ਪੰਜਾਬ ''ਚ ਸ਼ਾਂਤੀ ਦੇ ਇਕ ਹੋਰ ਮਸੀਹਾ ਸ਼੍ਰੀ ਕੇ. ਪੀ. ਐੱਸ. ਗਿੱਲ ਚੱਲ ਵਸੇ

05/27/2017 5:25:55 AM

ਪੰਜਾਬ ''ਚ ਅਸ਼ਾਂਤੀ ਦਾ ਦੌਰ 9 ਸਤੰਬਰ 1981 ਨੂੰ ਪੰਜਾਬ ਕੇਸਰੀ ਗਰੁੱਪ ਦੇ ਬਾਨੀ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੂੰ ਅੱਤਵਾਦੀਆਂ ਵਲੋਂ ਸ਼ਹੀਦ ਕੀਤੇ ਜਾਣ ਨਾਲ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਹਾਲਾਤ ਲਗਾਤਾਰ ਵਿਗੜਦੇ ਗਏ।
12 ਮਈ 1984 ਨੂੰ ਸ਼੍ਰੀ ਰਮੇਸ਼ ਚੰਦਰ ਜੀ ਦੀ ਸ਼ਹਾਦਤ ਤਕ ਪੰਜਾਬ ਅੱਤਵਾਦ ਦੀ ਅੱਗ ''ਚ ਸੜਨ ਲੱਗਾ ਸੀ ਤੇ ਇਸ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਬਠਿੰਡਾ, ਤਰਨਤਾਰਨ ਆਦਿ ਜ਼ਿਲੇ ਅਤੇ ਕਪੂਰਥਲਾ ਦਾ ਮੰਡ ਇਲਾਕਾ ਸਭ ਤੋਂ ਵੱਧ ਪ੍ਰਭਾਵਿਤ ਸੀ।  
ਪੂਰੇ ਸੂਬੇ ''ਚ ਅਸ਼ਾਂਤੀ, ਅਸੁਰੱਖਿਆ ਵਾਲਾ ਮਾਹੌਲ ਪੈਦਾ ਹੋ ਗਿਆ ਅਤੇ ਜਗ੍ਹਾ-ਜਗ੍ਹਾ ਇਕ ਹੀ ਭਾਈਚਾਰੇ ਦੇ ਬੇਕਸੂਰ ਲੋਕਾਂ ਦੀਆਂ ਹੱਤਿਆਵਾਂ ਹੋਣ ਲੱਗੀਆਂ। ਇਥੋਂ ਤਕ ਕਿ ਲਾਸ਼ਾਂ ਚੁੱਕਣ ਵਾਲਾ ਵੀ ਕੋਈ ਨਹੀਂ ਮਿਲਦਾ ਸੀ।
ਸੂਬੇ ''ਚ ਪੂਰੀ ਤਰ੍ਹਾਂ ਨਾਲ ਅੱਤਵਾਦੀਆਂ ਦਾ ਸਿੱਕਾ ਚੱਲ ਰਿਹਾ ਸੀ। ਟੀ. ਵੀ. ਦੇ ਐਂਟੀਨਾ ਤੋੜ ਦਿੱਤੇ ਗਏ ਅਤੇ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਬੱਤੀਆਂ ਜਗਾਉਣੀਆਂ ਬੰਦ ਕਰ ਦਿੱਤੀਆਂ ਸਨ। ਇਨ੍ਹਾਂ ਦੇ ਹੁਕਮ ''ਤੇ ਸਕੂਲੀ ਵਿਦਿਆਰਥੀਆਂ ਦੀ ਵਰਦੀ ਬਦਲ ਗਈ, ਰਾਸ਼ਟਰੀ ਗੀਤ ਗਾਉਣਾ ਬੰਦ ਹੋ ਗਿਆ, ਪਿੰਡਾਂ ਦੇ ਕੁੱਤੇ ਮਾਰ ਦਿੱਤੇ ਗਏ ਤਾਂ ਕਿ ਰਾਤ ਨੂੰ ਜਦੋਂ ਉਹ ਪਿੰਡਾਂ ਵਿਚ ਜਾਣ ਤਾਂ ਕੁੱਤੇ ਭੌਂਕ ਕੇ ਲੋਕਾਂ ਨੂੰ ਸਾਵਧਾਨ ਨਾ ਕਰ ਸਕਣ। 
