378 ਦਿਨ ਬਾਅਦ ਕਿਸਾਨ ਅੰਦੋਲਨ ‘ਸਮਾਪਤ’ ਦੇਰ ਆਏ ਦਰੁਸਤ ਆਏ

12/10/2021 3:30:40 AM

ਕੇਂਦਰ ਸਰਕਾਰ ਵੱਲੋਂ ਸਤੰਬਰ, 2020 ’ਚ ਪਾਸ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਪਹਿਲਾਂ ਹੀ ਕਿਸਾਨ ਸੰਗਠਨ ਇਸ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਵਾਪਸ ਲੈਣ ਦੀ ਮੰਗ ਨੂੰ ਲੈ ਕੇ 26 ਨਵੰਬਰ ਤੋਂ ਦਿੱਲੀ ਦੀਆਂ ਹੱਦਾਂ ’ਤੇ ਧਰਨਾ-ਰੋਸ ਵਿਖਾਵਾ ਕਰਦੇ ਆ ਰਹੇ ਸਨ।

19 ਨਵੰਬਰ, 2021 ਨੂੰ ਸਰਕਾਰ ਵੱਲੋਂ ਤਿੰਨੇ ਖੇਤੀ ਕਾਨੂੰਨ ਵਾਪਸ ਲੈਣ ਅਤੇ ਉਸ ਦੇ ਬਾਅਦ ਕਿਸਾਨਾਂ ਨਾਲ ਅੱਗੇ ਦੀ ਗੱਲਬਾਤ ਲਈ ਕਮੇਟੀ ਗਠਿਤ ਕਰਨ ਦੀ ਕਵਾਇਦ ਸ਼ੁਰੂ ਕਰਨ ਦੇ ਬਾਵਜੂਦ ਇਹ ਵਿਵਾਦ ਸੁਲਝ ਨਹੀਂ ਰਿਹਾ ਸੀ।

7 ਦਸੰਬਰ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਨੇਤਾਵਾਂ ਨੂੰ ਗ੍ਰਹਿ ਮੰਤਰਾਲਾ ਨੇ ਵੱਖ-ਵੱਖ ਮੁੱਦਿਆਂ ’ਤੇ ਹਾਂ-ਪੱਖੀ ਸਹਿਮਤੀ ਦਾ ਸੰਕੇਤ ਦਿੱਤਾ, ਜਿਸ ’ਤੇ ਵਿਚਾਰ ਕਰਨ ਦੇ ਬਾਅਦ ਕਿਸਾਨ ਨੇਤਾਵਾਂ ਨੇ ਕੇਂਦਰ ਸਰਕਾਰ ਦੀਆਂ ਤਜਵੀਜ਼ਾਂ ਦੇ 3 ਬਿੰਦੂਆਂ ’ਤੇ ਸਪੱਸ਼ਟੀਕਰਨ ਮੰਗਿਆ।

ਇਸ ਦੇ ਜਵਾਬ ’ਚ 8 ਦਸੰਬਰ ਨੂੰ ਸਵੇਰੇ ਹੀ ਸਰਕਾਰ ਨੇ ਸੋਧੀ ਤਜਵੀਜ਼ ਭੇਜੀ, ਜਿਸ ਦੇ ਸਾਰੇ ਬਿੰਦੂਆਂ ’ਤੇ ਕਿਸਾਨ ਨੇਤਾਵਾਂ ’ਚ ਸਹਿਮਤੀ ਬਣ ਗਈ ਅਤੇ ਸਰਕਾਰ ਵੱਲੋਂ ਅਧਿਕਾਰਤ ਚਿੱਠੀ ਮਿਲਦੇ ਹੀ 9 ਦਸੰਬਰ ਨੂੰ ਦੁਪਹਿਰ 12 ਵਜੇ ਅੰਦੋਲਨ ਖਤਮ ਕਰਨ ਦਾ ਐਲਾਨ ਕਰਨ ਦਾ ਫੈਸਲਾ ਕੀਤਾ ਗਿਆ।

ਇਸੇ ਦੇ ਅਨੁਸਾਰ ਸਰਕਾਰ ਵੱਲੋਂ ਕਿਸਾਨ ਨੇਤਾਵਾਂ ਨੂੰ ਉਨ੍ਹਾਂ ਦੀਆਂ ਮੰਗਾਂ ਦੀ ਪ੍ਰਵਾਨਗੀ ਅਤੇ ਅੰਦੋਲਨ ਸਮਾਪਤ ਕਰਨ ਦਾ ਰਸਮੀ ਪੱਤਰ ਮਿਲਣ ਦੇ ਬਾਅਦ ਕਿਸਾਨ ਨੇਤਾਵਾਂ ਨੇ ਇਸ ਨੂੰ ਪ੍ਰਵਾਨ ਕਰਨ ਦਾ ਐਲਾਨ ਕਰ ਦਿੱਤਾ।

ਅਖੀਰ 378 ਦਿਨਾਂ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਖਤਮ ਹੋਣ ਦੇ ਬਾਅਦ ਕਿਸਾਨਾਂ ਨੇ ਘਰ ਵਾਪਸੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਦਿੱਲੀ ਬਾਰਡਰ ਤੋਂ ਟੈਂਟ ਉਖੜਣ ਲੱਗੇ ਹਨ। ਹਾਲਾਂਕਿ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ, ‘ਇਹ ਮੋਰਚੇ ਦਾ ਅੰਤ ਨਹੀਂ ਹੈ, ਅਸੀਂ ਇਸ ਨੂੰ ਮੁਲਤਵੀ ਕੀਤਾ ਹੈ।’’

ਇਸ ਦੇ ਨਾਲ ਹੀ ਕਿਸਾਨ ਨੇਤਾਵਾਂ ਨੇ ਅੱਗੇ ਦੀ ਰਣਨੀਤੀ ਵੀ ਬਣਾ ਲਈ ਹੈ। ਇਸ ਦੇ ਅਨੁਸਾਰ ਸੰਯੁਕਤ ਕਿਸਾਨ ਮੋਰਚਾ ਨੇ ਤੈਅ ਕੀਤਾ ਹੈ ਕਿ 11 ਦਸੰਬਰ ਨੂੰ ਸਾਰੇ ਮੋਰਚੇ ਹਟਾ ਲਏ ਜਾਣਗੇ ਅਤੇ ਕਿਸਾਨ ਜਸ਼ਨ ਮਨਾਉਂਦੇ ਹੋਏ ਜਲੂਸ ਦੇ ਰੂਪ ’ਚ ਵਾਪਸੀ ਕਰਨਗੇ। ਇਸ ਦੇ ਨਾਲ ਹੀ ਸਾਰੇ ਟੋਲ ਪਲਾਜ਼ਾ ਵੀ ਮੁਕਤ ਕੀਤੇ ਜਾਣਗੇ। ਹੈਲੀਕਾਪਟਰ ਹਾਦਸੇ ’ਚ ਸ਼ਹੀਦ ਹੋਏ ਸੀ.ਡੀ.ਐੱਸ ਜਨਰਲ ਬਿਪਿਨ ਰਾਵਤ ਦਾ ਸ਼ੁੱਕਰਵਾਰ ਨੂੰ ਅੰਤਿਮ ਸੰਸਕਾਰ ਹੋਣ ਦੇ ਕਾਰਨ ਕਿਸਾਨਾਂ ਨੇ ਇਸ ਦਿਨ ਜਸ਼ਨ ਨਾ ਮਨਾਉਣ ਦਾ ਫੈਸਲਾ ਕੀਤਾ ਹੈ।

13 ਦਸੰਬਰ ਨੂੰ ਪੰਜਾਬ ਦੇ ਕਿਸਾਨ ਸੰਗਠਨਾਂ ਦੇ ਨੇਤਾਵਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ 15 ਜਨਵਰੀ ਨੂੰ ‘ਮੋਰਚੇ’ ਦੀ ਬੈਠਕ ’ਚ ਅੰਦੋਲਨ ਦੀ ਸਮੀਖਿਆ ਕਰਨ ਦਾ ਫੈਸਲਾ ਲਿਆ ਗਿਆ ਹੈ। ਹਰਿਆਣਾ ਦੇ 28 ਕਿਸਾਨ ਸੰਗਠਨਾਂ ਨੇ ਵੀ ਆਪਣੀ ਰਣਨੀਤੀ ਬਣਾ ਲਈ ਹੈ।

ਸਰਕਾਰ ਨੇ ਹਾਂਪੱਖੀ ਵਤੀਰਾ ਦਿਖਾਇਆ ਤਾਂ ਕਿਸਾਨਾਂ ਦੇ ਤੇਵਰ ਵੀ ਨਰਮ ਪੈ ਗਏ। ਜਿੱਥੇ 8 ਦਸੰਬਰ ਦਾ ਦਿਨ ਭਾਰਤ ਦੇ ਲਈ ਬਹੁਤ ਹੀ ਦੁਖਦਾਈ ਰਿਹਾ, ਜਦੋਂ ਅਸੀਂ 12 ਚੋਟੀ ਦੇ ਫੌਜੀ ਅਧਿਕਾਰੀਆਂ ਨੂੰ ਹੈਲੀਕਾਪਟਰ ਹਾਦਸੇ ’ਚ ਗੁਆ ਦਿੱਤਾ, ਓਧਰ 9 ਦਸੰਬਰ ਦਾ ਦਿਨ ਕਿਸਾਨ ਅੰਦੋਲਨ ਦੀ ਸਮਾਪਤੀ ਦੇ ਰੂਪ ’ਚ ਕਿਸਾਨਾਂ ਤੇ ਹੋਰਨਾਂ ਦੇ ਲਈ ਕੁਝ ਰਾਹਤ ਲੈ ਕੇ ਆਇਆ ਹੈ।

ਆਸ ਹੈ ਕਿ ਆਉਣ ਵਾਲੇ ਦਿਨਾਂ ’ਚ ਲੋਕਾਂ ਨੂੰ ਕਿਸਾਨਾਂ ਦੇ ਧਰਨੇ-ਰੋਸ ਵਿਖਾਵਿਆਂ ਅਤੇ ਰੇਲ ਤੇ ਬੱਸ ਆਵਾਜਾਈ ਰੋਕਣ ਵਰਗੀਆਂ ਸਮੱਸਿਆਵਾਂ ਤੋਂ ਮੁਕਤੀ ਮਿਲੇਗੀ ਅਤੇ ਅੰਦੋਲਨ ਦੇ ਕਾਰਨ ਧਰਨੇ ਵਾਲੀਆਂ ਥਾਵਾਂ ਦੇ ਨੇੜੇ-ਤੇੜੇ ਲੋਕਾਂ ਦੇ ਬੰਦ ਹੋਏ ਕੰਮ-ਧੰਦੇ ਰਫਤਾਰ ਫੜ ਸਕਣਗੇ।

- ਵਿਜੇ ਕੁਮਾਰ

Bharat Thapa

This news is Content Editor Bharat Thapa