ਬਾਰੂਦ ਦੇ ਢੇਰ ''ਤੇ ਬੈਠੇ ਦੁਨੀਆ ਦੇ ਸਾਰੇ ਦੇਸ਼

05/26/2017 7:22:17 AM

ਅੱਜ ਲਗਭਗ ਸਾਰੀ ਦੁਨੀਆ ਹੀ ਅੱਤਵਾਦ ਦੀ ਲਪੇਟ ''ਚ ਆਈ ਹੋਈ ਹੈ। ਸ਼ਾਇਦ ਹੀ ਕੋਈ ਅਜਿਹਾ ਦੇਸ਼ ਹੋਵੇ, ਜਿਹੜਾ ਇਸ ਦੀ ਮਾਰ ਤੋਂ ਬਚਿਆ ਹੋਵੇ।
ਇਕ ਪਾਸੇ ਜਿਥੇ ਪਾਕਿਸਤਾਨ ਵਰਗੇ ਖੁਦ ਅੱਤਵਾਦ ਨੂੰ ਸ਼ਹਿ ਦੇਣ ਵਾਲੇ ਦੇਸ਼ ਆਪਣੇ ਹੀ ਪਾਲ਼ੇ ਹੋਏ ਅੱਤਵਾਦੀਆਂ ਦੇ ਨਿਸ਼ਾਨੇ ''ਤੇ ਹਨ, ਉਥੇ ਹੀ ਦੂਜੇ ਪਾਸੇ ਅੱਤਵਾਦ ਵਿਰੋਧੀ ਦੇਸ਼ ਵੀ ਇਸ ਤੋਂ ਪੀੜਤ ਹਨ, ਜਿਸ ਦੀਆਂ ਕੁਝ ਮਿਸਾਲਾਂ ਹੇਠਾਂ ਦਰਜ ਹਨ :
* 14 ਜਨਵਰੀ 2016 ਨੂੰ ਫਰਾਂਸ ਦੇ ''ਨੀਸ'' ਸ਼ਹਿਰ ''ਚ ਅੱਤਵਾਦੀ ਹਮਲੇ ''ਚ 86 ਵਿਅਕਤੀਆਂ ਦੀ ਮੌਤ ਹੋ ਗਈ ਤੇ 400 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ।
* 08 ਅਗਸਤ ਨੂੰ ਪਾਕਿਸਤਾਨ ''ਚ ਕੁਏਟਾ ਦੇ ਇਕ ਹਸਪਤਾਲ ''ਚ ਹੋਏ ਆਤਮਘਾਤੀ ਬੰਬ ਧਮਾਕੇ ''ਚ 93 ਤੋਂ ਜ਼ਿਆਦਾ ਲੋਕਾਂ ਦੀ ਮੌਤ ਤੇ 150 ਤੋਂ ਜ਼ਿਆਦਾ ਜ਼ਖਮੀ ।
* 19 ਦਸੰਬਰ ਨੂੰ ਜਰਮਨੀ ਦੇ ਬਰਲਿਨ ਸ਼ਹਿਰ ''ਚ ਆਈ. ਐੱਸ. ਅੱਤਵਾਦੀਆਂ ਦੇ ਹਮਲੇ ''ਚ 12 ਵਿਅਕਤੀ ਮਾਰੇ ਗਏ। 
* 08 ਫਰਵਰੀ 2017  ਨੂੰ ਅਫਗਾਨਿਸਤਾਨ ''ਚ ''ਰੈੱਡਕ੍ਰਾਸ'' ਵਰਕਰਾਂ ''ਤੇ ਆਈ. ਐੱਸ. ਅੱਤਵਾਦੀਆਂ ਦੇ ਹਮਲੇ ''ਚ 7 ਵਿਅਕਤੀਆਂ ਦੀ ਮੌਤ ਤੇ 2 ਵਿਅਕਤੀਆਂ ਨੂੰ ਬੰਧਕ ਬਣਾਇਆ।
