ਭਾਰਤ ''ਚ ਜਿੰਨਾ ਪਾਪ ਵਧ ਰਿਹੈ ਓਨਾ ਹੀ ਮੰਦਿਰਾਂ ''ਚ ਦਾਨ ਵਧ ਰਿਹੈ

05/27/2016 2:46:46 AM

ਧਰਮ ਵਿਰੁੱਧ ਕਿਸੇ ਵੀ ਤਰ੍ਹਾਂ ਦੇ ਆਚਰਣ ਨੂੰ ''ਪਾਪ'' ਕਿਹਾ ਜਾਂਦਾ ਹੈ ਅਤੇ ਪਾਪ ਦੀਆਂ ਕਈ ਸ਼੍ਰੇਣੀਆਂ ਹਨ। ਇਨ੍ਹਾਂ ''ਚ ਗੁਰੂ ਨਾਲ ਵੈਰ, ਮਿੱਤਰ ਨਾਲ ਧੋਖਾ, ਚੋਰੀ, ਜੀਵ ਹੱਤਿਆ, ਝੂਠ ਬੋਲਣਾ, ਕਿਸੇ ਕੰਮ ਬਦਲੇ ਨਾਜਾਇਜ਼ ਤੌਰ ''ਤੇ  ਪੈਸੇ ਲੈਣਾ (ਰਿਸ਼ਵਤ), ਬਲਾਤਕਾਰ, ਹੱਤਿਆ, ਤਸ਼ੱਦਦ ਆਦਿ ਸ਼ਾਮਿਲ ਹਨ।
ਇਸੇ ਸਿਲਸਿਲੇ ''ਚ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ 25 ਮਈ ਨੂੰ ਵਿਜੇਵਾੜਾ ''ਚ ਜ਼ਿਲਾ ਕਲੈਕਟਰਾਂ ਦੇ ਸੰਮੇਲਨ ''ਚ ਭਾਸ਼ਣ ਦਿੰਦਿਆਂ  ਟਿੱਪਣੀ ਕੀਤੀ ਕਿ ''''ਪਾਪ ''ਚ ਹੋ ਰਹੇ ਵਾਧੇ ਕਾਰਨ ਸੂਬੇ ਦੇ ਮੰਦਿਰਾਂ ਦੀ ਆਮਦਨ ''ਚ 27 ਫੀਸਦੀ ਵਾਧਾ ਹੋਇਆ ਹੈ।''''
''''ਪਾਪ ਕਰਨ ਕਰਕੇ ਜਦੋਂ ਲੋਕ ਜ਼ਿਆਦਾ ਕਸ਼ਟਾਂ ਅਤੇ ਸਮੱਸਿਆਵਾਂ ''ਚ ਘਿਰ ਜਾਂਦੇ ਹਨ ਤਾਂ ਉਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਮੰਦਿਰਾਂ ''ਚ ਜਾ ਕੇ ਉਥੇ ਚੜ੍ਹਾਵਾ ਚਾੜ੍ਹਦੇ ਹਨ। ਉਹ ਜਿੰਨੇ ਜ਼ਿਆਦਾ ਪਾਪ ਕਰਦੇ ਹਨ ਅਤੇ ਜਿੰਨੀਆਂ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ, ਓਨਾ ਹੀ ਜ਼ਿਆਦਾ ਧਨ ਅਤੇ ਗਹਿਣੇ ਚੜ੍ਹਾਉਂਦੇ ਹਨ।''''
''''ਲੋਕ ਸ਼ਾਂਤੀ ਪ੍ਰਾਪਤ ਕਰਨ ਲਈ ਮੰਦਿਰਾਂ ''ਚ ਹੀ ਨਹੀਂ, ਗਿਰਜਾਘਰਾਂ ਅਤੇ ਮਸਜਿਦਾਂ ਤਕ ''ਚ ਜਾ ਕੇ ਪੂਜਾ-ਪਾਠ ਕਰ ਰਹੇ ਹਨ। ਜੇ ਇਹ ਧਾਰਮਿਕ ਸਥਾਨ ਨਾ ਹੁੰਦੇ ਤਾਂ ਫਿਰ ਤਾਂ ਸ਼ਾਇਦ ਬਹੁਤ ਸਾਰੇ ਲੋਕ ਆਪਣੀਆਂ ਸਮੱਸਿਆਵਾਂ ਦੇ ਤਣਾਅ ਕਾਰਨ ਹੀ ਪਾਗਲ ਹੋ ਜਾਂਦੇ।''''
