ਪੂਰੇ ਸੰਸਾਰ ’ਚ ਆ ਰਹੇ ‘ਭੂਚਾਲ, ਹੜ੍ਹ, ਤੂਫਾਨ ਅਤੇ ਬਰਫਬਾਰੀ’ ਕਿਤੇ ਇਹ ‘ਸਾੜ੍ਹਸਤੀ ਦਾ ਸੰਕੇਤ’ ਤਾਂ ਨਹੀਂ

05/05/2023 3:46:56 AM

ਕੁਝ ਸਮੇਂ ਤੋਂ ਪੂਰੇ ਸੰਸਾਰ ’ਚ ਕੁਦਰਤ ਦਾ ਕਹਿਰ ਜਾਰੀ ਹੈ। ਕੋਈ ਵੀ ਦਿਨ ਅਜਿਹਾ ਨਹੀਂ ਲੰਘਦਾ ਜਦੋਂ ਦੁਨੀਆ ਦੇ ਕਿਸੇ ਨਾ ਕਿਸੇ ਕੋਨੇ ’ਚ ਭੂਚਾਲ ਨਾ ਆ ਰਹੇ ਹੋਣ। ਇਸ ਮਹੀਨੇ ਦੇ ਪਹਿਲੇ 7 ਦਿਨਾਂ ’ਚ ਹੀ ਜੰਮੂ-ਕਸ਼ਮੀਰ, ਉੱਤਰਾਖੰਡ, ਤਾਜਿਕਿਸਤਾਨ, ਜਾਪਾਨ, ਅਫਗਾਨਿਸਤਾਨ, ਇੰਡੋਨੇਸ਼ੀਆ, ਸੋਮਾਲੀਆ, ਮਿਆਂਮਾਰ, ਤੁਰਕੀ ਅਤੇ ਚੀਨ ’ਚ ਵੱਖ-ਵੱਖ ਤੀਬਰਤਾਵਾਂ ਦੇ ਭੂਚਾਲ ਆ ਚੁੱਕੇ ਹਨ ਅਤੇ ਹੁਣ ਵੀ ਆ ਰਹੇ ਹਨ। ਇਨ੍ਹਾਂ ਤੋਂ ਇਲਾਵਾ ਮੀਂਹ, ਹੜ੍ਹ, ਤੂਫਾਨ, ਬਰਫਬਾਰੀ ਆਦਿ ਦਾ ਕਹਿਰ ਵੀ ਜਾਰੀ ਹੈ।

ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਿਊ. ਐੱਮ. ਓ.) ਮੁਤਾਬਕ 20ਵੀਂ ਸਦੀ ਦੀ ਸ਼ੁਰੂਆਤ ਤੋਂ ਹੀ ਗਲੋਬਲ ਵਾਰਮਿੰਗ ਕਾਰਨ ਸਮੁੰਦਰ ਦੇ ਪਾਣੀ ਦੇ ਪੱਧਰ ’ਚ ਜਾਰੀ ਵਾਧਾ ਭਾਰਤ, ਬੰਗਲਾਦੇਸ਼ ਅਤੇ ਚੀਨ ਆਦਿ ਲਈ ਖਤਰੇ ਦਾ ਸੰਕੇਤ ਹੈ। ਭਾਰਤ ਦਾ ਮੁੰਬਈ ਇਸ ਖਤਰੇ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਸ਼ਹਿਰਾਂ ’ਚੋਂ ਇਕ ਹੋ ਸਕਦਾ ਹੈ।

ਮੌਸਮ ਵਿਭਾਗ ਮੁਤਾਬਕ ਵਾਤਾਵਰਣ ’ਚ ਬਦਲਾਵਾਂ ਕਾਰਨ ਇਸ ਸਾਲ ਜੂਨ, ਜੁਲਾਈ ਅਤੇ ਅਗਸਤ ਦੇ ਮਹੀਨਿਆਂ ’ਚ ‘ਅਲ ਨੀਨੋ’ ਤੂਫਾਨ ਦੀ ਸਥਿਤੀ ਮਜ਼ਬੂਤ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਦੁਨੀਆ ਭਰ ’ਚ ਇਸ ਸਾਲ ਮੀਂਹ ਘੱਟ ਪੈਣ ਨਾਲ ਭਿਆਨਕ ਗਰਮੀ ਪਵੇਗੀ।

