ਆਸਿਮ ਮੁਨੀਰ ਪਾਕਿਸਤਾਨ ਦਾ ਨਵਾਂ ਫੌਜ ਮੁਖੀ, ਲੱਗ ਸਕਦੀ ਹੈ ਇਮਰਾਨ ਦੀਆਂ ਸਿਆਸੀ ਖਾਹਿਸ਼ਾਂ ’ਤੇ ਬ੍ਰੇਕ

11/28/2022 2:08:23 AM

ਪਾਕਿਸਤਾਨ ’ਤੇ ਫੌਜ ਨੇ 30 ਸਾਲ ਤੋਂ ਵੱਧ ਸਿੱਧੇ ਤੌਰ ’ਤੇ ਸ਼ਾਸਨ ਕੀਤਾ ਹੈ ਅਤੇ ਸਰਕਾਰ ਦੇ ਪਿੱਛੇ ਸਦਾ ਫੌਜ ਦਾ ਹੀ ਹੱਥ ਰਿਹਾ ਹੈ। ਨਾ ਸਿਰਫ ਫੌਜ ਦੇ ਕੋਲ ਪਾਕਿਸਤਾਨ ਦੇ ਸਮੁੱਚੇ ਰੀਅਲ ਅਸਟੇਟ ਦਾ 10 ਫੀਸਦੀ ਤੋਂ ਵੱਧ ਹਿੱਸਾ ਹੈ ਸਗੋਂ ਫੌਜ ਦੇ ਲੋਕ ਖੰਡ ਮਿੱਲਾਂ ਤੋਂ ਲੈ ਕੇ ਸੀਮੈਂਟ ਤਕ 50 ਵੱਡੇ ਵੱਖ-ਵੱਖ ਧੰਦਿਆਂ ’ਚ ਸ਼ਾਮਲ ਹਨ। ਇਮਰਾਨ ਖਾਨ ਜੋ ਕਿ ਜਨਰਲ ਕਮਰ ਜਾਵੇਦ ਬਾਵਜਾ ਦੇ ਸਮਰਥਨ ਨਾਲ ਪ੍ਰਧਾਨ ਮੰਤਰੀ ਬਣੇ ਸਨ, ਨੇ ਪ੍ਰਧਾਨ ਮੰਤਰੀ ਕਾਲ ’ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੇ ਪਰਿਵਾਰ ਦੇ ਭ੍ਰਿਸ਼ਟਾਚਾਰ ਦੀ ਜਾਂਚ ਸ਼ੁਰੂ ਕਰਵਾਈ ਪਰ ਜਾਂਚ ਅਧਿਕਾਰੀ ਇੰਨਾ ਉਤੇਜਿਤ ਹੋ ਉੱਠੇ ਕਿ ਉਨ੍ਹਾਂ ਨੇ ਫੌਜ ਮੁਖੀ ਬਾਜਵਾ ਅਤੇ ਉਨ੍ਹਾਂ ਦੇ ਪਰਿਵਾਰ ਦੇ ਭ੍ਰਿਸ਼ਟਾਚਾਰ ਦੀ ਜਾਂਚ ਵੀ ਕਰ ਦਿੱਤੀ।

