ਅਤੇ ਹੁਣ ਦੁਨੀਆ ’ਤੇ ਮਨੁੱਖ ਨਿਰਮਿਤ ਵਾਇਰਸ ਦਾ ਖਤਰਾ

09/14/2020 2:45:39 AM

‘ਕੋਰੋਨਾ’ ਵਾਇਰਸ ਨੇ ਜਦੋਂ ਅਮਰੀਕਾ ’ਚ ਤਬਾਹੀ ਮਚਾਉਣੀ ਸ਼ੁਰੂ ਕੀਤੀ ਤਾਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ‘ਚਾਈਨੀਜ਼ ਵਾਇਰਸ’ ਕਹਿੰਦੇ ਹੋਏ ਦੋਸ਼ ਲਗਾਇਆ ਸੀ ਕਿ ਇਹ ਕੁਦਰਤੀ ਨਹੀਂ ਮਨੁੱਖ ਨਿਰਮਿਤ ਵਾਇਰਸ ਹੈ, ਜਿਸ ਨੂੰ ਬੀਮਾਰੀ ਫੈਲਾਉਣ ਲਈ ਚੀਨ ’ਚ ‘ਜੈਨੇਟਿਕ ਇੰਜੀਨੀਅਰਿੰਗ’ (ਖਾਨਦਾਨੀ ਇੰਜੀਨੀਅਰਿੰਗ) ਨਾਲ ਜਾਣਬੁੱਝ ਕੇ ਤਿਆਰ ਕੀਤਾ ਗਿਆ ਅਤੇ ਇਹ ਵੂਹਾਨ ਇੰਸਟੀਚਿਊਟ ਆਫ ਵਾਇਰੋਲਾਜੀ ਦੀ ਪ੍ਰਯੋਗਸ਼ਾਲਾ ’ਚ ਇਹ ਦੁਰਘਟਨਾ ਕਾਰਨ ਫੈਲਿਆ ਹੋਵੇਗਾ।

ਹਾਲਾਂਕਿ ਹੁਣ ਤੱਕ ਹੋਈਅਾਂ ਖੋਜਾਂ ’ਚ ਇਸ ਦੇ ਮਨੁੱਖ ਨਿਰਮਿਤ ਵਾਇਰਸ ਹੋਣ ਤੋਂ ਇਨਕਾਰ ਕੀਤਾ ਗਿਆ ਹੈ ਪਰ ਜੇਕਰ ਇਸ ਮਹਾਮਾਰੀ ਦੇ ਪਿੱਛੇ ‘ਜੈਨੇਟਿਕ ਇੰਜੀਨੀਅਰਿੰਗ’ ਨਹੀਂ ਸੀ ਤਾਂ ਭਵਿੱਖ ’ਚ ਅਜਿਹਾ ਹੋਣ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਹੈ।

ਕੋਰੋਨਾ ਨੇ ਜਿਸ ਤਰ੍ਹਾਂ ਪੱਛਮੀ ਅਰਥਵਿਵਸਥਾ ਨੂੰ ਗੋਡਿਅਾਂ ’ਤੇ ਲਿਆ ਦਿੱਤਾ ਹੈ, ਦੁਨੀਆ ਭਰ ਦੇ ਤਾਨਾਸ਼ਾਹ ਜਾਣ ਚੁੱਕੇ ਹਨ ਕਿ ਵਾਇਰਸ ਪ੍ਰਮਾਣੂ ਮਿਜ਼ਾਈਲਾਂ ਤੋਂ ਵੀ ਵੱਧ ਤਬਾਹਕੁੰਨ ਹੋ ਸਕਦੇ ਹਨ। ਇਸ ਤੋਂ ਵੀ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਹੁਣ ਇਕ ਰੋਗ ਨੂੰ ਜਨਮ ਦੇਣ ਵਾਲਾ ਵਾਇਰਸ ਤਿਆਰ ਕਰਨ ਲਈ ਕਿਸੇ ਵੱਡੀ ਸਾਰੀ ਸਰਕਾਰੀ ਪ੍ਰਯੋਗਸ਼ਾਲਾ ਦੀ ਲੋੜ ਵੀ ਨਹੀਂ ਹੈ।

ਜੈਨੇਟਿਕ ਇੰਜੀਨੀਅਰਿੰਗ ’ਚ ਹੋਈ ਤਕਨੀਕੀ ਕ੍ਰਾਂਤੀ ਕਾਰਨ ਵਾਇਰਸ ਬਣਾਉਣ ਲਈ ਜ਼ਰੂਰੀ ਸਾਰੇ ਉਪਕਰਨ ਇੰਨੇ ਸਸਤੇ, ਸੌਖੇ ਅਤੇ ਆਸਾਨੀ ਨਾਲ ਮੁਹੱਈਆ ਹਨ ਕਿ ਕੋਈ ਵੀ ਦੁਸ਼ਟ ਵਿਗਿਆਨੀ ਜਾਂ ਕਾਲਜ ’ਚ ਪੜ੍ਹਨ ਵਾਲਾ ‘ਬਾਇਓ ਹੈਕਰ’ ਉਨ੍ਹਾਂ ਦੀ ਵਰਤੋਂ ਕਰ ਕੇ ਕੋਰੋਨਾ ਤੋਂ ਵੀ ਵੱਡਾ ਖਤਰਾ ਦੁਨੀਆ ’ਚ ਫੈਲਾਅ ਸਕਦਾ ਹੈ।

ਜੋ ਪ੍ਰਯੋਗ ਕਦੇ ਸਰਕਾਰੀ ਅਤੇ ਕਾਰਪੋਰੇਟ ਪ੍ਰਯੋਗਸ਼ਾਲਾਵਾਂ ਦੀਆਂ ਸੁਰੱਖਿਅਤ ਦੀਵਾਰਾਂ ਦੇ ਪਿੱਛੇ ਕੀਤੇ ਜਾ ਸਕਦੇ ਸਨ, ਉਹ ਹੁਣ ਆਨਲਾਈਨ ਸ਼ਾਪਿੰਗ ਵੈੱਬਸਾਈਟਸ ਤੋਂ ਖਰੀਦੇ ਉਪਕਰਨਾਂ ਦੇ ਨਾਲ ਘਰ ’ਚ ਹੀ ਕੀਤੇ ਜਾ ਸਕਦੇ ਹਨ। ਚੰਗੀ ਅਤੇ ਬੁਰੀ ਸਮਰੱਥਾ ਨਾਲ ਜੈਨੇਟਿਕ ਇੰਜੀਨੀਅਰਿੰਗ ਹੁਣ ਹਰ ਕਿਸੇ ਦੀ ਆਸਾਨ ਪਹੁੰਚ ’ਚ ਹੈ।

ਵਾਇਰਸ ਤਿਆਰ ਕਰਨ ਲਈ ਪਹਿਲਾ ਕਦਮ ਮੌਜੂਦਾ ‘ਰੋਗ ਜਨਕ’ ਵਾਇਰਸ ਦੀ ਖਾਨਦਾਨੀ ਜਾਣਕਾਰੀ ਹਾਸਲ ਕਰਨਾ ਹੈ। ਉਦਾਹਰਣ ਲਈ ਜ਼ੁਕਾਮ ਕਰਨ ਵਾਲਾ ਕੋਰੋਨਾ ਵਰਗ ਦਾ ਇਕ ਵਾਇਰਸ, ਜਿਸ ਨੂੰ ਜ਼ਿਆਦਾ ਖਤਰਨਾਕ ਬਣਾਉਣ ਲਈ ਬਦਲਿਆ ਜਾ ਸਕਦਾ ਹੈ।

ਕਿਸੇ ਸਮੇਂ ਵਾਇਰਸ ਦੀ ਖਾਨਦਾਨੀ ਜਾਣਕਾਰੀ ਹਾਸਲ ਕਰਨ ’ਤੇ ਕਰੋੜਾਂ ਰੁਪਏ ਅਤੇ ਸਾਲਾਂ ਦੀ ਖੋਜ ਕਰਨੀ ਪੈਂਦੀ ਸੀ, ਉਥੇ ਹੁਣ ਇਸ ਨੂੰ ਕੁਝ ਹਜ਼ਾਰ ਰੁਪਇਆਂ ’ਚ ਆਨਲਾਈਨ ਹਾਸਲ ਕੀਤਾ ਜਾ ਸਕਦਾ ਹੈ।

ਅਗਲਾ ਪੜਾਅ ਮੌਜੂਦਾ ਵਾਇਰਸ ਦੇ ਪ੍ਰਭਾਵ ਨੂੰ ਬਦਲਣ ਲਈ ਇਸ ਦੇ ‘ਜੀਨੋਮ’ ਨੂੰ ਬਦਲਣਾ ਹੈ। ਇਕ ਤਕਨੀਕ ਨੇ ਇਸ ਨੂੰ ਲਗਭਗ ਓਨਾ ਹੀ ਆਸਾਨ ਬਣਾ ਦਿੱਤਾ ਹੈ ਜਿੰਨਾ ਕੰਪਿਊਟਰ ’ਤੇ ਕਿਸੇ ਦਸਤਾਵੇਜ਼ ਦਾ ਸੰਪਾਦਨ ਕਰਨਾ।

ਕੁਝ ਸਾਲ ਪਹਿਲਾਂ ਵਿਕਸਿਤ ਕੀਤੀ ਗਈ ਇਸ ਤਕਨੀਕ ਦਾ ਨਾਂ ‘ਸੀ. ਆਰ. ਆਈ. ਐੱਸ. ਪੀ. ਆਰ. ਜੀਨ ਐਡੀਟਿੰਗ’ ਹੈ। ਬੈਕਟੀਰੀਅਾ ਨੇ ਖੁਦ ਨੂੰ ਵਾਇਰਸ ਤੋਂ ਬਚਾਉਣ ਲਈ ਸਹਿਸ਼ਤਾਬਦੀਆਂ ਦੇ ਦੌਰਾਨ ਜੋ ਤਰੀਕਾ ਵਿਕਸਿਤ ਕੀਤਾ, ਉਸ ਨੂੰ ਇਸ ਤਕਨੀਕ ਨੇ ਕਿਸੇ ਵੀ ਜੀਵ ਦੇ ਡੀ. ਐੱਨ. ਏ. ਨੂੰ ਬਦਲਣ ਲਈ ਇਕ ਸਸਤੇ, ਸੌਖੇ ਅਤੇ ਤੇਜ਼ ਤਰੀਕੇ ’ਚ ਬਦਲ ਦਿੱਤਾ ਹੈ।

ਪਹਿਲਾਂ ਜਿਥੇ ਡੀ. ਐੱਨ. ਏ. ਦੇ ਨਾਲ ਪ੍ਰਯੋਗ ਕਰਨ ਲਈ ਸਾਲਾਂ ਦਾ ਤਜਰਬਾ, ਅਤਿਆਧੁਨਿਕ ਪ੍ਰਯੋਗਸ਼ਾਲਾਵਾਂ ਅਤੇ ਕਰੋੜਾਂ-ਅਰਬਾਂ ਰੁਪਏ ਦੀ ਲੋੜ ਹੁੰਦੀ ਸੀ, ਉਥੇ ‘ਸੀ. ਆਰ. ਆਈ. ਐੱਸ. ਪੀ. ਆਰ. ਜੀਨ ਐਡੀਟਿੰਗ’ ਨੇ ਇਸ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਹੁਣ ਇੰਟਰਨੈੱਟ ’ਤੇ ਕੁਝ ਹਜ਼ਾਰ ਰੁਪਿਅਾਂ ’ਚ ਆਰ. ਐੱਨ. ਏ. ਦਾ ਆਰਡਰ ਦੇਣਾ ਅਤੇ ਕੁਝ ਕੈਮੀਕਲਸ ਅਤੇ ਐਂਜਾਈਮ ਖਰੀਦਣ ਦੀ ਲੋੜ ਹੈ।

ਕਿਉਂਕਿ ਇਹ ਸਭ ਇੰਨਾ ਸਸਤਾ ਅਤੇ ਆਸਾਨ ਹੈ, ਦੁਨੀਆ ਭਰ ’ਚ ਹਜ਼ਾਰਾਂ ਵਿਗਿਆਨੀ ‘ਸੀ. ਆਰ. ਆਈ. ਐੱਸ. ਪੀ. ਆਰ.’ ਅਾਧਾਰਿਤ ਪ੍ਰਾਜੈਕਟਾਂ ਦੀ ਵਰਤੋਂ ਕਰ ਰਹੇ ਹਨ ਜਿਸ ’ਚੋਂ ਬਹੁਤ ਹੀ ਘੱਟ ਕਿਸੇ ਜ਼ਿੰਮੇਵਾਰ ਸੰਸਥਾ ਦੇ ਕੰਟਰੋਲ ’ਚ ਹਨ ਕਿਉਂਕਿ ਰੈਗੂਲੇਟਰੀਆਂ ਨੂੰ ਅਜੇ ਤੱਕ ਇਹ ਸਮਝ ’ਚ ਹੀ ਨਹੀਂ ਆਇਆ ਹੈ ਕਿ ਅਚਾਨਕ ਕਿਵੇਂ ਇਹ ਸਭ ਸੰਭਵ ਹੋ ਗਿਆ ਹੈ।

ਚਾਹੀਦਾ ਤਾਂ ਇਹ ਸੀ ਕਿ ਸਾਰੇ ਦੇਸ਼ ਆਪਣੇ ਇਥੇ ਇਸ ਤਕਨੀਕ ਦੇ ਖੁੱਲ੍ਹੇ ਪ੍ਰਯੋਗ ਅਤੇ ਆਰ. ਐੱਨ. ਏ. ਸੀਕਵੈਂਸ ਨੂੰ ਵੇਚੇ ਜਾਣ ’ਤੇ ਰੋਕ ਲਗਾਉਂਦੇ ਅਤੇ ਇਸ ਸੰਬੰਧ ’ਚ ਮਿਲ ਕੇ ਨੀਤੀ ਤੈਅ ਕਰਦੇ ਪਰ ਅਜੇ ਤੱਕ ਅਜਿਹਾ ਨਹੀਂ ਹੋਇਆ ਹੈ।

ਬਿਹਤਰ ਇਹੀ ਹੋਵੇਗਾ ਕਿ ਕੋਰੋਨਾ ਮਹਾਮਾਰੀ ਨੂੰ ਵਾਇਰਸ ਦੇ ਖਤਰਿਅਾਂ ਪ੍ਰਤੀ ਸਾਰਿਅਾਂ ਦੀਅਾਂ ਅੱਖਾਂ ਖੋਲ੍ਹਣ ਦੀ ਇਕ ਚਿਤਾਵਨੀ ਮੰਨਦੇ ਹੋਏ ਸਮਾਂ ਰਹਿੰਦਿਅਾਂ ‘ਵਾਇਰਸ ਜੈਨੇਟਿਕ ਇੰਜੀਨੀਅਰਿੰਗ’ ਨੂੰ ਕਾਬੂ ਕੀਤਾ ਜਾਵੇ।

Bharat Thapa

This news is Content Editor Bharat Thapa