ਆਰਟੀਕਲ-370 ਹਟਾਉਣ ਤੋਂ ਬਾਅਦ ਕਸ਼ਮੀਰ ਅਤੇ ਪਾਕਿਸਤਾਨ ’ਚ ਭਾਰਤ ਬਾਰੇ ਹੁਣ ਆਉਣਾ ਸ਼ੁਰੂ ਹੋਇਆ ਬਦਲਾਅ

09/05/2019 2:12:35 AM

ਕੇਂਦਰ ਸਰਕਾਰ ਵਲੋਂ 5 ਅਗਸਤ 2019 ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲਾ ਸੰਵਿਧਾਨ ਦਾ ਆਰਟੀਕਲ-370 ਖਤਮ ਕਰਨ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖ-ਵੱਖ ਕੇਂਦਰ ਸ਼ਾਸਿਤ ਖੇਤਰ ਬਣਾਉਣ ਦੇ ਐਲਾਨ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ’ਚ ਕੁੜੱਤਣ ਸਿਖਰਾਂ ’ਤੇ ਪਹੁੰਚ ਗਈ।

ਇਸ ਦੇ ਵਿਰੁੱਧ ਪਾਕਿਸਤਾਨ ਦੇ ਕੁਝ ਨੇਤਾਵਾਂ ਨੇ ਭਾਰਤ ਵਿਰੋਧੀ ਬਿਆਨਬਾਜ਼ੀ ਦੀਆਂ ਸਾਰੀਆਂ ਹੱਦਾਂ ਲੰਘ ਦਿੱਤੀਆਂ ਅਤੇ ਇਥੋਂ ਤਕ ਕਿ ਭਾਰਤ ਨੂੰ ਪ੍ਰਮਾਣੂ ਹਮਲੇ ਦੀਆਂ ਧਮਕੀਆਂ ਵੀ ਦੇਣ ਲੱਗੇ।

ਇਸ ਦੇ ਲਈ ਸਭ ਤੋਂ ਵੱਧ ਜ਼ਿੰਮੇਵਾਰ ਜੰਮੂ-ਕਸ਼ਮੀਰ ਦੇ ਮਹਾਰਾਜਾ ਹਰੀ ਸਿੰਘ ਸਨ, ਜਿਨ੍ਹਾਂ ਨੇ ਆਜ਼ਾਦ ਰਹਿਣ ਦੀ ਇੱਛਾ ਕਾਰਨ ਕਸ਼ਮੀਰ ਦੇ ਭਾਰਤ ’ਚ ਰਲੇਵੇਂ ਦਾ ਫੈਸਲਾ 20 ਅਕਤੂਬਰ 1947 ਨੂੰ ਕਬਾਇਲੀਆਂ ਦੇ ਭੇਸ ’ਚ ਜੰਮੂ-ਕਸ਼ਮੀਰ ’ਚ ਦਾਖਲ ਹੋਏ ਪਾਕਿਸਤਾਨੀ ਫੌਜੀਆਂ ਵਲੋਂ ਲੁੱਟਮਾਰ ਸ਼ੁਰੂ ਕਰ ਦੇਣ ਤੋਂ ਬਾਅਦ ਲਿਆ ਅਤੇ 26 ਅਕਤੂਬਰ 1947 ਨੂੰ ਭਾਰਤ ’ਚ ਸ਼ਾਮਲ ਹੋਣ ਸਬੰਧੀ ਸਮਝੌਤੇ ’ਤੇ ਦਸਤਖਤ ਕੀਤੇ।

ਉਸ ਸਮੇਂ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਦੇ ਮਾਮਲੇ ’ਚ ਜੋ ਵੀ ਕੀਤਾ ਜਾ ਸਕਦਾ ਸੀ, ਉਹ ਕੀਤਾ। ਹਾਲਾਂਕਿ ਪੰ. ਨਹਿਰੂ ਨੇ ਕਿਹਾ ਸੀ ਕਿ ਆਰਟੀਕਲ-370 ਅਸਥਾਈ ਹੈ, ਜੋ ਸਮੇਂ ਦੇ ਨਾਲ ਖਤਮ ਹੋ ਜਾਵੇਗਾ ਪਰ ਅਜਿਹਾ ਹੋਇਆ ਨਹੀਂ।

