ਵਿਰੋਧ-ਚਿਹਰਾ ਪਛਾਣਨ ਵਾਲੇ ਸਾਫਟਵੇਅਰ ਦਾ

11/25/2019 1:36:11 AM

‘ਚਿਹਰਿਆਂ ਨੂੰ ਪਛਾਣਨ’ ਨੂੰ ਲੈ ਕੇ ਲੜਾਈ ਚੀਨੀ ਨੌਜਵਾਨਾਂ ਵਲੋਂ ਹੀ ਨਹੀਂ, ਅਮਰੀਕੀ ਨੌਜਵਾਨਾਂ ਵਲੋਂ ਵੀ ਛੇੜੀ ਜਾ ਚੁੱਕੀ ਹੈ। ਕਾਨੂੰਨ ਦੇ ਰਖਵਾਲਿਆਂ, ਸਰਕਾਰ, ਇਥੋਂ ਤਕ ਕਿ ਜਨਤਕ ਸੇਵਾਵਾਂ ਵਲੋਂ ਵਰਤੇ ਜਾ ਰਹੇ ‘ਫੇਸ਼ੀਅਲ ਰੈਕੋਗਨੀਸ਼ਨ’, ਭਾਵ ਚਿਹਰੇ ਪਛਾਣਨ ਵਾਲੇ ਸਾਫਟਵੇਅਰ ਨੂੰ ਲੈ ਕੇ ਸਭ ਵਿਚ ਉਬਾਲ ਹੈ।

ਚੀਨ ਵਿਚ ਨੌਜਵਾਨ ਇਸ ਦਾ ਵਿਰੋਧ ਅਤੇ ਕਈ ਥਾਵਾਂ ’ਤੇ ਇਸ ਨੂੰ ਸਵੀਕਾਰ ਕਰਨ ਤੋਂ ਵੀ ਇਨਕਾਰ ਕਰ ਰਹੇ ਹਨ। ਉਥੇ ਬੱਸਾਂ ਅਤੇ ਟਰੇਨਾਂ ਵਿਚ ਇਨ੍ਹਾਂ ਦੀ ਵਰਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਜੇਕਰ ਕੋਈ ਵਿਅਕਤੀ ਟਿਕਟ ਲਏ ਬਿਨਾਂ ਟਰੇਨ ਵਿਚ ਸਵਾਰ ਹੁੰਦਾ ਹੈ ਤਾਂ ਉਸ ਦਾ ਚਿਹਰਾ ਸਕੈਨ ਹੁੰਦੇ ਹੀ ਟਿਕਟ ਦੇ ਪੈਸੇ ਉਸ ਦੇ ਕ੍ਰੈਡਿਟ ਕਾਰਡ ’ਚੋਂ ਕੱਟੇ ਜਾਣਗੇ। ਇਥੇ ਬਹਿਸ ਇਸ ਮੁੱਦੇ ’ਤੇ ਹੈ ਕਿ ਸਰਕਾਰ ਕੋਲ ਵਿਅਕਤੀ ਦੀ ਸਾਰੀ ਜਾਣਕਾਰੀ ਜਾ ਰਹੀ ਹੈ।

ਅਮਰੀਕਾ ਵਿਚ ਚਿਹਰਾ ਪਛਾਣਨ ਵਾਲਾ ਸਿਸਟਮ (ਬਾਇਓਮੈਟ੍ਰਿਕ ਸਾਫਟਵੇਅਰ) ਦੀ ਵਰਤੋਂ ਹੁੰਦੀ ਹੈ। ਇਸ ਦੇ ਲਈ ਵਿਅਕਤੀ ਦੇ ਚਿਹਰੇ ਦੇ ਨੈਣ-ਨਕਸ਼ ਨੂੰ ਵੀਡੀਓ ਜਾਂ ਫੋਟੋ ਨਾਲ ਰਿਕਾਰਡ ਕਰ ਕੇ ਡਾਟਾਬੇਸ ਵਿਚ ਸੇਵ ਕਰ ਲਿਆ ਜਾਂਦਾ ਹੈ ਤਾਂ ਕਿ ਪੁਲਸ ਵਿਅਕਤੀ ਦੀ ਹਰ ਹਰਕਤ ’ਤੇ ਨਜ਼ਰ ਰੱਖ ਸਕੇ, ਫਿਰ ਭਾਵੇਂ ਉਹ ਸਕੂਲ ਜਾਂ ਕਾਲਜ ਜਾਂਦਾ ਹੈ ਜਾਂ ਫਿਲਮ ਦੇਖਣ।

ਇਸ ਦੌਰਾਨ ਕੈਲੀਫੋਰਨੀਆ ਸੂਬੇ ਵਿਚ ਪੁਲਸ ਨੂੰ ਬਾਡੀ ਕੈਮਰਿਆਂ ’ਚ ਚਿਹਰਾ ਪਛਾਣਨ ਵਾਲੀ ਤਕਨੀਕ ਦੀ ਵਰਤੋਂ ਕਰਨ ਤੋਂ ਅਸਥਾਈ ਤੌਰ ’ਤੇ ਰੋਕਣ ਲਈ ਇਕ ਕਾਨੂੰਨ ਪਹਿਲਾਂ ਹੀ ਪਾਸ ਕਰ ਦਿੱਤਾ ਗਿਆ ਹੈ।

ਹਾਲਾਂਕਿ ਐਪਲ ਦੇ ਆਈਫੋਨਜ਼ ਵਿਚ ਉਨ੍ਹਾਂ ਨੂੰ ਅਨਲਾਕ ਕਰਨ ਲਈ ਵੀ ‘ਫੇਸ ਆਈ. ਡੀ. ਫੇਸ਼ੀਅਲ ਰੈਕੋਗਨੀਸ਼ਨ ਅਥੈਂਟੀਕੇਸ਼ਨ ਸਿਸਟਮ’ ਦੀ ਵਰਤੋਂ ਹੋ ਰਹੀ ਹੈ ਪਰ ਵਿਗਿਆਪਕਾਂ ਨੂੰ ਇਸ ਤਰ੍ਹਾਂ ਦੇ ਡਾਟਾ ਵੇਚਣ ਵਾਲੀ ਨਿੱਜੀ ਕੰਪਨੀ ਦੇ ਹੱਥ ਅਜਿਹੀ ਜਾਣਕਾਰੀ ਲੱਗਣ ’ਤੇ ਇਸ ਦੇ ਕਾਫੀ ਨੁਕਸਾਨ ਹੋ ਸਕਦੇ ਹਨ। ਇੰਨਾ ਹੀ ਨਹੀਂ, ਇਸ ਡਾਟਾ ਨੂੰ ਸਰਕਾਰੀ ਏਜੰਸੀਆਂ ਕੋਲ ਛੱਡਣ ਦਾ ਮਤਲਬ ਹੈ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਘੁੰਮਣ-ਫਿਰਨ ਦੀ ਆਜ਼ਾਦੀ ਅਤੇ ਆਪਣੇ ਬਚਾਅ ਦੀ ਆਜ਼ਾਦੀ ਨੂੰ ਗੁਆ ਦੇਣਾ।

ਸਰਕਾਰ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਡਾਟਾ ਅਪਰਾਧੀਆਂ ਨੂੰ ਫੜਨ ਅਤੇ ਨਾਜਾਇਜ਼ ਪ੍ਰਵਾਸੀਆਂ ਨੂੰ ਦੇਸ਼ ਤੋਂ ਦੂਰ ਰੱਖਣ ਵਿਚ ਮਦਦ ਕਰੇਗਾ ਪਰ ਲੋਕਾਂ ਨੂੰ ਲੱਗਦਾ ਹੈ ਕਿ ਡਰਾਈਵਿੰਗ ਲਾਇਸੈਂਸ, ਨੈਸ਼ਨਲ ਆਈ. ਡੀ., ਕ੍ਰੈਡਿਟ ਇਨਫਾਰਮੇਸ਼ਨ ਸਮੇਤ ਇਸ ਤਰ੍ਹਾਂ ਦਾ ਸਾਰਾ ਰਿਕਾਰਡ ਸਰਕਾਰ ਕੋਲ ਹੋਣਾ ਬੇਹੱਦ ਨੁਕਸਾਨਦਾਇਕ ਹੋ ਸਕਦਾ ਹੈ।

ਅਮਰੀਕਾ ਦੇ ਐੱਮ. ਆਈ. ਟੀ. ਇੰਸਟੀਚਿਊਟ ਵਿਚ ਹੋਈ ‘ਜੈਂਡਰ ਸ਼ੇਡਸ’ ਨਾਂ ਦੀ ਇਕ ਖੋਜ ਤੋਂ ਸਾਬਿਤ ਹੋਇਆ ਹੈ ਕਿ ‘ਫੇਸ਼ੀਅਲ ਰੈਕੋਗਨੀਸ਼ਨ’ ਦੇ ਆਧਾਰ ’ਤੇ ਲੋਕਾਂ ਨਾਲ ਭੇਦਭਾਵ ਕਰਨਾ ਆਸਾਨ ਹੋ ਸਕਦਾ ਹੈ ਕਿਉਂਕਿ ਚਿਹਰਿਆਂ ਨਾਲ ਵਿਅਕਤੀ ਦੀ ਵਿੱਤੀ ਸਥਿਤੀ ਤੋਂ ਲੈ ਕੇ ਧਰਮ ਤਕ ਦਾ ਪਤਾ ਲੱਗ ਸਕਦਾ ਹੈ।