ਪਿੰਡਾਂ ''ਚ ਔਰਤਾਂ ਨਾਲ ਬਲਾਤਕਾਰ ਤੇ ਲੁੱਟ-ਖੋਹ ਦੀਆਂ ਘਟਨਾਵਾਂ ਵਧ ਗਈਆਂ। ਸੜਕਾਂ ਤੇ ਬਾਜ਼ਾਰ ਸੁੰਨੇ ਹੋ ਗਏ। ਪੁਲਸ ਵਾਲੇ ਵੀ ਡਰ ਕੇ ਥਾਣਿਆਂ ''ਚ ਬੈਠੇ ਰਹਿੰਦੇ ਤੇ ਸ਼ਾਮ 4-5 ਵਜੇ ਹੀ ਥਾਣੇ ਬੰਦ ਹੋ ਜਾਂਦੇ ਸਨ।
ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ''ਚ ਵੀ ''ਅੱਤਵਾਦੀ'' ਅਤੇ ''ਅੱਤਵਾਦ'' ਸ਼ਬਦਾਂ ਦੀ ਵਰਤੋਂ ਬੰਦ ਹੋ ਗਈ ਤੇ ਇਸ ਦੀ ਥਾਂ ''ਖਾੜਕੂ'' ਸ਼ਬਦ ਦੀ ਵਰਤੋਂ ਹੋਣ ਲੱਗੀ। ਅਖ਼ਬਾਰਾਂ ਵਿਚ ਅੱਤਵਾਦੀਆਂ ਦੇ ਇਕ-ਇਕ ਸਫੇ ਦੇ ਇਸ਼ਤਿਹਾਰ ਅਤੇ ਇਕ-ਇਕ ਸਫੇ ਦੇ ਫਰਮਾਨ ਛਪਣ ਲੱਗੇ।
ਖਾਲਿਸਤਾਨੀਆਂ ਦੀ ਦੱਸੀ ਹੋਈ ਲਾਈਨ ''ਤੇ ਨਾ ਚੱਲਣ ਵਾਲੇ ਪੱਤਰਕਾਰਾਂ ਅਤੇ ਸਿਆਸਤਦਾਨਾਂ ਨੂੰ ''ਸੋਧ'' ਦੇਣ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ। ਅਖ਼ਬਾਰਾਂ ਦੇ ਕਈ ਸੰਪਾਦਕਾਂ, ਪੱਤਰਕਾਰਾਂ, ਫੋਟੋਗ੍ਰਾਫਰਾਂ, ਡਰਾਈਵਰਾਂ ਅਤੇ ਹਾਕਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ, ਜਿਨ੍ਹਾਂ ''ਚ ਪੰਜਾਬ ਕੇਸਰੀ ਗਰੁੱਪ ਦੇ ਕਈ ਮੈਂਬਰ ਵੀ ਸ਼ਾਮਲ ਸਨ।
ਕੁਝ ਅਜਿਹੇ ਮਾਹੌਲ ''ਚ ਪੰਜਾਬ ਵਿਚ 1 ਜੂਨ ਤੋਂ 6 ਜੂਨ 1984 ਦੇ ਦਰਮਿਆਨ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ''ਤੇ ਸ੍ਰੀ ਹਰਿਮੰਦਰ ਸਾਹਿਬ ''ਚੋਂ ਅੱਤਵਾਦੀਆਂ ਨੂੰ ਕੱਢਣ ਲਈ ਭਾਰਤੀ ਫੌਜ ਨੇ ''ਆਪ੍ਰੇਸ਼ਨ ਬਲਿਊ ਸਟਾਰ'' ਕੀਤਾ। ਭਾਰਤ ਸਰਕਾਰ ਦੇ ਅੰਕੜਿਆਂ ਮੁਤਾਬਿਕ ਇਸ ''ਚ 493 ਅੱਤਵਾਦੀ ਤੇ ਨਾਗਰਿਕ ਮਾਰੇ ਗਏ।  
