‘ਕੋਰੋਨਾ’ ਦੇ ਵਿਰੁੱਧ ਲੜ ਰਹੇ ਲੋਕਾਂ ’ਤੇ ਹਮਲੇ ਅਣਮਨੁੱਖੀ, ਅਨੈਤਿਕ ਅਤੇ ਅਣਉਚਿਤ

04/03/2020 2:06:52 AM

ਵਿਸ਼ਵ ’ਚ ‘ਕੋਰੋਨਾ ਇਨਫੈਕਸ਼ਨ’ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਅਮਰੀਕਾ ’ਚ ਤਾਂ ਇਹ ਹਾਲਤ ਇੰਨੀ ਭੈੜੀ ਹੋ ਗਈ ਹੈ ਕਿ ਪੀੜਤਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਅਤੇ ਨਰਸਾਂ ਨੇ ਵੀ ਇਸਦੇ ਡਰ ਤੋਂ ਆਪਣੀਆਂ ਵਸੀਅਤਾਂ ਤੱਕ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਰਤ ’ਚ ਵੀ ‘ਕੋਰੋਨਾ’ ਫੈਲ ਰਿਹਾ ਹੈ। ਅਜਿਹੇ ’ਚ ਲੋਕਾਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਇਸ ਤੋਂ ਬਚਾਅ ਲਈ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਕਰ ਕੇ ਰੋਕਣ ’ਚ ਸਹਿਯੋਗ ਦੇਣ ਪਰ ਹੋ ਇਸਦੇ ਉਲਟ ਰਿਹਾ ਹੈ। ਜਿਥੇ ‘ਕੋਰੋਨਾ ਵਾਰੀਅਰਜ਼’ (ਡਾਕਟਰ, ਨਰਸਾਂ, ਪੁਲਸ) ਜਾਨ ’ਤੇ ਖੇਡ ਕੇ ਇਸਦੇ ਵਿਰੁੱਧ ਜੰਗ ਲੜ ਰਹੇ ਹਨ ਉਥੇ ਦੇਸ਼ ਦੇ ਕੁਝ ਹਿੱਸਿਆਂ ਵਿਚ ਸਮਾਜ ਵਿਰੋਧੀ ਤੱਤ ਇਨ੍ਹਾਂ ਯੋਧਿਆਂ ’ਤੇ ਹਮਲੇ ਕਰ ਕੇ ਉਨ੍ਹਾਂ ਦੇ ਯਤਨਾਂ ’ਚ ਅੜਿੱਕਾ ਪਾ ਰਹੇ ਹਨ।

* ਵੱਡੇ ਪੱਧਰ ’ਤੇ ‘ਕੋਰੋਨਾ ਇਨਫੈਕਸ਼ਨ’ ਫੈਲਾਉਣ ਦੇ ਜ਼ਿੰਮੇਵਾਰ ਤਬਲੀਗੀ ਜਮਾਤ ਦੇ ਮਰਕਜ਼ ’ਚੋਂ ਨਿਕਲਣ ਵਾਲੇ ਲੋਕਾਂ ਦੀ ਭਾਲ ਵਿਚ 1 ਅਪ੍ਰੈਲ ਨੂੰ ਜਦੋਂ ਪੁਲਸ ਬਿਹਾਰ ’ਚ ਮਧੂਬਨੀ ਸਥਿਤ ਮਸਜਿਦ ’ਚ ਪਹੁੰਚੀ ਤਾਂ ਉਥੇ ਮੌਜੂਦ ਜਮਾਤ ਦੇ ਸਮਰਥਕਾਂ ਨੇ ਨਾ ਸਿਰਫ ਉਨ੍ਹਾਂ ’ਤੇ ਪਥਰਾਅ ਕੀਤਾ ਅਤੇ ਗੋਲੀ ਚਲਾਈ ਸਗੋਂ ਪੁਲਸ ਦੀ ਇਕ ਗੱਡੀ ’ਚ ਭੰਨ-ਤੋੜ ਕਰ ਕੇ ਉਸ ਨੂੰ ਤਲਾਬ ’ਚ ਸੁੱਟ ਦਿੱਤਾ।