ਬੀਤੇ ਸਾਲ ਏ. ਸੀ. ਐੱਲ. ਯੂ. ਨੇ ‘ਫੇਸ਼ੀਅਲ ਰੈਕੋਗਨੀਸ਼ਨ’ ਦੇੇ ਆਪਣੇ ਅਧਿਐਨ ਵਿਚ ਦੇਖਿਆ ਕਿ ਸਾਫਟਵੇਅਰ ਨੇ ਕਾਂਗਰਸ ਦੇ 28 ਮੈਂਬਰਾਂ ਦੀ ਗਲਤ ਪਛਾਣ ਕੀਤੀ ਸੀ।

ਘੱਟੋ-ਘੱਟ ਨਿਊਯਾਰਕ ਅਤੇ ਸਾਨਫਰਾਂਸਿਸਕੋ ਦੀਆਂ ਅਦਾਲਤਾਂ ਸਕੂਲਾਂ ਵਿਚ ‘ਫੇਸ਼ੀਅਲ ਰੈਕੋਗਨੀਸ਼ਨ’ ਸਿਸਟਮ ਨੂੰ ਬੈਨ ਕਰ ਰਹੀਆਂ ਹਨ।

ਇਸ ਨੂੰ ਲੈ ਕੇ ਆਮ ਡਰ ਹੈ ਕਿ ਮਸ਼ੀਨਾਂ ਨੂੰ ਅਤਿ-ਆਧੁਨਿਕ ਅਧਿਕਾਰ ਅਤੇ ਫੈਸਲਾ ਲੈਣ ਦੀ ਸਮਰੱਥਾ ਪ੍ਰਦਾਨ ਕਰਨਾ ਨੁਕਸਾਨਦਾਇਕ ਹੋਵੇਗਾ ਕਿਉਂਕਿ ਮਸ਼ੀਨਾਂ ਕੋਲ ਕਿਸੇ ਤਰ੍ਹਾਂ ਦੀ ਦਲੀਲੀ ਸੂਝ-ਬੂਝ ਨਹੀਂ ਹੁੰਦੀ ਅਤੇ ਕੰਪਿਊਟਰਾਂ ਤੋਂ ਇਹ ਜਾਣਕਾਰੀ ਪੁਲਸ ਨੂੰ ਮੁਹੱਈਆ ਕਰਵਾਈ ਜਾਵੇਗੀ, ਜਿਥੇ ਆਸਾਨੀ ਨਾਲ ਇਸ ਦੀ ਵਰਤੋਂ ਲੋਕਾਂ ਨੂੰ ਦਬਾਉਣ ਜਾਂ ਤਸ਼ੱਦਦ ਕਰਨ ਲਈ ਹੋ ਸਕਦੀ ਹੈ।

ਇਸ ਤਕਨੀਕ ਦੀ ਦੁਰਵਰਤੋਂ ਦਾ ਡਰ ਹੀ ਹੈ ਕਿ ਐਮੇਜ਼ੋਨ ਵਰਗੀ ਕੰਪਨੀ ਦੇ ਕਰਮਚਾਰੀ ਤਕ ਆਪਣੇ ਸੰਸਥਾਪਕ ਜੈਫ ਬੇਜੋਸ ਨੂੰ ਇਹ ਟੈਕਨਾਲੋਜੀ ਤਿਆਰ ਕਰਨ ਤੋਂ ਮਨ੍ਹਾ ਕਰ ਰਹੇ ਹਨ। ਅਜਿਹਾ ਹੀ ਕੁਝ ਮਾਈਕ੍ਰੋਸਾਫਟ ਅਤੇ ਆਈ. ਬੀ. ਐੱਮ. ਦੇ ਕਰਮਚਾਰੀ ਵੀ ਕਰ ਰਹੇ ਹਨ ਪਰ ਫਿਰ ਵੀ ਚਿਹਰਾ ਪਛਾਣਨ ਵਾਲੇ ਇਸ ਸਾਫਟਵੇਅਰ ਦੀ ਅਮਰੀਕਾ ਦੇ ਕਈ ਏਅਰਪੋਰਟਸ ਉੱਤੇ ਵਰਤੋਂ ਸ਼ੁਰੂ ਹੋ ਚੁੱਕੀ ਹੈ।

 

 

 

Bharat Thapa

This news is Content Editor Bharat Thapa