ਵਿਸ਼ਵ ''ਚ ਖਤਰਨਾਕ ''ਈ'' ਕਚਰੇ ਦੀ ਰਾਜਧਾਨੀ ਬਣਦਾ ਜਾ ਰਿਹੈ ਭਾਰਤ

03/06/2017 7:08:51 AM

ਸਾਡੇ ਵਿਚੋਂ ਜ਼ਿਆਦਾਤਰ ਲੋਕ ਬਿਨਾਂ ਸੋਚੇ-ਸਮਝੇ ਆਪਣੇ ਪੁਰਾਣੇ ਜਾਂ ਖਰਾਬ ਮੋਬਾਇਲ ਫੋਨ, ਲੈਪਟਾਪ ਜਾਂ ਹੋਰ ਇਲੈਕਟ੍ਰਾਨਿਕ ਉਪਕਰਨਾਂ ਨੂੰ ਸੁੱਟ ਕੇ ਨਵਾਂ ਖਰੀਦ ਤਾਂ ਲੈਂਦੇ ਹਨ ਪਰ ਅਜਿਹਾ ਕਰਕੇ ਅਸੀਂ ਚੌਗਿਰਦੇ ਨੂੰ ਜੋ ਕਦੇ ਨਾ ਪੂਰਿਆ ਜਾਣ ਵਾਲਾ ਨੁਕਸਾਨ ਪਹੁੰਚਾ ਰਹੇ ਹਾਂ, ਉਸ ਬਾਰੇ ਘੱਟ ਹੀ ਲੋਕਾਂ ਨੂੰ ਅੰਦਾਜ਼ਾ ਹੋਵੇਗਾ।
ਜਦੋਂ ਅਸੀਂ ਆਪਣੇ ਇਲੈਕਟ੍ਰਾਨਿਕ ਉਪਕਰਨਾਂ ਨੂੰ ਲੰਬੇ ਸਮੇਂ ਤਕ ਵਰਤਣ ਤੋਂ ਬਾਅਦ ਉਨ੍ਹਾਂ ਨੂੰ ਬਦਲਣ/ਖਰਾਬ ਹੋਣ ''ਤੇ ਦੂਜਾ ਨਵਾਂ ਉਪਕਰਨ ਵਰਤੋਂ ਵਿਚ ਲਿਆਉਂਦੇ ਹਾਂ ਤਾਂ ਇਸ ਖਰਾਬ ਉਪਕਰਨ ਨੂੰ ਈ-ਵੇਸਟ (ਕਚਰਾ) ਕਿਹਾ ਜਾਂਦਾ ਹੈ। ਮਿਸਾਲ ਵਜੋਂ ਕੰਪਿਊਟਰ,  ਮੋਬਾਇਲ ਫੋਨ, ਪਿੰ੍ਰਟਰਜ਼, ਫੋਟੋਕਾਪੀ ਮਸ਼ੀਨ, ਇਨਵਰਟਰ, ਯੂ. ਪੀ. ਐੱਸ., ਐੱਲ. ਸੀ. ਡੀ./ਟੈਲੀਵਿਜ਼ਨ, ਰੇਡੀਓ/ਟ੍ਰਾਂਜ਼ਿਸਟਰ, ਡਿਜੀਟਲ ਕੈਮਰਾ ਆਦਿ।
ਸਰਵੇਖਣਾਂ ਅਨੁਸਾਰ ਭਾਰਤ ''ਚ ਖਤਰਨਾਕ ਈ-ਕਚਰੇ ਦੀ ਡੰਪਿੰਗ ਦੇ ਸਿੱਟੇ ਵਜੋਂ ਪੈਦਾ ਹੋਣ ਵਾਲੇ ਈ-ਵੇਸਟ ਭਾਵ ਕਚਰੇ ਦੀ ਕੁਲ ਮਾਤਰਾ ਲੱਖਾਂ ਮੀਟ੍ਰਿਕ ਟਨ ਹੈ ਅਤੇ ਇਸ ''ਚ ਲਗਾਤਾਰ ਵਾਧਾ ਹੋ ਰਿਹਾ ਹੈ।
ਇਕ ਹਾਲ ਹੀ ਦੇ ਅਧਿਐਨ ਅਨੁਸਾਰ ਮੋਬਾਇਲ ਫੋਨ, ਪਰਸਨਲ ਕੰਪਿਊਟਿੰਗ ਉਪਕਰਨ ਅਤੇ ਟੀ. ਵੀ. ਨੂੰ ਭਾਰਤ ਵਿਚ ਪੈਦਾ ਹੋਣ ਵਾਲੇ ਇਲੈਕਟ੍ਰਾਨਿਕ ਕਚਰੇ ਭਾਵ ਈ-ਕਚਰੇ ਦਾ ਸਭ ਤੋਂ ''ਖਤਰਨਾਕ'' ਪੈਦਾ ਹੋਣ ਵਾਲਾ ਸਰੋਤ ਮੰਨਿਆ ਗਿਆ ਹੈ ਅਤੇ ਦੁਨੀਆ ''ਚ ਭਾਰਤ ਈ-ਕਚਰੇ ਦੇ ਸਰਵਉੱਚ ਉਤਪਾਦਕਾਂ ''ਚੋਂ ਇਕ ਬਣਦਾ ਜਾ ਰਿਹਾ ਹੈ।
''ਐਸੋਸੀਏਟਿਡ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ ਆਫ ਇੰਡੀਆ-ਸੀ ਕਾਇਨੈਟਿਕਸ'' ਦੇ ਇਸ ਅਧਿਐਨ ਅਨੁਸਾਰ ਸਾਲ 2020 ਤਕ ਭਾਰਤ ਵਿਚ ਈ-ਕਚਰੇ ਦੀ ਮਾਤਰਾ ਦੇ ਮੌਜੂਦਾ 18 ਲੱਖ ਮੀਟ੍ਰਿਕ ਟਨ ਤੋਂ ਵਧ ਕੇ 52 ਲੱਖ ਮੀਟ੍ਰਿਕ ਟਨ ਦੇ ਖਤਰਨਾਕ ਪੱਧਰ ਤਕ ਪਹੁੰਚ ਜਾਣ ਦੀ ਸੰਭਾਵਨਾ ਹੈ ਅਤੇ ਇਹ ਵਾਧਾ ਹਰ ਸਾਲ 30 ਫੀਸਦੀ ਦੀ ਚਿੰਤਾਜਨਕ ਹੱਦ ਤਕ ਜ਼ਿਆਦਾ ਦਰ ਨਾਲ ਹੋ ਰਿਹਾ ਹੈ।
ਇਸੇ ਤਰ੍ਹਾਂ ਵਿਸ਼ਵ ਪੱਧਰ ''ਤੇ ਪੈਦਾ ਹੋਣ ਵਾਲੇ ਈ-ਕਚਰੇ ਦੀ ਮਾਤਰਾ 2016 ''ਚ ਸਾਢੇ 93 ਲੱਖ ਟਨ ਤੋਂ ਵਧ ਕੇ 2018 ''ਚ ਇਕ ਕਰੋੜ 30 ਲੱਖ ਟਨ ਪਹੁੰਚਣ ਦੀ ਉਮੀਦ ਹੈ।
ਕੰਪਿਊਟਰ, ਟੀ. ਵੀ. ਅਤੇ ਮੋਬਾਇਲ ਫੋਨ ਨੂੰ ਸਭ ਤੋਂ ਖਤਰਨਾਕ ਇਸ ਲਈ ਮੰਨਿਆ ਜਾ ਰਿਹਾ ਹੈ ਕਿਉਂਕਿ ਉਨ੍ਹਾਂ ''ਚ ਸੀਸਾ, ਪਾਰਾ, ਕੈਡੀਅਮ ਵਰਗੀਆਂ ਖਤਰਨਾਕ ਧਾਤੂਆਂ ਦਾ ਪੱਧਰ ਬਹੁਤ ਜ਼ਿਆਦਾ ਹੁੰਦਾ ਹੈ ਅਤੇ ਇਨ੍ਹਾਂ ਦਾ ਜੀਵਨ ਘੱਟ ਹੋਣ ਕਾਰਨ ਇਨ੍ਹਾਂ ਨੂੰ ਅਕਸਰ ਬਦਲਿਆ ਜਾਂਦਾ ਰਹਿੰਦਾ ਹੈ।
ਈ-ਕਚਰੇ ''ਚ ਆਮ ਤੌਰ ''ਤੇ ਲਿਕੁਇਡ ਕ੍ਰਿਸਟਨ ਡਿਸਪਲੇਅ, ਪਲਾਜ਼ਮਾ ਟੀ. ਵੀ., ਕੰਪਿਊਟਰ ਮਾਨੀਟਰ, ਮਦਰ ਬੋਰਡ, ਕੈਥੋਡ ਰੇਅ ਟਿਊਬ, ਸਰਕਿਟ ਬੋਰਡ, ਮੋਬਾਇਲ ਫੋਨ, ਚਾਰਜਰ, ਕੰਪੈਕਟ ਡਿਸਕ, ਹੈੱਡਫੋਨ ਆਦਿ ਸ਼ਾਮਲ ਹੁੰਦੇ ਹਨ।
ਦੇਸ਼ ''ਚ ਸਰਕਾਰੀ, ਜਨਤਕ ਅਤੇ ਨਿੱਜੀ (ਉਦਯੋਗਿਕ) ਸੈਕਟਰ ਵਲੋਂ 75 ਫੀਸਦੀ ਈ-ਕਚਰਾ ਪੈਦਾ ਹੁੰਦਾ ਹੈ। ਆਮ ਪਰਿਵਾਰਾਂ ਦੀ ਇਸ ਵਿਚ ਹਿੱਸੇਦਾਰੀ 16 ਫੀਸਦੀ ਹੈ, ਜਦਕਿ ਬਾਕੀ ਨਿਰਮਾਣ ਦੇ ਸਰੋਤ ''ਤੇ ਪੈਦਾ ਹੁੰਦਾ ਹੈ।
ਦੇਸ਼ ''ਚ ਸਿਰਫ ਡੇਢ ਫੀਸਦੀ ਈ-ਕਚਰੇ ਦੀ ਹੀ ਰੀ-ਸਾਈਕਲਿੰਗ ਹੁੰਦੀ ਹੈ, ਜਿਸ ਦਾ ਕਾਰਨ ਖਰਾਬ ਬੁਨਿਆਦੀ ਢਾਂਚਾ, ਨੀਤੀ ਨਿਰਮਾਣ ਅਤੇ ਪੁਖਤਾ ਢਾਂਚੇ ਦੀ ਕਮੀ ਹੈ। ਇਸ ਕਾਰਨ ਕੁਦਰਤੀ ਸੋਮੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਅਤੇ ਚੌਗਿਰਦੇ ਤੇ ਉਦਯੋਗਾਂ ''ਚ ਕੰਮ ਕਰਨ ਵਾਲਿਆਂ ਦੀ ਸਿਹਤ ਨੂੰ ਪੂਰਾ ਨਾ ਹੋਣ ਵਾਲਾ ਨੁਕਸਾਨ ਪੁੱਜ ਰਿਹਾ ਹੈ।
ਦੇਸ਼ ''ਚ 95 ਫੀਸਦੀ ਈ-ਕਚਰੇ ਨੂੰ ਗ਼ੈਰ-ਸੰਗਠਿਤ ਖੇਤਰ ਅਤੇ ਸਕ੍ਰੈਪ ਡੀਲਰ ਹੀ ਸੰਭਾਲ ਰਹੇ ਹਨ, ਜੋ ਉਨ੍ਹਾਂ ਨੂੰ ਰੀਸਾਈਕਲ ਕਰਨ ਦੀ ਬਜਾਏ ਤੋੜ ਦਿੰਦੇ ਹਨ। ਅਧਿਐਨ ਅਨੁਸਾਰ ਦੇਸ਼ ''ਚ ਕੰਮ ਕਰਨ ਵਾਲੇ ਦੋ-ਤਿਹਾਈ ਈ-ਵੇਸਟ ਮੁਲਾਜ਼ਮ ਦਮੇ ਤੇ ਬ੍ਰੋਂਕਾਈਟਿਸ ਵਰਗੇ ਸਾਹ ਦੇ ਰੋਗਾਂ ਤੋਂ ਪੀੜਤ ਹਨ।
ਦੇਸ਼ ''ਚ ਰਵਾਇਤੀ ਅਤੇ ਆਮ ਤੌਰ ''ਤੇ ਰੀ-ਸਾਈਕਲਿੰਗ ਕਬਾੜੀ ਹੀ ਕਰਦੇ ਆ ਰਹੇ ਹਨ। ਉਹ ਵੱਖ-ਵੱਖ ਥਾਵਾਂ ਤੋਂ ਕਚਰਾ ਜਮ੍ਹਾ ਕਰ ਕੇ ਉਸ ਨੂੰ ਛਾਂਟ ਕੇ ਰੀ-ਸਾਈਕਲਿੰਗ ਪਲਾਂਟ ਤਕ ਪਹੁੰਚਾਉਂਦੇ ਹਨ ਜਾਂ ਕਚਰੇ ਦੇ ਮੈਦਾਨਾਂ ''ਤੇ ਸੁੱਟਦੇ ਹਨ।
ਕੁਝ ਸਮਾਂ ਪਹਿਲਾਂ 9 ਫੋਟੋਗ੍ਰਾਫਰਜ਼ ਨੇ ਦੇਸ਼ ਭਰ ''ਚ ਈ-ਕਚਰੇ ਦਾ ਧੰਦਾ ਕਰਨ ਵਾਲੇ ਕਬਾੜੀਆਂ ਦੇ ਸਾਮਾਨ ਦੀਆਂ ਫੋਟੋਆਂ ਖਿੱਚ ਕੇ ਇਕ ਪ੍ਰਦਰਸ਼ਨੀ ਵੀ ਲਾਈ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਅੰਦਾਜ਼ੇ ਅਨੁਸਾਰ ਦੇਸ਼ ''ਚ ਲਗਾਤਾਰ ਹੋ ਰਹੇ ਸ਼ਹਿਰੀਕਰਨ ਕਾਰਨ 2050 ਤਕ ਭਾਰਤ ਹੀ ਦੁਨੀਆ ''ਚ ਸਭ ਤੋਂ ਵੱਡਾ ਕਚਰਾ ਉਤਪਾਦਕ ਬਣ ਜਾਵੇਗਾ। ਗੌਰਤਲਬ ਹੈ ਕਿ ਸ਼ਹਿਰੀ ਲੋਕ ਪਿੰਡ ਵਾਲਿਆਂ ਦੀ ਤੁਲਨਾ ''ਚ ਦੁੱਗਣਾ ਕਚਰਾ ਪੈਦਾ ਕਰਦੇ ਹਨ, ਜੋ ਇਨ੍ਹਾਂ ''ਚੋਂ ਪੈਦਾ ਹੋਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਦੇ ਸਿੱਟੇ ਵਜੋਂ ਚੌਗਿਰਦੇ ਨੂੰ ਹੋਣ ਵਾਲੇ ਨੁਕਸਾਨ ਤੋਂ ਇਲਾਵਾ ਮਨੁੱਖ ਤੇ ਪਸ਼ੂ ਜਾਤੀ ਲਈ ਬਰਾਬਰ ਖਤਰਾ ਬਣਦਾ ਜਾ ਰਿਹਾ ਹੈ।

Vijay Kumar Chopra

This news is Chief Editor Vijay Kumar Chopra