ਅਫਗਾਨਿਸਤਾਨ ’ਚ ਤਾਲਿਬਾਨ ਅਤੇ ਅਮਰੀਕਾ ਵਿਚਾਲੇ ਵਾਰਤਾ ਤੋਂ ਘੱਟ ਉਮੀਦਾਂ

09/02/2019 2:28:23 AM

ਰਿਚਰਡ ਕਾਰਪੇਂਟਰ ਦੀ 1973 ਵਿਚ ਆਈ ਐਲਬਮ ਦਾ ਮਸ਼ਹੂਰ ਗੀਤ ‘ਇਟਸ ਯੈਸਟਰਡੇ ਵਨਸ ਮੋਰ’ (ਫਿਰ ਗੁਜ਼ਰਿਆ ਕੱਲ ਆ ਗਿਆ) ਅਫਗਾਨਿਸਤਾਨ ਦੀ ਮੌਜੂਦਾ ਤਰਾਸਦੀ ਭਰੀ ਸਥਿਤੀ ’ਤੇ ਢੁੱਕਵਾਂ ਬੈਠਦਾ ਹੈ ਕਿਉਂਕਿ ਅਫਗਾਨਿਸਤਾਨ ’ਚ 1980 ਦਾ ਦੌਰ ਪਰਤ ਆਇਆ ਹੈ। ਅੱਜ ਤਾਲਿਬਾਨ ਦੇ ਨਾਲ ਅਮਰੀਕਾ ਸ਼ੁਰੂਆਤੀ ਸ਼ਾਂਤੀ ਸੰਧੀ ਨੂੰ ਅਮਲੀਜਾਮਾ ਪਹਿਨਾਉਣ ਜਾ ਰਿਹਾ ਹੈ।

ਅੱਜ ਅਮਰੀਕਾ ਅਤੇ ਤਾਲਿਬਾਨ ’ਚ ਹੋ ਰਹੀ ਸਿੱਧੀ ਵਾਰਤਾ ਦੇ ਉਲਟ 1980 ’ਚ ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਾਲੇ ਦੁਵੱਲੀ ਵਾਰਤਾ ਹੋਈ ਸੀ। ਉਦੋਂ ਪਾਕਿਸਤਾਨ ਅਫਗਾਨਿਸਤਾਨ ਸਰਕਾਰ ਵਿਰੁੱਧ ਮੁਜ਼ਾਹਿਦੀਨਾਂ ਨੂੰ ਸਮਰਥਨ ਦੇ ਰਿਹਾ ਸੀ। ਉਸ ਵਾਰਤਾ ਦੀ ਵਿਚੋਲਗੀ ਅਮਰੀਕਾ ਅਤੇ ਸੋਵੀਅਤ ਸੰਘ ਬਤੌਰ ਗਾਰੰਟਰ ਕਰ ਰਹੇ ਸਨ।

14 ਅਪ੍ਰੈਲ 1988 ਨੂੰ ਅਫਗਾਨਿਸਤਾਨ ਅਤੇ ਪਾਕਿਸਤਾਨ ਨੇ ਆਮ ਸਥਿਤੀ ਬਹਾਲ ਕਰਨ ਅਤੇ ਚੰਗੇ ਗੁਆਂਢੀ ਬਣਨ ਲਈ 3 ਸੰਧੀਆਂ ’ਤੇ ਦਸਤਖਤ ਕੀਤੇ ਅਤੇ 15 ਫਰਵਰੀ 1987 ਨੂੰ ਅੰਤਿਮ ਸੋਵੀਅਤ ਸਿਪਾਹੀਆਂ ਦੇ ਅਨੁ ਦਰਿਆ ਪਾਰ ਕਰ ਕੇ ਉਜ਼ਬੇਕ ਸੋਵੀਅਤ ’ਚ ਦਾਖਲੇ ਦੇ ਨਾਲ ਹੀ ਉਸ ਜੰਗ ਦਾ ਅੰਤ ਹੋ ਗਿਆ, ਜਿਸ ਨੂੰ ਕਈ ਲੋਕ ‘ਮਾਸਕੋ’ ਦਾ ਵੀਅਤਨਾਮ ਕਹਿੰਦੇ ਹਨ। ਕਿਸੇ ਨੇ ਨਹੀਂ ਸੋਚਿਆ ਸੀ ਕਿ ਅਫਗਾਨਿਸਤਾਨ ਦਾ ਸੰਘਰਸ਼ ਜਾਰੀ ਰਹੇਗਾ।