ਸ਼੍ਰੀ ਚੰਦਰਬਾਬੂ ਨਾਇਡੂ ਅਨੁਸਾਰ ਜਿਥੇ ਲੋਕਾਂ ''ਚ ਵਧ ਰਹੇ ਅਪਰਾਧ-ਬੋਧ ਤੋਂ ਮੁਕਤੀ ਪਾਉਣ ਲਈ ਮੰਦਿਰਾਂ ''ਚ ਚੜ੍ਹਾਏ ਜਾਣ ਵਾਲੇ ਚੜ੍ਹਾਵੇ ''ਚ ਵਾਧਾ ਹੋਇਆ ਹੈ, ਉਥੇ ਹੀ ਰਾਜਸਥਾਨ ਦੇ ਪ੍ਰਤਾਪਗੜ੍ਹ ਜ਼ਿਲੇ ''ਚ ''ਗੌਤਮੇਸ਼ਵਰ ਮਹਾਦੇਵ ਪਾਪ ਮੋਚਨ ਤੀਰਥ'' ਨਾਮੀ ਭਗਵਾਨ ਸ਼ਿਵ ਦਾ ਇਕ ਅਜਿਹਾ ਵੀ ਅਨੋਖਾ ਮੰਦਿਰ ਹੈ ਜਿਸ ਦੇ ''ਮੰਦਾਕਿਨੀ ਕੁੰਡ'' ਵਿਚ ਇਸ਼ਨਾਨ ਕਰਕੇ 11 ਰੁਪਏ ਦੱਖਣਾ ਦੇਣ ਵਾਲੇ ਹਰੇਕ ਸ਼ਰਧਾਲੂ ਨੂੰ ਉਸ ਦੇ ''ਪਾਪ-ਮੁਕਤ'' ਹੋ ਜਾਣ ਦਾ ''ਸਰਟੀਫਿਕੇਟ'' ਦਿੱਤਾ ਜਾਂਦਾ ਹੈ।
ਸਦੀਆਂ ਪੁਰਾਣਾ ਇਹ ਤੀਰਥ ''ਆਦਿਵਾਸੀਆਂ ਦਾ ਹਰਿਦੁਆਰ'' ਵੀ ਅਖਵਾਉਂਦਾ ਹੈ ਜਿਥੇ ਹਰ ਸਾਲ ਮਈ ''ਚ ਲੱਗਣ ਵਾਲੇ 8 ਦਿਨਾ ਮੇਲੇ ''ਚ ਹਿੱਸਾ ਲੈਣ ਲਈ ਲੱਖਾਂ ਦੀ ਗਿਣਤੀ ''ਚ ਸ਼ਰਧਾਲੂ ਆਉਂਦੇ ਹਨ।
''ਮੰਦਾਕਿਨੀ ਕੁੰਡ'' ਵਿਚ ਇਸ਼ਨਾਨ ਕਰਕੇ ''ਪਾਪ-ਮੁਕਤ'' ਹੋਣ ਦਾ ਸਰਟੀਫਿਕੇਟ ਹਾਸਿਲ ਕਰਨ ਵਾਲਿਆਂ ਦਾ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤਕ ਦਾ ਬਾਕਾਇਦਾ ਰਿਕਾਰਡ ਰੱਖਿਆ ਗਿਆ ਹੈ। ਮੰਦਿਰ ਦੇ ਪੁਜਾਰੀ ਨੰਦ ਕਿਸ਼ੋਰ ਸ਼ਰਮਾ ਅਨੁਸਾਰ ''''ਪੁਰੋਹਿਤਾਂ ਦੀ ''ਅਮੀਨਾਤ ਕਚਹਿਰੀ'' ਨਾਮੀ ਸੰਸਥਾ ਹਰੇਕ ਸਰਟੀਫਿਕੇਟ ਲਈ ਇਕ ਰੁਪਿਆ ਵਸੂਲਦੀ ਹੈ ਜਦਕਿ 10 ਰੁਪਏ ''ਦੋਸ਼ ਨਿਵਾਰਣਮ'' ਫੀਸ ਵਜੋਂ ਲਏ ਜਾਂਦੇ ਹਨ।''''
ਮੰਦਿਰ ਦੇ ਇਕ ਹੋਰ ਪੁਜਾਰੀ ਕਨੱ੍ਹਈਆ ਲਾਲ ਸ਼ਰਮਾ ਦਾ ਕਹਿਣਾ ਹੈ ਕਿ ''''ਵਾਹੀ ਦੌਰਾਨ ਹਲ ਚਲਾਉਂਦੇ ਸਮੇਂ  ਕਿਸਾਨਾਂ ਤੋਂ ਅਣਜਾਣਪੁਣੇ ''ਚ ਕਈ ਕੀੜਿਆਂ-ਮਕੌੜਿਆਂ ਤੇ ਪੰਛੀਆਂ ਦੀ ਹੱਤਿਆ ਹੋ ਜਾਂਦੀ ਹੈ ਜਿਸ ਕਾਰਨ ਉਹ ਅਪਰਾਧ-ਬੋਧ ਨਾਲ ਭਰ ਕੇ ਭਰੇ ਮਨ ਨਾਲ ਇਥੇ ਪਛਤਾਵਾ ਕਰਨ ਆਉਂਦੇ ਹਨ ਤੇ ਆਪਣੇ ਸਿਰ ਦਾ ਬੋਝ ਉਤਾਰ ਕੇ ਖੁਸ਼ੀ-ਖੁਸ਼ੀ ਘਰ ਵਾਪਸ ਜਾਂਦੇ ਹਨ।''''
