ਆਦਿੱਤਿਆ ਐੱਲ-1 ਤੋਂ ਪਹਿਲਾਂ 22 ਮਿਸ਼ਨ ਜਾ ਚੁੱਕੇ ਹਨ ਸੂਰਜ ’ਤੇ

09/03/2023 2:46:51 PM

ਨੈਸ਼ਨਲ ਡੈਸਕ- ਧਰਤੀ ਤੋਂ ਤਕਰੀਬਨ 3 ਲੱਖ 84 ਹਜ਼ਾਰ 4 ਸੌ ਕਿਲੋਮੀਟਰ ਦੂਰ ਚੰਦਰਮਾ ਦੇ ਦੱਖਣੀ ਧਰੁਵ ’ਤੇ ਚੰਦਰਯਾਨ-3 ਵੱਲੋਂ ਸਫਲਤਾ ਦਾ ਤਿਰੰਗਾ ਝੰਡਾ ਗੱਡਣ ਪਿੱਛੋਂ ਭਾਰਤੀ ਪੁਲਾੜ ਖੋਜ ਸੰਗਠਨ ਭਾਵ ਇਸਰੋ ਨੇ ਸੂਰਜ ਦੀ ਦਿਸ਼ਾ ’ਚ ਝੰਡਾ ਲਹਿਰਾ ਦਿੱਤਾ ਹੈ। ਆਦਿੱਤਿਆ ਐੱਲ-1 ਸੂਰਜ ਦਾ ਅਧਿਐਨ ਕਰਨ ਵਾਲਾ ਭਾਰਤ ਦਾ ਪਹਿਲਾ ਪੁਲਾੜ ਆਧਾਰਿਤ ਮਿਸ਼ਨ ਹੈ। ਭਾਰਤ ਦਾ ਸੂਰਜਯਾਨ ਆਦਿੱਤਿਆ-ਐੱਲ 1 ਪੁਲਾੜ ’ਚ ਜਿਸ ਜਗ੍ਹਾ ਜਾ ਕੇ ਠਹਿਰੇਗਾ ਉਹ ਪੁਆਇੰਟ ਲੈਂਗ੍ਰੇਜ ਬਿੰਦੂ-1 (ਐੱਲ-1) ਹੀ ਹੈ। ਇਸ ਪੁਆਇੰਟ ਬਾਰੇ ਦੱਸਿਆ ਜਾਂਦਾ ਹੈ ਕਿ ਇਹ ਅਜਿਹੀ ਥਾਂ ਹੈ, ਜਿਸ ਦੇ ਚਾਰੋਂ ਪਾਸੇ ਪ੍ਰਭਾਮੰਡਲ ਪੰਧ ’ਚ ਰਹਿ ਕੇ ਗ੍ਰਹਿਣ ਦੇ ਸਮੇਂ ਵੀ ਸੂਰਜ ਨੂੰ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਰੀਅਲ ਟਾਈਮ ’ਚ ਪੁਲਾੜ ਸਰਗਰਮੀਆਂ ਅਤੇ ਪੁਲਾੜ ਮੌਸਮ ’ਤੇ ਇਸ ਦੇ ਪ੍ਰਭਾਵ ’ਤੇ ਵੀ ਹਰ ਸਮੇਂ ਨਜ਼ਰ ਰੱਖੀ ਜਾ ਸਕਦੀ ਹੈ।

