ਦੇਸ਼ ਭਰ ’ਚ ਲਗਾਤਾਰ ਹੋ ਰਹੀਆਂ ਏ. ਟੀ. ਐੱਮ. ਲੁੱਟਣ ਦੀਆਂ ਵਾਰਦਾਤਾਂ

05/18/2019 6:05:13 AM

ਦੁਨੀਆ ਭਰ ’ਚ ਸਾਰੇ ਬੈਂਕਾਂ ਨੇ ਏ. ਟੀ. ਐੱਮ. ਲਾ ਕੇ ਆਪਣੇ ਖਾਤਾਧਾਰਕਾਂ ਨੂੰ ਇਹ ਸਹੂਲਤ ਦਿੱਤੀ ਹੈ ਕਿ ਉਹ ਕਿਸੇ ਵੀ ਬੈਂਕ ਦੇ ਏ. ਟੀ. ਐੱਮ. ’ਚੋਂ ਆਪਣੇ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਸਹਾਇਤਾ ਨਾਲ ਪੈਸੇ ਕੱਢ ਲੈਣ। ਬੇਸ਼ੱਕ ਇਹ ਸਹੂਲਤ ਇਕ ਵਰਦਾਨ ਹੈ ਪਰ ਅਪਰਾਧੀ ਅਨਸਰਾਂ ਵਲੋਂ ਏ. ਟੀ. ਐੱਮ. ਲੁੱਟੇ ਜਾਣ ਦੀਆਂ ਘਟਨਾਵਾਂ ਵਧ ਗਈਆਂ ਹਨ, ਜਿਸ ਦੀਆਂ ਕੁਝ ਮਿਸਾਲਾਂ ਹੇਠਾਂ ਦਰਜ ਹਨ :

* 22 ਅਪ੍ਰੈਲ ਨੂੰ ਹਰਿਆਣਾ ਦੇ ਗੁਰੂਗ੍ਰਾਮ ’ਚ ਬਦਮਾਸ਼ਾਂ ਨੇ ਸੈਂਟਰਲ ਬੈਂਕ ਦੇ ਏ. ਟੀ. ਐੱਮ. ’ਚੋਂ ਸਾਢੇ 12 ਲੱਖ ਰੁਪਏ ਲੁੱਟ ਲਏ। ਇਸੇ ਦਿਨ ਬਦਮਾਸ਼ ਕਰਨਾਲ ਦੇ ਕਛਵਾ ਪਿੰਡ ’ਚੋਂ ਕੇਨਰਾ ਬੈਂਕ ਦਾ ਏ. ਟੀ. ਐੱਮ. ਪੁੱਟ ਕੇ ਲੈ ਗਏ।

* 30 ਅਪ੍ਰੈਲ ਨੂੰ ਬਦਮਾਸ਼ਾਂ ਨੇ ਪੁਣੇ ਦੇ ਸ਼ਾਹਕਾਰ ਨਗਰ ’ਚ ਸਥਿਤ ਸੈਂਟਰਲ ਬੈਂਕ ਦੇ ਏ. ਟੀ. ਐੱਮ. ’ਚੋਂ 10.51 ਲੱਖ ਰੁਪਏ ਲੁੱਟੇ।

* 06 ਮਈ ਨੂੰ ਝਾਰਖੰਡ ਦੇ ਰਾਮਗੜ੍ਹ ’ਚ ਬਦਮਾਸ਼ ਸਟੇਟ ਬੈਂਕ ਆਫ ਇੰਡੀਆ ਦਾ ਏ. ਟੀ. ਐੱਮ. ਪੁੱਟ ਕੇ ਲੈ ਗਏ, ਜਿਸ ’ਚ ਕੁਲ 42.78 ਲੱਖ ਰੁਪਏ ਸਨ।

* 09 ਮਈ ਨੂੰ ਰੋਪੜ ’ਚ ਲੁਟੇਰੇ ਆਈ. ਸੀ. ਆਈ. ਸੀ. ਆਈ. ਬੈਂਕ ਦਾ ਏ. ਟੀ. ਐੱਮ. ਪੁੱਟ ਕੇ ਲੈ ਗਏ, ਜਿਸ ’ਚ ਲੱਗਭਗ 9 ਲੱਖ ਰੁਪਏ ਸਨ।

* 09 ਮਈ ਨੂੰ ਹੀ ਆਸਾਮ ਦੇ ਦੀਮੂ ’ਚ ਬਦਮਾਸ਼ਾਂ ਨੇ ਸਟੇਟ ਬੈਂਕ ਆਫ ਇੰਡੀਆ ਦੇ ਏ. ਟੀ. ਐੱਮ. ’ਚ ਰੱਖੀ ਸਾਰੀ ਰਕਮ ਲੁੱਟ ਲਈ।