ਪੰਜਾਬ ''ਚ ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਅੱਤਵਾਦ ਹੋਰ ਵਧਿਆ ਅਤੇ ਉਸ ਭਿਆਨਕ ਦੌਰ ਵਿਚ ਜੂਲੀਓ ਰਿਬੈਰੋ ਨੂੰ ਮਾਰਚ 1986 ''ਚ ਪੰਜਾਬ ਪੁਲਸ ਦਾ ਮਹਾਨਿਰਦੇਸ਼ਕ ਨਿਯੁਕਤ ਕੀਤਾ ਗਿਆ, ਜਿਨ੍ਹਾਂ ਨੇ ਅਪ੍ਰੈਲ 1988 ''ਚ ਇਸ ਅਹੁਦੇ ਤੋਂ ਰਿਟਾਇਰ ਹੋਣ ਤਕ ਪੰਜਾਬ ''ਚ ਅੱਤਵਾਦੀਆਂ ਨਾਲ ਟੱਕਰ ਲਈ।
ਅਪ੍ਰੈਲ 1988 ''ਚ ਸ਼੍ਰੀ ਕੇ. ਪੀ. ਐੱਸ. ਗਿੱਲ ਉਨ੍ਹਾਂ ਦੀ ਥਾਂ ਪੰਜਾਬ ਦੇ ਪੁਲਸ ਮਹਾਨਿਰਦੇਸ਼ਕ ਬਣਾਏ ਗਏ। ਉਹ 2 ਵਾਰ ਪੰਜਾਬ ਦੇ ਡੀ. ਜੀ. ਪੀ. ਰਹੇ—ਪਹਿਲੀ ਵਾਰ ਉਹ 1990 ਤਕ ਅਤੇ ਫਿਰ 1991 ਤੋਂ 1995 ''ਚ ਭਾਰਤੀ ਪੁਲਸ ਸੇਵਾ ਤੋਂ ਰਿਟਾਇਰ ਹੋਣ ਤਕ।
ਆਪਣੇ ਪਹਿਲੇ ਕਾਰਜਕਾਲ ਦੌਰਾਨ ਮਈ 1988 ''ਚ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਚ ਲੁਕੇ ਅੱਤਵਾਦੀਆਂ ਨੂੰ ਬਾਹਰ ਕੱਢਣ ਲਈ ''ਆਪ੍ਰੇਸ਼ਨ ਬਲੈਕ ਥੰਡਰ'' ਦੀ ਅਗਵਾਈ ਕੀਤੀ।  ਇਸ ਸਫਲ ਮੰਨੀ ਜਾਣ ਵਾਲੀ ਕਾਰਵਾਈ ''ਚ ਲੱਗਭਗ 67 ਅੱਤਵਾਦੀਆਂ ਨੇ ਸਮਰਪਣ ਕੀਤਾ ਅਤੇ 43 ਅੱਤਵਾਦੀ ਮੁਕਾਬਲੇ ''ਚ ਮਾਰੇ ਗਏ। ਸ਼੍ਰੀ ਗਿੱਲ ਦਾ ਕਹਿਣਾ ਸੀ ਕਿ ਉਹ ਭਾਰਤੀ ਫੌਜ ਵਲੋਂ ''ਆਪ੍ਰੇਸ਼ਨ ਬਲਿਊ ਸਟਾਰ'' ਦੌਰਾਨ ਹੋਈਆਂ ਗਲਤੀਆਂ ਨੂੰ ਨਹੀਂ ਦੁਹਰਾਉਣਾ ਚਾਹੁੰਦੇ।
1992 ਦੀਆਂ ਚੋਣਾਂ ਤੋਂ ਬਾਅਦ 31 ਅਗਸਤ 1995 ਨੂੰ ਅੱਤਵਾਦੀਆਂ ਵਲੋਂ ਹੱਤਿਆ ਕੀਤੇ ਜਾਣ ਤਕ ਸ. ਬੇਅੰਤ ਸਿੰਘ ਪੰਜਾਬ ਦੇ ਮੁੱਖ ਮੰਤਰੀ ਰਹੇ। ਉਨ੍ਹਾਂ ਨੇ ਜਿਥੇ ਪੰਜਾਬ ਦੀ ਕਮਾਨ ਸੰਭਾਲਣ ਤੋਂ ਬਾਅਦ ਅੱਤਵਾਦ ਦਾ ਖਾਤਮਾ ਕਰਨ ਦੀ ਦਿਸ਼ਾ ''ਚ ਅਹਿਮ ਭੂਮਿਕਾ ਨਿਭਾਈ, ਉਥੇ ਹੀ ਦੁਬਾਰਾ 1991 ਤੋਂ ਡੀ. ਜੀ. ਪੀ. ਨਿਯੁਕਤ ਕੀਤੇ ਗਏ ਸ਼੍ਰੀ ਗਿੱਲ ਨੇ ਵੀ ਇਸ ''ਚ ਸ. ਬੇਅੰਤ ਸਿੰਘ ਨੂੰ ਪੂਰਾ ਸਹਿਯੋਗ ਦਿੱਤਾ। 