* ਦਿੱਲੀ ਦੇ ਇਕ ਹੋਸਟਲ ’ਚ ਰੱਖੇ ਗਏ ਮਰਕਜ਼ ਦੇ 97 ਵਿਅਕਤੀਆਂ ਵਲੋਂ ਸਿਹਤ ਕਰਮਚਾਰੀਆਂ ਨਾਲ ਬਦਸਲੂਕੀ ਕਰਨ, ਖਾਣ-ਪੀਣ ਦੀਆਂ ਚੀਜ਼ਾਂ ਦੀ ਅਣਉਚਿਤ ਮੰਗ ਕਰਨ ਅਤੇ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰਾਂ ’ਤੇ ਥੁੱਕ ਕੇ ਇਨਫੈਕਸ਼ਨ ਫੈਲਾਉਣ ਦਾ ਖਤਰਾ ਪੈਦਾ ਕਰਨ ਦੀਆਂ ਸ਼ਿਕਾਇਤਾਂ ਮਿਲੀਆਂ ਹਨ।

* ਤਬਲੀਗੀ ਜਮਾਤ ਦੇ ਮੌਲਾਨਾ ‘ਸਾਦ ਕੰਧਾਲਵੀ’ ਦਾ ਇਕ ਕਥਿਤ ਆਡੀਓ ਵੀ ਸਾਹਮਣੇ ਆਇਆ ਹੈ ਜਿਸ ਵਿਚ ਉਸ ਨੇ ਆਪਣੇ ਪੈਰੋਕਾਰਾਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣ ਨਾ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ :

‘‘ਇਹ ਜਮਾਤ ਦੇ ਵਿਰੁੱਧ ਇਕ ਸਾਜ਼ਿਸ਼ ਹੈ, ਇਸ ਲਈ ਸੋਸ਼ਲ ਡਿਸਟੈਂਸਿੰਗ ਦੀ ਲੋੜ ਨਹੀਂ ਹੈ। ਲੋਕ ਮਸਜਿਦਾਂ ’ਚ ਆਉਣਾ-ਜਾਣਾ ਜਾਰੀ ਰੱਖਣ ਅਤੇ ਡਾਕਟਰਾਂ ਦੀਆਂ ਗੱਲਾਂ ’ਚ ਆ ਕੇ ਲੋਕਾਂ ਨਾਲ ਮਿਲਣਾ-ਜੁਲਣਾ ਬੰਦ ਨਾ ਕਰਨ।’’

* ਇੰਦੌਰ ਦੇ ਮੁਸਲਿਮ ਬਹੁਗਿਣਤੀ ‘ਟਾਟ ਪੱਟੀ ਬਾਗਲ’ ਇਲਾਕੇ ’ਚ ‘ਕੋਰੋਨਾ ਵਾਇਰਸ’ ਨਾਲ ਇਨਫੈਕਟਿਡ ਇਕ ਮਰੀਜ਼ ਦੇ ਸੰਪਰਕ ’ਚ ਆਏ ਲੋਕਾਂ ਨੂੰ ਲੱਭਣ ਗਏ ਸਿਹਤ ਕਰਮਚਾਰੀਆਂ ’ਤੇ ਕੁਝ ਲੋਕਾਂ ਨੇ ਨਾ ਸਿਰਫ ਪਥਰਾਅ ਕਰ ਦਿੱਤਾ ਸਗੋਂ ਉਨ੍ਹਾਂ ਨੂੰ ਦੌੜਾਅ-ਦੌੜਾਅ ਕੇ ਕੁੱਟਿਆ ਜਿਸ ਨਾਲ 2 ਮਹਿਲਾ ਡਾਕਟਰਾਂ ਦੇ ਪੈਰਾਂ ’ਤੇ ਸੱਟ ਲੱਗੀ ਅਤੇ ਉਨ੍ਹਾਂ ਨੇ ਤਹਿਸੀਲਦਾਰ ਦੀ ਗੱਡੀ ’ਚ ਲੁਕ ਕੇ ਕਿਸੇ ਤਰ੍ਹਾਂ ਜਾਨ ਬਚਾਈ।