* 11 ਮਈ ਨੂੰ ਸਵੇਰੇ ਸਾਢੇ 10 ਵਜੇ ਮਜੀਠ ਮੰਡੀ ਅੰਮ੍ਰਿਤਸਰ ’ਚ ਸਥਿਤ ਯੂਨੀਅਨ ਬੈਂਕ ਦੇ ਏ. ਟੀ. ਐੱਮ. ’ਚੋਂ 9.5 ਲੱਖ ਰੁਪਏ ਲੁੱਟ ਲਏ ਗਏ।

* 12 ਮਈ ਨੂੰ ਮੁੰਬਈ ’ਚ ਕਾਂਦੀਵਲੀ ਦੇ ਠਾਕੁਰ ਪਿੰਡ ’ਚ ਸਥਿਤ ਯੈੱਸ ਬੈਂਕ ਦੇ ਏ. ਟੀ. ਐੱਮ. ’ਚ ਸਕਿਮਰ ਅਤੇ ਮਾਈਕ੍ਰੋ ਕੈਮਰਾ ਲਾ ਕੇ ਰੁਪਏ ਕੱਢਣ ਦੇ ਦੋਸ਼ ਹੇਠ 2 ਨਾਈਜੀਰੀਅਨਾਂ ਨੂੰ ਗ੍ਰਿਫਤਾਰ ਕੀਤਾ ਗਿਆ।

* 14 ਮਈ ਨੂੰ ਹਿਮਾਚਲ ਦੇ ਬੈਜਨਾਥ ’ਚ ਬਦਮਾਸ਼ਾਂ ਨੇ ਸ਼ਿਵ ਮੰਦਰ ਪਾਰਕਿੰਗ ਨੇੜੇ ਬਾਜ਼ਾਰ ’ਚ ਏ. ਟੀ. ਐੱਮ. ’ਚ ਸੰਨ੍ਹਮਾਰੀ ਕਰ ਕੇ 43,100 ਰੁਪਏ ਲੁੱਟ ਲਏ।

* 16 ਮਈ ਨੂੰ ਜੈਪੁਰ ਨੇੜੇ ਗੋਪਾਲਗੜ੍ਹ ਸ਼ਹਿਰ ’ਚ ਲੱਗੇ ਸਟੇਟ ਬੈਂਕ ਆਫ ਇੰਡੀਆ ਦੇ ਏ. ਟੀ. ਐੱਮ. ਨੂੰ ਚੋਰ ਗੈਸ ਸਿਲੰਡਰ ਮਸ਼ੀਨ ਨਾਲ ਕੱਟ ਕੇ ਉਸ ’ਚ ਰੱਖੇ 12 ਲੱਖ 40 ਹਜ਼ਾਰ ਰੁਪਏ ਚੋਰੀ ਕਰ ਕੇ ਫਰਾਰ ਹੋ ਗਏ।

ਸਪੱਸ਼ਟ ਹੈ ਕਿ ਜ਼ਿਆਦਾਤਰ ਏ. ਟੀ. ਐੱਮਜ਼ ’ਤੇ ਕੋਈ ਗਾਰਡ ਨਾ ਹੋਣ ਅਤੇ ਲਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੇ ਸਹੀ ਢੰਗ ਨਾਲ ਕੰਮ ਨਾ ਕਰਨ ਕਰਕੇ ਏ. ਟੀ. ਐੱਮ. ਲੁੱਟੇ ਜਾ ਰਹੇ ਹਨ। ਲਿਹਾਜ਼ਾ ਬੈਂਕ ਮੈਨੇਜਮੈਂਟ ਵਲੋਂ ਸਾਰੇ ਏ. ਟੀ. ਐੱਮਜ਼ ’ਤੇ ਸੁਰੱਖਿਆ ਗਾਰਡ ਤਾਇਨਾਤ ਕਰ ਕੇ ਅਤੇ ਹੋਰਨਾਂ ਉਪਾਵਾਂ ਦੇ ਜ਼ਰੀਏ ਏ. ਟੀ. ਐੱਮਜ਼ ਦੀ ਸੁਰੱਖਿਆ ਮਜ਼ਬੂਤ ਬਣਾਉਣ ਦੀ ਲੋੜ ਹੈ ਤਾਂ ਕਿ ਇਹ ਲੁਟੇਰਿਆਂ ਤੋਂ ਬਚੇ ਰਹਿਣ।

–ਵਿਜੇ ਕੁਮਾਰ

Bharat Thapa

This news is Content Editor Bharat Thapa