ਸ. ਬੇਅੰਤ ਸਿੰਘ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਵੇਰੇ-ਸਵੇਰੇ ਹੀ ਪਿੰਡਾਂ ਦੇ ਦੌਰੇ ''ਤੇ ਨਿਕਲ ਪੈਂਦੇ ਤੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦਾ ਹੌਸਲਾ ਵਧਾਉਂਦੇ। ਪੰਜਾਬ ''ਚ ਅੱਤਵਾਦ ਦੇ ਖਾਤਮੇ ''ਚ ਉਨ੍ਹਾਂ ਦੇ ਯੋਗਦਾਨ ਲਈ ਹੀ ਉਨ੍ਹਾਂ ਨੂੰ ਚੇਤੇ ਕੀਤਾ ਜਾਂਦਾ ਹੈ।
ਸਵ. ਬੇਅੰਤ ਸਿੰਘ ਨਾਲ ਮਿਲ ਕੇ ਸ਼੍ਰੀ ਗਿੱਲ ਨੇ ਪੰਜਾਬ ''ਚੋਂ ਅੱਤਵਾਦ ਨੂੰ ਖਤਮ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਤੇ ਇਸ ਦਾ ਸਭ ਤੋਂ ਜ਼ਿਆਦਾ ਸਿਹਰਾ ਸ. ਬੇਅੰਤ ਸਿੰਘ ਤੋਂ ਬਾਅਦ ਸ਼੍ਰੀ ਕੇ. ਪੀ. ਐੱਸ. ਗਿੱਲ ਨੂੰ ਹੀ ਜਾਂਦਾ ਹੈ।
ਪੁਲਸ ਸੇਵਾ ਤੋਂ ਰਿਟਾਇਰ ਹੋਣ ਤੋਂ ਬਾਅਦ ਵੀ ਸ਼੍ਰੀ ਗਿੱਲ ਵੱਖ-ਵੱਖ ਖੇਤਰਾਂ ''ਚ ਸਰਗਰਮ ਰਹੇ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ ਤੇ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ''ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। 26 ਮਈ ਨੂੰ ਦੁਪਹਿਰ ਦੇ ਸਮੇਂ 82 ਸਾਲ ਦੀ ਉਮਰ ''ਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਬੇਸ਼ੱਕ ਉਹ ਅੱਜ ਸਾਡੇ ਦਰਮਿਆਨ ਨਹੀਂ ਰਹੇ ਪਰ ਪੰਜਾਬ ''ਚ ਸ਼ਾਂਤੀ ਬਹਾਲ ਕਰਨ ''ਚ ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਚੇਤੇ ਕੀਤਾ ਜਾਵੇਗਾ।
ਜੋ ਬਾਦਾ ਕਸ਼ ਥੇ ਪੁਰਾਨੇ, ਵੋ ਉਠਤੇ ਜਾਤੇ ਹੈਂ,
ਕਹੀਂ ਸੇ ਆਬੇ ਬਕਾ-ਏ-ਦਵਾਮ ਲੇ ਸਾਕੀ£
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra