''ਖਰੂਦੀ'' ਅਤੇ ''ਅੱਖੜ'' ਜਹਾਜ਼ ਯਾਤਰੀਆਂ ਲਈ ''ਨੋ-ਫਲਾਈ ਲਿਸਟ''

09/18/2017 7:44:22 AM

ਜਹਾਜ਼ਾਂ 'ਚ ਕੁਝ ਯਾਤਰੀਆਂ ਦੇ ਖਰੂਦੀ ਜਾਂ ਅੱਖੜ ਵਤੀਰੇ ਦੀਆਂ ਸ਼ਿਕਾਇਤਾਂ ਲੰਮੇ ਸਮੇਂ ਤੋਂ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਇਸ ਤਰ੍ਹਾਂ ਦੇ ਯਾਤਰੀਆਂ  ਕਾਰਨ ਜਹਾਜ਼ 'ਚ ਸਫਰ ਕਰ ਰਹੇ ਹੋਰਨਾਂ ਸਾਰੇ ਯਾਤਰੀਆਂ ਨੂੰ ਬੜੀ ਪ੍ਰੇਸ਼ਾਨੀ ਅਤੇ ਆਪਣੀ ਮੰਜ਼ਿਲ ਤਕ ਪਹੁੰਚਣ 'ਚ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇੰਨਾ ਹੀ ਨਹੀਂ, ਕਈ ਵਾਰ ਤਾਂ ਇਨ੍ਹਾਂ ਕਾਰਨਾਂ ਕਰਕੇ ਜਹਾਜ਼ਾਂ ਨੂੰ ਹੰਗਾਮੀ ਲੈਂਡਿੰਗ ਤਕ ਕਰਨੀ ਪੈ ਚੁੱਕੀ ਹੈ।
ਇਸ ਸਾਲ ਦੀ ਸ਼ੁਰੂਆਤ ਵਿਚ ਹੀ ਸ਼ਿਵ ਸੈਨਾ ਨੇਤਾ ਅਤੇ ਇਕ ਜਹਾਜ਼ ਵਿਚ ਮੌਜੂਦ ਕਰੂ ਵਿਚਾਲੇ ਵਿਵਾਦ ਨੇ ਖ਼ੂਬ ਸੁਰਖ਼ੀਆਂ ਬਟੋਰੀਆਂ ਸਨ। ਸ਼ਿਵ ਸੈਨਾ ਸੰਸਦ ਮੈਂਬਰ ਰਵਿੰਦਰ ਗਾਇਕਵਾੜ ਨੇ ਬਿਜ਼ਨੈੱਸ ਕਲਾਸ ਵਿਚ ਸੀਟ ਨਾ ਮਿਲਣ 'ਤੇ ਕਥਿਤ ਤੌਰ 'ਤੇ ਏਅਰ ਇੰਡੀਆ ਦੇ ਕਰਮਚਾਰੀ ਨੂੰ ਚੱਪਲ ਨਾਲ ਕੁੱਟ ਦਿੱਤਾ ਸੀ। ਇਸ ਤੋਂ ਇਲਾਵਾ ਹਾਲ ਹੀ ਦੇ ਦਿਨਾਂ ਵਿਚ ਜਹਾਜ਼ ਵਿਚ ਯਾਤਰੀਆਂ ਦੇ ਦੁਰਵਿਵਹਾਰ ਦੀਆਂ ਘਟਨਾਵਾਂ ਇਸ ਤਰ੍ਹਾਂ ਹਨ :
7 ਅਪ੍ਰੈਲ ਨੂੰ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੋਲਾ ਸੇਨ ਨੇ ਏਅਰ ਇੰਡੀਆ ਦੀ ਉਡਾਣ 'ਚ ਹੰਗਾਮਾ ਕੀਤਾ ਸੀ।