ਇਸ ’ਚ ਦੱਸਿਆ ਗਿਆ ਹੈ ਕਿ ਕਮਰ ਜਾਵੇਦ ਬਾਜਵਾ ਦੀ ਪਤਨੀ, ਬੇਟੀ, ਕੁੜਮ, ਨੂੰਹ ਅਤੇ ਦੂਜੇ ਰਿਸ਼ਤੇਦਾਰਾਂ ਕੋਲ ਘੱਟ ਤੋਂ ਘੱਟ 1200 ਕਰੋੜ ਰੁਪਏ ਦੀ ਜਾਇਦਾਦ ਹੈ ਜੋ 2016 ’ਚ ਬਾਜਵਾ ਦੇ ਫੌਜ ਮੁਖੀ ਬਣਨ ਤੋਂ ਬਾਅਦ 6 ਸਾਲਾਂ ’ਚ ਬਣਾਈ ਗਈ ਹੈ। ਇਹ ਰਕਮ ਇਮਰਾਨ ਖਾਨ ਦੀ ਜਾਇਦਾਦ ਤੋਂ ਕਿਤੇ ਵੱਧ ਹੈ। ਬਾਜਵਾ ਦੀ ਨੂੰਹ ਮਹਨੂਰ ਸਾਬਿਰ ਦੀ ਜਾਇਦਾਦ ਵੀ, ਜੋ ਅਕਤੂਬਰ 2018 ’ਚ ਜ਼ੀਰੋ ਸੀ, 2 ਨਵੰਬਰ 2018 ਨੂੰ ਇਕਦਮ ਵਧ ਕੇ 127.1 ਕਰੋੜ ਰੁਪਏ ਹੋ ਗਈ।
ਇਸ ਖੁਲਾਸੇ ਤੋਂ ਬਾਅਦ ਉਕਤ ਜਾਂਚ ’ਚ ਸ਼ਾਮਲ 2 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਇਸ ਵੇਰਵੇ ਨੂੰ ਵੈੱਬਸਾਈਟ ’ਤੇ ਪਾਉਣ ਵਾਲਾ ਅਹਿਮਦ ਨੂਰਾਨੀ ਨਾਂ ਦਾ ਅਮਰੀਕਾ ਸਥਿਤ ਪਾਕਿਸਤਾਨੀ ਪੱਤਰਕਾਰ ਵੀ ਲੁਕਦਾ ਫਿਰ ਰਿਹਾ ਹੈ ਕਿਉਂਕਿ ਇਸ ਪਰਦਾਫਾਸ਼ ਨਾਲ ਪਾਕਿਸਤਾਨੀ ਫੌਜ ਦੇ ਵੱਕਾਰ ਨੂੰ ਧੱਕਾ ਲੱਗਾ ਹੈ।

ਫਿਲਹਾਲ, ਜਦੋਂ ਦੇਸ਼ ਦੀ ਫੌਜ ਨੇ ਇਕ ਯੋਜਨਾਬੱਧ ਢੰਗ ਨਾਲ ਇਮਰਾਨ ਖਾਨ ਦਾ ਸਾਥ ਛੱਡ ਕੇ ਸ਼ਹਿਬਾਜ਼ ਸ਼ਰੀਫ ਦੀ ਗਠਜੋੜ ਸਰਕਾਰ ਨੂੰ, ਉਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਹਰੀ ਝੰਡੀ ਦੇ ਦਿੱਤੀ ਤਾਂ ਇਮਰਾਨ ਨੇ ਆਪਣੇ ਸੱਤਾ ਤੋਂ ਲਾਹੇ ਜਾਣ ਦੇ ਲਈ ਵਾਰ-ਵਾਰ ਜਨਤਕ ਤੌਰ ’ਤੇ ਫੌਜ ਨੂੰ ਜ਼ਿੰਮੇਵਾਰ ਠਹਿਰਾ ਕੇ ਉਸ ਦੀ ਨਾਰਾਜ਼ਗੀ ਵਧਾ ਦਿੱਤੀ ਹੈ। ਇਸ ਲਿਹਾਜ ਨਾਲ ਉਨ੍ਹਾਂ ਦਾ ਸਿਆਸੀ ਭਵਿੱਖ ਅਗਲੇ ਫੌਜ ਮੁਖੀ ਨਾਲ ਸਿੱਧੇ ਤੌਰ ’ਤੇ ਜੁੜਿਆ ਹੋਇਆ ਹੈ। ਹੁਣ ਜਨਰਲ ਬਾਜਵਾ ਦੇ 29 ਨਵੰਬਰ ਨੂੰ ਰਿਟਾਇਰ ਹੋਣ ’ਤੇ ਉਨ੍ਹਾਂ ਦੀ ਥਾਂ ਉਨ੍ਹਾਂ ਦਾ ਪਸੰਦੀਦਾ ਲੈਫ. ਜਨ. ਆਸਿਮ ਮੁਨੀਰ ਨਵੇਂ ਫੌਜ ਮੁਖੀ ਦਾ ਅਹੁਦਾ ਸੰਭਾਲਣ ਜਾ ਰਿਹਾ ਹੈ ਜਿਸ ਨੂੰ ਇਮਰਾਨ ਖਾਨ ਨੇ ਆਪਣੇ ਪ੍ਰਧਾਨ ਮੰਤਰੀ ਕਾਲ ’ਚ ਆਈ. ਐੱਸ. ਆਈ. ਦੇ ਮੁਖੀ ਦੇ ਅਹੁਦੇ ਤੋਂ ਬੇਆਬਰੂ ਕਰ ਕੇ ਹਟਾਇਆ ਸੀ ਜਦੋਂ ਆਸਿਮ ਮੁਨੀਰ ਨੇ ਇਮਰਾਨ ਦੀ ਪਤਨੀ ਮੇਨਕਾ ਬੁਸ਼ਰਾ ’ਤੇ ਹੀ ਭ੍ਰਿਸ਼ਟਾਚਾਰ ਦਾ ਦੋਸ਼ ਲਗਾ ਦਿੱਤਾ ਸੀ।

ਮੁਨੀਰ ਨੇ ਕਿਹਾ ਸੀ ਕਿ ਫਰਾਹ ਗੋਗੀ ਨਾਂ ਦੀ ਇਕ ਵਪਾਰੀ ਔਰਤ ਦੇ ਨਾਲ ਮਿਲ ਕੇ ਬੁਸ਼ਰਾ ਪੈਸੇ ਬਣਾ ਰਹੀ ਹੈ ਅਤੇ ਫਰਾਹ ਗੋਗੀ ਨੇ ਟ੍ਰਾਂਸਫਰ ਜਾਂ ਭ੍ਰਿਸ਼ਟਾਚਾਰ ਨਾਲ ਬਣੇ ਪੈਸਿਆਂ ਨਾਲ ਉਸ ਨੂੰ ਇਕ ਹੀਰਿਆਂ ਦਾ ਹਾਰ ਵੀ ਦਿੱਤਾ ਸੀ। ਆਸਿਮ ਮੁਨੀਰ ਲੰਡਨ ’ਚ ਬੈਠੇ ਨਵਾਜ਼ ਸ਼ਰੀਫ ਦੀ ਪਸੰਦ ਹੈ ਅਤੇ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਫੌਜ ਮੁਖੀ ਆਪਣੇ ਅਹੁਦੇ ’ਤੇ ਆਉਂਦੇ ਹੀ ਪਾਕਿਸਤਾਨ ’ਚ ਬਦਲ ਜਾਂਦੇ ਹਨ ਜਿਸ ਤਰ੍ਹਾਂ ਭੁੱਟੋ ਨੇ ਜਨਰਲ ਜ਼ਿਆ-ਉਲ-ਹੱਕ ਨੂੰ ਚੁਣਿਆ ਸੀ ਅਤੇ ਉਸ ਨੇ ਭੁੱਟੋ ਨੂੰ ਫਾਂਸੀ ’ਤੇ ਚੜ੍ਹਾ ਦਿੱਤਾ ਸੀ ਅਤੇ ਨਵਾਜ਼ ਸ਼ਰੀਫ ਨੇ ਮੁਸ਼ੱਰਫ ਨੂੰ ਫੌਜ ਮੁਖੀ ਬਣਾਇਆ ਤਾਂ ਉਸ ਨੇ ਸੱਤਾ ’ਤੇ ਕਬਜ਼ਾ ਕਰ ਕੇ ਨਵਾਜ਼ ਸ਼ਰੀਫ ਨੂੰ ਪਹਿਲਾਂ ਜੇਲ ’ਚ ਸੁੱਟਿਆ ਅਤੇ ਫਿਰ ਦੇਸ਼ ਨਿਕਾਲਾ ਦੇ ਦਿੱਤਾ।