ਵਿਗੜੇ ਮੌਸਮ ਦੀਆਂ ਇਸੇ ਮਹੀਨੇ ਦੀਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :-

* 1 ਮਈ ਨੂੰ ਹਿਮਾਚਲ ’ਚ ਰੋਹਤਾਂਗ, ਭਰਮੌਰ ਅਤੇ ਪਾਂਗੀ ਦੀਆਂ ਚੋਟੀਆਂ, ਸ਼ਿੰਕੁਲਾ ਅਤੇ ਬਾਰਚਾ ਦੱਰੇ ’ਚ ਭਾਰੀ ਬਰਫਬਾਰੀ ਹੋਈ ਜੋ 4 ਮਈ ਤੱਕ ਵੀ ਲਗਾਤਾਰ ਜਾਰੀ ਸੀ।

* 1 ਮਈ ਨੂੰ ਹੀ ਸ਼੍ਰੀਲੰਕਾ ਸਰਕਾਰ ਨੇ ਦੇਸ਼ ਦੇ 12 ਜ਼ਿਲਿਆਂ ’ਚ ਹੜ੍ਹ ਅਤੇ ਬਿਜਲੀ ਡਿੱਗਣ ਦੀ ਚਿਤਾਵਨੀ ਦਿੱਤੀ ਹੈ। ਉੱਥੇ ਮੀਂਹ ਅਤੇ ਹੜ੍ਹ ਨਾਲ ਭਾਰੀ ਵਿਨਾਸ਼ ਹੋਇਆ ਹੈ।

* 2 ਮਈ ਨੂੰ ਪ੍ਰਯਾਗਰਾਜ ਅਤੇ ਅਯੁੱਧਿਆ (ਉੱਤਰ ਪ੍ਰਦੇਸ਼) ’ਚ ਆਸਮਾਨੀ ਬਿਜਲੀ ਡਿੱਗਣ ਨਾਲ 4 ਲੋਕਾਂ ਦੀ ਮੌਤ ਅਤੇ ਕਈ ਲੋਕ ਝੁਲਸ ਗਏ।

* 2 ਮਈ ਨੂੰ ਹੀ ਡਿਬਰੂਗੜ੍ਹ (ਅਸਾਮ) ਜ਼ਿਲੇ ’ਚ ਭਾਰੀ ਹਨੇਰੀ-ਤੂਫਾਨ ਨਾਲ ਇਕ ਵਿਅਕਤੀ ਦੀ ਮੌਤ ਅਤੇ ਦਰਜਨਾਂ ਵੱਡੇ-ਵੱਡੇ ਦਰੱਖਤ ਅਤੇ ਬਿਜਲੀ ਦੇ ਖੰਭੇ ਉਖੜ ਗਏ।

* 2 ਮਈ ਨੂੰ ਹੀ ਅਮਰੀਕਾ ’ਚ ਧੂੜ ਭਰੀ ਹਨੇਰੀ ਨੇ ਭਾਰੀ ਤਬਾਹੀ ਮਚਾਈ। ਇਸ ਦੌਰਾਨ 6 ਲੋਕਾਂ ਦੀ ਮੌਤ ਹੋ ਗਈ। ਲਗਭਗ 100 ਵਾਹਨ ਹਾਦਸੇ ਦਾ ਸ਼ਿਕਾਰ ਹੋਏ ਅਤੇ ਤੇਜ਼ ਹਨੇਰੀ ਨਾਲ ਕਾਰਾਂ ਹਵਾ ’ਚ ਉੱਡ ਕੇ ਆਪਸ ’ਚ ਟਕਰਾਉਣ ਲੱਗੀਆਂ।

* 3 ਮਈ ਨੂੰ ਪੂਰਬੀ ਅਫਰੀਕਾ ਦੇ ਦੇਸ਼ ਰਵਾਂਡਾ ’ਚ ਇਸ ਮਹੀਨੇ ਆਏ ਵਿਨਾਸ਼ਕਾਰੀ ਹੜ੍ਹ ਕਾਰਨ ਚਿੱਕੜ ’ਚ ਧੱਸ ਜਾਣ ਕਾਰਨ ਘੱਟੋ-ਘੱਟ 115 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ ਹੋ ਗਏ ਅਤੇ ਸਭ ਕੁਝ ਬੁਰੀ ਤਰ੍ਹਾਂ ਤਹਿਸ-ਨਹਿਸ ਹੋ ਗਿਆ।