* 11 ਫਰਵਰੀ ਨੂੰ ਅਫਗਾਨਿਸਤਾਨ ''ਚ ''ਲਸ਼ਕਰਗਾਹ'' ਨਾਮੀ ਜਗ੍ਹਾ ''ਤੇ ਇਕ ਬੈਂਕ ਦੇ ਬਾਹਰ ਹੋਏ ਆਤਮਘਾਤੀ ਕਾਰ ਬੰਬ ਹਮਲੇ ''ਚ 7 ਵਿਅਕਤੀ ਮਾਰੇ ਗਏ।
* 19 ਫਰਵਰੀ ਨੂੰ ਮੋਸੁਲ (ਇਰਾਕ) ''ਚ ਹੋਏ ਆਤਮਘਾਤੀ ਹਮਲਿਆਂ ''ਚ 5 ਵਿਅਕਤੀ ਮਾਰੇ ਗਏ।
* 28 ਫਰਵਰੀ ਨੂੰ ਦੱਖਣੀ ਅਫਗਾਨਿਸਤਾਨ ਦੇ ਹੇਲਮੰਡ ਸੂਬੇ ''ਚ ਅੱਤਵਾਦੀਆਂ ਵਲੋਂ 12 ਪੁਲਸ ਮੁਲਾਜ਼ਮਾਂ ਦੀ ਹੱਤਿਆ।
* 08 ਮਾਰਚ ਨੂੰ ਇਰਾਕ ਦੇ ਮੁੱਖ ਸ਼ਹਿਰ ''ਤਿਕਰਿਤ'' ਨੇੜੇ ਇਕ ਪਿੰਡ ''ਚ ਵਿਆਹ ਪਾਰਟੀ ''ਤੇ ਹੋਏ ਆਤਮਘਾਤੀ ਹਮਲੇ ''ਚ 26 ਵਿਅਕਤੀਆਂ ਦੀ ਮੌਤ ਹੋ ਗਈ।
* 08 ਮਾਰਚ ਨੂੰ ਹੀ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਮਿਲਟਰੀ ਹਸਪਤਾਲ ''ਤੇ ਆਈ. ਐੱਸ. ਅੱਤਵਾਦੀਆਂ ਦੇ ਹਮਲੇ ''ਚ 40 ਤੋਂ ਜ਼ਿਆਦਾ ਲੋਕਾਂ ੰਦੀਆਂ ਜਾਨਾਂ ਗਈਆਂ। 
* 22 ਮਾਰਚ 2017 ਨੂੰ ਲੰਡਨ ''ਚ ਸੰਸਦ ਦੇ ਬਾਹਰ ਹੋਏ ਅੱਤਵਾਦੀ ਹਮਲੇ ''ਚ 5 ਵਿਅਕਤੀਆਂ ਦੀ ਮੌਤ ਹੋ ਗਈ ਤੇ 40 ਹੋਰ ਜ਼ਖਮੀ ਹੋ ਗਏ।
* 23 ਮਾਰਚ ਨੂੰ ਰੂਸ ਦੇ ਚੇਚਨੀਆ ਸੂਬੇ ''ਚ ਸਥਿਤ ਉਸ ਦੇ  ਫੌਜੀ ਟਿਕਾਣਿਆਂ ''ਤੇ ਹੋਏ ਅੱਤਵਾਦੀ ਹਮਲੇ ''ਚ 6 ਫੌਜੀਆਂ ਨੂੰ ਜਾਨ ਤੋਂ ਹੱਥ ਧੋਣੇ ਪਏ।
* 07 ਅਪ੍ਰੈਲ ਨੂੰ ਸਵੀਡਨ ਦੇ ਸਟਾਕਹੋਮ  ''ਚ ਆਈ. ਐੱਸ. ਅੱਤਵਾਦੀਆਂ ਦੇ ਹਮਲੇ ''ਚ 4 ਵਿਅਕਤੀਆਂ ਦੀ ਮੌਤ ਤੇ 15 ਜ਼ਖਮੀ ਹੋਏ।
