‘ਸਮਾਜ ਵਿਰੋਧੀ ਤੱਤਾਂ ਵੱਲੋਂ’ ‘ਸਰਕਾਰੀ ਕਰਮਚਾਰੀਆਂ ’ਤੇ ਹਮਲਿਆਂ ’ਚ ਤੇਜ਼ੀ’

04/13/2021 2:54:15 AM

ਅੱਜ ਜਿੱਥੇ ਦੇਸ਼ ’ਚ ਭ੍ਰਿਸ਼ਟਾਚਾਰ, ਕੋਰੋਨਾ ਮਹਾਮਾਰੀ ਅਤੇ ਮਹਿੰਗਾਈ ਨੇ ਲੋਕਾਂ ਦਾ ਜਿਊਣਾ ਮੁਹਾਲ ਕਰ ਕੇ ਰੱਖ ਦਿੱਤਾ ਹੈ, ਉੱਥੇ ਸਮਾਜ ਵਿਰੋਧੀ ਤੱਤਾਂ ਵੱਲੋਂ ਅਜਿਹੀ ਘੜੀ ’ਚ ਆਪਣੀ ਡਿਊਟੀ ਨਿਭਾਅ ਰਹੇ ਸਰਕਾਰੀ ਵਿਭਾਗਾਂ ਦੇ ਕਰਮਚਾਰੀਆਂ ’ਤੇ ਹਮਲਿਆਂ ਦਾ ਸ਼ਰਮਨਾਕ ਸਿਲਸਿਲਾ ਲਗਾਤਾਰ ਜਾਰੀ ਹੈ।

ਸਮਾਜ ਵਿਰੋਧੀ ਤੱਤਾਂ ਦੇ ਹੌਸਲੇ ਇੰਨੇ ਵਧ ਚੁੱਕੇ ਹਨ ਕਿ ਉਹ ਆਪਣੇ ਰਾਹ ’ਚ ਅੜਿੱਕਾ ਬਣਨ ਵਾਲੇ ਕਿਸੇ ਵੀ ਵਿਅਕਤੀ ਦੀ ਹੱਤਿਆ ਤੱਕ ਕਰਨ ਤੋਂ ਝਿਜਕਦੇ ਨਹੀਂ। ਇਨ੍ਹਾਂ ਵੱਲੋਂ ਸਿਰਫ 18 ਦਿਨਾਂ ’ਚ ਦੇਸ਼ ਅਤੇ ਸਮਾਜ ਵਿਰੋਧੀ ਬੁਰੇ ਕੰਮਾਂ ਦੀਆਂ ਉਦਾਹਰਣਾਂ ਹੇਠਾਂ ਦਰਜ ਹਨ :

* 25 ਮਾਰਚ ਨੂੰ ਮੇਰਠ ਦੇ ਪ੍ਰੀਕਸ਼ਤਗੜ੍ਹ ਖੇਤਰ ’ਚ ਨਾਜਾਇਜ਼ ਰੇਤ ਦੀ ਖੋਦਾਈ ਰੋਕਣ ਪਹੁੰਚੀ ਵਣ ਵਿਭਾਗ ਦੀ ਟੀਮ ’ਤੇ ਖੋਦਾਈ ਮਾਫੀਆ ਨੇ ਡੰਡਿਆਂ ਨਾਲ ਹਮਲਾ ਕਰ ਕੇ ਵਣ ਵਿਭਾਗ ਦੇ ਥਾਣੇਦਾਰ ਸਮੇਤ ਕਈ ਕਰਮਚਾਰੀਆਂ ਨੂੰ ਜ਼ਖ਼ਮੀ ਕਰ ਦਿੱਤਾ।

* 04 ਅਪ੍ਰੈਲ ਨੂੰ ਭੋਪਾਲ ਦੇ ‘ਕਾਜ਼ੀ ਕੈਂਪ’ ’ਚ ਨਾਈਟ ਕਰਫਿਊ ਦੇ ਦੌਰਾਨ ਖੁੱਲ੍ਹੀਆਂ ਦੁਕਾਨਾਂ ਬੰਦ ਕਰਵਾਉਣ ਪਹੁੰਚੀ ਟੀਮ ’ਤੇ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ’ਤੇ ਉਬਲਦੀ ਹੋਈ ਚਾਹ ਦੀਆਂ ਕੇਤਲੀਆਂ ਉਲਟਾਅ ਦਿੱਤੀਆਂ। ਮਕਾਨਾਂ ਦੀਆਂ ਛੱਤਾਂ ਤੋਂ ਔਰਤਾਂ ਨੇ ਵੀ ਪਥਰਾਅ ਕੀਤਾ, ਜਿਸ ਨਾਲ ਇਕ ਏ. ਐੱਸ. ਆਈ. ਸਮੇਤ 3 ਪੁਲਸ ਕਰਮਚਾਰੀ ਜ਼ਖ਼ਮੀ ਹੋ ਗਏ।

* 07 ਅਪ੍ਰੈਲ ਨੂੰ ਜਲਾਲਾਬਾਦ ਦੇ ਪਿੰਡ ‘ਢਾਣੀ ਅਮੀਰ ਖਾਸ’ ’ਚ ਪੁਲਸ ਨੇ ਜਦੋਂ ਕੁਝ ਨੌਜਵਾਨਾਂ ਨੂੰ ਆਪਣੇ ‘ਬੁਲੇਟ’ ਮੋਟਰਸਾਈਕਲ ਨਾਲ ਪਟਾਕੇ ਮਾਰਨ ਤੋਂ ਰੋਕਿਆ ਤਾਂ ਮੁਲਜ਼ਮਾਂ ਨੇ ਇਕ ਏ. ਐੱਸ. ਆਈ. ਅਤੇ ਹੋਮਗਾਰਡ ਦੇ ਜਵਾਨ ਦੀਆਂ ਵਰਦੀਆਂ ਪਾੜ ਦਿੱਤੀਆਂ।

* 08 ਅਪ੍ਰੈਲ ਨੂੰ ਹਿਮਾਚਲ ਦੇ ਉਪਮੰਡਲ ‘ਬੰਗਾਨਾ’ ਦੀ ‘ਤਨੋਹ’ ਪੰਚਾਇਤ ’ਚ ਲੋਕ ਨਿਰਮਾਣ ਵਿਭਾਗ ‘ਲਠਿਯਾਣੀ’ ਦੇ ਜੂਨੀਅਰ ਇੰਜੀਨੀਅਰ ਅਸ਼ੋਕ ਰਾਜ ਅਤੇ ਗ੍ਰਾਮ ਪੰਚਾਇਤ ਪ੍ਰਧਾਨ ਸ਼ਕੁੰਤਲਾ ਦੇਵੀ ਜਦੋਂ ਪਿੰਡ ਦੀ ਇਕ ਸੜਕ ਦੇ ਨਵੀਨੀਕਰਨ ਦਾ ਨਿਰੀਖਣ ਕਰਨ ਪਹੁੰਚੇ ਤਾਂ ਕਿ ਬਾਪ-ਬੇਟੇ ਨੇ ਜੇ. ਈ. ’ਤੇ ਡਾਂਗ ਨਾਲ ਹਮਲਾ ਕਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ।

* 09 ਅਪ੍ਰੈਲ ਨੂੰ ਕੁਸ਼ੀਨਗਰ ’ਚ ‘ਕਪਤਾਨਗੰਜ’ ਦੇ ‘ਪਚਾਰ’ ਪਿੰਡ ’ਚ ਪਤੀ-ਪਤਨੀ ਦਾ ਝਗੜਾ ਨਜਿੱਠਣ ਪਹੁੰਚੀ ਪੁਲਸ ਟੀਮ ’ਤੇ ਔਰਤ ਦੇ ਪਤੀ ਨੇ ਇੱਟ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਇਕ ਪੁਲਸ ਕਰਮਚਾਰੀ ਜ਼ਖ਼ਮੀ ਹੋ ਗਿਆ।

* 10 ਅਪ੍ਰੈਲ ਨੂੰ ਪੱਛਮੀ ਬੰਗਾਲ ਦੇ ਪਨਤਾਪਾਰਾ ’ਚ ਲੁੱਟ ਦੀ ਘਟਨਾ ਦੇ ਸਬੰਧ ’ਚ ਛਾਪੇਮਾਰੀ ਕਰਨ ਪਹੁੰਚੇ ਬਿਹਾਰ ਦੇ ਕਿਸ਼ਨਗੰਜ ਜ਼ਿਲੇ ਦੇ ਪੁਲਸ ਅਧਿਕਾਰੀ ਅਸ਼ਵਿਨੀ ਕੁਮਾਰ ਨੂੰ ਘਟਨਾ ਸਥਾਨ ’ਤੇ ਮੌਜੂਦ ਪਿੰਡ ਵਾਲਿਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਉਨ੍ਹਾਂ ਦੀ ਮੌਤ ਦੇ ਸਦਮੇ ’ਚ ਅਗਲੇ ਦਿਨ ਉਨ੍ਹਾਂ ਦੀ ਮਾਂ ਦੀ ਵੀ ਮੌਤ ਹੋ ਗਈ।

* 10-11 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਜਲੰਧਰ ਦੇ ਮਾਡਲ ਹਾਊਸ ਇਲਾਕੇ ’ਚ ਨਾਈਟ ਕਰਫਿਊ ਦੌਰਾਨ ਚੈਕਿੰਗ ਕਰਨ ਗਏ ‘ਭਾਰਗੋ ਕੈਂਪ’ ਦੇ ਐੱਸ. ਐੱਚ. ਓ. ਭਗਵੰਤ ਸਿੰਘ ਭੁੱਲਰ ’ਤੇ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੇ ਨੱਕ ਦੀ ਹੱਡੀ ਟੁੱਟ ਗਈ।

* 11 ਅਪ੍ਰੈਲ ਨੂੰ ਅਬੋਹਰ ’ਚ ਨਾਜਾਇਜ਼ ਸ਼ਰਾਬ ਸਮੱਗਲਰਾਂ ਨੂੰ ਫੜਨ ਗਈ ਪੁਲਸ ਦੀ ਟੀਮ ’ਤੇ ਲੋਕਾਂ ਨੇ ਹਮਲਾ ਕਰ ਦਿੱਤਾ, ਜਿਸ ਨਾਲ ਕੁਝ ਪੁਲਸ ਕਰਮਚਾਰੀਆਂ ਨੂੰ ਸੱਟਾਂ ਲੱਗੀਆਂ ਅਤੇ ਲੋਕਾਂ ਨੇ ਪਥਰਾਅ ਕਰ ਕੇ ਡੀ. ਐੱਸ. ਪੀ. ਦੀ ਗੱਡੀ ਦੇ ਸ਼ੀਸ਼ੇ ਵੀ ਤੋੜ ਦਿੱਤੇ।

* 11 ਅਪ੍ਰੈਲ ਨੂੰ ਹੀ ਥਾਣਾ ਸਦਰ ਨਾਭਾ ਦੇ ਪਿੰਡ ‘ਧਾਰੋਕੀ’ ’ਚ ਠੱਗੀ ਦੇ ਮਾਮਲੇ ’ਚ ਭਗੌੜੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ ’ਤੇ ਮੁਲਜ਼ਮ ਦੇ ਪਰਿਵਾਰ ਨੇ ਹਮਲਾ ਕਰ ਦਿੱਤਾ। ਇਸ ਦੇ ਨਤੀਜੇ ਵਜੋਂ 2 ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਏ।

* 11 ਅਪ੍ਰੈਲ ਵਾਲੇ ਦਿਨ ਹੀ ਬਿਹਾਰ ਦੇ ‘ਕਟਿਹਾਰ’ ਜ਼ਿਲੇ ’ਚ ਪੁਲਸ ਵੱਲੋਂ ਫੜੇ ਗਏ ਇਕ ਦੋਸ਼ੀ ਨੂੰ ਛੁਡਾਉਣ ਦੇ ਲਈ ਪਿੰਡ ਵਾਲਿਆਂ ਨੇ ਪੁਲਸ ਪਾਰਟੀ ’ਤੇ ਡਾਂਗਾਂ ਅਤੇ ਡੰਡਿਆਂ ਨਾਲ ਹਮਲਾ ਕਰ ਕੇ ਇਕ ਏ. ਐੱਸ. ਆਈ. ਸਮੇਤ 4 ਪੁਲਸ ਕਰਮਚਾਰੀਆਂ ਨੂੰ ਜ਼ਖ਼ਮੀ ਕਰ ਦਿੱਤਾ।

* 11 ਅਪ੍ਰੈਲ ਨੂੰ ਹੀ ‘ਚਿਤਰਕੂਟ’ ’ਚ ਲਾਕਡਾਊਨ ਦੀ ਪਾਲਣਾ ਕਰਵਾਉਣ ਪਹੁੰਚੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਨਗਰ ਪ੍ਰੀਸ਼ਦ ਦੀ ਟੀਮ ’ਤੇ ਲੋਕਾਂ ਨੇ ਹਮਲਾ ਕਰ ਕੇ ਲਗਭਗ ਅੱਧੀ ਦਰਜਨ ਵਾਹਨਾਂ ਦੇ ਸ਼ੀਸ਼ਿਆਂ ਨੂੰ ਤੋੜ ਦਿੱਤਾ ਅਤੇ 4 ਕਰਮਚਾਰੀਆਂ ਨੂੰ ਜ਼ਖ਼ਮੀ ਕਰ ਦਿੱਤਾ।

* 12 ਅਪ੍ਰੈਲ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਬਟਾਲਾ ਦੇ ਨੇੜੇ ਪਿੰਡ ‘ਪੰਜਗਰਾਈਆਂ’ ’ਚ ਘਰ-ਘਰ ਜਾ ਕੇ ਬੱਚਿਆਂ ਨੂੰ ਸਰਕਾਰੀ ਸਕੂਲਾਂ ’ਚ ਦਾਖਲ ਕਰਵਾਉਣ ਲਈ ਪ੍ਰੇਰਿਤ ਕਰ ਰਹੀ ਅਧਿਆਪਕਾ ਸੰਤੋਸ਼ ਰਾਣੀ ’ਤੇ ਅਚਾਨਕ ਪਿੱਛਿਓਂ ਕਿਸੇ ਨੇ ਦਾਤਰ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ।

ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਅੱਜ ਸਮਾਜ ਵਿਰੋਧੀ ਤੱਤਾਂ ਦੀਆਂ ਅਜਿਹੀਆਂ ਸਰਗਰਮੀਆਂ ਕਿਸੇ ਇਕ ਇਲਾਕੇ ਤੱਕ ਸੀਮਤ ਨਾ ਰਹਿ ਕੇ ਪੂਰੇ ਦੇਸ਼ ’ਚ ਹੋ ਰਹੀਆਂ ਹਨ ਅਤੇ ਆਮ ਆਦਮੀ ਹੀ ਨਹੀਂ ਸਗੋਂ ਪ੍ਰਸ਼ਾਸਨ ਵੀ ਇਨ੍ਹਾਂ ਦੇ ਹੱਥੋਂ ਅਪਾਹਜ ਹੋ ਰਿਹਾ ਹੈ।

ਇਸ ਲਈ ਜਦੋਂ ਤੱਕ ਅਜਿਹੇ ਸਮਾਜ ਵਿਰੋਧੀ ਲੋਕਾਂ ਅਤੇ ਉਨ੍ਹਾਂ ਨੂੰ ਸ਼ਹਿ ਦੇਣ ਵਾਲੇ ਤੱਤਾਂ ਦਾ ਪਤਾ ਲਾ ਕੇ ਉਨ੍ਹਾਂ ਵਿਰੁੱਧ ਸਖਤ ਕਾਰਵਾਈ ਨਹੀਂ ਕੀਤੀ ਜਾਵੇਗੀ, ਉਦੋਂ ਤੱਕ ਆਪਣੀ ਡਿਊਟੀ ਨਿਭਾਉਣ ਵਾਲੇ ਫਰਜ਼ਸ਼ਨਾਸ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਸਮਾਜ ਵਿਰੋਧੀ ਤੱਤਾਂ ਦੇ ਹਮਲੇ ਇਸੇ ਤਰ੍ਹਾਂ ਜਾਰੀ ਰਹਿਣਗੇ ਅਤੇ ਬਾਅਦ ’ਚ ਆਮ ਆਦਮੀ ਵੀ ਇਨ੍ਹਾਂ ਦੀ ਲਪੇਟ ’ਚ ਆ ਜਾਵੇਗਾ।

-ਵਿਜੇ ਕੁਮਾਰ


Bharat Thapa

Content Editor

Related News