ਨਾਰੀ ਦੇ ਵੱਕਾਰ ਨੂੰ ਠੇਸ ਪਹੁੰਚਾਉਣ ਵਾਲਾ ਆਜ਼ਮ ਖਾਂ ਦਾ ਬਿਆਨ

04/16/2019 7:16:12 AM

ਰਾਮਪੁਰ ਤੋਂ ਸਪਾ ਦੀ ਟਿਕਟ ’ਤੇ ਲੋਕ ਸਭਾ ਦੀ ਚੋਣ ਲੜ ਰਹੇ ਆਜ਼ਮ ਖਾਂ ਜਯਾ ਪ੍ਰਦਾ ਬਾਰੇ ਆਪਣੇ ਮਰਿਆਦਾਹੀਣ ਬਿਆਨਾਂ ਨੂੰ ਲੈ ਕੇ ਆਲੋਚਨਾ ਦੇ ਪਾਤਰ ਬਣੇ ਹੋਏ ਹਨ। ਆਜ਼ਮ ਖਾਂ ਨੇ ਜਯਾ ਪ੍ਰਦਾ ਨੂੰ ਇਕ ‘ਨੱਚਣ ਵਾਲੀ’ ਦੱਸਦਿਆਂ 11 ਮਾਰਚ ਨੂੰ ਕਿਹਾ ਸੀ ਕਿ ‘‘ਇਕ ਨੱਚਣ ਵਾਲੀ ਨੇ ਮੇਰੇ ਬਾਰੇ ਟਿੱਪਣੀ ਕੀਤੀ ਹੈ। ਮੈਂ ਨੱਚਣ-ਗਾਉਣ ਵਾਲੀ ਦੇ ਮੂੰਹ ਨਹੀਂ ਲੱਗਦਾ। ਜੇਕਰ ਮੈਂ ਉਸ ਦੇ ਮੂੰਹ ਲੱਗਾਂਗਾ ਤਾਂ ਸਿਆਸਤ ਕਿਵੇਂ ਕਰਾਂਗਾ।’’ ਫਿਰ ਇਸ ਤੋਂ ਬਾਅਦ ਆਜ਼ਮ ਖਾਂ 14 ਅਪ੍ਰੈਲ ਨੂੰ ਰਾਮਪੁਰ ਦੀ ਇਕ ਜਨ-ਸਭਾ ’ਚ ਰਾਮਪੁਰ ਤੋਂ ਭਾਜਪਾ ਦੀ ਟਿਕਟ ’ਤੇ ਲੋਕ ਸਭਾ ਦੀ ਚੋਣ ਲੜ ਰਹੀ ਜਯਾ ਪ੍ਰਦਾ ਬਾਰੇ ਮਰਿਆਦਾਹੀਣ ਟਿੱਪਣੀ ਕਰ ਕੇ ਚਾਰੇ ਪਾਸਿਓਂ ਘਿਰ ਗਏ। ਉਨ੍ਹਾਂ ਨੇ ਲੋਕਾਂ ਨੂੰ ਪੁੱਛਿਆ ਕਿ ‘‘ਕੀ ਸਿਆਸਤ ਇੰਨੀ ਗਿਰ ਜਾਏਗੀ ਕਿ ਜਿਸ ਨੇ 10 ਸਾਲ ਰਾਮਪੁਰ ਵਾਲਿਆਂ ਦਾ ਖੂਨ ਪੀਤਾ, ਜਿਸ ਨੂੰ ਉਂਗਲੀ ਫੜ ਕੇ ਅਸੀਂ ਸਿਆਸਤ ’ਚ ਲਿਆਏ, ਉਸ ਨੇ ਸਾਡੇ ’ਤੇ ਕੀ-ਕੀ ਇਲਜ਼ਾਮ ਨਹੀਂ ਲਾਏ। ਕੀ ਤੁਸੀਂ ਉਸ ਨੂੰ ਵੋਟ ਦਿਓਗੇ?’’ ‘‘ਤੁਸੀਂ 10 ਸਾਲ ਜਿਨ੍ਹਾਂ ਤੋਂ ਆਪਣੀ ਨੁਮਾਇੰਦਗੀ ਕਰਵਾਈ, ਉਨ੍ਹਾਂ ਦੀ ਅਸਲੀਅਤ ਸਮਝਣ ’ਚ ਤੁਹਾਨੂੰ 17 ਸਾਲ ਲੱਗੇ, ਮੈਂ 17 ਦਿਨਾਂ ’ਚ ਪਛਾਣ ਗਿਆ ਕਿ ਇਨ੍ਹਾਂ ਦਾ ਅੰਦਰੂਨੀ ਵਸਤਰ ਖਾਕੀ ਰੰਗ ਦਾ ਹੈ।’’ ਆਜ਼ਮ ਖਾਂ ਸਮਾਜਵਾਦੀ ਪਾਰਟੀ (ਸਪਾ) ਦੇ ਕੱਦਾਵਰ ਨੇਤਾ ਹਨ। ਉਹ ਸਪਾ ਦੇ ਬਾਨੀ ਮੈਂਬਰ, ਕੌਮੀ ਜਨਰਲ ਸਕੱਤਰ ਅਤੇ ਯੂ. ਪੀ. ਸਰਕਾਰ ’ਚ ਮੰਤਰੀ ਰਹਿ ਚੁੱਕੇ ਹਨ। ਉਹ 9 ਵਾਰ ਰਾਮਪੁਰ ਤੋਂ ਵਿਧਾਇਕ ਚੁਣੇ ਗਏ ਹਨ ਅਤੇ ਅਭਿਨੇਤਰੀ ਤੋਂ ਸਿਆਸਤਦਾਨ ਬਣੀ ਜਯਾ ਪ੍ਰਦਾ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਹੈ।