* ਇਸ ਤੋਂ ਪਹਿਲਾਂ 29 ਮਾਰਚ ਨੂੰ ਵੀ ਇੰਦੌਰ ’ਚ ਇਸ ਮਹਾਮਾਰੀ ਦੀ ਰੋਕਥਾਮ ਕਰਨ ਪਹੁੰਚੇ ਸਿਹਤ ਕਰਮਚਾਰੀਆਂ ਨਾਲ ਲੋਕਾਂ ਨੇ ਬਦਸਲੂਕੀ ਕੀਤੀ ਸੀ।

* ਬੇਂਗਲੁਰੂ ’ਚ ਘੱਟ ਗਿਣਤੀਆਂ ਦੀ ਸੰਘਣੀ ਵਸੋਂ ਵਾਲੇ ਕੁਝ ਇਲਾਕਿਆਂ ’ਚ ‘ਕੋਰੋਨਾ ਵਾਇਰਸ’ ਦਾ ਸਰਵੇ ਕਰਨ ਗਈਆਂ ‘ਆਸ਼ਾ ਵਰਕਰਾਂ’ ਨਾਲ ਕੁਝ ਲੋਕਾਂ ਨੇ ਬਦਸਲੂਕੀ ਕੀਤੀ ਅਤੇ ਉਨ੍ਹਾਂ ਦੇ ਮੋਬਾਇਲ ਖੋਹ ਲਏ। ‘ਆਸ਼ਾ ਵਰਕਰ’ ਕ੍ਰਿਸ਼ਨਾ ਵੇਨੀ ਨੇ ਰੋਂਦਿਆਂ ਕਿਹਾ ਕਿ ‘ਸਰਾਏ ਪਲਿਆ’ ਦੇ ‘ਸਾਦਿਕ’ ਇਲਾਕੇ ’ਚ ਸਰਵੇ ਦੌਰਾਨ ਉੱਥੋਂ ਦੇ ਲੋਕਾਂ ਨੇ ਉਨ੍ਹਾਂ ਨੂੰ ਉੱਥੋਂ ਇਹ ਕਹਿੰਦੇ ਹੋਏ ਨਿਕਲ ਜਾਣ ਲਈ ਕਹਿ ਦਿੱਤਾ ਕਿ ਕੋਈ ਜਾਣਕਾਰੀ ਨਹੀਂ ਦਿੱਤੀ ਜਾਵੇਗੀ।

* ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਜਦੋਂ ਪੁਲਸ ਮੁਲਾਜ਼ਮਾਂ ਨੇ ਕੁਝ ਲੋਕਾਂ ਨੂੰ ਘਰਾਂ ’ਚ ਰਹਿਣ ਦੀ ਅਪੀਲ ਕੀਤੀ ਤਾਂ ਗੁੱਸੇ ’ਚ ਆ ਕੇ ਉਨ੍ਹਾਂ ਨੇ ਉਨ੍ਹਾਂ ’ਤੇ ਹੀ ਹਮਲਾ ਕਰ ਕੇ ਇਕ ਸਬ -ਇੰਸਪੈਕਟਰ ਅਤੇ ਕਾਂਸਟੇਬਲ ਨੂੰ ਜ਼ਖਮੀ ਕਰ ਦਿੱਤਾ।

* ਹੈਦਰਾਬਾਦ ਦੇ ਹਸਪਤਾਲ ’ਚ ‘ਕੋਰੋਨਾ ਇਨਫੈਕਟਿਡ’ ਰੋਗੀ ਦੀ ਮੌਤ ਦੇ ਬਾਅਦ ਉਸ ਦੇ ਭਰਾ ਨੇ ਆਈਸੋਲੇਸ਼ਨ ਵਾਰਡ ’ਚ ਤਾਇਨਾਤ ਡਾਕਟਰ ’ਤੇ ਹਮਲਾ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਹਸਪਤਾਲ ਦੀ ਇਕ ਖਿੜਕੀ ਵੀ ਭੰਨ ਦਿੱਤੀ।

* ਬਿਹਾਰ ਦੇ ਮੁੰਗੇਰ ’ਚ ਸ਼ੱਕੀ ‘ਕੋਰੋਨਾ ਇਨਫੈਕਟਿਡਾਂ’ ਦੀ ਜਾਂਚ ਅਤੇ ਸ਼ੱਕੀਆਂ ਦੇ ਹੋਮ ਕੁਆਰੰਟਾਈਨ ਦੀ ਅਪੀਲ ਕਰਨ ਲਈ ਪਹੁੰਚੀ ਪੁਲਸ ਟੀਮ ’ਤੇ ਸਥਾਨਕ ਲੋਕਾਂ ਨੇ ਭਾਰੀ ਪਥਰਾਅ ਕਰ ਦਿੱਤਾ।