ਸ਼ਾਇਦ ਇਸ ਦੇ ਲਈ ਮੁੱਖ ਤੌਰ ’ਤੇ ਸ਼ੇਖ ਅਬਦੁੱਲਾ ਅਤੇ ਮੁਫਤੀ ਮੁਹੰਮਦ ਸਈਦ ਦਾ ਪਰਿਵਾਰ ਜ਼ਿੰਮੇਵਾਰ ਹੈ। ਮੁਫਤੀ ਦੀ ਛੋਟੀ ਧੀ ਰੂਬੀਆ ਨੂੰ 7 ਦਸੰਬਰ 1989 ਨੂੰ ਜੇ. ਕੇ. ਐੱਲ. ਐੱਫ. ਦੇ ਅੱਤਵਾਦੀਆਂ ਨੇ ਉਸ ਸਮੇਂ ਅਗਵਾ ਕਰ ਲਿਆ ਸੀ, ਜਦੋਂ ਉਹ ਵੀ. ਪੀ. ਸਿੰਘ ਦੀ ਕੇਂਦਰੀ ਸੰਯੁਕਤ ਮੋਰਚਾ ਸਰਕਾਰ ’ਚ ਗ੍ਰਹਿ ਮੰਤਰੀ ਸਨ। ਰੂਬੀਆ ਨੂੰ ਛੁਡਾਉਣ ਲਈ ਕੇਂਦਰ ਸਰਕਾਰ ਨੇ ਪੰਜ ਖੂੰਖਾਰ ਅੱਤਵਾਦੀ ਵੀ ਰਿਹਾਅ ਕਰ ਦਿੱਤੇ ਸਨ।

ਵਾਦੀ ’ਚ ਹਾਲਾਤ ਵੀ ਉਦੋਂ ਤੋਂ ਤੇਜ਼ੀ ਨਾਲ ਖਰਾਬ ਹੋਣ ਲੱਗੇ। ਜੇਕਰ ਉਸ ਸਮੇਂ ਸਰਕਾਰ ਅੱਤਵਾਦੀਆਂ ਦੀ ਮੰਗ ਨਾ ਮੰਨਦੀ ਤਾਂ ਕਸ਼ਮੀਰ ’ਚ ਹਾਲਾਤ ਅਜਿਹੇ ਨਾ ਹੁੰਦੇ, ਜਿਨ੍ਹਾਂ ਨੂੰ ਵਿਗਾੜਨ ਵਿਚ ਵਾਦੀ ’ਚ ਸਰਗਰਮ ਪਾਕਿਸਤਾਨ ਦੇ ਪਾਲੇ ਹੋਏ ਵੱਖਵਾਦੀਆਂ ਦਾ ਵੱਡਾ ਹੱਥ ਰਿਹਾ ਹੈ।

ਕੁਝ ਲੋਕ ਸਰਕਾਰ ਤੋਂ ਵਾਦੀ ਦਾ ਮਾਹੌਲ ਖਰਾਬ ਕਰਨ ਅਤੇ ਨੌਜਵਾਨਾਂ ਨੂੰ ਪੱਥਰਬਾਜ਼ੀ ਲਈ ਭੜਕਾਉਣ ਵਾਲੇ ਵੱਖਵਾਦੀਆਂ ਦੀ ਸੁਰੱਖਿਆ ਵਾਪਸ ਲੈਣ ਦੀ ਮੰਗ ਵੀ ਕਰਦੇ ਰਹੇ ਹਨ ਪਰ ਸਾਰੀਆਂ ਸਰਕਾਰਾਂ ਨੇ ਇਸ ਡਰ ਨਾਲ ਉਨ੍ਹਾਂ ਦੀ ਸੁਰੱਖਿਆ ਵਾਪਸ ਨਹੀਂ ਲਈ ਕਿ ਜੇਕਰ ਉਨ੍ਹਾਂ ਨੂੰ ਕੁਝ ਹੋ ਗਿਆ ਤਾਂ ਇਸ ਦਾ ਦੋਸ਼ ਉਨ੍ਹਾਂ ’ਤੇ ਲੱਗ ਜਾਵੇਗਾ।

ਮੌਜੂਦਾ ਰਾਜਪਾਲ ਸਤਪਾਲ ਮਲਿਕ ਨੇ ਪ੍ਰਦੇਸ਼ ਦੀ ਵਾਗਡੋਰ ਸੰਭਾਲਦਿਆਂ ਹੀ ਨਾ ਸਿਰਫ ਵੱਖਵਾਦੀਆਂ ਦੀ ਸੁਰੱਖਿਆ ਵਾਪਸ ਲਈ ਸਗੋਂ ਉਨ੍ਹਾਂ ’ਤੇ ਸ਼ਿਕੰਜਾ ਕੱਸਣ ਲਈ ਐੱਨ. ਆਈ. ਏ. ਰਾਹੀਂ ਟੈਰਰ ਫਡਿੰਗ ’ਤੇ ਰੋਕ ਲਾਈ, ਕਈ ਲੋਕਾਂ ਨੂੰ ਗ੍ਰਿਫਤਾਰ ਕਰਵਾਇਆ ਅਤੇ ਉਨ੍ਹਾਂ ਵਿਰੁੱਧ ਜਾਂਚ ਵੀ ਸ਼ੁਰੂ ਕਰਵਾਈ।

ਖੈਰ, ਭਾਰਤ ਨਾਲ ਸਾਲਾਂ ਦੀ ਦੁਸ਼ਮਣੀ ਤੋਂ ਬਾਅਦ ਵੀ ਜਦੋਂ ਪਾਕਿਸਤਾਨ ਕੁਝ ਨਾ ਕਰ ਸਕਿਆ ਤਾਂ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਸ਼੍ਰੀ ਵਾਜਪਾਈ ਨੂੰ ਲਾਹੌਰ ਸੱਦ ਕੇ 21 ਫਰਵਰੀ 1999 ਨੂੰ ਦੋਹਾਂ ਦੇਸ਼ਾਂ ਵਿਚਾਲੇ ਦੋਸਤੀ ਅਤੇ ਸ਼ਾਂਤੀ ਲਈ ਲਾਹੌਰ ਐਲਾਨ ਪੱਤਰ ’ਤੇ ਦਸਤਖਤ ਕੀਤੇ ਪਰ ਇਸ ਤੋਂ ਕੁਝ ਹੀ ਸਮੇਂ ਬਾਅਦ ਮੁਸ਼ੱਰਫ ਨੇ ਨਵਾਜ਼ ਦਾ ਤਖਤਾ ਪਲਟ ਕੇ ਇਨ੍ਹਾਂ ਯਤਨਾਂ ਨੂੰ ਨਾਕਾਮ ਕਰ ਦਿੱਤਾ।

ਨਵਾਜ਼ ਸ਼ਰੀਫ ਜਦੋਂ 2013 ’ਚ ਤੀਸਰੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਿਨਾਂ ਕਿਸੇ ਪ੍ਰੋਗਰਾਮ ਦੇ 25 ਦਸੰਬਰ 2015 ਨੂੰ ਕਾਬੁਲ ਤੋਂ ਆਉਂਦੇ ਹੋਏ ਲਾਹੌਰ ’ਚ ਉਨ੍ਹਾਂ ਦੇ ਪਰਿਵਾਰ ’ਚ ਆਯੋਜਿਤ ਇਕ ਵਿਆਹ ਸਮਾਰੋਹ ’ਚ ਪਹੁੰਚ ਕੇ ਉਨ੍ਹਾਂ ਨੂੰ ਮਿਲੇ ਪਰ ਇਸ ਤੋਂ ਪਹਿਲਾਂ ਕਿ ਦੋਵੇਂ ਨੇਤਾ ਹੋਰ ਅੱਗੇ ਵਧਦੇ, ਇਸ ਵਾਰ ਵੀ ਨਵਾਜ਼ ਨੂੰ ਸੱਤਾ ਤੋਂ ਹੱਥ ਧੋਣਾ ਪਿਆ।

ਫਿਰ 18 ਅਗਸਤ 2018 ਨੂੰ ਨਵਜੋਤ ਸਿੰਘ ਸਿੱਧੂ ਜਦੋਂ ਇਮਰਾਨ ਦੇ ਸਹੁੰ ਚੁੱਕ ਸਮਾਰੋਹ ’ਚ ਪਾਕਿਸਤਾਨ ਗਏ ਤਾਂ ਉਥੇ ਉਨ੍ਹਾਂ ਨੇ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਵੀ ਮੁਲਾਕਾਤ ਕੀਤੀ ਅਤੇ ਉਸ ਦੌਰਾਨ ਬਾਜਵਾ ਨੇ ਉਨ੍ਹਾਂ ਨਾਲ ਪਾਕਿਸਤਾਨ ਵਲੋਂ ਕਰਤਾਰਪੁਰ ਕੋਰੀਡੋਰ ਖੋਲ੍ਹਣ ਦਾ ਐਲਾਨ ਕੀਤਾ।

ਅਤੇ ਹੁਣ ਕੌਮਾਂਤਰੀ ਮੰਚ ’ਤੇ ਆਰਟੀਕਲ-370 ਦੇ ਮੁੱਦੇ ’ਤੇ ਸਮਰਥਨ ਨਾ ਮਿਲਣ ਅਤੇ ਆਪਣੇ ਹੀ ਦੇਸ਼ ’ਚ ਵਿਰੋਧੀ ਦਲਾਂ ਦੀ ਭਾਰੀ ਆਲੋਚਨਾ ਵਿਚਾਲੇ ਇਮਰਾਨ ਅਤੇ ਜਨਰਲ ਬਾਜਵਾ ਨੇ ਭਾਰਤ ਪ੍ਰਤੀ ਆਪਣੇ ਤੇਵਰ ਢਿੱਲੇ ਕਰਨ ਦੇ ਸੰਕੇਤ ਦਿੱਤੇ ਹਨ।