ਮੁਨੀਰ ਉਂਝ ਤਾਂ 27 ਨਵੰਬਰ ਨੂੰ ਰਿਟਾਇਰ ਹੋ ਰਹੇ ਸਨ ਇਸ ਲਈ ਉਸ ਦਾ ਨਾਂ ਪਹਿਲੀ ਸੂਚੀ ’ਚ ਨਹੀਂ ਸੀ ਪਰ ਸ਼ਹਿਬਾਜ਼ ਸ਼ਰੀਫ ਅਤੇ ਨਵਾਜ਼ ਸ਼ਰੀਫ ਨੇ ਜ਼ੋਰ ਦੇ ਕੇ ਉਨ੍ਹਾਂ ਦਾ ਨਾਂ ਪੁਆਇਆ। ਇਮਰਾਨ ਖਾਨ ਹੀ ਇਕੱਲੇ ਪਾਕਿਸਤਾਨੀ ਸਿਆਸਤਦਾਨ ਨਹੀਂ ਹਨ ਜਿਨ੍ਹਾਂ ਦੇ ਉੱਭਾਰ ਅਤੇ ਪਤਨ ’ਚ ਫੌਜ ਦਾ ਹੱਥ ਰਿਹਾ ਹੈ ਪਰ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਪਾਕਿ ਫੌਜ ਆਪਣੇ ਅਕਸ ਅਤੇ ਸਥਿਤੀ ਨੂੰ ਸਪੱਸ਼ਟ ਅਤੇ ਸਾਫ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਸਿਲਸਿਲੇ ’ਚ ਹੁਣੇ ਜਿਹੇ ਆਈ. ਐੱਸ. ਆਈ. ਦੇ ਮੁਖੀ ਅੰਜੁਮ ਨੂੰ ਪਹਿਲੀ ਵਾਰ ਇਕ ਪ੍ਰੈੱਸ ਕਾਨਫਰੰਸ ਆਯੋਜਿਤ ਕਰ ਕੇ ਕਹਿਣਾ ਪਿਆ ਕਿ ਫੌਜ ਅਤੇ ਆਈ. ਐੱਸ. ਆਈ. ਨੇ ਸਿਆਸਤ ਤੋਂ ਦੂਰ ਰਹਿ ਕੇ ਆਪਣੀ ਸੰਵਿਧਾਨਕ ਭੂਮਿਕਾ ਤਕ ਸੀਮਤ ਰਹਿਣ ਦਾ ਫੈਸਲਾ ਕੀਤਾ ਹੈ।

ਰਿਟਾਇਰਮੈਂਟ ਤੋਂ ਪਹਿਲਾਂ ਆਪਣੇ ਆਖਰੀ ਜਨਤਕ ਸੰਬੋਧਨ ’ਚ ਜਨਰਲ ਬਾਜਵਾ ਨੇ ਕਿਹਾ ਕਿ 1971 ਦੀ ਭਾਰਤ-ਪਾਕਿ ਜੰਗ ’ਚ ਪਾਕਿਸਤਾਨ ਨੂੰ ਫੌਜ ਨੇ ਨਹੀਂ, ਸਗੋਂ ਸਿਆਸਤਦਾਨਾਂ ਦੀਆਂ ਨੀਤੀਆਂ ਨੇ ਵੀ ਹਰਾਇਆ। ਹਾਲਾਂਕਿ ਉਸ ਸਮੇਂ ਜਨਰਲ ਯਹੀਆ ਖਾਨ ਦੀ ਸਰਕਾਰ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੜਨ ਵਾਲੇ ਫੌਜੀਆਂ ਦੀ ਗਿਣਤੀ 92,000 ਨਹੀਂ ਸਗੋਂ ਸਿਰਫ 34,000 ਸੀ। ਬਾਕੀ ਲੋਕ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਸਨ। ਇਨ੍ਹਾਂ 34,000 ਲੋਕਾਂ ਦਾ ਮੁਕਾਬਲਾ ਢਾਈ ਲੱਖ ਭਾਰਤੀ ਫੌਜ ਅਤੇ 2 ਲੱਖ ਟ੍ਰੇਂਡ ਮੁਕਤੀਵਾਹਿਨੀ ਨਾਲ ਸੀ। ਸਾਡੀ ਫੌਜ ਬਹੁਤ ਬਹਾਦੁਰੀ ਨਾਲ ਲੜੀ।

ਅਸਲੀਅਤ ਇਹ ਹੈ ਕਿ 16 ਦਸੰਬਰ 1971 ਨੂੰ ਪਾਕਿਸਤਾਨੀ ਫੌਜ ਮੁਖੀ ਜਨਰਲ ਨਿਆਜ਼ੀ ਨੇ ਕੁਲ 93,000 ਫੌਜੀਆਂ ਨਾਲ ਭਾਰਤੀ ਫੌਜ ਦੇ ਸਾਹਮਣੇ ਆਤਮਸਮਰਪਣ ਕੀਤਾ ਸੀ ਜੋ ਦੂਜੀ ਵਿਸ਼ਵ ਜੰਗ ਤੋਂ ਬਾਅਦ ਹੁਣ ਤਕ ਦਾ ਸਭ ਤੋਂ ਵੱਡਾ ਫੌਜ ਦਾ ਆਤਮਸਮਰਪਣ ਵੀ ਸੀ ਅਤੇ ਇਹ ਪਾਕਿਸਤਾਨੀ ਫੌਜ ਦੇ ਉਪਰ ਸਭ ਤੋਂ ਵੱਡਾ ਧੱਬਾ ਹੈ। ਬਾਜਵਾ ਦਾ ਇਹ ਵੀ ਕਹਿਣਾ ਸੀ ਕਿ ਭਾਰਤੀ ਫੌਜ ਨੇ ਕਸ਼ਮੀਰ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਪਰ ਭਾਰਤ ’ਚ ਫੌਜ ਨੂੰ ਬੜੀ ਇੱਜ਼ਤ ਦਿੱਤੀ ਜਾਂਦੀ ਹੈ ਕਿਉਂਕਿ ਉਹ ਸਰਕਾਰ ’ਚ ਦਖਲਅੰਦਾਜ਼ੀ ਨਹੀਂ ਕਰਦੀ। ਅਜਿਹੇ ’ਚ ਹੁਣ ਪਾਕਿਸਤਾਨ ਆਰਮੀ ਵੀ ਉਹੀ ਕਰੇਗੀ ਪਰ ਸਿਆਸਤਦਾਨ ਅਤੇ ਸਿਵਲ ਸੁਸਾਇਟੀ ਨੂੰ ਸੰਜਮ ਵਰਤਣਾ ਹੋਵੇਗਾ ਕਿਉਂਕਿ ਫੌਜ ਦੇ ਧੀਰਜ ਦੀ ਵੀ ਇਕ ਹੱਦ ਹੈ।

ਜਨਰਲ ਬਾਜਵਾ ਚਾਹੁੰਦੇ  ਤਾਂ ਤੀਜੀ ਵਾਰ ਵੀ ਪਾਕਿ ਫੌਜ ਮੁਖੀ ਬਣੇ ਰਹਿ ਸਕਦੇ ਸਨ ਪਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਉਨ੍ਹਾਂ ਦਾ ਰਾਹ ਰੋਕ ਦਿੱਤਾ। ਇਸ ਲਈ ਧਿਆਨ ਵੰਡਣ ਲਈ ਉਹ ਲੋਕਾਂ ਨੂੰ ਲੋਕਤੰਤਰ ਕੀ ਹੁੰਦਾ ਹੈ, ਸਮਝਾ ਰਹੇ ਹਨ। 29 ਨਵੰਬਰ ਨੂੰ ਆਸਿਮ ਮੁਨੀਰ ਫੌਜ ਮੁਖੀ ਦਾ ਅਹੁਦਾ ਸੰਭਾਲਣ ਜਾ ਰਿਹਾ ਹੈ ਤਾਂ ਸਵਾਲ ਇਹ ਵੀ ਪੁੱਛਿਆ ਜਾ ਰਿਹਾ ਹੈ ਕਿ ਹੁਣ ਇਮਰਾਨ ਦੇ ਆਜ਼ਾਦੀ ਮਾਰਚ ਦਾ ਕੀ ਹੋਵੇਗਾ? ਆਬਜ਼ਰਵਰਾਂ ਦਾ ਮੰਨਣਾ ਹੈ ਕਿ ਨਵਾਂ ਫੌਜ ਮੁਖੀ ਇਮਰਾਨ ਖਾਨ ਦਾ ਕੋਈ ਲਿਹਾਜ ਨਹੀਂ ਕਰੇਗਾ ਅਤੇ ਪ੍ਰਧਾਨ ਮੰਤਰੀ ਦੇ ਰੂਪ ’ਚ ਉਨ੍ਹਾਂ ਦੀ ਵਾਪਸੀ ਦਾ ਵਿਰੋਧ ਹੀ ਕਰੇਗਾ। ਇਸ ਲਈ ਫਿਲਹਾਲ ਪਾਕਿਸਤਾਨ ਦੀ ਸਿਆਸਤ ’ਚ ਇਮਰਾਨ ਖਾਨ ਦੀ ਵਾਪਸੀ ਦੀਆਂ ਸੰਭਾਵਨਾਵਾਂ ਤਾਂ ਲਗਭਗ ਅਟਕ ਹੀ ਗਈਆਂ ਹਨ।

Mandeep Singh

This news is Content Editor Mandeep Singh