ਨਕਲੀ ਦੁੱਧ ਤੇ ਦੁੱਧ ਤੋਂ ਬਣੇ ਉਤਪਾਦਾਂ ਨਾਲ ਲੋਕਾਂ ਨੂੰ ਬੀਮਾਰ ਕਰ ਰਹੇ ਮਿਲਾਵਟਖੋਰ ਵਪਾਰੀ

11/11/2018 5:31:18 AM

ਅੱਜ ਦੇਸ਼ ’ਚ ਕਈ ਚੀਜ਼ਾਂ ’ਚ ਮਿਲਾਵਟ ਪਾਈ ਜਾ ਰਹੀ ਹੈ। ਇਥੋਂ ਤਕ ਕਿ ਸਿਹਤ ਲਈ ਜ਼ਰੂਰੀ ਦੁੱਧ ਅਤੇ ਦੁੱਧ ਤੋਂ ਬਣੇ ਹੋਰ ਉਤਪਾਦ ਵੀ ਮਿਲਾਵਟ-ਰਹਿਤ ਨਹੀਂ ਹਨ। ਮਿਲਾਵਟਖੋਰ ਮਿਲਾਵਟੀ ਚੀਜ਼ਾਂ ਵੇਚ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਹੇਠਾਂ ਦਰਜ ਹਨ ਨਵੰਬਰ ਮਹੀਨੇ ਦੀਅਾਂ ਕੁਝ ਮਿਸਾਲਾਂ  :
* 01 ਨਵੰਬਰ ਨੂੰ ਸਹਾਰਨਪੁਰ ’ਚ ਅਧਿਕਾਰੀਅਾਂ ਨੇ ਇਕ ਘਰ ’ਚ ਚੱਲ ਰਹੀ ਖੋਇਆ ਫੈਕਟਰੀ ਫੜੀ ਅਤੇ ਸਿਹਤ ਲਈ ਹਾਨੀਕਾਰਕ 30 ਕਿਲੋ ਖੋਇਆ ਨਸ਼ਟ ਕਰਵਾ ਦਿੱਤਾ। ਇਸ ਤੋਂ ਇਲਾਵਾ ਭਾਰੀ ਮਾਤਰਾ ’ਚ ਸਕਿਮਡ ਮਿਲਕ ਪਾਊਡਰ ਅਤੇ 14 ਪੀਪੇ ਬਨਸਪਤੀ ਘਿਓ ਜ਼ਬਤ ਕੀਤਾ।
* 02 ਨਵੰਬਰ ਨੂੰ ਫਰੀਦਕੋਟ ਪੁਲਸ ਨੇ ਦਿੱਲੀ ਤੇ ਕੋਟਕਪੂਰਾ ਤੋਂ 2 ਵਿਅਕਤੀਅਾਂ ਨੂੰ ਗ੍ਰਿਫਤਾਰ ਕਰ ਕੇ 190 ਡਰੰਮ (38,000 ਲਿਟਰ) ਫੈਟੀ ਐਸਿਡ ਅਤੇ 200 ਗੱਟੇ (5000 ਕਿਲੋ) ‘ਮਾਲਟੋਡੈਕਸ਼ਨ ਪਾਊਡਰ’ ਜ਼ਬਤ ਕੀਤਾ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਨੇ 70 ਟਨ ਨਕਲੀ ਘਿਓ ਬਣਾ ਕੇ ਚਾਲੂ ਤਿਉਹਾਰੀ ਸੀਜ਼ਨ ਦੌਰਾਨ ਵੱਖ-ਵੱਖ ਦੁਕਾਨਦਾਰਾਂ ਨੂੰ ਵੇਚਿਆ ਹੈ। 
* 03 ਨਵੰਬਰ ਨੂੰ ਸ਼ਿਕੋਹਾਬਾਦ ’ਚ 200 ਬੋਰੀਅਾਂ ’ਚ ਬੰਦ ਪਾਣੀ ਦੇ 20,000 ਪਾਊਚ ਫੜੇ ਗਏ, ਜੋ ਸਿਹਤ ਵਿਭਾਗ ਦੇ ਸੁਰੱਖਿਆ ਪੈਮਾਨਿਅਾਂ ਦੇ ਮੁਤਾਬਿਕ ਨਹੀਂ ਸਨ।
* 03 ਨਵੰਬਰ ਨੂੰ ਹੀ ਰਾਇਬਰੇਲੀ ’ਚ ਬਿਨਾਂ ਬ੍ਰਾਂਡ ਨਾਂ ਦੇ ਵੇਚਣ ਲਈ ਲਿਜਾਇਆ ਜਾ ਰਿਹਾ 30 ਕੁਇੰਟਲ ਮਿਲਾਵਟੀ ਗਰਮ ਮਸਾਲਾ ਜ਼ਬਤ ਕੀਤਾ ਗਿਆ।
* 04 ਨਵੰਬਰ ਨੂੰ ਅਧਿਕਾਰੀਅਾਂ ਨੇ ਅੰਮ੍ਰਿਤਸਰ ਅਤੇ ਆਸ-ਪਾਸ ਦੇ ਪਿੰਡਾਂ ’ਚ ਛਾਪੇ ਮਾਰ ਕੇ ਸਕਿਨ ਫੰਗਸ ਨੂੰ ਦੂਰ ਕਰਨ ਲਈ ਵਰਤੇ ਜਾਣ ਵਾਲੇ ਸਕਿਨ ਪਾਊਡਰ, ਮਿਲਕ ਪਾਊਡਰ ਅਤੇ ਬਨਸਪਤੀ ਘਿਓ ਤੋਂ ਬਣਿਆ 4 ਕੁਇੰਟਲ ਨਕਲੀ ਖੋਇਆ ਬਰਾਮਦ ਕੀਤਾ। 
* 04 ਨਵੰਬਰ ਨੂੰ ਹੀ ਅਧਿਕਾਰੀਅਾਂ ਨੇ ਇਲਾਹਾਬਾਦ ਨੇੜੇ ਹਾਂਡੀਆ ’ਚ ਪੋਟਾਸ਼, ਲਿਕੁਅਡ ਡਿਟਰਜੈਂਟ, ਸਕਿਮਡ ਮਿਲਕ ਪਾਊਡਰ, ਹਾਈਡ੍ਰੋਜਨ ਪੈਰਾਕਸਾਈਡ ਤੇ ਹੋਰ ਰਸਾਇਣਿਕ ਪਦਾਰਥਾਂ ਨਾਲ ਬਣਿਆ 1200 ਲਿਟਰ ਮਿਲਾਵਟੀ ਦੁੱਧ ਜ਼ਬਤ ਕੀਤਾ। 
* 04 ਨਵੰਬਰ ਨੂੰ ਹੀ ਅਬੋਹਰ ’ਚ ‘ਤੰਦਰੁਸਤ ਮਿਸ਼ਨ’ ਦੇ ਤਹਿਤ ਛਾਪੇਮਾਰੀ ਦੌਰਾਨ ਜ਼ਬਤ 126 ਟੀਨ ਖੋਇਆ, 3 ਕੁਇੰਟਲ ਮਿਲਕ ਕੇਕ, 362 ਕਿਲੋ ਪਨੀਰ, 480 ਕਿਲੋ ਦਹੀਂ, 60 ਕਿਲੋ ਖੋਇਆ ਤੇ 20 ਕਿਲੋ ਘਿਓ ਸਮੇਤ ਕੁਲ 36 ਕੁਇੰਟਲ ਨਕਲੀ ਖੁਰਾਕੀ ਵਸਤਾਂ ਨਮੂਨੇ ਫੇਲ ਹੋਣ ’ਤੇ ਨਸ਼ਟ ਕਰ ਦਿੱਤੀਅਾਂ ਗਈਅਾਂ।
* 04 ਨਵੰਬਰ ਨੂੰ ਹੀ ਬਹਿਰਾਈਚ ਬੱਸ ਅੱਡੇ ’ਤੇ ਛਾਪੇਮਾਰੀ ਦੌਰਾਨ ਇਕ ਬੱਸ ’ਚੋਂ 11 ਕੁਇੰਟਲ ਮਿਲਕ ਕੇਕ, 15 ਕੁਇੰਟਲ ਸੋਨ ਪਾਪੜੀ ਤੇ 1 ਕੁਇੰਟਲ ਪਾਣੀ ਦੇ ਪਾਊਚਾਂ ਸਮੇਤ ਕੁਲ 33 ਕੁਇੰਟਲ ਮਿਲਾਵਟੀ ਮਠਿਆਈ ਤੇ ਹੋਰ ਖੁਰਾਕੀ ਵਸਤਾਂ ਫੜੀਅਾਂ।
* 05 ਨਵੰਬਰ ਨੂੰ ਅਧਿਕਾਰੀਅਾਂ ਨੇ ਮੱਧ ਪ੍ਰਦੇਸ਼ ਦੇ ਅੰਬਾਹ ਅਤੇ ਮੁਰੈਨਾ ’ਚ ਹਲਵਾਈਅਾਂ ਤੇ ਡੇਅਰੀ ਵਾਲਿਅਾਂ ’ਤੇ ਛਾਪਾ ਮਾਰ ਕੇ ਸਿੰਥੈਟਿਕ ਦੁੱਧ ਨਾਲ ਬਣਾਇਆ ਜਾ ਰਿਹਾ 90 ਕਿਲੋ ਨਕਲੀ ਖੋਇਆ, ਰਿਫਾਈਂਡ ਤੇਲ ਦੇ 8 ਬੰਦ ਤੇ 1 ਖੁੱਲ੍ਹਾ ਟੀਨ, 90 ਲਿਟਰ ਦੁੱਧ ਤੇ 30 ਕਿਲੋ ਨਕਲੀ ਘਿਓ ਜ਼ਬਤ ਕੀਤਾ। 
* 05 ਨਵੰਬਰ ਨੂੰ ਹੀ ਯਮੁਨਾਨਗਰ ’ਚ ਦੁਬਰਜੀਪੁਰ ਨੇੜੇ ਇਕ ਮਕਾਨ ’ਚ ਚੱਲ ਰਹੀ ਨਕਲੀ ਮਿਲਕ ਕੇਕ ਬਣਾਉਣ ਵਾਲੀ ਨਾਜਾਇਜ਼ ਫੈਕਟਰੀ ਫੜੀ ਗਈ। ਅਧਿਕਾਰੀਅਾਂ ਨੇ 7 ਕੁਇੰਟਲ ਨਕਲੀ ਮਿਲਕ ਕੇਕ ਅਤੇ ਨਕਲੀ ਸਕਿਮਡ ਦੁੱਧ ਪਾਊਡਰ ਅਤੇ ਨਕਲੀ ਮਠਿਆਈਅਾਂ ਬਣਾਉਣ ਲਈ ਵਰਤੀ ਜਾਂਦੀ ਸਮੱਗਰੀ ਨਸ਼ਟ ਕਰਵਾ ਕੇ ਫੈਕਟਰੀ ਸੀਲ ਕਰ ਦਿੱਤੀ। 
* 05 ਨਵੰਬਰ ਨੂੰ ਹੀ ਮਊ ’ਚ ਮਠਿਆਈ ਦੇ 2 ਗੋਦਾਮਾਂ ’ਤੇ ਛਾਪਾ ਮਾਰ ਕੇ ਢਾਈ ਕੁਇੰਟਲ ਨਕਲੀ ਪੇੜਾ ਤੇ ਡੇਢ ਕੁਇੰਟਲ ਮਿਲਾਵਟੀ ਬੂੰਦੀ ਜ਼ਬਤ ਕੀਤੀ ਗਈ। 
* 07 ਨਵੰਬਰ ਨੂੰ ਪਟਨਾ ਜੰਕਸ਼ਨ ’ਤੇ ਸਥਿਤ ਦੁੱਧ ਮੰਡੀ ’ਚ 40 ਕਿਲੋ ਮਿਲਾਵਟੀ ਪਨੀਰ, 30 ਕਿਲੋ ਖੋਇਆ ਤੇ 60 ਕਿਲੋ ਦੁੱਧ ਜ਼ਬਤ ਕੀਤਾ ਗਿਆ। ਇਸੇ ਤਰ੍ਹਾਂ ਕੰਕੜਬਾਗ ’ਚ ਇਕ ਨਕਲੀ ਮਠਿਆਈ ਫੈਕਟਰੀ ਫੜ ਕੇ ਉਸ ਦੇ ਮਾਲਕ ਵਲੋਂ  ਮਠਿਆਈ ਬਣਾਉਣ ਤੇ ਵੇਚਣ ’ਤੇ ਰੋਕ ਲਾ ਦਿੱਤੀ ਗਈ।