15ਵੀਆਂ ਲੋਕ ਸਭਾ ਚੋਣਾਂ ਦੌਰਾਨ ਆਜ਼ਮ ਖਾਂ ਵਲੋਂ ਉਦੋਂ ਸਪਾ ਦੀ ਟਿਕਟ ’ਤੇ ਚੋਣਾਂ ਲੜ ਰਹੀ ਜਯਾ ਪ੍ਰਦਾ ਦੇ ਵਿਰੋਧ ਕਾਰਨ ਪਾਰਟੀ ’ਚ ਸੰਕਟ ਪੈਦਾ ਹੋ ਗਿਆ ਸੀ ਅਤੇ ਆਜ਼ਮ ਖਾਂ ਨੂੰ 24 ਮਈ 2009 ਨੂੰ ਪਾਰਟੀ ’ਚੋਂ 6 ਸਾਲਾਂ ਲਈ ਕੱਢ ਵੀ ਦਿੱਤਾ ਗਿਆ ਸੀ ਪਰ ਬਾਅਦ ’ਚ ਉਨ੍ਹਾਂ ਦੀ ਬਰਤਰਫੀ ਰੱਦ ਕਰ ਦਿੱਤੀ ਗਈ ਤੇ ਉਹ 4 ਦਸੰਬਰ 2010 ਨੂੰ ਮੁੜ ਪਾਰਟੀ ’ਚ ਆ ਗਏ। ਆਜ਼ਮ ਖਾਂ ਵਲੋਂ ਅਜਿਹੇ ਬਿਆਨ ਦੇਣ ਦਾ ਇਹ ਕੋਈ ਪਹਿਲਾ ਮੌਕਾ ਨਹੀਂ ਹੈ। ਇਸੇ ਸਾਲ 15 ਫਰਵਰੀ ਨੂੰ ਉਨ੍ਹਾਂ ਨੇ ਇਹ ਇਤਰਾਜ਼ਯੋਗ ਬਿਆਨ ਦਿੱਤਾ ਸੀ ਕਿ ‘‘ਜਵਾਨਾਂ ਦੀ ਸ਼ਹਾਦਤ ਲਈ 2 ਹੀ ਬੰਦੇ–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਜ਼ਿੰਮੇਵਾਰ ਹਨ।’’ ‘‘ਸਾਡੀਆਂ ਜਿੰਨੀਆਂ ਵੀ ਖੁਫੀਆ ਏਜੰਸੀਆਂ ਹਨ, ਉਨ੍ਹਾਂ ਤੋਂ ਸਿਆਸੀ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਤੋਂ ਕਿਤੇ ਮਮਤਾ ਦੀ ਜਾਂਚ ਕਰਵਾਈ ਜਾ ਰਹੀ ਹੈ, ਕਿਤੇ ਵਢੇਰਾ ਦੀ ਅਤੇ ਕੁਝ ਏਜੰਸੀਆਂ ਅਖਿਲੇਸ਼ ਦੀ ਜਾਂਚ ’ਚ ਜੁਟੀਆਂ ਹੋਈਆਂ ਹਨ।’’ ਇਸੇ ਤਰ੍ਹਾਂ ਆਜ਼ਮ ਖਾਂ ਦਾ ਇਕ ਹੋਰ ਵਿਵਾਦਪੂਰਨ ਬਿਆਨ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਕਹਿ ਰਹੇ ਹਨ, ‘‘ਯਾਦ ਹੈ ਨਾ ਮਾਇਆਵਤੀ ਦੀ ਫੋਟੋ, ਜਿਸ ’ਚ ਅਫਸਰ ਰੁਮਾਲ ਕੱਢ ਕੇ ਉਨ੍ਹਾਂ ਦੀਆਂ ਜੁੱਤੀਆਂ ਸਾਫ ਕਰਦੇ ਸਨ! ਇਸ ਵਾਰ ਬਸਪਾ ਨਾਲ ਹੀ ਗੱਠਜੋੜ ਹੋਇਆ ਹੈ ਤੇ ਇਕ ਵਾਰ ਫਿਰ ਅਫਸਰਾਂ ਤੋਂ ਮਾਇਆਵਤੀ ਦੀਆਂ ਜੁੱਤੀਆਂ ਸਾਫ ਕਰਵਾਵਾਂਗਾ।’’ ਜਯਾ ਪ੍ਰਦਾ ਨੇ 13 ਅਪ੍ਰੈਲ ਨੂੰ ਰਾਮਪੁਰ ’ਚ ਇਕ ਜਨ-ਸਭਾ ਦੌਰਾਨ ਭਾਸ਼ਣ ਦਿੰਦਿਆਂ ਕਿਹਾ, ‘‘ਮੈਂ ਮੁਲਾਇਮ ਸਿੰਘ ਜੀ ਨੂੰ ਵੀ ਦੱਸਿਆ ਕਿ ਮੇਰੀਆਂ ਅਸ਼ਲੀਲ ਤਸਵੀਰਾਂ ਰਾਮਪੁਰ ’ਚ ਘੁਮਾ ਰਹੇ ਹਨ, ਮੈਨੂੰ ਬਚਾਓ ਪਰ ਰਾਮਪੁਰ ਦੇ ਕਿਸੇ ਨੇਤਾ ਨੇ ਮੈਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਇਸ ਲਈ ਮੈਨੂੰ ਮਜਬੂਰੀ ’ਚ ਰਾਮਪੁਰ ਛੱਡ ਕੇ ਜਾਣਾ ਪਿਆ।’’

‘‘ਆਜ਼ਮ ਖਾਂ ਸਾਹਿਬ, ਮੈਂ ਤੁਹਾਨੂੰ ਭਰਾ ਕਿਹਾ ਪਰ ਤੁਸੀਂ ਮੈਨੂੰ ਭੈਣ ਦੇ ਨਾਂ ਨਾਲ ਬਦਦੁਆ ਦਿੱਤੀ ਤੇ ਮੈਨੂੰ ਜ਼ਲੀਲ ਕੀਤਾ। ਕੀ ਸਾਡੇ ਭਰਾ ਕਦੇ ਇਸ ਨਜ਼ਰ ਨਾਲ ਦੇਖਦੇ ਹਨ ਕਿ ਮੈਂ ਨੱਚਣ ਵਾਲੀ ਹਾਂ? ਇਸ ਲਈ ਮੈਂ ਰਾਮਪੁਰ ਛੱਡ ਕੇ ਜਾਣਾ ਚਾਹੁੰਦੀ ਸੀ।’’ ਜਿੱਥੇ ਜਯਾ ਪ੍ਰਦਾ ਨੇ ਬਸਪਾ ਸੁਪਰੀਮੋ ਮਾਇਆਵਤੀ ਨੂੰ ਅਪੀਲ ਕੀਤੀ ਹੈ ਕਿ ਬਸਪਾ ਆਜ਼ਮ ਖਾਂ ਦੇ ਮਰਿਆਦਾਹੀਣ ਬਿਆਨ ਕਾਰਨ ਸਪਾ ਤੋਂ ਆਪਣੀ ਹਮਾਇਤ ਵਾਪਿਸ ਲੈ ਲਵੇ, ਉਥੇ ਹੀ ਸੁਸ਼ਮਾ ਸਵਰਾਜ ਨੇ ਆਜ਼ਮ ਖਾਂ ਦੇ ਬਿਆਨ ਦੀ ਤੁਲਨਾ ਦ੍ਰੋਪਦੀ ਦੇ ਚੀਰਹਰਣ ਨਾਲ ਕਰਦਿਆਂ ਮੁਲਾਇਮ ਸਿੰਘ ਨੂੰ ਭੀਸ਼ਮ ਬਣ ਕੇ ਖਾਮੋਸ਼ ਦਰਸ਼ਕ ਨਾ ਬਣੇ ਰਹਿਣ ਦੀ ਨਸੀਹਤ ਦਿੱਤੀ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਇਨ੍ਹਾਂ ਟਿੱਪਣੀਆਂ ਨੂੰ ਬੇਹੱਦ ਮਰਿਆਦਾਹੀਣ ਦੱਸਦਿਆਂ ਆਜ਼ਮ ਖਾਂ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਨ ਤੋਂ ਇਲਾਵਾ ਚੋਣ ਕਮਿਸ਼ਨ ਨੂੰ ਉਨ੍ਹਾਂ ਦੇ ਚੋਣ ਲੜਨ ’ਤੇ ਰੋਕ ਲਾਉਣ ਦੀ ਅਪੀਲ ਕੀਤੀ ਹੈ। ਭਾਰਤ ਵਰਗੇ ਦੇਸ਼ ’ਚ ਜਿੱਥੇ ਔਰਤਾਂ ਨੂੰ ਸਨਮਾਨਜਨਕ ਦਰਜਾ ਹਾਸਿਲ ਹੈ, ਆਜ਼ਮ ਖਾਂ ਵਰਗੇ ਨੇਤਾਵਾਂ ਵਲੋਂ ਅਜਿਹੇ ਬਿਆਨ ਦੇਣਾ ਭਾਰਤੀ ਸੱਭਿਅਤਾ ਦੇ ਪੂਰੀ ਤਰ੍ਹਾਂ ਉਲਟ ਹੈ, ਇਸ ਲਈ ਸਰਕਾਰ ਨੂੰ ਚੋਣਾਂ ਦੇ ਦਿਨਾਂ ’ਚ ਵੱਖ-ਵੱਖ ਨੇਤਾਵਾਂ ਨੂੰ ਅਜਿਹੇ ਬਿਆਨ ਦੇਣ ਤੋਂ ਰੋਕਣ ਲਈ ਅਸਰਦਾਰ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਦੇਸ਼ ਦਾ ਮਾਹੌਲ ਨਾ ਵਿਗੜੇ ਅਤੇ ਆਪਸੀ ਕੁੜੱਤਣ ਪੈਦਾ ਨਾ ਹੋਵੇ।

–ਵਿਜੇ ਕੁਮਾਰ
 

Bharat Thapa

This news is Content Editor Bharat Thapa