ਸੀਰੀਆਈ ਹਮਲੇ ਦੇ ਜਵਾਬ ''ਚ ਕਾਰਵਾਈ ਕਰ ਕੇ ਟਰੰਪ ਨੇ ਆਪਣੀ ਸਥਿਤੀ ਸੁਧਾਰੀ

04/10/2017 5:28:41 AM

2013 ''ਚ ਜਦੋਂ ਬਸ਼ਰ ਅਲ ਅਸਦ ਨੇ ਆਪਣੇ ਹੀ ਲੋਕਾਂ ਦਾ ਵਿਦਰੋਹ ਦਬਾਉਣ ਲਈ ਪਹਿਲੀ ਵਾਰ ਉਨ੍ਹਾਂ ''ਤੇ ਰਸਾਇਣਕ ਹਮਲਾ ਕੀਤਾ ਸੀ, ਉਦੋਂ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੀਰੀਆ ਦੀ ਇਸ ਕਾਰਵਾਈ ''ਤੇ ਸਰਗਰਮ ਪ੍ਰਤੀਕਿਰਿਆ ਦੇਣ ਤੋਂ ਸੰਕੋਚ ਕੀਤਾ ਸੀ। ਇਸ ਤੋਂ ਬਾਅਦ ਹੌਲੀ-ਹੌਲੀ ਸੀਰੀਆ ਦੀ ਸਮੱਸਿਆ ਦੇ ਮਾਮਲੇ ਵਿਚ ਅਮਰੀਕਾ ਦਾ ਪ੍ਰਭਾਵ ਅਤੇ ਸ਼ਕਤੀ ਘਟਦੀ ਗਈ।
ਇਸ ਦੇ ਸਿੱਟੇ ਵਜੋਂ ਰੂਸ ਨੂੰ ਉਸ ਦੇ ਫੌਜੀ ਰੱਖਿਅਕ ਦੇ ਰੂਪ ਵਿਚ ਅੱਗੇ ਆਉਣ ਅਤੇ ਸੀਰੀਆ ਦੇ ਹਵਾਈ ਖੇਤਰ ਦੀ ਗਸ਼ਤ ਕਰਨ ਦਾ ਮੌਕਾ ਮਿਲ ਗਿਆ, ਜਦਕਿ ਈਰਾਨ ਹਥਿਆਰਾਂ ਦੀ ਸਪਲਾਈ ਅਤੇ ਹਿਜ਼ਬੁੱਲਾ ਦੀ ਮਾਰਫਤ ਸ਼੍ਰੀ ਅਸਦ ਦਾ ਜ਼ਮੀਨ ''ਤੇ ਰੱਖਿਅਕ ਬਣ ਗਿਆ। ਜਿਥੇ ਅਮਰੀਕਾ ਵਲੋਂ ਟਰੇਨਿੰਗ ਹਾਸਲ ਕੁਰਦ ਫੌਜਾਂ ਨੂੰ ਆਈ. ਐੱਸ. ਆਈ. ਐੱਸ. ਦਾ ਚਾਰਾ ਬਣਨ ਲਈ ਛੱਡ ਦਿੱਤਾ ਗਿਆ, ਉਥੇ ਹੀ ਰੂਸ ਨੇ ਨਾ ਸਿਰਫ ਸੀਰੀਆ ਦੇ ਵਿਦਰੋਹਗ੍ਰਸਤ ਇਲਾਕਿਆਂ ਵਿਚ ਬੰਬ ਵਰ੍ਹਾਉਣ ਦਾ ਜ਼ਿੰਮਾ ਸੰਭਾਲ ਲਿਆ, ਸਗੋਂ ਇਸ ਨੇ ਸਖਤੀ ਨਾਲ ਅਸਦ ਦਾ ਸਮਰਥਨ ਸ਼ੁਰੂ ਕਰ ਦਿੱਤਾ ਤੇ ਰੂਸ ਅਤੇ ਈਰਾਨ ਵਿਚਾਲੇ ਗੱਠਜੋੜ ਵਿਚ ਤੁਰਕੀ ਦਾ ਤੀਜਾ ਥੰਮ੍ਹ ਬਣ ਗਿਆ।