ਸੋਵੀਅਤ ਸਮਰਥਕ ਸ਼ਾਸਕ ਮੁਹੰਮਦ ਨਜ਼ੀਬਉੱਲਾ 1992 ਤਕ ਸੱਤਾ ’ਤੇ ਕਾਬਜ਼ ਰਿਹਾ। ਮੁਜ਼ਾਹਿਦੀਨ ਆਪਸ ’ਚ ਹੀ ਲੜਨ ਲੱਗੇ ਅਤੇ ਤਾਲਿਬਾਨ ਨੇ ਉੱਭਰਦੇ ਹੋਏ ਉਥੇ ਕਬਜ਼ਾ ਕਰ ਲਿਆ, ਜਿਸ ਤੋਂ ਬਾਅਦ ਅਫਗਾਨਿਸਤਾਨ ਅਲ-ਕਾਇਦਾ ਅਤੇ ਹੋਰ ਅਨੇਕ ਜੇਹਾਦੀਆਂ ਦੀ ਪਨਾਹਗਾਹ ਬਣ ਗਿਆ।

ਬਿਨ ਲਾਦੇਨ ਨੇ ਉਥੇ ਬੈਠ ਕੇ ਦੁਨੀਆ ਭਰ ’ਚ ਅਨੇਕ ਅੱਤਵਾਦੀ ਹਮਲਿਆਂ ਦੇ ਹੁਕਮ ਦਿੱਤੇ। ਅਸਲ ਵਿਚ ਉਦੋਂ ਤਾਲਿਬਾਨ ਨੇ ਵਾਅਦਾ ਕੀਤਾ ਸੀ ਕਿ ਉਹ ਬਿਨ ਲਾਦੇਨ ਨੂੰ ਅਮਰੀਕੀਆਂ ਦਾ ਨਿਸ਼ਾਨਾ ਬਣਨ ਨਹੀਂ ਦੇਵੇਗਾ। ਫਿਰ 9/11 ਹੋਇਆ।

ਹਾਲਾਂਕਿ ਅੱਜ ਅਲ-ਕਾਇਦਾ ਅਫਗਾਨਿਸਤਾਨ ਵਿਚ ਆਪਣੇ ਪਹਿਲਾਂ ਵਾਲੇ ਸਰੂਪ ਦਾ ਇਕ ਪਰਛਾਵਾਂ ਹੀ ਰਹਿ ਗਿਆ ਹੈ। ਓਸਾਮਾ ਦਾ ਬੇਟਾ ਅਤੇ ਉੱਤਰਾਧਿਕਾਰੀ ਹਮਜ਼ਾ ਕਥਿਤ ਤੌਰ ’ਤੇ ਮਰ ਚੁੱਕਾ ਹੈ ਅਤੇ ਓਸਾਮਾ ਦਾ ਉੱਤਰਾਧਿਕਾਰੀ ਜਵਾਹਰੀ ਗੰਭੀਰ ਰੂਪ ’ਚ ਬੀਮਾਰ ਪਿਆ ਹੈ ਪਰ ਇਸ ਦੇ ਬਾਵਜੂਦ ਇਹ ਗਿਰੋਹ ਅਮਰੀਕੀ ਫੌਜੀਆਂ ਦੀ ਕਿਸੇ ਵੀ ਵਾਪਸੀ ਨੂੰ ਆਪਣੀ ਜਿੱਤ ਮੰਨ ਕੇ ਅਤੇ ਖ਼ੁਦ ਨੂੰ ਮੁੜ-ਸੁਰਜੀਤ ਕਰਨ ਦਾ ਯਤਨ ਕਰੇਗਾ।