ਜਿਥੇ ਪਾਕਿਸਤਾਨ ਨੇ ਭਾਰਤ ਨਾਲ ‘ਸ਼ਰਤ ਸਮੇਤ ਵਾਰਤਾ’ ਉੱਤੇ ਸਹਿਮਤੀ ਜ਼ਾਹਿਰ ਕੀਤੀ ਹੈ, ਉਥੇ ਹੀ ਇਮਰਾਨ ਖਾਨ ਨੇ 2 ਸਤੰਬਰ ਨੂੰ ਕਿਹਾ ਕਿ ‘‘ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। ਪਾਕਿਸਤਾਨ ਅਤੇ ਭਾਰਤ ਦੋਵੇਂ ਪ੍ਰਮਾਣੂ ਸ਼ਕਤੀਆਂ ਹਨ ਤੇ ਜੇਕਰ ਤਣਾਅ ਵਧਿਆ ਤਾਂ ਦੁਨੀਆ ਖਤਰੇ ਦਾ ਸਾਹਮਣਾ ਕਰੇਗੀ।’’

ਇਹੀ ਨਹੀਂ, ਪਾਕਿਸਤਾਨ ਨੇ ਕਰਤਾਰਪੁਰ ਕੋਰੀਡੋਰ ਦਾ ਕੰਮ ਪਹਿਲਾਂ ਨਿਰਧਾਰਿਤ ਪ੍ਰੋਗਰਾਮ ਅਨੁਸਾਰ ਪੂਰਾ ਕਰਨ ਦਾ ਵਾਅਦਾ ਦੁਹਰਾਇਆ ਹੈ ਅਤੇ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਅਹਿਮਦ ਨੇ ਪਾਕਿਸਤਾਨ ਦੇ ‘ਨਨਕਾਣਾ ਸਾਹਿਬ’ ਰੇਲਵੇ ਸਟੇਸ਼ਨ ਦਾ ਨਾਂ ‘ਬਾਬਾ ਗੁਰੂ ਨਾਨਕ ਰੇਲਵੇ ਸਟੇਸ਼ਨ’ ਰੱਖਣ ਦਾ ਐਲਾਨ ਕੀਤਾ ਹੈ।

ਇਸ ਤੋਂ ਇਲਾਵਾ ਜਿਥੇ ਪਾਕਿਸਤਾਨ ਨੇ ਭਾਰਤ ਨਾਲ ਅੰਸ਼ਿਕ ਵਪਾਰ ਬਹਾਲ ਕਰਦੇ ਹੋਏ ਦਵਾਈਆਂ ਦੀ ਦਰਾਮਦ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ, ਉਥੇ ਹੀ ਕਰਤਾਰਪੁਰ ਸਾਹਿਬ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ‘ਆਨ ਅਰਾਈਵਲ ਵੀਜ਼ਾ’ ਦੇਣ ਦਾ ਐਲਾਨ ਵੀ ਕੀਤਾ ਹੈ।

ਕੁਲ ਮਿਲਾ ਕੇ ਅੱਜ ਲੱਦਾਖ ’ਚ ਜਸ਼ਨ ਦਾ ਮਾਹੌਲ ਹੈ। ਜੰਮੂ ਦੇ ਲੋਕ ਖੁਸ਼ ਹਨ ਅਤੇ ਕਸ਼ਮੀਰ ਵਾਦੀ ’ਚ ਵੀ ਮਾਹੌਲ ਹੌਲੀ-ਹੌਲੀ ਖੁੱਲ੍ਹ ਰਿਹਾ ਹੈ। ਲੋਕ ਸੜਕਾਂ ’ਤੇ ਆਪਣੇ ਵਾਹਨਾਂ ਆਦਿ ਦੇ ਨਾਲ ਨਿਕਲ ਆਏ ਹਨ।

ਸ਼ਾਦੀ ਵਿਆਹ ਹੋਣ ਲੱਗੇ ਹਨ, ਕੁਝ ਵਿਦਿਅਕ ਸੰਸਥਾਵਾਂ ਖੁੱਲ੍ਹ ਗਈਆਂ ਹਨ, ਵਾਦੀ ’ਚ ਪਿਛਲੇ ਮਹੀਨੇ ਦੌਰਾਨ ਹਿੰਸਾ ਅਤੇ ਪੱਥਰਬਾਜ਼ੀ ਦੀਆਂ ਨਾਮਾਤਰ ਘਟਨਾਵਾਂ ਹੋਈਆਂ ਹਨ ਅਤੇ ਆਸ ਕਰਨੀ ਚਾਹੀਦੀ ਹੈ ਕਿ ਜੋ ਕਮੀ ਹੈ, ਉਹ ਹੌਲੀ-ਹੌਲੀ ਦੂਰ ਹੋ ਜਾਵੇਗੀ।

ਉਪ ਮਹਾਦੀਪ ਦੇ ਦੋਵੇਂ ਹੀ ਦੇਸ਼ ਅਨੇਕ ਸਮੱਸਿਆਵਾਂ ਨਾਲ ਜੂਝ ਰਹੇ ਹਨ। ਜਿਥੇ ਪਾਕਿਸਤਾਨ ’ਚ ਬੇਰੋਜ਼ਗਾਰੀ, ਗਰੀਬੀ, ਅੱਤਵਾਦ, ਮਹਿੰਗਾਈ ਅਤੇ ਬੀਮਾਰੀਆਂ ਦਾ ਜ਼ੋਰ ਹੈ ਤਾਂ ਭਾਰਤ ਵੀ ਆਰਥਿਕ ਮੰਦੀ, ਬੇਰੋਜ਼ਗਾਰੀ, ਅੱਤਵਾਦ ਨਾਲ ਜੂਝ ਰਿਹਾ ਹੈ। ਭਾਰਤ ਦੀ ਜੀ. ਡੀ. ਪੀ. 6 ਸਾਲਾਂ ਦੇ ਹੇਠਲੇ ਪੱਧਰ ’ਤੇ ਪਹੁੰਚ ਕੇ 5 ਫੀਸਦੀ ਰਹਿ ਗਈ ਹੈ ਅਤੇ 3 ਸਤੰਬਰ ਨੂੰ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਦੇ 2.55 ਲੱਖ ਕਰੋੜ ਰੁਪਏ ਡੁੱਬ ਗਏ ਹਨ।

ਉਂਝ ਤਾਂ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ ਪਰ ਕੁਲ ਮਿਲਾ ਕੇ ਮੌਜੂਦਾ ਘਟਨਾਚੱਕਰ ਦਾ ਸੰਦੇਸ਼ ਇਹੀ ਹੈ ਕਿ ਜੋ ਕੁਝ ਹੋਇਆ, ਸੋ ਹੋਇਆ ਪਰ ਹੁਣ ਪਾਕਿਸਤਾਨੀ ਸ਼ਾਸਕਾਂ ’ਚ ਆ ਰਹੇ ਸਾਕਾਰਾਤਮਕ ਬਦਲਾਅ ਦੇ ਕਾਰਨ ਹੌਲੀ-ਹੌਲੀ ਹਾਲਾਤ ਬਦਲ ਹਹੇ ਹਨ, ਜੋ ਸਮਾਂ ਆਉਣ ’ਤੇ ਹੋਰ ਠੀਕ ਹੋ ਜਾਣਗੇ।

ਜੇਕਰ ਭਾਰਤ-ਪਾਕਿ ਆਪਸ ’ਚ ਮਿਲ ਕੇ ਸ਼ਾਂਤੀਪੂਰਵਕ ਰਹਿਣ ਤਾਂ ਦੋਵਾਂ ਹੀ ਦੇਸ਼ਾਂ ਵਲੋਂ ਆਪਣੀ ਰੱਖਿਆ ’ਤੇ ਖਰਚ ਕੀਤੀ ਜਾਣ ਵਾਲੀ ਅਰਬਾਂ ਰੁਪਏ ਦੀ ਰਾਸ਼ੀ ਬਚਾ ਕੇ ਦੋਵਾਂ ਦੇਸ਼ਾਂ ਦੀ ਜਨਤਾ ਦੀ ਭਲਾਈ ’ਤੇ ਖਰਚ ਕੀਤੀ ਜਾ ਸਕਦੀ ਹੈ, ਜਿਸ ਨਾਲ ਦੋਵਾਂ ਦੇਸ਼ਾਂ ’ਚ ਖੁਸ਼ਹਾਲੀ ਨਜ਼ਰ ਆਉਣ ਲੱਗੇਗੀ ਅਤੇ ਆਪਸੀ ਮਿੱਤਰਤਾ ਵਧੇਗੀ।

–ਵਿਜੇ ਕੁਮਾਰ

Bharat Thapa

This news is Content Editor Bharat Thapa