ਵਿਦੇਸ਼ਾਂ ’ਚ ਨੌਕਰੀ ਲਈ ਜ਼ਰਾ ਸੋਚ-ਸਮਝ ਕੇ ਅਪਲਾਈ ਕਰੋ

12/16/2023 6:12:31 AM

ਵਿਦੇਸ਼ ਮੰਤਰਾਲਾ ਨੇ ਰੋਜ਼ਗਾਰ ਲਈ ਵਿਦੇਸ਼ ਜਾਣ ਦੇ ਚਾਹਵਾਨਾਂ ਲਈ ਜਾਰੀ ਐਡਵਾਈਜ਼ਰੀ ’ਚ ਉਨ੍ਹਾਂ ਨੂੰ ਚੌਕਸ ਰਹਿਣ ਅਤੇ ਨੌਕਰੀ ਲਈ ਗੈਰ-ਰਜਿਸਟਰਡ ਭਰਤੀ ਏਜੰਟਾਂ ਦੀ ਫਰਜ਼ੀ ਪੇਸ਼ਕਸ਼ ਦੇ ਝਾਂਸੇ ’ਚ ਨਾ ਆਉਣ ਦੀ ਚਿਤਾਵਨੀ ਦਿੱਤੀ ਹੈ।

ਗੈਰ-ਰਜਿਸਟਰਡ ਭਰਤੀ ਏਜੰਸੀਆਂ ਦੀਆਂ ਅਜਿਹੀਆਂ ਸਰਗਰਮੀਆਂ ਮਾਈਗ੍ਰੇਸ਼ਨ ਐਕਟ-1983 ਦੀ ਉਲੰਘਣਾ ਅਤੇ ਮਨੁੱਖੀ ਸਮੱਗਲਿੰਗ ਬਰਾਬਰ ਅਤੇ ਸਜ਼ਾਯੋਗ ਅਪਰਾਧ ਹੈ।

ਮੰਤਰਾਲਾ ਅਨੁਸਾਰ ਵਿਦੇਸ਼ ’ਚ ਨੌਕਰੀ ਚਾਹੁਣ ਵਾਲਿਆਂ ਦੀ ਗਿਣਤੀ ’ਚ ਭਾਰੀ ਵਾਧਾ ਹੋਇਆ ਹੈ, ਜਿਨ੍ਹਾਂ ਨੂੰ ਗੈਰ-ਰਜਿਸਟਰਡ ਭਰਤੀ ਏਜੰਟ ਨੌਕਰੀ ਦੀ ਫਰਜ਼ੀ ਪੇਸ਼ਕਸ਼ ਰਾਹੀਂ ਲੁਭਾ ਕੇ ਉਨ੍ਹਾਂ ਕੋਲੋਂ 2 ਤੋਂ 5 ਲੱਖ ਰੁਪਏ ਤੱਕ ਦੀ ਠੱਗੀ ਮਾਰ ਲੈਂਦੇ ਹਨ।

ਮੰਤਰਾਲਾ ਨੇ ਕਿਹਾ, ‘‘ਕਈ ਨਾਜਾਇਜ਼ ਭਰਤੀ ਏਜੰਟ ਫੇਸਬੁੱਕ, ਵ੍ਹਟਸਐਪ, ਟੈਕਸਟ ਮੈਸੇਜ ਆਦਿ ਮਾਧਿਅਮਾਂ ਨਾਲ ਕੰਮ ਕਰਦੇ ਹਨ। ਇਹ ਆਪਣੇ ਟਿਕਾਣਿਆਂ ਅਤੇ ਸੰਪਰਕਾਂ ਬਾਰੇ ਬਹੁਤ ਘੱਟ ਜਾਂ ਕੋਈ ਜਾਣਕਾਰੀ ਨਹੀਂ ਦਿੰਦੇ, ਇਸ ਲਈ ਇਨ੍ਹਾਂ ਦੇ ਕੰਮ ਕਰਨ ਦੀ ਥਾਂ ਅਤੇ ਪਛਾਣ ਅਤੇ ਇਨ੍ਹਾਂ ਦੀ ਪੇਸ਼ਕਸ਼ ਦੀ ਸੱਚਾਈ ਦਾ ਪਤਾ ਲਾਉਣਾ ਔਖਾ ਹੁੰਦਾ ਹੈ। ਇਸ ਲਈ ਲੋਕਾਂ ਨੂੰ ਰਜਿਸਟਰਡ ਭਰਤੀ ਏਜੰਟਾਂ ਦੀਆਂ ਸੇਵਾਵਾਂ ਹੀ ਲੈਣੀਆਂ ਚਾਹੀਦੀਆਂ ਹਨ।’’

ਐਡਵਾਈਜ਼ਰੀ ਅਨੁਸਾਰ ਫਰਜ਼ੀ ਭਰਤੀ ਏਜੰਟ ਕਿਰਤੀਆਂ ਨੂੰ ਸਖਤ ਅਤੇ ਜ਼ਿੰਦਗੀ ਲਈ ਖਤਰਨਾਕ ਹਾਲਾਤ ’ਚ ਕੰਮ ਕਰਨ ਲਈ ਲੁਭਾਉਂਦੇ ਹਨ। ਕਈ ਪੂਰਬੀ ਯੂਰਪੀ ਦੇਸ਼ਾਂ, ਖਾੜੀ ਦੇ ਦੇਸ਼ਾਂ, ਮੱਧ ਏਸ਼ੀਆਈ ਦੇਸ਼ਾਂ, ਇਜ਼ਰਾਈਲ, ਮਿਆਂਮਾਰ ਆਦਿ ’ਚ ਭਰਤੀ ਦੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ।

ਵਿਦੇਸ਼ ਮੰਤਰਾਲਾ ਅਨੁਸਾਰ ਇਕ ਜਾਇਜ਼ ਨੌਕਰੀ ਕਾਂਟ੍ਰੈਕਟ ’ਚ ਸਥਾਨਕ ਭਰਤੀ ਏਜੰਟ ਅਤੇ ਦੂਜੇ ਦੇਸ਼ ’ਚ ਨੌਕਰੀ ਦੇਣ ਵਾਲੇ ਰੋਜ਼ਗਾਰਦਾਤਾ ਦੋਵਾਂ ਦੇ ਹਸਤਾਖਰ, ਰੋਜ਼ਗਾਰ ਐਗਰੀਮੈਂਟ ’ਚ ਪੇਸ਼ ਕੀਤੀ ਜਾਣ ਵਾਲੀ ਨੌਕਰੀ ਦੇ ਨਿਯਮਾਂ, ਸ਼ਰਤਾਂ ਅਤੇ ਤਨਖਾਹ ਆਦਿ ਹੋਰ ਗੱਲਾਂ ਦਾ ਵਰਨਣ ਹੋਣਾ ਚਾਹੀਦਾ ਹੈ।

ਐਡਵਾਈਜ਼ਰੀ ਅਨੁਸਾਰ ਸਾਰੇ ਰਜਿਸਟਰਡ ਭਰਤੀ ਏਜੰਟਾਂ ਨੂੰ ਇਕ ਲਾਇਸੰਸ ਨੰਬਰ ਜਾਰੀ ਕੀਤਾ ਜਾਂਦਾ ਹੈ, ਜੋ ਉਨ੍ਹਾਂ ਦੇ ਦਫਤਰ ਅਤੇ ਅਖਬਾਰਾਂ ਅਤੇ ਸੋਸ਼ਲ ਮੀਡੀਆ ਸਮੇਤ ਉਨ੍ਹਾਂ ਦੇ ਇਸ਼ਤਿਹਾਰਾਂ ’ਚ ਪ੍ਰਮੁੱਖਤਾ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ।

ਵਿਦੇਸ਼ ਮੰਤਰਾਲਾ ਦੀ ਉਕਤ ਐਡਵਾਈਜ਼ਰੀ ਕਾਫੀ ਉਪਯੋਗੀ ਹੈ, ਜਿਸ ਦੀ ਪਾਲਣਾ ਕਰ ਕੇ ਵਿਦੇਸ਼ਾਂ ’ਚ ਰੋਜ਼ਗਾਰ ਚਾਹੁਣ ਵਾਲੇ ਅਣਚਾਹੇ ਭਰਤੀ ਏਜੰਟਾਂ ਵੱਲੋਂ ਠੱਗੇ ਜਾਣ ਤੋਂ ਬਚ ਸਕਦੇ ਹਨ।

- ਵਿਜੇ ਕੁਮਾਰ
 

Anmol Tagra

This news is Content Editor Anmol Tagra