ਦੂਜੇ ਪਾਸੇ ਇਸਲਾਮਿਕ ਸਟੇਟ ਦੇ ਅੱਤਵਾਦੀ ਵੀ ਲੁਕਣ ਲਈ ਕਿਸੇ ਪਨਾਹਗਾਹ ਦੀ ਤਾਕ ’ਚ ਬੈਠੇ ਹਨ। ਇਹੀ ਨਹੀਂ, ਮਈ ਵਿਚ ਆਪਣਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਰਾਸ਼ਟਰਪਤੀ ਅਫਜ਼ਲ ਗਨੀ ਵਲੋਂ ਕੇਅਰਟੇਕਰ ਸਰਕਾਰ ਬਣਾਉਣ ਅਤੇ ਸਤੰਬਰ ਦੇ ਦੂਜੇ ਅੱਧ ’ਚ ਚੋਣਾਂ ਕਰਵਾਉਣ ਦਾ, ਜਿਨ੍ਹਾਂ ਦੇ ਨਿਰਪੱਖ ਹੋਣ ਦੀ ਸਿਆਸੀ ਆਬਜ਼ਰਵਰਾਂ ਨੂੰ ਬਹੁਤ ਹੀ ਘੱਟ ਆਸ ਹੈ, ਵਿਰੋਧੀ ਦਲਾਂ ਦੀ ਅਪੀਲ ਸਵੀਕਾਰ ਕਰਨ ਤੋਂ ਇਨਕਾਰ ਨੂੰ ਦੇਖਦੇ ਹੋਏ ਦੇਸ਼ ’ਚ ਸਿਆਸੀ ਸਥਿਤੀ ਵਿਗੜਨ ਅਤੇ ਸੰਕਟ ਵਧਣ ਦੀ ਹੀ ਸੰਭਾਵਨਾ ਹੈ।

ਕਿਉਂਕਿ ਪ੍ਰਮੁੱਖ ਸ਼ਕਤੀ ਰਾਹੀਂ ਸਪਲਾਈ ਕੀਤੇ ਗਏ ਹਥਿਆਰਾਂ ਨਾਲ ਲੈਸ ਵੱਖ-ਵੱਖ ਪੱਖ ਇਕ-ਦੂਜੇ ਵਿਰੁੱਧ ਬੰਦੂਕਾਂ ਤਾਣੀ ਬੈਠੇ ਹਨ। ਇਸ ਲਈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵਿਸਥਾਰਪੂਰਵਕ ਸ਼ਾਂਤੀ ਸਮਝੌਤੇ ਤੋਂ ਪਹਿਲਾਂ (ਅਤੇ ਕੁਝ ਲੋਕਾਂ ਅਨੁਸਾਰ ਸਮਝੌਤੇ ਤੋਂ ਬਾਅਦ ਵੀ) ਅਮਰੀਕਾ ਵਲੋਂ ਅਫਗਾਨਿਸਤਾਨ ਤੋਂ ਵਿਦਾਇਗੀ ਦੇ ਸਿੱਟੇ ਵਜੋਂ ਉਥੇ ਖਾਨਾਜੰਗੀ ਭੜਕ ਪਵੇਗੀ।

ਅਫਗਾਨਿਸਤਾਨ ਦੇ ਬਹੁਗਿਣਤੀ ਗੈਰ-ਪਾਕਿਸਤਾਨੀ ਲੋਕ ਉਥੇ ਸੱਤਾ ਦਾ ਵਿਕੇਂਦਰੀਕਰਨ ਚਾਹੁੰਦੇ ਹਨ ਪਰ ਪਸ਼ਤੂਨ ਮੁਖੀ ਮਜ਼ਬੂਤ ਕੇਂਦਰ ’ਤੇ ਜ਼ੋਰ ਦੇ ਰਹੇ ਹਨ। ਮੁੱਖ ਪੱਖ ਤਾਂ ਫਿਰ ਵੀ ਪਾਕਿਸਤਾਨ ਹੀ ਰਹਿਣ ਵਾਲਾ ਹੈ, ਜੋ ਇਸ ਸਮੁੱਚੇ ਵਿਸ਼ਾਲ ਖੇਤਰ ਦੀ ਆਪਣੇ ਇਕ ਉਪ-ਰਾਜ ਵਾਂਗ ਵਰਤੋਂ ਕਰੇਗਾ ਅਤੇ ਇਥੋਂ ਭਾਰਤ ਵਿਰੁੱਧ ਆਪਣੀਆਂ ਬੰਦੂਕਾਂ ਤਾਣੀ ਰੱਖਣਾ ਉਸ ਦੇ ਲਈ ਬਹੁਤ ਆਸਾਨ ਹੋਵੇਗਾ।

Bharat Thapa

This news is Content Editor Bharat Thapa