ਇੱਥੋਂ ਤੱਕ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੂਰਜ ਤੋਂ ਨਿਕਲਣ ਵਾਲੇ ਕੋਰੋਨਲ ਮਾਸ ਇੰਜੈਕਸ਼ਨ ਅਤੇ ਸੌਰ ਤੂਫਾਨ, ਇਸੇ ਰਸਤੇ ਧਰਤੀ ਵੱਲ ਜਾਂਦੇ ਹਨ। ਇਸੇ ਪੁਆਇੰਟ ’ਤੇ ਚੱਕਰ ਲਾਉਂਦਿਆਂ ਆਦਿੱਤਿਆ-ਐੱਲ 1 ਸੂਰਜ ਦਾ ਅਧਿਐਨ ਕਰੇਗਾ। ਲੈਂਗ੍ਰੇਜ ਪੁਆਇੰਟ ਦਾ ਨਾਂ ਇਤਾਲਵੀ-ਫ੍ਰੈਂਚ ਹਿਸਾਬਦਾਨ ਜੋਸੇਫੀ-ਲੁਈ ਲੈਂਗ੍ਰੇਜ ਨਾਲ ਜੁੜਿਆ ਹੈ। ਧਰਤੀ ਅਤੇ ਸੂਰਜ ਦਰਮਿਆਨ 5 ਲੈਂਗ੍ਰੇਜ ਪੁਆਇੰਟ ਪੈਂਦੇ ਹਨ। ਇਨ੍ਹਾਂ ’ਚੋਂ ਲੈਂਗ੍ਰੇਜ ਬਿੰਦੂ-1 ਧਰਤੀ ਤੋਂ ਤਕਰੀਬਨ 15 ਲੱਖ ਕਿਲੋਮੀਟਰ ਦੂਰ ਹੈ। ਲੈਂਗ੍ਰੇਜ ਪੁਆਇੰਟ ਪੁਲਾੜ ’ਚ ਉਹ ਸਥਾਨ ਹੈ, ਜਿੱਥੇ ਭੇਜਿਆ ਗਿਆ ਆਬਜੈਕਟ (ਵਸਤੂ) ਉੱਥੇ ਹੀ ਰੁਕ ਜਾਂਦਾ ਹੈ। ਲੈਂਗ੍ਰੇਜ ਬਿੰਦੂਆਂ ’ਤੇ 2 ਵੱਡੇ ਪੁੰਜਾਂ ਦੀ ਗੁਰੂਤਾ ਖਿੱਚ ਇਕ ਛੋਟੀ ਵਸਤੂ ਨੂੰ ਉਨ੍ਹਾਂ ਦੇ ਨਾਲ ਚੱਲਣ ਲਈ ਜ਼ਰੂਰੀ ਕੇਂਦਰੀ ਬਲ ਦੇ ਬਰਾਬਰ ਹੁੰਦੀ ਹੈ।

ਪੁਲਾੜ ’ਚ ਇਨ੍ਹਾਂ ਬਿੰਦੂਆਂ ਦੀ ਵਰਤੋਂ ਪੁਲਾੜ ਗੱਡੀ ਵੱਲੋਂ ਸਥਿਤੀ ’ਚ ਬਣੇ ਰਹਿਣ ਲਈ ਲੋੜੀਂਦੇ ਈਂਧਨ ਦੀ ਖਪਤ ਨੂੰ ਘੱਟ ਕਰਨ ਲਈ ਕੀਤੀ ਜਾ ਸਕਦੀ ਹੈ। ਮਤਲਬ ਇਹ ਕਿ ਇਹ ਗੁਰੂਤਾ ਖਿੱਚ ਕੇਂਦਰੀ ਬਲ ਦੇ ਬਰਾਬਰ ਹੁੰਦੀ ਹੈ। ਅਜਿਹੇ ’ਚ ਕੋਈ ਵੀ ਪੁਲਾੜ ਗੱਡੀ ਇਸ ਪੁਆਇੰਟ ’ਤੇ ਘੱਟ ਈਂਧਨ ਨਾਲ ਰੁਕ ਕੇ ਅਧਿਐਨ ਕਰ ਸਕਦੀ ਹੈ। ਸੂਰਜ ਤੋਂ ਨਿਕਲਣ ਵਾਲੀ ਰੌਸ਼ਨੀ ਨੂੰ 15 ਕਰੋੜ ਕਿਲੋਮੀਟਰ ਦੂਰ ਧਰਤੀ ’ਤੇ ਪਹੁੰਚਣ ’ਚ 8 ਮਿੰਟ ਲੱਗਦੇ ਹਨ। ਸੂਰਜ ਸਾਡੇ ਸੌਰ ਮੰਡਲ ਦੇ ਕੇਂਦਰ ’ਚ ਸਥਿਤ ਹਾਈਡ੍ਰੋਜਨ ਅਤੇ ਹੀਲੀਅਮ ਦੇ ਮਿਸ਼ਰਣ ਵਾਲਾ ਇਕ ਚਮਕਦਾ ਤਾਰਾ ਹੈ ਜਿਸ ਦੀ ਉਮਰ ਲਗਭਗ 4.5 ਅਰਬ ਸਾਲ ਹੈ। ਇਹ ਧਰਤੀ ਤੋਂ ਲਗਭਗ 15 ਕਰੋੜ ਕਿਲੋਮੀਟਰ ਦੂਰ ਹੈ। ਇਹ ਸਾਡੇ ਸੌਰ ਮੰਡਲ ਦਾ ਸਭ ਤੋਂ ਵੱਡਾ ਤਾਰਾ ਹੈ। ਸੂਰਜ ਦਾ ਆਇਤਨ 1× ਲੱਖ ਧਰਤੀ ਜਿੰਨੇ ਆਇਤਨ ਦੇ ਬਰਾਬਰ ਹੈ।

ਭਾਰਤ ਤੋਂ ਪਹਿਲਾਂ ਕਈ ਦੇਸ਼ ਸੂਰਜ ਮਿਸ਼ਨ ਭੇਜ ਚੁੱਕੇ ਹਨ। ਹੁਣ ਤੱਕ ਅਮਰੀਕਾ, ਜਰਮਨੀ, ਯੂਰਪੀਅਨ ਸਪੇਸ ਏਜੰਸੀ ਤਕਰੀਬਨ 22 ਮਿਸ਼ਨ ਭੇਜ ਚੁੱਕੇ ਹਨ। ਇਕੱਲੇ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਹੀ 14 ਮਿਸ਼ਨ ਸੂਰਜ ’ਤੇ ਭੇਜੇ ਹਨ, ਜਿਨ੍ਹਾਂ ’ਚੋਂ 12 ਮਿਸ਼ਨ ਸੂਰਜ ਦੇ ਆਰਬਿਟਰ ਹਨ। ਇਹ ਸਾਰੇ ਸੂਰਜ ਦੇ ਚਹੁੰ ਪਾਸੇ ਚੱਕਰ ਲਾਉਂਦੇ ਹਨ।

ਨਾਸਾ ਨੇ ਪਹਿਲੀ ਵਾਰ 1960 ’ਚ ਸੂਰਜ ’ਤੇ ਮਿਸ਼ਨ ਪਾਇਓਨੀਅਰ-5 ਤਹਿਤ ਸਪੇਸਕ੍ਰਾਫਟ ਭੇਜਿਆ ਸੀ। ਇਸ ਪਿੱਛੋਂ ਸਾਲ 1974 ’ਚ ਜਰਮਨੀ ਨੇ ਆਪਣਾ ਪਹਿਲਾ ਸੂਰਜ ਮਿਸ਼ਨ ਨਾਸਾ ਨਾਲ ਮਿਲ ਕੇ ਭੇਜਿਆ ਸੀ। ਯੂਰਪੀਅਨ ਸਪੇਸ ਏਜੰਸੀ ਨੇ ਵੀ ਨਾਸਾ ਨਾਲ ਮਿਲ ਕੇ ਆਪਣਾ ਪਹਿਲਾ ਸੂਰਜ ਮਿਸ਼ਨ ਸਾਲ 1994 ’ਚ ਭੇਜਿਆ ਸੀ। ਨਾਸਾ ਦੀ ਪਾਰਕਰ ਸੋਲਰ ਪ੍ਰੋਬ ਨੇ ਸੂਰਜ ਦੇ ਆਲੇ-ਦੁਆਲੇ 26 ਵਾਰ ਉਡਾਣ ਭਰੀ ਹੈ। ਨਾਸਾ ਨੇ ਸਾਲ 2001 ’ਚ ਜੈਨੇਸਿਸ ਮਿਸ਼ਨ ਲਾਂਚ ਕੀਤਾ ਸੀ। ਇਸ ਦਾ ਮੰਤਵ ਸੂਰਜ ਦੇ ਚਾਰੋਂ ਪਾਸੇ ਚੱਕਰ ਲਾਉਂਦਿਆਂ ਸੌਰ ਹਵਾਵਾਂ ਦਾ ਸੈਂਪਲ ਲੈਣਾ ਹੈ।

ਨਾਸਾ ਨੇ 3 ਮੁੱਖ ਮਿਸ਼ਨ ਭੇਜੇ ਹਨ-ਸੋਹੋ (ਸੋਲਰ ਐਂਡ ਹੇਲੀਓਸਫੈਰਿਕ ਆਬਜ਼ਰਵੇਟਰੀ), ਪਾਰਕਰ ਸੋਲਰ ਪ੍ਰੋਬ ਅਤੇ ਆਇਰਿਸ (ਇੰਟਰਫੇਸ ਰਿਜਨ ਇਮੇਜਿੰਗ ਸਪੈਕਟ੍ਰੋਗ੍ਰਾਫ)। ਸੋਹੋ ਮਿਸ਼ਨ ਨੂੰ ਨਾਸਾ ਅਤੇ ਯੂਰਪੀਅਨ ਸਪੇਸ ਏਜੰਸੀ ਨੇ ਸਾਂਝੇ ਤੌਰ ’ਤੇ ਲਾਂਚ ਕੀਤਾ ਸੀ। ਪਾਰਕਰ ਸੋਲਰ ਪ੍ਰੋਬ 4 ਸਾਲ ਤੋਂ ਸੂਰਜ ਦੀ ਸਤ੍ਹਾ ਦੇ ਸਭ ਤੋਂ ਨੇੜੇ ਚੱਕਰ ਲਾ ਰਿਹਾ ਹੈ। ਆਇਰਿਸ ਸੂਰਜ ਦੀ ਸਤ੍ਹਾ ਦੀਆਂ ਹਾਈ ਰੈਜ਼ੋਲਿਊਸ਼ਨ ਤਸਵੀਰਾਂ ਲੈ ਰਿਹਾ ਹੈ। ਇਹ ਸੂਰਜ ਦੇ ਅਧਿਐਨ ’ਚ ਹੁਣ ਤੱਕ ਸਭ ਤੋਂ ਵੱਡਾ ਮੀਲ ਦਾ ਪੱਥਰ ਸਾਬਤ ਹੋਇਆ ਹੈ। ਨਾਸਾ ਦਾ ਪਾਰਕਰ ਸੋਲਰ ਪ੍ਰੋਬ ਮਿਸ਼ਨ, ਸੂਰਜ ਦੇ ਸਭ ਤੋਂ ਨੇੜੇ ਪਹੁੰਚਣ ਵਾਲੀ ਇਕੋ ਇਕ ਪੁਲਾੜ ਗੱਡੀ ਹੈ। ਨਾਸਾ ਨੇ 14 ਦਸੰਬਰ, 2021 ’ਚ ਐਲਾਨ ਕੀਤਾ ਕਿ ਪਾਰਕਰ ਸੋਲਰ ਪ੍ਰੋਬ ਸੂਰਜ ਦੇ ਉਪਰਲੇ ਵਾਯੂਮੰਡਲ ’ਚੋਂ ਹੋ ਕੇ ਲੰਘਿਆ ਸੀ, ਜਿਸ ਨੂੰ ਕੋਰੋਨਾ ਕਹਿੰਦੇ ਹਨ। ਉਸ ਨੇ ਉੱਥੇ ਚਾਰਜ ਹੋਏ ਕਣਾਂ ਦੇ ਨਮੂਨੇ ਲਏ ਅਤੇ ਸੂਰਜ ਦੇ ਚੁੰਬਕੀ ਖੇਤਰ ਦੀ ਜਾਣਕਾਰੀ ਲਈ।