15 ਜੂਨ ਨੂੰ ਟੀ. ਡੀ. ਪੀ. ਦੇ ਸੰਸਦ ਮੈਂਬਰ ਜੇ. ਸੀ. ਦਿਵਾਕਰ ਰੈੱਡੀ ਨੂੰ ਜਦੋਂ ਦੇਰੀ ਨਾਲ ਪਹੁੰਚਣ 'ਤੇ ਫਲਾਈਟ 'ਤੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਉਹ ਭੜਕ ਉੱਠਿਆ ਤੇ ਉਸ ਨੇ ਵਿਸ਼ਾਖਾਪਟਨਮ ਏਅਰਪੋਰਟ 'ਤੇ ਉਦੋਂ ਖੂਬ ਹੰਗਾਮਾ ਕੀਤਾ।
1 ਜੂਨ ਨੂੰ ਮਾਸਕੋ ਤੋਂ ਦਿੱਲੀ ਆ ਰਹੇ ਇਕ ਜਹਾਜ਼ 'ਚ ਸ਼ਰਾਬੀ ਯਾਤਰੀ ਨੇ ਉੱਡਦੇ ਜਹਾਜ਼ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ।
7 ਦਸੰਬਰ 2016 ਨੂੰ ਇੰਦੌਰ ਤੋਂ ਗੋਆ ਜਾਣ ਵਾਲੀ ਉਡਾਣ ਵਿਚ ਸ਼ਰਾਬੀ ਯਾਤਰੀ ਦੇ ਹੰਗਾਮਾ ਕਰਨ ਤੋਂ ਬਾਅਦ ਰਨਵੇ ਤੋਂ ਜਹਾਜ਼ ਨੂੰ ਵਾਪਿਸ ਪਰਤਣਾ ਪਿਆ ਸੀ, ਜਿਸ ਕਾਰਨ ਉਡਾਣ ਕਰੀਬ 45 ਮਿੰਟ ਪ੍ਰਭਾਵਿਤ ਹੋਈ।
ਇਸ ਤਰ੍ਹਾਂ ਦੀਆਂ ਘਟਨਾਵਾਂ 'ਤੇ ਲਗਾਮ ਕੱਸਣ ਲਈ ਅਤੇ ਖਰੂਦੀ ਵਤੀਰੇ ਵਿਰੁੱਧ ਜਹਾਜ਼ ਦੇ ਯਾਤਰੀਆਂ ਨੂੰ ਚਿਤਾਵਨੀ ਦੇਣ ਲਈ ਸਰਕਾਰ ਕੁਝ ਸਖ਼ਤ ਨਿਯਮ ਬਣਾਉਣ 'ਤੇ ਵਿਚਾਰ ਕਰ ਰਹੀ ਸੀ। ਜਹਾਜ਼ ਯਾਤਰਾ ਦੌਰਾਨ ਯਾਤਰੀਆਂ ਨੂੰ ਅਨੁਸ਼ਾਸਨ ਵਿਚ ਰੱਖਣ ਦੇ ਉਦੇਸ਼ ਨਾਲ ਸਰਕਾਰ ਨੇ ਹੁਣ ਇਕ 'ਨੋ-ਫਲਾਈ ਲਿਸਟ' ਜਾਰੀ ਕੀਤੀ ਹੈ।
ਨਵੇਂ ਨਿਯਮਾਂ ਤਹਿਤ ਜਹਾਜ਼ 'ਚ ਕਿਸੇ ਯਾਤਰੀ ਵਲੋਂ ਸਟਾਫ ਨਾਲ ਕੀਤੇ ਜਾਣ ਵਾਲੇ ਬੁਰੇ ਵਤੀਰੇ ਨੂੰ ਤਿੰਨ ਵਰਗਾਂ 'ਚ ਰੱਖਿਆ ਜਾਵੇਗਾ ਅਤੇ ਇਸ ਦੇ ਲਈ ਉਸੇ ਵਰਗ ਅਨੁਸਾਰ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ। ਦੋਸ਼ੀ ਪਾਏ ਗਏ ਯਾਤਰੀ ਉੱਤੇ 3 ਮਹੀਨਿਆਂ ਤੋਂ 2 ਸਾਲਾਂ ਜਾਂ ਜ਼ਿਆਦਾ ਸਮੇਂ ਲਈ ਜਹਾਜ਼ ਯਾਤਰਾ 'ਤੇ ਪਾਬੰਦੀ ਲਾਉਣ ਦੀ ਵਿਵਸਥਾ ਹੈ।
ਪਹਿਲੇ ਵਰਗ ਵਿਚ ਮੌਖਿਕ ਰੂਪ 'ਚ ਖਰੂਦੀ ਜਾਂ ਖਰਾਬ ਵਤੀਰਾ ਕਰਨ ਵਾਲੇ ਲੋਕਾਂ ਨੂੰ ਰੱਖਿਆ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲੇ ਯਾਤਰੀ 'ਤੇ 3 ਮਹੀਨਿਆਂ ਦੀ ਪਾਬੰਦੀ ਲੱਗੇਗੀ। ਦੂਜੇ ਵਰਗ 'ਚ ਸਰੀਰਕ ਤੌਰ 'ਤੇ ਖਰਾਬ ਵਤੀਰਾ ਕਰਨ ਵਾਲੇ ਯਾਤਰੀ ਨੂੰ ਰੱਖਿਆ ਜਾਵੇਗਾ, ਜਿਸ 'ਤੇ 6 ਮਹੀਨਿਆਂ ਤਕ ਪਾਬੰਦੀ ਲੱਗ ਸਕਦੀ ਹੈ। ਤੀਜੇ ਵਰਗ 'ਚ ਜਾਨੋਂ ਮਾਰਨ ਦੀ ਧਮਕੀ ਜਾਂ ਖਤਰਾ ਪੈਦਾ ਕਰਨ ਵਾਲਿਆਂ ਨੂੰ ਰੱਖਿਆ ਜਾਵੇਗਾ ਅਤੇ ਉਨ੍ਹਾਂ ਲਈ ਘੱਟੋ-ਘੱਟ 2 ਸਾਲ ਤੇ ਇਸ ਤੋਂ ਜ਼ਿਆਦਾ ਪਾਬੰਦੀ ਦੀ ਵਿਵਸਥਾ ਹੈ। ਉਨ੍ਹਾਂ 'ਤੇ ਜ਼ਿੰਦਗੀ ਭਰ ਪਾਬੰਦੀ ਵੀ ਲੱਗ ਸਕਦੀ ਹੈ।
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਨੇ ਇਸ ਸੰਬੰਧ ਵਿਚ ਕਿਹਾ, ''ਅਸੀਂ ਜਹਾਜ਼ ਦੇ ਯਾਤਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕਰ ਸਕਦੇ। 'ਨੋ-ਫਲਾਈ ਬੈਨ' ਉਸ ਕਾਨੂੰਨੀ ਕਾਰਵਾਈ ਤੋਂ ਇਲਾਵਾ ਹੋਵੇਗਾ, ਜੋ ਮੌਜੂਦਾ ਕਾਨੂੰਨਾਂ ਦੇ ਤਹਿਤ ਦੋਸ਼ੀ ਦੇ ਵਿਰੁੱਧ ਕੀਤੀ ਜਾ ਸਕਦੀ ਹੈ। 'ਨੋ-ਫਲਾਈ ਲਿਸਟ' ਹਰ ਯਾਤਰੀ 'ਤੇ ਲਾਗੂ ਹੋਵੇਗੀ ਅਤੇ ਇਸ ਤੋਂ ਕਿਸੇ ਨੂੰ ਵੀ ਛੋਟ ਨਹੀਂ ਮਿਲੇਗੀ।''