ਇਸ ਸੰਬੰਧ ''ਚ ਅਮਰੀਕੀ ਰਾਸ਼ਟਰਪਤੀ ਟਰੰਪ ਸਾਹਮਣੇ ਕੂਟਨੀਤਿਕ ਨਜ਼ਰੀਏ ਨਾਲ ਮਜ਼ਬੂਤ ਸਥਿਤੀ ਵਿਚ ਪਲਟਵਾਰ ਕਰਨ ਦੀ ਬਹੁਤ ਘੱਟ ਗੁੰਜਾਇਸ਼ ਸੀ ਅਤੇ ਇਸੇ ਕਾਰਨ ਉਹ ਰੂਸ ਦੇ ਯੂਕਰੇਨ ''ਤੇ ਕਬਜ਼ੇ ਨੂੰ ਆਪਣੀ ਮਾਨਤਾ ਦੇ ਕੇ ਪਾਬੰਦੀਆਂ ਦੇ ਖਾਤਮੇ ਦੀ ਸਿਫਾਰਸ਼ ਕਰ ਕੇ ਸੀਰੀਆ ''ਚ ਰੂਸ ਨਾਲ ਕੁਝ ਸਹਿਮਤੀ ਕਾਇਮ ਕਰਨਾ ਚਾਹੁੰਦੇ ਸਨ।
ਇਸ ਨਾਲ ਪੁਤਿਨ ਨੂੰ ਆਪਣੇ ਦੇਸ਼ ਵਿਚ ਨਾ ਸਿਰਫ ਇਕ ਹੀਰੋ ਦਾ ਦਰਜਾ ਪ੍ਰਾਪਤ ਹੋ ਜਾਂਦਾ, ਸਗੋਂ ਅਮਰੀਕੀ-ਯੂਰਪ ਗੱਠਜੋੜ ਵੀ ਅਲੋਪ ਹੋ ਜਾਂਦਾ। ਮੱਧ-ਪੂਰਬ ਵਿਚ ਆਪਣੀ ਪੁਜ਼ੀਸ਼ਨ ਨੂੰ ਬਹਾਲ ਕਰਨ ਦੇ ਦੂਸਰੇ ਉਪਾਅ ਦੇ ਰੂਪ ਵਿਚ ਟਰੰਪ ਈਰਾਨ ਤੇ ਤੁਰਕੀ ਨਾਲ ਸੰਬੰਧ ਆਮ ਕਰਨ ''ਤੇ ਵਿਚਾਰ ਕਰ ਰਹੇ ਸਨ ਪਰ ਇਸ ਨਾਲ ਵੀ ਅਮਰੀਕਾ ਨੂੰ ਉਹ ਸਥਿਤੀ ਹਾਸਲ ਨਾ ਹੁੰਦੀ, ਜੋ ਟਰੰਪ ਨੇ ਵੀਰਵਾਰ ਨੂੰ ਸੀਰੀਆਈ ਹਵਾਈ ਪੱਟੀ ''ਤੇ ਜਵਾਬੀ ਮਿਜ਼ਾਈਲ ਹਮਲੇ ਦੇ ਫੈਸਲੇ ਅਤੇ ਇਸ  ਸੰਬੰਧੀ ਕਾਰਵਾਈ ਨਾਲ ਕਾਇਮ ਕਰ ਲਈ ਹੈ।