* 09 ਅਪ੍ਰੈਲ ਨੂੰ ਮਿਸਰ ''ਚ ਗਿਰਜਾਘਰਾਂ ''ਤੇ ਹੋਏ ਹਮਲਿਆਂ ''ਚ ਘੱਟੋ-ਘੱਟ 36 ਵਿਅਕਤੀ ਮਾਰੇ ਗਏ ਅਤੇ 100 ਤੋਂ ਜ਼ਿਆਦਾ ਜ਼ਖਮੀ ਹੋਏ।
* 28 ਅਪ੍ਰੈਲ ਨੂੰ ਫਿਲਪਾਈਨਜ਼ ਦੀ ਰਾਜਧਾਨੀ ਮਨੀਲਾ ''ਚ ਇਕ ਪਾਈਪ ਬੰਬ ਧਮਾਕੇ ''ਚ 14 ਵਿਅਕਤੀ ਜ਼ਖਮੀ ਹੋ ਗਏ।
* 21 ਮਈ ਨੂੰ ਸੀਰੀਆ ਦੇ ''ਇਦਲਿਬ'' ਪ੍ਰਾਂਤ ਦੇ ਇਕ ਪਿੰਡ ''ਚ ਆਈ. ਐੱਸ. ਵਲੋਂ ਸੀਰੀਆਈ ਇਸਲਾਮੀ  ਬਾਗੀ ਸਮੂਹ ''ਤੇ ਕੀਤੇ ਗਏ ਹਮਲੇ ''ਚ 21 ਲੜਾਕੇ ਮਾਰੇ ਗਏ। 
* 22 ਮਈ ਨੂੰ ਅਫਗਾਨਿਸਤਾਨ ''ਚ ਕੰਧਾਰ ਸੂਬੇ ਦੇ ''ਸ਼ਾਹ ਵਲੀ ਕੋਟ'' ਜ਼ਿਲੇ ''ਚ ਫੌਜੀ ਕੈਂਪ ''ਤੇ ਹੋਏ ਅੱਤਵਾਦੀ ਹਮਲੇ ''ਚ ਘੱਟੋ-ਘੱਟ 10 ਫੌਜੀਆਂ ਦੀ ਮੌਤ।
* 23 ਮਈ ਨੂੰ ਇੰਗਲੈਂਡ ਦੇ ਮਾਨਚੈਸਟਰ ''ਚ ਕੰਸਰਟ ''ਤੇ ਆਈ. ਐੱਸ. ਦੇ ਬੰਬ ਹਮਲੇ ''ਚ ਕਈ ਬੱਚਿਆਂ ਸਮੇਤ 22 ਵਿਅਕਤੀ ਮਾਰੇ ਗਏ ਤੇ 59 ਹੋਰ ਜ਼ਖਮੀ ਹੋ ਗਏ। 
* 24 ਮਈ ਤੋਂ ਫਿਲਪਾਈਨਜ਼ ਦੇ ਮਰਾਵੀ ਸ਼ਹਿਰ ''ਚ ਸ਼ੁਰੂ ਹੋਈ ਲੜਾਈ ''ਚ ਹੁਣ ਤਕ 21 ਵਿਅਕਤੀਆਂ ਦੀ ਮੌਤ, ਆਈ. ਐੱਸ. ਦੇ ਅੱਤਵਾਦੀਆਂ ਨੇ ਕਈ ਇਮਾਰਤਾਂ ਸਾੜ ਦਿੱਤੀਆਂ, ਇਕ ਦਰਜਨ ਤੋਂ ਜ਼ਿਆਦਾ ਕੈਥੋਲਿਕਾਂ ਨੂੰ ਬੰਧਕ ਬਣਾ ਲਿਆ, ਆਪਣਾ ਝੰਡਾ ਲਹਿਰਾਇਆ। ਧਮਾਕਿਆਂ ਨਾਲ ਸ਼ਹਿਰ ਕੰਬ ਉੱਠਿਆ। ਇਹ ਲੇਖ ਲਿਖੇ ਜਾਣ ਤਕ ਹਿੰਸਾ ਜਾਰੀ ਸੀ।
* 24 ਮਈ ਨੂੰ ਹੀ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ''ਚ ਰੁਝੇਵੇਂ ਵਾਲੇ ਇਕ ਬੱਸ ਟਰਮੀਨਲ ''ਤੇ ਆਤਮਘਾਤੀ ਹਮਲਾਵਰ ਵਲੋਂ ਕੀਤੇ ਦੋ ਸੀਰੀਅਲ ਬੰਬ ਧਮਾਕਿਆਂ ''ਚ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਕਈ ਪੁਲਸ ਅਧਿਕਾਰੀ ਅਤੇ ਨਾਗਰਿਕ ਜ਼ਖਮੀ ਹੋ ਗਏ।
ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਜ਼ਿਆਦਾਤਰ ਹਮਲੇ ਜਾਂ ਤਾਂ ਰਾਜਧਾਨੀਆਂ ਜਾਂ ਹੋਰਨਾਂ ਅਹਿਮ ਸ਼ਹਿਰਾਂ ਜਾਂ ਟਿਕਾਣਿਆਂ ''ਤੇ ਕੀਤੇ ਗਏ ਹਨ, ਜਿਨ੍ਹਾਂ ਤੋਂ ਸਪੱਸ਼ਟ ਹੈ ਕਿ ਅੱਤਵਾਦੀਆਂ ਦੇ ਹੌਸਲੇ ਤੇ ਤਾਕਤ ''ਚ ਕਿੰਨਾ ਵਾਧਾ ਹੋ ਚੁੱਕਾ ਹੈ।
ਇਸੇ ਲਈ ਅੱਜ ਦੁਨੀਆ ''ਚ ''ਇਕ ਮਿੰਨੀ ਸੰਸਾਰ ਜੰਗ'' ਵਰਗੀ ਸਥਿਤੀ ਬਣ ਰਹੀ ਹੈ ਅਤੇ ਅੱਤਵਾਦ ਨੇ ਸਿੱਧੇ-ਅਸਿੱਧੇ ਤੌਰ ''ਤੇ ਸਾਰੇ ਦੇਸ਼ਾਂ ਨੂੰ ਆਪਣੀ ਲਪੇਟ ''ਚ ਲਿਆ ਹੋਇਆ ਹੈ। ਕਹਿਣਾ ਮੁਸ਼ਕਲ ਹੈ ਕਿ ਜੇ ਅੱਤਵਾਦ ਦੇ ਪੋਸ਼ਕ ਦੇਸ਼ਾਂ ਨੇ ਅੱਤਵਾਦੀਆਂ ਨੂੰ ਪਨਾਹ ਦੇਣੀ ਨਾ ਛੱਡੀ ਅਤੇ ਅੱਤਵਾਦ ਤੋਂ ਪੀੜਤ ਦੇਸ਼ਾਂ ਨੇ ਇਕਜੁਟ ਹੋ ਕੇ ਸਮੂਹਿਕ ਯਤਨਾਂ ਨਾਲ ਆਪਣੇ ਇਥੇ ਚੱਲ ਰਹੇ ਅੱਤਵਾਦ ਦੇ ਅੱਡਿਆਂ ਨੂੰ ਖਤਮ ਨਾ ਕੀਤਾ ਤਾਂ ਤਬਾਹੀ ਦਾ ਇਹ ਸਿਲਸਿਲਾ ਕਿੱਥੇ ਜਾ ਕੇ ਮੁੱਕੇਗਾ!                    
—ਵਿਜੇ ਕੁਮਾਰ

Vijay Kumar Chopra

This news is Chief Editor Vijay Kumar Chopra