* 3 ਮਈ ਨੂੰ ਹੀ ਹਿਮਾਚਲ ਪ੍ਰਦੇਸ਼ ’ਚ ਬਰਫਬਾਰੀ ਕਾਰਨ ਅਟਲ ਟਨਲ ਰੋਹਤਾਂਗ ਬੰਦ ਕਰ ਦਿੱੱਤੀ ਗਈ ਅਤੇ ਸ਼ਿਮਲਾ, ਧਰਮਸ਼ਾਲਾ, ਸੋਲਨ ਅਤੇ ਕੁੱਲੂ ’ਚ ਭਾਰੀ ਮੀਂਹ ਕਾਰਨ ਜਨਜੀਵਨ ਠੱਪ ਹੋ ਗਿਆ। ਰੋਜ਼ਗਾਰ ਲਈ ਜਾਂਸਕਰ ਜਾ ਰਹੇ 250 ਮਜ਼ਦੂਰ ਬਰਫਬਾਰੀ ’ਚ ਫਸ ਗਏ।

* 3 ਮਈ ਨੂੰ ਹੀ ਪੰਜਾਬ ਅਤੇ ਹਰਿਆਣਾ ਦੇ ਕੁਝ ਹਿੱਸਿਆਂ ’ਚ ਮੀਂਹ ਪੈਣ ਨਾਲ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ। ਮਈ ਮਹੀਨੇ ’ਚ ਜਿੱਥੇ ਪਹਿਲਾਂ ਲੋਕਾਂ ਦੇ ਭਾਰੀ ਗਰਮੀ ਕਾਰਨ ਪਸੀਨੇ ਛੁੱਟ ਜਾਂਦੇ ਸਨ ਪਰ ਇਸ ਵਾਰ ਸਥਿਤੀ ਇਸ ਦੇ ਬਿਲਕੁਲ ਉਲਟ ਹੈ ਅਤੇ ਗਰਮੀ ਦੇ ਮੌਸਮ ’ਚ ਠੰਡ ਦਾ ਅਹਿਸਾਸ ਹੋ ਰਿਹਾ ਹੈ। ਪੰਜਾਬ ’ਚ 3 ਮਈ ਨੂੰ ਤਾਪਮਾਨ ਮਈ ਮਹੀਨੇ ਦੇ ਆਮ ਤਾਪਮਾਨ ਦੀ ਤੁਲਨਾ ’ਚ ਲਗਭਗ 8.8 ਡਿਗਰੀ ਹੇਠਾਂ ਸੀ।

* 3 ਮਈ ਨੂੰ ਹੀ ਬਦਰੀਨਾਥ ਧਾਮ ’ਚ ਭਾਰੀ ਬਰਫਬਾਰੀ ਨਾਲ ਦੇਖਦੇ ਹੀ ਦੇਖਦੇ ਬਰਫ ਦੀ ਚਾਦਰ ਵਿਛ ਜਾਣ ਨਾਲ ਠੰਡ ਬਹੁਤ ਵਧ ਗਈ ਅਤੇ ਕੇਦਾਰਨਾਥ ਧਾਮ ’ਚ ਰੋਕੀ ਗਈ ਯਾਤਰਾ ਭਾਰੀ ਬਰਫਬਾਰੀ ਕਾਰਨ ਮੁਲਤਵੀ ਰੱਖੀ ਗਈ। ਉੱਥੇ ਭਾਰੀ ਬਰਫਬਾਰੀ ਕਾਰਨ ਦਰਜਨਾਂ ਟੈਂਟ ਟੁੱਟ ਗਏ ਅਤੇ ਗਲੇਸ਼ੀਅ ਰ ਦਾ ਇਕ ਹਿੱਸਾ ਟੁੱਟ ਕੇ ਡਿੱਗਣ ਨਾਲ ਪੈਦਲ ਯਾਤਰਾ ਮਾਰਗ ਬੰਦ ਹੋ ਗਿਆ।

* 3 ਮਈ ਨੂੰ ਹੀ ਰਾਜਧਾਨੀ ਦਿੱਲੀ ’ਚ ਮੌਸਮ ਵਿਭਾਗ ਨੇ 6 ਅਤੇ 7 ਮਈ ਨੂੰ ਮੀਂਹ ਅਤੇ ਹਨੇਰੀ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ।