* 09 ਨਵੰਬਰ ਨੂੰ ਮੁਕਤਸਰ ’ਚ ਇਕ ਕਾਰੋਬਾਰੀ ਅਦਾਰੇ ’ਚੋਂ ਨਕਲੀ ਦੇਸੀ ਘਿਓ ਦੇ 1 ਲਿਟਰ ਵਾਲੇ 38 ਡੱਬੇ ਬਰਾਮਦ ਕੀਤੇ ਗਏ। 
ਸਪੱਸ਼ਟ ਹੈ ਕਿ ਨਕਲੀ ਦੁੱਧ ਤੇ ਦੁੱਧ ਤੋਂ ਬਣੇ ਉਤਪਾਦ ਲੋਕਾਂ ਨੂੰ ਖੁਆ ਕੇ ਇਹ ਜ਼ਹਿਰ ਦੇ ਵਪਾਰੀ ਲੋਕਾਂ ਦੀ ਸਿਹਤ ਨਾਲ ਕਿਸ ਤਰ੍ਹਾਂ ਖਿਲਵਾੜ ਕਰ ਰਹੇ ਹਨ। ਮਿਲਾਵਟੀ ਦੁੱਧ ਜ਼ਿਆਦਾਤਰ ਕਾਸਟਿਕ ਸੋਡਾ, ਯੂਰੀਆ, ਰਿਫਾਈਂਡ ਆਇਲ ਮਿਲਾਉਣ ਨਾਲ ਬਣਦਾ ਹੈ ਅਤੇ ਬੱਚੇ, ਬਜ਼ੁਰਗ ਇਸ ਨਾਲ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ। 
ਨਕਲੀ ਦੁੱਧ ਨਾਲ ਪੇਟ ’ਚ ਮਰੋੜ, ਬਦਹਜ਼ਮੀ, ਕਬਜ਼, ਹੈਜ਼ਾ, ਚਮੜੀ ਰੋਗ, ਟਾਇਫਾਈਡ, ਪੀਲੀਆ, ਅਲਸਰ ਤੇ ਦਸਤ ਵਰਗੀਅਾਂ ਬੀਮਾਰੀਅਾਂ ਹੋ ਸਕਦੀਅਾਂ ਹਨ, ਜਦਕਿ ਜ਼ਿਆਦਾ ਮਾਤਰਾ ’ਚ ਨਕਲੀ ਖੋਏ ਨਾਲ ਬਣੀ ਮਠਿਆਈ ਖਾਣ ਨਾਲ ਲਿਵਰ ਨੂੰ ਨੁਕਸਾਨ ਤੇ ਕੈਂਸਰ ਤਕ ਹੋ ਸਕਦਾ ਹੈ ਅਤੇ ਪੱਥਰੀ ਤੋਂ ਇਲਾਵਾ ਕਿਡਨੀਅਾਂ ਵੀ ਫੇਲ ਹੋ ਸਕਦੀਅਾਂ ਹਨ। 
ਇਸ ਲਈ ਦੁੁੱਧ ਅਤੇ ਹੋਰ ਖਾਣ-ਪੀਣ ਵਾਲੇ ਪਦਾਰਥਾਂ ’ਚ ਮਿਲਾਵਟ ਕਰ ਕੇ ਲੋਕਾਂ ਨੂੰ  ਬੀਮਾਰ ਕਰਨ ਵਾਲੇ ਮਿਲਾਵਟਖੋਰ ਵਪਾਰੀਅਾਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਉਹ ਆਪਣੀਅਾਂ ਸਮਾਜ ਵਿਰੋਧੀ ਕਰਤੂਤਾਂ ਤੋਂ ਬਾਜ਼ ਆਉਣ। 
–ਵਿਜੇ ਕੁਮਾਰ