ਅਜਿਹੀਆਂ ਘਟਨਾਵਾਂ ’ਤੇ ਕੇਰਲ ਦੇ ਰਾਜਪਾਲ ਆਰਿਫ ਮੁਹੰਮਦ ਖਾਨ ਨੇ ਕਿਹਾ ਹੈ ਕਿ, ‘‘ਤਬਲੀਗੀ ਜਮਾਤ ਦੇ ਪ੍ਰੋਗਰਾਮ ਦੇ ਕਾਰਣ ‘ਕੋਰੋਨਾ ਵਾਇਰਸ’ ਦੇ ਵਿਰੁੱਧ ਦੇਸ਼ ਦੀ ਜੰਗ ਨੂੰ ਝਟਕਾ ਲੱਗਾ ਹੈ ਅਤੇ ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਨੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਕੇ ਮਨੁੱਖਤਾ ਦੇ ਵਿਰੁੱਧ ਬੜਾ ਘਿਨਾਉਣਾ ਜੁਰਮ ਕੀਤਾ ਹੈ। ਇਸੇ ਤਰ੍ਹਾਂ ਇੰਦੌਰ ਸ਼ਹਿਰ ਦੇ ਕਾਜ਼ੀ ਨੇ ਆਪਣੇ ਚੇਲਿਆਂ ਨੂੰ ਸੰਕਟ ਦੀ ਇਸ ਘੜੀ ’ਚ ‘ਕੋਰੋਨਾ ਵਾਰੀਅਰਜ਼’ ਨਾਲ ਸਹਿਯੋਗ ਕਰਨ, ਕਿਸੇ ਕਿਸਮ ਦੀ ਬਦਤਮੀਜ਼ੀ ਨਾ ਕਰਨ ਅਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਉਮੀਦ ਕੀਤੀ ਹੈ। ਆਪਣੀ ਜਾਨ ਦੀ ਬਾਜ਼ੀ ਲਗਾ ਕੇ ‘ਕੋੋਰੋਨਾ ਇਨਫੈਕਸ਼ਨ’ ਦੇ ਵਿਰੁੱਧ ਜੰਗ ਲੜ ਰਹੇ ਡਾਕਟਰਾਂ, ਨਰਸਾਂ ਆਦਿ ’ਤੇ ਬਿਨਾਂ ਕਿਸੇ ਕਾਰਣ ਹਮਲਾ ਕਰਨ ਵਾਲੇ ਲੋਕ ਨਾ ਸਿਰਫ ਜ਼ਿੰਮੇਵਾਰ ਅਧਿਕਾਰੀਆਂ ਨੂੰ ਡਿਊਟੀ ਨਿਭਾਉਣ ਤੋਂ ਰੋਕ ਕੇ ਆਪਣੀ ਅਤੇ ਦੂਸਰਿਆਂ ਦੀ ਜਾਨ ਮੁਸੀਬਤ ’ਚ ਪਾ ਰਹੇ ਹਨ ਸਗੋਂ ਦੇਸ਼ ਅਤੇ ਸਮਾਜ ਦੇ ਨਾਲ ਗੱਦਾਰੀ ਵੀ ਕਰ ਰਹੇ ਹਨ। ਇਸ ਲਈ ਅਜਿਹੇ ਲੋਕਾਂ ਦੇ ਵਿਰੁੱਧ ਬਿਨਾਂ ਲਿਹਾਜ਼ ਕੀਤੇ ਰਾਸ਼ਟਰੀ ਸੁਰੱਖਿਆ ਕਾਨੂੰਨ (ਰਾਸੁਕਾ) ਦੀਆਂ ਸਖਤ ਧਾਰਾਵਾਂ ਦੇ ਤਹਿਤ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੇ ਨਾਲ-ਨਾਲ ਦੂਸਰਿਆਂ ਨੂੰ ਵੀ ਨਸੀਹਤ ਮਿਲੇ।

-ਵਿਜੇ ਕੁਮਾਰ

Bharat Thapa

This news is Content Editor Bharat Thapa