ਹਿੰਦੂ ਧਾਰਮਿਕ ਮਾਨਤਾਵਾਂ ਅਨੁਸਾਰ ਆਮ ਤੌਰ ''ਤੇ ਹਿੰਦੂ ਤੀਰਥ ਯਾਤਰੀਆਂ ਅਤੇ ਸ਼ਰਧਾਲੂਆਂ ਦਾ ਇਹ ਵਿਸ਼ਵਾਸ ਹੈ ਕਿ ਪਵਿੱਤਰ ਨਦੀਆਂ ''ਚ ਇਸ਼ਨਾਨ ਤੇ ਮੰਦਿਰਾਂ ''ਚ ਦਾਨ-ਪੁੰਨ ਕਰਨ ਨਾਲ ਪਾਪ ਧੋਤੇ ਜਾਂਦੇ ਹਨ। ਇਸੇ ਤਰ੍ਹਾਂ ਈਸਾਈ ਧਰਮ ''ਚ ਲੋਕ ਗਿਰਜਾਘਰਾਂ ਦੇ ਪਾਦਰੀਆਂ ਸਾਹਮਣੇ ਜਾ ਕੇ ''ਕਨਫੈਸ਼ਨ'' ਕਰਦੇ ਹਨ ਤੇ ਹੋਰਨਾਂ ਧਰਮਾਂ ''ਚ ਵੀ ਅਜਿਹੇ ਹੀ ਕੁਝ ਧਾਰਮਿਕ ਰਿਵਾਜ ਹਨ। 
ਮਨੋਵਿਗਿਆਨਕ ਆਧਾਰ ''ਤੇ ਸਾਰੇ ਧਰਮਾਂ ''ਚ ਅਜਿਹੇ ਇਸ਼ਨਾਨ, ਧਿਆਨ ਅਤੇ ਕਨਫੈਸ਼ਨ ਦਾ ਉਦੇਸ਼ ਇਸ ਲੰਬੇ ਜੀਵਨ ''ਚ ਆਪਣੀਆਂ ਪੁਰਾਣੀਆਂ ਗਲਤੀਆਂ/ਭੁੱਲਾਂ ''ਤੇ ਲਕੀਰ ਫੇਰ ਕੇ ਨਵੇਂ ਸਿਰਿਓਂ ਸਾਫ-ਸੁਥਰੇ ਜੀਵਨ ਦੀ ਸ਼ੁਰੂਆਤ ਕਰਨ ਲਈ ਪ੍ਰੇਰਿਤ ਹੋਣਾ ਅਤੇ ਚੰਗੇ ਕੰਮਾਂ ਵੱਲ ਵਧਣਾ ਹੈ ਪਰ ਅੱਜ ਸਥਿਤੀ ਉਲਟ ਹੋ ਰਹੀ ਹੈ।
ਲੋਕ ਧਾਰਮਿਕ ਸਥਾਨਾਂ ਅਤੇ ਧਰਮ ਗੁਰੂਆਂ ਸਾਹਮਣੇ ਜਾ ਕੇ ਦਾਨ-ਦੱਖਣਾ ਰਾਹੀਂ ਆਪਣੀਆਂ ਭੁੱਲਾਂ ਬਖਸ਼ਵਾਉਂਦੇ ਤਾਂ ਜ਼ਰੂਰ ਹਨ ਪਰ ''ਪਾਪ-ਮੁਕਤ'' ਹੋ ਕੇ ਮੁੜ ਨਵੇਂ ਸਿਰਿਓਂ ਪੁਰਾਣੇ ਰਾਹ ''ਤੇ ਹੀ ਚਲ ਪੈਂਦੇ ਹਨ ਤੇ ਦੁਬਾਰਾ ''ਪਾਪ'' ਕਰਨ ਤੋਂ ਬਾਅਦ ਵਾਰ-ਵਾਰ ਧਾਰਮਿਕ ਸਥਾਨਾਂ ''ਤੇ ਮੱਥਾ ਟੇਕ ਕੇ ਅਤੇ ਦਾਨ-ਦੱਖਣਾ ਦੇ ਕੇ ਆਪਣੀ ''ਪਾਪ-ਮੁਕਤੀ'' ਕਰਵਾਉਂਦੇ ਰਹਿੰਦੇ ਹਨ।
ਸਪੱਸ਼ਟ ਹੈ ਕਿ ਜਦੋਂ ਤਕ ਅਸੀਂ ਆਪਣੀ ਕਹਿਣੀ ਤੇ ਕਰਨੀ ''ਚ ਸਮਾਨਤਾ ਤੇ ਸ਼ੁੱਧੀ ਨਹੀਂ ਲਿਆਵਾਂਗੇ, ਉਦੋਂ ਤਕ ਕਿਸੇ ਵੀ ਤਰ੍ਹਾਂ ਦਾ ਧਰਮ-ਕਰਮ ਵਿਅਰਥ ਹੀ ਹੋਵੇਗਾ। ਭਾਵਨਾ ਤੋਂ ਬਿਨਾਂ ਭਗਤੀ ਦਾ ਕੋਈ ਮੁੱਲ ਨਹੀਂ।         
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra