ਸੰਚਾਰ ਉਪਗ੍ਰਹਿ ਪ੍ਰਖੇਪਣ ਇਸਰੋ ਦੀ ਇਕ ਵੱਡੀ ਸਫਲਤਾ

08/31/2015 4:38:46 AM

ਭਾਰਤੀ ਉਪਗ੍ਰਹਿ ਪ੍ਰੋਗਰਾਮ ''ਚ ਇਕ ਨਵਾਂ ਰਿਕਾਰਡ ਕਾਇਮ ਕਰਦਿਆਂ ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰਿਕੋਟਾ ''ਚ ਸਥਿਤ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਵਿਗਿਆਨੀਆਂ ਵਲੋਂ ਅਤਿ-ਆਧੁਨਿਕ ਸੰਚਾਰ ਉਪਗ੍ਰਹਿ ਜੀ ਸੈਟ-6 ਨੂੰ ਪੁਲਾੜ ਗੱਡੀ ਜੀ. ਐੱਸ. ਐੈੱਲ. ਵੀ.-ਡੀ6 ਦੀ ਸਹਾਇਤਾ ਨਾਲ 27 ਅਗਸਤ ਨੂੰ ਸ਼ਾਮ 4 ਵੱਜ ਕੇ 52 ਮਿੰਟ ''ਤੇ ਸਫਲਤਾਪੂਰਵਕ ਪੁਲਾੜ ''ਚ ਦਾਗ ਦਿੱਤਾ ਗਿਆ।
ਇਸ ਸਫਲਤਾ ਦੇ ਨਾਲ ਹੀ ਅਮਰੀਕਾ, ਰੂਸ, ਜਾਪਾਨ, ਚੀਨ ਅਤੇ ਫਰਾਂਸ ਤੋਂ ਬਾਅਦ ਸਵਦੇਸ਼ੀ ਕ੍ਰਾਇਓਜੈਨਿਕ ਸਟੇਜ ਦੇ ਸਮੂਹ ''ਚ ਸ਼ਾਮਲ ਹੋਣ ਵਾਲੀ ''ਇਸਰੋ'' ਦੁਨੀਆ ਦੀ ਛੇਵੀਂ ਪੁਲਾੜ ਖੋਜ ਸੰਸਥਾ ਬਣ ਗਈ ਹੈ।
ਸਵਦੇਸ਼ ''ਚ ਬਣੇ ਕ੍ਰਾਇਓਜੈਨਿਕ ਇੰਜਣ ਨਾਲ ਲੈਸ ਜੀ. ਐੱਸ. ਐੱਲ. ਵੀ. -ਡੀ6 ਨੇ 2117 ਕਿਲੋਗ੍ਰਾਮ ਭਾਰੇ ਸੰਚਾਰ ਉਪਗ੍ਰਹਿ ਜੀ ਸੈਟ-6 ਨੂੰ ਲੈ ਕੇ ਪ੍ਰਖੇਪਣ ਕੇਂਦਰ ਦੇ ਦੂਜੇ ਲਾਂਚਿੰਗ ਪੈਡ ਤੋਂ ਉਡਾਣ ਭਰੀ। ਇਸਰੋ ਨੇ ਸਵਦੇਸ਼ੀ ਕ੍ਰਾਇਓਜੈਨਿਕ ਇੰਜਣ ਦੀ ਸਹਾਇਤਾ ਨਾਲ ਦੂਜੀ ਵਾਰ ਇਹ ਸਫਲ ਪ੍ਰਖੇਪਣ ਕੀਤਾ ਹੈ।
ਇਸ ਤੋਂ ਪਹਿਲਾਂ 5 ਜਨਵਰੀ 2014 ਨੂੰ ਅਜਿਹੇ ਹੀ ਰਾਕੇਟ ਜੀ. ਐੱਸ. ਐੱਲ. ਵੀ. -ਡੀ5 ਦਾ ਪਹਿਲੀ ਵਾਰ ਸਫਲ ਪ੍ਰਖੇਪਣ ਕੀਤਾ ਗਿਆ ਸੀ, ਜਿਸ ਦੀ ਸਹਾਇਤਾ ਨਾਲ ਪੰਧ ''ਚ ਜੀ ਸੈਟ-14 ਸਥਾਪਿਤ ਕੀਤਾ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਜੀ. ਐੱਸ. ਐੱਲ. ਵੀ. ਦੀ ਸਫਲਤਾ ਦਾ ਰਿਕਾਰਡ ਚੰਗਾ ਨਹੀਂ ਰਿਹਾ ਅਤੇ ਇਸ ਦੇ ਅੱਧੇ ਨਾਲੋਂ ਜ਼ਿਆਦਾ ਪ੍ਰਖੇਪਣ ਅਸਫਲ ਰਹੇ ਹਨ। ਇਸਰੋ ਨੂੰ 2010 ''ਚ 2 ਵਾਰ ਅਸਫਲਤਾ ਦਾ ਵੀ ਮੂੰਹ ਵੇਖਣਾ ਪਿਆ ਸੀ।
ਮਿਸ਼ਨ ਡਾਇਰੈਕਟਰ ਆਰ. ਉਮਾ ਮਹੇਸ਼ਵਰਨ ਨੇ ਇਸ ਸਫਲਤਾ ਨੂੰ ਓਣਮ ਦਾ ਤੋਹਫਾ ਦੱਸਦਿਆਂ ਕਿਹਾ ਹੈ ਕਿ ''''ਇਸਰੋ ਦਾ ਸਭ ਤੋਂ ਸ਼ੈਤਾਨ ਬੱਚਾ (ਨਾਟੀ ਬੁਆਏ ਭਾਵ ਕ੍ਰਾਇਓਜੈਨਿਕ ਇੰਜਣ) ਸਭ ਤੋਂ ਪਿਆਰੇ ਬੱਚੇ ''ਚ ਬਦਲ ਗਿਆ ਹੈ, ਜਿਸ ਨਾਲ ਅਸੀਂ ਸਿੱਧ ਕਰ ਦਿੱਤਾ ਹੈ ਕਿ 5 ਜਨਵਰੀ 2014 ਨੂੰ ਸਾਨੂੰ ਮਿਲੀ ਸਫਲਤਾ ਕੋਈ ਤੁੱਕਾ ਨਾ ਹੋ ਕੇ ਪੂਰੀ ਟੀਮ ਵਲੋਂ ਕੀਤੇ ਗਏ ਯਤਨਾਂ ਦਾ ਨਤੀਜਾ ਸੀ ਅਤੇ ਸਾਨੂੰ ਕ੍ਰਾਇਓਜੈਨਿਕ ਇੰਜਣ ਦੀਆਂ ਪੇਚੀਦਗੀਆਂ ਸਮਝ ''ਚ ਆ ਗਈਆਂ ਹਨ।''''
2 ਟਨ ਤੋਂ ਲੈ ਕੇ 2.5 ਟਨ ਭਾਰੇ ਉਪਗ੍ਰਹਿ ਨੂੰ ਪੁਲਾੜ ''ਚ ਦਾਗਣ ਦੇ ਸਮਰੱਥ 9 ਸਾਲ ਦੇ ਜੀਵਨ ਦੀ ਮਿਆਦ ਵਾਲਾ ਇਹ ਭਾਰਤ ਦਾ ਬਣਾਇਆ ਹੋਇਆ 25ਵਾਂ ਜਿਓ ਸਿੰਕ੍ਰੋਨਜ਼ ਸੰਚਾਰ ਉਪਗ੍ਰਹਿ ਅਤੇ ਜੀ ਸੈਟ ਲੜੀ ਦਾ 12ਵਾਂ ਉਪਗ੍ਰਹਿ ਹੈ ਤੇ 2 ਦਹਾਕਿਆਂ ਦੀ ਲਗਾਤਾਰ ਮਿਹਨਤ ਤੋਂ ਬਾਅਦ ਇਸਰੋ ਨੇ ਇਹ ਸਫਲਤਾ ਹਾਸਲ ਕੀਤੀ ਹੈ।
ਇਸ ਉਪਗ੍ਰਹਿ ਦੀ ਖਾਸੀਅਤ 6 ਮੀਟਰ ਵਿਆਸ ਦਾ ਨਾ ਮੁੜਨ ਵਾਲਾ ਆਪਣੀ ਕਿਸਮ ਦਾ ਪਹਿਲਾ ਐਂਟੀਨਾ ਹੈ, ਜੋ ਇਸਰੋ ਵੱਲੋਂ ਤਿਆਰ ਕੀਤਾ ਗਿਆ ਹੁਣ ਤਕ ਦਾ ਸਭ ਤੋਂ ਵੱਡਾ ਐਂਟੀਨਾ ਹੈ। ਇਸ ਦਾ ਉਦੇਸ਼ ਛੋਟੇ ਹੈਂਡਸੈੱਟ ਦੇ ਜ਼ਰੀਏ ਵੀਡੀਓ ਜਾਂ ਆਵਾਜ਼ ਨੂੰ ਦੂਜੀ ਜਗ੍ਹਾ ਭੇਜਣਾ ਹੈ। ਇਹ ਪ੍ਰਖੇਪਣ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਦਾ ਇਕ ਉਦੇਸ਼ ਕ੍ਰਾਇਓਜੈਨਿਕ ਅੱਪਰ ਸਟੇਜ ਉਡਾਣ ਦਾ ਪ੍ਰੀਖਣ ਕਰਨਾ ਵੀ ਹੈ।
ਇਸਰੋ ਦੇ ਚੇਅਰਮੈਨ ਏ. ਐੱਸ. ਕਿਰਨ ਕੁਮਾਰ ਅਨੁਸਾਰ ਇਸ ਸਫਲਤਾ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਅਸੀਂ ਸਵਦੇਸ਼ੀ ਕ੍ਰਾਇਓਜੈਨਿਕ ਅੱਪਰ ਸਟੇਜ ਨਾਲ ਜ਼ਿਆਦਾ ਭਾਰ ਵਾਲੇ ਰਾਕੇਟਾਂ ਨੂੰ ਦਾਗ ਸਕਦੇ ਹਾਂ।
2117 ਕਿਲੋ ਭਾਰੇ ਜੀ ਸੈਟ-6 ਸੰਚਾਰ ਉਪਗ੍ਰਹਿ ਦਾ ਪ੍ਰਯੋਗ ਰੱਖਿਆ ਖੇਤਰ ਵਿਚ ਵੀ ਹੋਵੇਗਾ, ਜਿਸ ਨਾਲ ਦੂਰ-ਦੁਰਾਡੇ ਦੇ ਇਲਾਕਿਆਂ ''ਚ ਛੋਟੇ ਹੈਂਡਸੈੱਟਾਂ ਨਾਲ ਵੀ ਸੰਪਰਕ ਕਾਇਮ ਕੀਤਾ ਜਾ ਸਕੇਗਾ ਅਤੇ ਫੌਜ ਦਾ ਆਖਰੀ ਮੈਂਬਰ ਵੀ ਇਸ ਦੀ ਸਹਾਇਤਾ ਲੈ ਸਕੇਗਾ। ਇਹ ਐੱਸ. ਬੈਂਡ ਅਤੇ ਸੀ. ਬੈਂਡ ਦੇ ਜ਼ਰੀਏ ਸੰਚਾਰ ਮੁਹੱਈਆ ਕਰਵਾਏਗਾ।