ਬੇਸ਼ੱਕ ਅਮਰੀਕਾ ਦੀ ਇਸ ਕਾਰਵਾਈ ਨਾਲ ਅਸਦ ਤੇ ਰੂਸ ਆਪਣੇ ਹੀ ਜਾਲ ਵਿਚ ਫਸ ਗਏ ਹਨ, ਹੁਣ ਅਸਦ ਆਪਣੇ ਹੀ ਲੋਕਾਂ ਨੂੰ ਹੋਰ ਤੰਗ-ਪ੍ਰੇਸ਼ਾਨ ਨਹੀਂ ਕਰ ਸਕੇਗਾ ਅਤੇ ਰੂਸ ਵੀ ਪੂਰਬੀ ਯੂਰਪ ਨੂੰ ਜਿੱਤਣ ਦੀਆਂ ਆਪਣੀਆਂ ਵੱਡੀਆਂ ਖਾਹਿਸ਼ਾਂ ਵਾਲੀਆਂ ਯੋਜਨਾਵਾਂ ਨੂੰ ਕਾਮਯਾਬ ਨਹੀਂ ਕਰ ਸਕੇਗਾ ਪਰ ਇਸ ਘਟਨਾਚੱਕਰ ਦਾ ਪ੍ਰਭਾਵ ਸੀਰੀਆਈ ਲੋਕਾਂ ਨਾਲੋਂ ਵੱਧ ਅਮਰੀਕੀ ਲੋਕਾਂ ''ਤੇ ਦੇਖਿਆ ਜਾ ਸਕਦਾ ਹੈ। ਇਹ ਕੁਝ-ਕੁਝ ਅਜਿਹਾ ਹੀ ਹੈ, ਜਿਵੇਂ ਡੋਨਾਲਡ ਟਰੰਪ ਦੇ ''ਅੱਛੇ ਦਿਨ'' ਸ਼ੁਰੂ ਹੋ ਗਏ ਹਨ। ਡੋਨਾਲਡ ਟਰੰਪ ਵਲੋਂ ਅਮਰੀਕੀ ਸੁਪਰੀਮ ਕੋਰਟ ਦੇ ਜੱਜ ਦੇ ਰੂਪ ਵਿਚ 49 ਸਾਲਾ ਗੋਰਸਚ ਦੀ ਨਿਯੁਕਤੀ ਦੀ ਅਮਰੀਕੀ ਸੈਨੇਟ ਨੇ ਪੁਸ਼ਟੀ ਕਰ ਦਿੱਤੀ ਹੈ। ਇਹ ਸੈਨੇਟ ਦੇ ਸਾਹਮਣੇ ਟਰੰਪ ਦੀ ਪਹਿਲੀ ਜਿੱਤ ਹੈ।
ਪਰ ਟਰੰਪ ਲਈ ਦੂਸਰਾ ਅਣਸੁਲਝਿਆ ਮੋਰਚਾ ਸੀ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਸਿਖਰ ਵਾਰਤਾ। ਉਸ ਸਮੇਂ ਜਦੋਂ ਮਿਜ਼ਾਈਲ ਸੁੱਟਣ ਦੀ ਤਿਆਰੀ ਕੀਤੀ ਜਾ ਰਹੀ ਸੀ, ਟਰੰਪ ਤੇ ਸ਼ੀ ਡਿਨਰ ''ਤੇ ਬੈਠੇ ਸਨ। ਹਮਲੇ ਦੇ ਐਲਾਨ ਤੋਂ ਬਾਅਦ ਸ਼ੀ ਜਿਨਪਿੰਗ ਮੁਸ਼ਕਿਲ ਸਥਿਤੀ ਵਿਚ ਫਸ ਗਏ। ਯਕੀਨੀ ਤੌਰ ''ਤੇ ਉਨ੍ਹਾਂ ਨੂੰ ਟਰੰਪ ਦੇ ਚੋਣ ਭਾਸ਼ਣਾਂ ਦਾ ਮਹੱਤਵ ਸਮਝ ਆ ਗਿਆ ਹੋਵੇਗਾ, ਜਿਨ੍ਹਾਂ ਵਿਚ ਟਰੰਪ ਨੇ ਚੀਨ ਨੂੰ ਉੱਤਰੀ ਕੋਰੀਆ ਦੇ ਨਿਊਕਲੀਅਰ ਪ੍ਰੋਗਰਾਮ ਨੂੰ ਰੋਕਣ ਦੀ ਗੱਲ ਕਹੀ ਸੀ ਅਤੇ ਜੇ ਚੀਨ ਸਹਿਯੋਗ ਨਾ ਦੇਵੇ ਤਾਂ ਅਮਰੀਕਾ ਇਕੱਲਾ ਹੀ ਉੱਤਰੀ ਕੋਰੀਆ ''ਤੇ ਹਮਲਾ ਕਰ ਦੇਵੇਗਾ। ਇਸ ਸੰਬੰਧ ''ਚ ਟਰੰਪ ਨੇ ਆਪਣਾ ਸਮੁੰਦਰੀ ਬੇੜਾ ਕੋਰੀਆ ਵੱਲ ਰਵਾਨਾ ਕਰ ਦਿੱਤਾ ਹੈ।
ਯਾਦ ਰਹੇ ਕਿ ਚੀਨ ਉੱਤਰੀ ਕੋਰੀਆ ਦੀ ਅਰਥ ਵਿਵਸਥਾ ਨੂੰ ਕਾਇਮ ਰੱਖਣ ਲਈ ਉਸ ਦੀ ਜ਼ਰੂਰਤ ਦਾ ਲਗਭਗ ਸਮੁੱਚਾ ਤੇਲ ਸਪਲਾਈ ਕਰਦਾ ਹੈ ਅਤੇ ਉੱਤਰੀ ਕੋਰੀਆ ਦਾ 90 ਫੀਸਦੀ ਵਪਾਰ ਚੀਨ ਦੇ ਰਸਤੇ ਹੁੰਦਾ ਹੈ। ਇਸ ਲਈ ਉਹ ਨਹੀਂ ਚਾਹੁੰਦਾ ਕਿ ਦੱਖਣੀ-ਪੂਰਬੀ ਏਸ਼ੀਆ ਵਿਚ ਮਹੱਤਵ ਹਾਸਲ ਕਰਨ ਲਈ ਦੱਖਣੀ ਕੋਰੀਆ ਅਮਰੀਕਾ ਦਾ ਸਮਰਥਨ ਕਰੇ।
ਹਾਲਾਂਕਿ ਸ਼ੀ ਚੀਨੀ ਲੋਕਾਂ ਨੂੰ ਅਕਸਰ ਇਹ ਕਹਿੰਦੇ ਹਨ ਕਿ ਟਰੰਪ ਚੀਨ ਲਈ ਚੰਗੇ ਨਹੀਂ ਹਨ ਪਰ ਸੀਰੀਆਈ ਹਮਲੇ ਨੇ ਅਚਾਨਕ ਡੋਨਾਲਡ ਟਰੰਪ ਦਾ ਪੱਲੜਾ ਭਾਰੀ ਕਰ ਦਿੱਤਾ ਹੈ।
ਹਾਲਾਂਕਿ ਜਿਥੋਂ ਤਕ ਟਰੰਪ ਦਾ ਸੰਬੰਧ ਹੈ, ਬਹੁਤ ਕੁਝ ਫੈਸਲਾਕੁੰਨ ਢੰਗ ਨਾਲ ਨਹੀਂ ਕਿਹਾ ਜਾ ਸਕਦਾ ਪਰ ਮੌਜੂਦਾ ਦੌਰ ਵਿਚ ਉਨ੍ਹਾਂ ਦੱਖਣ-ਪੂਰਬ, ਅਮਰੀਕਾ-ਏਸ਼ੀਆ, ਅਮਰੀਕਾ-ਯੂਰਪ ਅਤੇ ਅਮਰੀਕਾ-ਚੀਨ ਸੰਬੰਧਾਂ ਦੇ ਮਾਮਲੇ ਵਿਚ ਲੀਡ ਹਾਸਲ ਕਰ ਲਈ ਹੈ ਅਤੇ ਅਚਾਨਕ ਉਹ ਇਕ ਅਨੁਕੂਲ ਸਥਿਤੀ ਵਿਚ ਪਹੁੰਚ ਗਏ ਹਨ।

Vijay Kumar Chopra

This news is Chief Editor Vijay Kumar Chopra