾਡੇ ਸਿਆਸਤਦਾਨ ਬਹੁਤ ਕੁਝ ਸਿੱਖ ਸਕਦੇ ਹਨ।

                                                                                                                                 –ਵਿਜੇ ਕੁਮਾਰ

KamalJeet Singh

This news is Content Editor KamalJeet Singh