ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ ਸ. ਮਨਮੋਹਨ ਸਿੰਘ ਦੀ ਪ੍ਰਸ਼ੰਸਾ

11/10/2022 12:44:26 AM

ਕੇਂਦਰੀ ਸੜਕੀ ਆਵਾਜਾਈ ਮੰਤਰੀ ਸ਼੍ਰੀ ਨਿਤਿਨ ਗਡਕਰੀ ਭਾਜਪਾ ਦੇ ਸਪੱਸ਼ਟਵਾਦੀ ਨੇਤਾਵਾਂ ’ਚੋਂ ਇਕ ਹਨ। ਉਹ ਆਪਣੀ ਗਲਤੀ ਮੰਨਣ ’ਚ ਜ਼ਰਾ ਵੀ ਸੰਕੋਚ ਨਹੀਂ ਕਰਦੇ ਅਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਚੰਗੇ ਕੰਮ ਦੀ ਵੀ ਖੁੱਲ੍ਹੇ ਦਿਲ ਤੋਂ ਪ੍ਰਸ਼ੰਸਾ ਕਰਦੇ ਹਨ। 
7 ਨਵੰਬਰ ਨੂੰ ਮੱਧ ਪ੍ਰਦੇਸ਼ ਦੇ ਮੰਡਲਾ ’ਚ ਸੜਕਾਂ ਦਾ ਉਦਘਾਟਨ ਕਰਨ ਪਹੁੰਚੇ ਗਡਕਰੀ ਨੂੰ ਜਦੋਂ ਇਕ ਸੜਕ ਦੀ ਗੁਣਵੱਤਾ ਖਰਾਬ ਹੋਣ ਦੀ ਸ਼ਿਕਾਇਤ ਕੀਤੀ ਗਈ ਤਾਂ ਉਨ੍ਹਾਂ ਨੇ ਭਾਵੁਕ ਹੋ ਕੇ ਇਸ ਦੇ ਲਈ ਖੁਦ ਨੂੰ ਜ਼ਿੰਮੇਵਾਰ ਮੰਨਦੇ ਹੋਏ ਨਾ ਸਿਰਫ ਉੱਥੇ ਹਾਜ਼ਰ ਲੋਕਾਂ ਕੋਲੋਂ ਮੁਆਫੀ ਮੰਗੀ ਸਗੋਂ ਉਸੇ ਸਮੇਂ ਅਧਿਕਾਰੀਆਂ ਨੂੰ ਸਬੰਧਤ ਠੇਕੇਦਾਰ ਦਾ ਟੈਂਡਰ ਰੱਦ ਕਰ ਕੇ ਨਵਾਂ ਟੈਂਡਰ ਜਾਰੀ ਕਰਨ ਦਾ ਹੁਕਮ ਵੀ ਦੇ ਦਿੱਤਾ। 
ਇਸੇ ਤਰ੍ਹਾਂ ਨਿਤਿਨ ਗਡਕਰੀ ਨੇ 8 ਨਵੰਬਰ ਨੂੰ ਨਵੀਂ ਦਿੱਲੀ ’ਚ ਇਕ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਆਰਥਿਕ ਸੁਧਾਰਾਂ ਦੇ ਰਾਹੀਂ ਦੇਸ਼ ਨੂੰ ਨਵੀਂ ਦਿਸ਼ਾ ਦੇਣ ਦੇ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ (ਕਾਂਗਰਸ) ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ :
‘‘1991 ’ਚ ਸ. ਮਨਮੋਹਨ ਸਿੰਘ ਵਿੱਤ ਮੰਤਰੀ ਸਨ। ਉਦੋਂ ਉਨ੍ਹਾਂ ਦੇ ਵੱਲੋਂ ਸ਼ੁਰੂ ਕੀਤੇ ਗਏ ਆਰਥਿਕ ਸੁਧਾਰਾਂ ਨੇ ਭਾਰਤ ਨੂੰ ਇਕ ਨਵੀਂ ਦਿਸ਼ਾ ਦਿਖਾਈ। ਦੇਸ਼ ਇਨ੍ਹਾਂ ਆਰਥਿਕ ਅਧਿਕਾਰਾਂ ਲਈ ਉਨ੍ਹਾਂ ਦਾ ਧੰਨਵਾਦੀ ਹੈ। ਭਾਰਤ ਨੂੰ ਇਕ ਉਦਾਰ ਆਰਥਿਕ ਨੀਤੀ ਦੀ ਲੋੜ ਹੈ, ਜਿਸ ’ਚ ਗਰੀਬਾਂ ਨੂੰ ਵੀ ਲਾਭ ਪਹੁੰਚਾਉਣ ਦੀ ਇੱਛਾ ਹੋਵੇ।’’
ਨਿਤਿਨ ਗਡਕਰੀ ਨੇ ਇਹ ਵੀ ਕਿਹਾ ਹੈ ਕਿ 90 ਦੇ ਦਹਾਕੇ ’ਚ ਜਦੋਂ ਉਹ ਮਹਾਰਾਸ਼ਟਰ ਦੇ ਮੰਤਰੀ ਸਨ, ਉਦੋਂ ਸ. ਮਨਮੋਹਨ ਸਿੰਘ ਵੱਲੋਂ ਲਾਗੂ ਕੀਤੇ ਗਏ ਆਰਥਿਕ ਸੁਧਾਰਾਂ ਦੇ ਕਾਰਨ ਹੀ ਉਹ ਉਸ ਦੌਰ ’ਚ ਸ਼ੁਰੂ ਕੀਤੇ ਗਏ ਸੜਕੀ ਪ੍ਰਾਜੈਕਟਾਂ ਲਈ ਧਨ ਹਾਸਲ ਕਰ ਸਕੇ ਸਨ। 
ਜਿਸ ਤਰ੍ਹਾਂ ਨਿਤਿਨ ਗਡਕਰੀ ਨੇ ਆਪਣੇ ਵਿਭਾਗ ਦੀ ਗਲਤੀ ਨੂੰ ਪ੍ਰਵਾਨ ਕਰ ਕੇ ਸੁਧਾਰਿਆ, ਉਸੇ ਤਰ੍ਹਾਂ ਵਿਰੋਧੀ ਪਾਰਟੀ ਦੇ ਚੰਗੇ ਕੰਮ ਦੀ ਪ੍ਰਸ਼ੰਸਾ ਕਰ ਕੇ ਮਿਆਰੀ ਸਿਆਸਤ ਦਾ ਸਬੂਤ ਦਿੱਤਾ ਹੈ। ਜੇਕਰ ਇਸੇ ਤਰ੍ਹਾਂ ਦਾ ਵਿਹਾਰ ਸਾਰੀਆਂ ਪਾਰਟੀਆਂ ਦੇ ਨੇਤਾ ਅਪਣਾ ਲੈਣ ਤਾਂ ਇਸ ਸਮੇਂ ਜਾਰੀ ਦੋਸ਼-ਪ੍ਰਤੀਦੋਸ਼ ਦੇ ਨਤੀਜੇ ਵਜੋਂ ਸਮਾਜ ’ਚ ਫੈਲ ਰਹੀ ਸਿਆਸੀ ਰੰਜਿਸ਼ ਦੇ ਵਾਤਾਵਰਣ ’ਤੇ ਰੋਕ  ਲੱਗ ਸਕੇਗੀ, ਜਿਸ ਨਾਲ ਦੇਸ਼ ਨੂੰ ਵੀ ਲਾਭ ਹੋਵੇਗਾ।

–ਵਿਜੇ ਕੁਮਾਰ

Mukesh

This news is Content Editor Mukesh