ਦਿੱਲੀ ਸਰਕਾਰ ਹੁਣ ਕਰਵਾਏਗੀ 'ਬਜ਼ੁਰਗਾਂ ਨੂੰ ਮੁਫਤ ਤੀਰਥ ਯਾਤਰਾ'

01/11/2018 11:49:43 AM

14 ਫਰਵਰੀ 2015 ਨੂੰ ਸੱਤਾ 'ਚ ਆਈ ਦਿੱਲੀ ਦੀ 'ਆਮ ਆਦਮੀ ਪਾਰਟੀ' ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਖ-ਵੱਖ ਕਾਰਨਾਂ ਕਰਕੇ ਚਰਚਾ 'ਚ ਬਣੇ ਹੋਏ ਹਨ ਪਰ 'ਆਪ' ਸਰਕਾਰ ਵੱਖ-ਵੱਖ ਖੇਤਰਾਂ 'ਚ ਕੀਤੇ ਗਏ ਕੰਮਾਂ ਨੂੰ ਆਪਣੀ ਵੱਡੀ ਪ੍ਰਾਪਤੀ ਮੰਨ ਰਹੀ ਹੈ।  ਕੁਝ ਲੋਕਾਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਨੇ ਜੋ ਚੋਣ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰੇ ਕੀਤਾ ਹੈ, ਜਦਕਿ ਕੁਝ ਲੋਕ ਕਹਿੰਦੇ ਹਨ ਕਿ ਜੋ ਵਿਕਾਸ ਦਿੱਲੀ 'ਚ ਨਜ਼ਰ ਆ ਰਿਹਾ ਹੈ, ਉਹ ਪਿਛਲੀ ਸ਼ੀਲਾ ਦੀਕਸ਼ਿਤ ਸਰਕਾਰ ਦੀ ਹੀ ਦੇਣ ਹੈ। ਲੋਕ-ਲੁਭਾਊ ਵਾਅਦਿਆਂ ਦੀ ਕੜੀ 'ਚ ਹੀ ਦਿੱਲੀ ਦੀ 'ਆਮ ਆਦਮੀ ਪਾਰਟੀ' ਸਰਕਾਰ ਨੇ ਹਰ ਸਾਲ 60 ਸਾਲ ਤੋਂ ਜ਼ਿਆਦਾ ਉਮਰ ਦੇ 77,000 ਬਜ਼ੁਰਗਾਂ ਨੂੰ ਮੁਫਤ ਤੀਰਥ ਯਾਤਰਾ ਦੀ ਸਹੂਲਤ ਦੇਣ ਦਾ ਫੈਸਲਾ ਲਿਆ ਹੈ। 9 ਜਨਵਰੀ ਨੂੰ ਮੰਤਰੀ ਮੰਡਲ ਦੀ ਮੀਟਿੰਗ 'ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਅਜਿਹੇ ਸੀਨੀਅਰ ਸਿਟੀਜ਼ਨ, ਜਿਨ੍ਹਾਂ ਦੀ ਸਾਲਾਨਾ ਆਮਦਨ 3 ਲੱਖ ਰੁਪਏ ਤੋਂ ਘੱਟ ਹੋਵੇ ਅਤੇ ਜੋ ਸਰਕਾਰੀ ਤੇ ਕਿਸੇ ਖੁਦਮੁਖਤਿਆਰ ਬਾਡੀ ਦੇ ਮੁਲਾਜ਼ਮ ਨਾ ਹੋਣ, ਉਹ ਇਸ ਸਹੂਲਤ ਦਾ ਲਾਭ ਉਠਾ ਸਕਣਗੇ। ਇਹ ਯਾਤਰਾਵਾਂ 'ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ' ਦੇ ਤਹਿਤ ਕਰਵਾਈਆਂ ਜਾਣਗੀਆਂ। ਸੂਬਾ ਸਰਕਾਰ ਨਾਗਰਿਕਾਂ ਲਈ ਯਾਤਰਾ, ਠਹਿਰਨ ਤੇ ਖਾਣੇ ਦਾ ਪ੍ਰਬੰਧ ਕਰੇਗੀ। ਹਰੇਕ ਤੀਰਥ ਯਾਤਰੀ 'ਤੇ ਲੱਗਭਗ 7000 ਰੁਪਏ ਖਰਚਾ ਆਵੇਗਾ। ਸੀਨੀਅਰ ਸਿਟੀਜ਼ਨ ਆਪਣੇ ਨਾਲ 18 ਸਾਲ ਤੋਂ ਜ਼ਿਆਦਾ ਉਮਰ ਦਾ ਕੋਈ ਹੋਸਟੈੱਸ ਮੈਂਬਰ ਵੀ ਲਿਜਾ ਸਕਣਗੇ ਅਤੇ ਉਸ ਦਾ ਖਰਚਾ ਵੀ ਸਰਕਾਰ ਹੀ ਉਠਾਏਗੀ। ਯਾਤਰਾ ਦੀ ਮਿਆਦ ਤਿੰਨ ਦਿਨ, ਦੋ ਰਾਤਾਂ ਦੀ ਹੋਵੇਗੀ ਤੇ ਹਰ ਸਾਲ ਹਰੇਕ ਵਿਧਾਨ ਸਭਾ ਹਲਕੇ ਤੋਂ ਯਾਤਰਾ ਲਈ 1100 ਬਜ਼ੁਰਗ ਡਰਾਅ ਕੱਢ ਕੇ ਚੁਣੇ ਜਾਣਗੇ।
ਦਿੱਲੀ ਸਰਕਾਰ ਵਲੋਂ ਬਜ਼ੁਰਗਾਂ ਨੂੰ ਉਨ੍ਹਾਂ ਦੇ ਜੀਵਨ ਦੀ ਸੰਧਿਆ (ਜ਼ਿੰਦਗੀ ਦੇ ਆਖਰੀ ਪੜਾਅ) 'ਚ ਮੁਫਤ ਤੀਰਥ ਯਾਤਰਾ ਕਰਵਾਉਣ ਦਾ ਇਹ ਇਕ ਚੰਗਾ ਫੈਸਲਾ ਹੈ, ਜਿਸ ਦੇ ਤਹਿਤ ਉਹ ਆਪਣੀ ਸ਼ਰਧਾ ਵਾਲੇ ਅਸਥਾਨਾਂ ਦੀ ਯਾਤਰਾ ਕਰ ਕੇ ਮਾਨਸਿਕ ਸ਼ਾਂਤੀ ਪ੍ਰਾਪਤ ਕਰ ਸਕਣਗੇ। ਇਸੇ ਤਰ੍ਹਾਂ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਅਜਿਹੀ ਸਹੂਲਤ ਦੇਣ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।  

—ਵਿਜੇ ਕੁਮਾਰ                                        

Vijay Kumar Chopra

This news is Chief Editor Vijay Kumar Chopra