ਕ੍ਰਾਇਓਜੈਨਿਕ ਇੰਜਣ 253 ਡਿਗਰੀ ਸੈਲਸੀਅਸ ''ਤੇ ਤਰਲ ਆਕਸੀਜਨ ਅਤੇ 183 ਡਿਗਰੀ ''ਤੇ ਤਰਲ ਹਾਈਡ੍ਰੋਜਨ ਦੀ ਵਰਤੋਂ ਕਰਦਾ ਹੈ, ਜਿਸ ਨਾਲ ਪੁਲਾੜ ''ਚ 2 ਟਨ ਜਾਂ ਇਸ ਤੋਂ ਵੀ ਜ਼ਿਆਦਾ ਭਾਰ ਵਾਲੇ ਉਪਗ੍ਰਹਿਆਂ ਨੂੰ ਸਥਾਪਿਤ ਕਰਨ ''ਚ ਸਹਾਇਤਾ ਮਿਲਦੀ ਹੈ।
ਇਸ ਤੋਂ ਪਹਿਲਾਂ ਭਾਰਤੀ ਵਿਗਿਆਨੀ ''ਪੋਲਰ ਸੈਟੇਲਾਈਟ ਲਾਂਚ ਵ੍ਹੀਕਲ'' (ਪੀ. ਐੱਸ. ਐੱਲ. ਵੀ.) ਦੀ ਵਰਤੋਂ ਕਰਦੇ ਸਨ, ਜਿਸ ''ਚ ਕ੍ਰਾਇਓਜੈਨਿਕ ਤਕਨੀਕ ਦਾ ਇਸਤੇਮਾਲ ਨਹੀਂ ਹੁੰਦਾ ਅਤੇ ਜੋ ਸਿਰਫ 1 ਟਨ ਤੋਂ ਕੁਝ ਜ਼ਿਆਦਾ ਭਾਰ ਵਾਲੇ ਛੋਟੇ ਉਪਗ੍ਰਹਿ ਹੀ ਪੁਲਾੜ ''ਚ ਭੇਜ ਸਕਦੇ ਹਨ।
ਭਾਰਤ ਨੇ ਆਜ਼ਾਦ ਤੌਰ ''ਤੇ ਜਿਓ ਸਿੰਕ੍ਰੋਨਜ਼ ਉਪਗ੍ਰਹਿ ਦਾਗਣ ਦੀ ਸਮਰੱਥਾ ਹਾਸਲ ਕਰਨ ਲਈ 1990 ''ਚ ਜੀ. ਐੱਸ. ਐੱਲ. ਵੀ. ਪ੍ਰਾਜੈਕਟ ਸ਼ੁਰੂ ਕੀਤਾ ਸੀ, ਜਦਕਿ ਇਸ ਤੋਂ ਪਹਿਲਾਂ ਅਸੀਂ ਆਪਣੇ ਇਨਸੈਟ ਸ਼੍ਰੇਣੀ ਦੇ ਉਪਗ੍ਰਹਿਆਂ ਨੂੰ ਦਾਗਣ ਲਈ ਅਮਰੀਕਾ ਅਤੇ ਯੂਰਪ ''ਤੇ ਨਿਰਭਰ ਕਰਦੇ ਸੀ।
ਜਨਵਰੀ 2014 ਵਾਲੀ ਸਫਲਤਾ ਦੁਹਰਾਅ ਕੇ ਇਸਰੋ ਦੇ ਵਿਗਿਆਨੀਆਂ ਨੇ ਉਸ ''ਹਾਈ ਐਂਡ'' ਟੈਕਨਾਲੋਜੀ ਨਾਲ ਲੈਸ ਹੋਣ ਦਾ ਸੰਕੇਤ ਦੇ ਦਿੱਤਾ ਹੈ, ਜਿਸ ਨਾਲ ਉਪਗ੍ਰਹਿਆਂ ਦੀ ਖੋਜ ਅਤੇ ਇਥੋਂ ਤਕ ਕਿ ਪੁਲਾੜ ''ਚ ਮਨੁੱਖ-ਯੁਕਤ ਮਿਸ਼ਨ ਭੇਜਣਾ ਸੰਭਵ ਹੋ ਸਕੇਗਾ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Vijay Kumar Chopra

This news is Chief Editor Vijay Kumar Chopra