ਜਹਾਜ਼ ਦੇ ਪਾਇਲਟ ਵਲੋਂ ਕਿਸੇ ਯਾਤਰੀ ਦੀ ਸ਼ਿਕਾਇਤ ਕਰਨ 'ਤੇ ਉਕਤ ਏਅਰਲਾਈਨ ਦੀ ਅੰਦਰੂਨੀ ਕਮੇਟੀ ਮਾਮਲੇ ਦੀ ਜਾਂਚ ਕਰੇਗੀ। ਕਮੇਟੀ 30 ਦਿਨਾਂ ਦੀ ਮਿਆਦ ਅੰਦਰ ਪਾਬੰਦੀ ਦੀ ਮਿਆਦ 'ਤੇ ਫੈਸਲਾ ਕਰੇਗੀ। ਜੇਕਰ ਕਮੇਟੀ ਇਸ ਸਮੇਂ ਦੌਰਾਨ ਫੈਸਲਾ ਦੇਣ 'ਚ ਅਸਫਲ ਰਹਿੰਦੀ ਹੈ ਤਾਂ ਯਾਤਰੀ ਉਡਾਣ ਲਈ ਆਜ਼ਾਦ ਹੋਵੇਗਾ। ਨਾਲ ਹੀ ਯਾਤਰੀ ਪਾਬੰਦੀ ਵਿਰੁੱਧ ਅਪੀਲ ਕਰ ਸਕੇਗਾ। ਪਾਬੰਦੀ ਵਿਰੁੱਧ ਅਪੀਲ ਕਰਨ ਲਈ ਕਮੇਟੀ ਹੋਵੇਗੀ ਅਤੇ ਫਿਰ ਅਦਾਲਤ 'ਚ ਵੀ ਉਸ ਨੂੰ ਚੁਣੌਤੀ ਦਿੱਤੀ ਜਾ ਸਕੇਗੀ।
ਜੇਕਰ ਯਾਤਰੀ ਦੁਬਾਰਾ ਦੁਰਵਿਵਹਾਰ ਕਰਦਾ ਹੈ ਤਾਂ ਉਸ ਦੀ ਸਜ਼ਾ ਦੁੱਗਣੀ ਵੀ ਕੀਤੀ ਜਾ ਸਕਦੀ ਹੈ। ਇਹ ਜ਼ਰੂਰੀ ਨਹੀਂ ਕਿ ਹੋਰ ਜਹਾਜ਼ ਕੰਪਨੀਆਂ ਵੀ ਅਜਿਹੇ ਯਾਤਰੀ 'ਤੇ ਪਾਬੰਦੀ ਲਾਉਣ। ਪਾਬੰਦੀ ਵੀ ਤਾਂ ਹੀ ਲੱਗੇਗੀ, ਜੇਕਰ ਦੁਰਵਿਵਹਾਰ ਜਹਾਜ਼ ਦੇ ਅੰਦਰ ਹੋਇਆ ਹੋਵੇ, ਨਹੀਂ ਤਾਂ ਮਾਮਲੇ 'ਚ ਪੁਲਸ ਕੋਲ ਸ਼ਿਕਾਇਤ ਕਰਨੀ ਪਵੇਗੀ।
ਸਰਕਾਰ ਦਾ ਨਵਾਂ ਨਿਯਮ ਇਕ ਚੰਗਾ ਕਦਮ ਹੈ। ਇਸ ਨਾਲ ਵਾਰ-ਵਾਰ ਦੁਰਵਿਵਹਾਰ ਕਰ ਕੇ ਵੀ ਸਾਫ ਬਚ ਨਿਕਲਣ ਨੂੰ ਆਪਣਾ 'ਅਧਿਕਾਰ' ਸਮਝਣ ਵਾਲੇ ਵਿਸ਼ੇਸ਼ ਵਰਗ ਦੇ ਲੋਕਾਂ 'ਤੇ ਨਕੇਲ ਤਾਂ ਕੱਸੀ ਹੀ ਜਾਵੇਗੀ, ਨਾਲ ਹੀ ਉਨ੍ਹਾਂ ਕਾਰਨ ਪ੍ਰੇਸ਼ਾਨ ਹੋਣ ਵਾਲੇ ਜਹਾਜ਼ ਦੇ ਆਮ ਯਾਤਰੀਆਂ ਨੂੰ ਵੀ ਰਾਹਤ ਮਿਲੇਗੀ।