ਨਾਸਾ ਨੇ ਦਾਅਵਾ ਕੀਤਾ ਸੀ ਕਿ ਇਤਿਹਾਸ ’ਚ ਪਹਿਲੀ ਵਾਰ ਹੋਇਆ ਕਿ ਜਦ ਕਿਸੇ ਪੁਲਾੜ ਗੱਡੀ ਨੇ ਸੂਰਜ ਨੂੰ ‘ਟੱਚ’ ਕੀਤਾ ਸੀ। ਪਾਰਕਰ ਸੋਲਰ ਪ੍ਰੋਬ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਉਹ ਸੂਰਜ ਦੀ ਸਤ੍ਹਾ ਤੋਂ 65 ਲੱਖ ਕਿਲੋਮੀਟਰ ਦੇ ਦਾਇਰੇ ’ਚ ਜਾ ਸਕੇ ਤਾਂ ਕਿ ਉਹ ਊਰਜਾ ਪ੍ਰਵਾਹ ਅਤੇ ‘ਸੋਲਰ ਵਿੰਡ’ ਭਾਵ ਸੌਰ ਪ੍ਰਵਾਹ ਬਾਰੇ ਪਤਾ ਲਾਵੇ। ਨਾਲ ਹੀ ਇੰਨਾ ਕਰੀਬ ਪਹੁੰਚ ਕੇ ਸੋਲਰ ਕੋਰੋਨਾ ਬਾਰੇ ਅਧਿਐਨ ਦਾ ਵੀ ਇਸ ਦਾ ਇਕ ਮੁੱਖ ਮਕਸਦ ਹੈ। ਇਸ ਦਾ ਮਕਸਦ ਹੈਲੀਓਫਿਜ਼ਿਕਸ ਦੇ ਇਸ ਸਵਾਲ ਦਾ ਜਵਾਬ ਲੱਭਣਾ ਹੈ ਕਿ ਲਗਾਤਾਰ ਬਦਲਦੇ ਪੁਲਾੜ ਦੇ ਮਾਹੌਲ ’ਚ ਸੌਰ ਮੰਡਲ ਨੂੰ ਸੂਰਜ ਕਿਵੇਂ ਕੰਟ੍ਰੋਲ ਕਰਦਾ ਹੈ।

ਪਾਰਕਰ ਸੋਲਰ ਪ੍ਰੋਬ ਨੂੰ 2018 ’ਚ ਪੁਲਾੜ ਲਈ ਰਵਾਨਾ ਕੀਤਾ ਗਿਆ ਸੀ ਅਤੇ ਉਸ ਦੇ 3 ਸਾਲ ਪਿੱਛੋਂ ਹੀ ਇਸ ਨੇ ਆਪਣੇ ਨਿਸ਼ਾਨੇ ’ਚ ਕਾਮਯਾਬੀ ਹਾਸਲ ਕਰ ਲਈ ਸੀ। ਨਾਸਾ ਦੇ ਕਹਿਣ ਮੁਤਾਬਕ ਇਸ ਪੁਲਾੜ ਗੱਡੀ ਨੇ 28 ਅਪ੍ਰੈਲ, 2021 ਨੂੰ 8ਵਾਂ ਫਲਾਈਬਾਏ ਕੀਤਾ ਜਿਸ ਨੂੰ ਕਹਿੰਦੇ ਹਨ (ਸੂਰਜ ਦੇ ਸਭ ਤੋਂ ਨੇੜੇ ਉਡਾਣ) ਅਤੇ ਇਸੇ ਦੌਰਾਨ ਉਸ ਨੇ ਕੋਰੋਨਾ (ਸੌਰ ਆਭਾਮੰਡਲ) ’ਚ ਪ੍ਰਵੇਸ਼ ਕੀਤਾ। ਪੁਲਾੜ ਦੀ ਦਿਸ਼ਾ ’ਚ ਮਨੁੱਖ ਦੇ ਵਧਦੇ ਕਦਮਾਂ ਤੋਂ ਸਾਬਤ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਚੰਦਰਮਾ, ਮੰਗਲ ਜਾਂ ਕਿਸੇ ਦੂਜੇ ਗ੍ਰਹਿ ’ਤੇ ਇਨਸਾਨੀ ਬਸਤੀ ਹੋਵੇਗੀ।

ਯੋਗੇਂਦਰ ਯੋਗੀ

Tanu

This news is Content Editor Tanu