* 4 ਮਈ ਨੂੰ ਕੇਦਾਰਨਾਥ ਪੈਦਲ ਮਾਰਗ ’ਤੇ ਕੁਬੇਰ ਅਤੇ ਭੈਰਵ ਗਲੇਸ਼ੀਅਰ ਦਰਮਿਆਨ ਬਰਫ ਦੇ ਤੋਦੇ ਹੋਣ ਅਤੇ ਬਦਰੀਨਾਥ ਹਾਈਵੇ ’ਤੇ ਮਲਬਾ ਡਿੱਗਣ ਨਾਲ ਮਾਰਗ ਬੰਦ ਹੋ ਗਏ।

ਮੌਸਮ ਦਾ ਵਿਗੜਿਆ ਮਿਜਾਜ਼ ਸਿਰਫ ਉੱਤਰ ਭਾਰਤੀ ਸੂਬਿਆਂ ਤੱਕ ਹੀ ਸੀਮਤ ਨਹੀਂ ਹੈ। ਮੌਸਮ ਵਿਭਾਗ ਨੂੰ ਬੰਗਾਲ ਦੀ ਖਾੜੀ ਦੇ ਦੱਖਣ-ਪੂਰਬ ’ਚ ਇਕ ਤੂਫਾਨ ‘ਮੋਚਾ’ ਬਣਨ ਦੇ ਸ਼ੁਰੂਆਤੀ ਸੰਕੇਤ ਮਿਲੇ ਹਨ।

ਇਸ ਦੇ 8 ਮਈ ਨੂੰ ਘੱਟ ਦਬਾਅ ਦੇ ਖੇਤਰ ’ਚ ਕੇਂਦਰਿਤ ਹੋਣ ਅਤੇ 9 ਮਈ ਨੂੰ ਤੇਜ਼ ਹੋਣ ਦੇ ਖਦਸ਼ੇ ਦੇ ਤਹਿਤ ਲੋਕਾਂ ਨੂੰ ਇਸ ਖੇਤਰ ’ਚ ਜਾਣ ਬਾਰੇ ਚਿਤਾਵਨੀ ਜਾਰੀ ਕੀਤੀ ਗਈ ਹੈ। ਓਡਿਸ਼ਾ ਦੇ 18 ਜ਼ਿਲਿਆਂ ’ਚ ਵੀ ਅਲਰਟ ਜਾਰੀ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਬੀਤੇ ਸਾਲ ਪਾਕਿਸਤਾਨ ’ਚ ਆਏ ਹੜ੍ਹ ’ਚ 1700 ਤੋਂ ਵੱਧ ਲੋਕ ਮਾਰੇ ਗਏ ਅਤੇ ਭਾਰੀ ਤਬਾਹੀ ਹੋਈ। ਇਸ ਹੜ੍ਹ ਨਾਲ ਪਾਕਿਸਤਾਨ ਨੂੰ 30 ਅਰਬ ਡਾਲਰ ਦੀ ਹਾਨੀ ਹੋਣ ਨਾਲ ਉਸ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਚੌਪਟ ਹੋ ਗਈ ਹੈ।

ਇਹ ਤਾਂ ਸਿਰਫ ਇਸ ਮਹੀਨੇ ਦੀਆਂ ਕੁਝ ਖਬਰਾਂ ਹਨ ਜਦਕਿ ਅਸਲ ਵਿਚ ਵਿਸ਼ਵ ’ਚ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਲਗਾਤਾਰ ਆ ਰਹੇ ਭੂਚਾਲ, ਹੜ੍ਹ, ਹਨੇਰੀ-ਤੂਫਾਨ ਆਦਿ ਲਗਾਤਾਰ ਆ ਰਹੀਆਂ ਕੁਦਰਤੀ ਆਫਤਾਂ ਦੀ ਗਿਣਤੀ ਤਾਂ ਕਿਤੇ ਵੱਧ ਹੈ। ਇਸ ਨੂੰ ਦੇਖਦੇ ਹੋਏ ਮਨ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਕਿਤੇ ਇਹ ਦੁਨੀਆ ’ਚ ‘ਸਾੜ੍ਹਸਤੀ’ ਆਉਣ ਦਾ ਸੰਕੇਤ ਤਾਂ ਨਹੀਂ।

-ਵਿਜੇ ਕੁਮਾਰ

Anmol Tagra

This news is Content Editor Anmol Tagra