ਅਰਵਿੰਦ ਕੇਜਰੀਵਾਲ ਸਰਕਾਰ ਵਲੋਂ ਔਰਤਾਂ ਨੂੰ ਮੈਟਰੋ ਅਤੇ ਬੱਸਾਂ ’ਚ ਮੁਫਤ ਸਫਰ ਦੀ ਸਹੂਲਤ

06/05/2019 5:40:59 AM

ਹੁਣੇ ਜਿਹੇ ਸੰਪੰਨ ਹੋਈਆਂ ਲੋਕ ਸਭਾ ਚੋਣਾਂ ’ਚ ਜੇ ਦਿੱਲੀ ’ਚ ‘ਆਪ’ ਅਤੇ ਕਾਂਗਰਸ ਵਿਚਾਲੇ ਗੱਠਜੋੜ ਹੋ ਜਾਂਦਾ ਤਾਂ ਦੋਹਾਂ ਨੂੰ ਹੀ ਕੁਝ ਫਾਇਦਾ ਹੋ ਸਕਦਾ ਸੀ ਪਰ ਆਖਰੀ ਸਮੇਂ ਤਕ ਗੱਲਬਾਤ ਚੱਲਣ ਦੇ ਬਾਵਜੂਦ ਦੋਹਾਂ ਪਾਰਟੀਆਂ ਵਿਚਾਲੇ ਗੱਠਜੋੜ ਨਹੀਂ ਹੋਇਆ ਤੇ ਦੋਵੇਂ ਹੀ ਪਾਰਟੀਆਂ ਜ਼ੀਰੋ ’ਤੇ ਸਿਮਟ ਗਈਆਂ। ਦੂਜੇ ਪਾਸੇ ਪੰਜਾਬ ’ਚ ਭਗਵੰਤ ਮਾਨ ਨੇ ਆਪਣੇ ਰਸੂਖ ਦੇ ਦਮ ’ਤੇ ਸੰਗਰੂਰ ਦੀ ਇਕ ਸੀਟ ਜਿੱਤ ਕੇ ‘ਆਪ’ ਦੀ ਲਾਜ ਰੱਖ ਲਈ।

ਜ਼ਿਕਰਯੋਗ ਹੈ ਕਿ ਇਸ ਸਾਲ ਲੋਕ ਸਭਾ ਚੋਣਾਂ ’ਚ ਭਾਜਪਾ ਦੀ ਜਿੱਤ ’ਚ ਔਰਤਾਂ ਨੇ ਵੱਡੀ ਭੂਮਿਕਾ ਨਿਭਾਈ ਹੈ ਅਤੇ ਦਿੱਲੀ ’ਚ ਵੋਟਿੰਗ ਕਰਨ ਵਾਲੀਆਂ ਕੁਲ ਔਰਤਾਂ ’ਚੋਂ ਲਗਭਗ 42 ਫੀਸਦੀ ਔਰਤਾਂ ਨੇ ਭਾਜਪਾ ਨੂੰ ਵੋਟ ਦਿੱਤੀ।

ਇਨ੍ਹਾਂ ’ਚ ਵੱਡੀ ਗਿਣਤੀ ‘ਤਿੰਨ ਤਲਾਕ’ ਤੋਂ ਛੁਟਕਾਰਾ ਪਾਉਣ ਦੀਆਂ ਚਾਹਵਾਨ ਮੁਸਲਿਮ ਔਰਤਾਂ ਦੀ ਵੀ ਹੈ, ਜਿਸ ਬਾਰੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਵੀ ਕਹਿ ਦਿੱਤਾ ਹੈ ਕਿ ਤਿੰਨ ਤਲਾਕ ਪ੍ਰਥਾ ’ਤੇ ਪਾਬੰਦੀ ਲਾਉਣ ਲਈ ਸਰਕਾਰ ਸੰਸਦ ’ਚ ਦੁਬਾਰਾ ਬਿੱਲ ਲਿਆਏਗੀ।

ਇਸ ਤੋਂ ਇਲਾਵਾ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾੜੀ ਵਲੋਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ’ਚ ਵੀ ‘ਆਪ’ ਨੂੰ ਕਰਾਰੀ ਮਾਤ ਦੇਣ ਲਈ ‘ਅਭੀ ਜੀਤੇ ਸਾਤ ਮੇਂ ਸਾਤ, ਅਬ ਜੀਤੇਂਗੇ ਸੱਤਰ ਮੇਂ ਸਾਠ’ ਦਾ ਨਾਅਰਾ ਲਾ ਦਿੱਤਾ ਹੈ, ਜਿਸ ਨੇ ਅਰਵਿੰਦ ਕੇਜਰੀਵਾਲ ਨੂੰ ਅਗਲੀਆਂ ਚੋਣਾਂ ਲਈ ਚੌਕੰਨਾ ਕਰ ਦਿੱਤਾ ਹੈ।

ਇਸ ਲਈ ਅਗਲੇ ਸਾਲ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਜਿੱਤਣ ਦੇ ਭਾਜਪਾ ਵਲੋਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੇ ਗਏ ਯਤਨਾਂ ਅਤੇ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਜਿਤਾਉਣ ’ਚ ਔਰਤਾਂ ਦੀ ਫੈਸਲਾਕੁੰਨ ਭੂਮਿਕਾ ਨੂੰ ਦੇਖਦਿਆਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਕੌਮੀ ਰਾਜਧਾਨੀ ’ਚ ਔਰਤਾਂ ਲਈ ਮੈਟਰੋ ਅਤੇ ਬੱਸਾਂ ’ਚ ਸਫਰ ਮੁਫਤ ਕਰਨ ਦੀ ਤਜਵੀਜ਼ ਰੱਖੀ ਹੈ, ਜੋ 2-3 ਮਹੀਨਿਆਂ ’ਚ ਲਾਗੂ ਕਰ ਦਿੱਤੀ ਜਾਵੇਗੀ।

ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਔਰਤਾਂ ਨੂੰ ਡੀ. ਟੀ. ਸੀ., ਕਲੱਸਟਰ ਬੱਸਾਂ ਅਤੇ ਦਿੱਲੀ ਮੈਟਰੋ ’ਚ ਮੁਫਤ ਸਫਰ ਦੀ ਸਹੂਲਤ ਦੇਣ ’ਤੇ ਇਸ ਮਾਲੀ ਵਰ੍ਹੇ ਦੇ ਬਾਕੀ ਹਿੱਸੇ ਲਈ 700-800 ਕਰੋੜ ਰੁਪਏ ਖਰਚ ਆਉਣਗੇ ਪਰ ਜਨਤਕ ਟਰਾਂਸਪੋਰਟ ਦੀ ਜ਼ਿਆਦਾ ਵਰਤੋਂ ਨਾਲ ਔਰਤਾਂ ਦੀ ਸੁਰੱਖਿਆ ਵੀ ਵਧੇਗੀ।

–ਵਿਜੇ ਕੁਮਾਰ
 


Bharat Thapa

Content Editor

Related News