ਏਮਜ਼ ਦੇ ਸਟਾਫ ਦੇ ਵਤੀਰੇ ਤੋਂ ਅਸੰਤੁਸ਼ਟ ਹਨ 35 ਫੀਸਦੀ ਮਰੀਜ਼

05/26/2019 5:20:36 AM

ਨਵੀਂ ਦਿੱਲੀ 'ਚ ਸਥਿਤ ਕੁਲ ਹਿੰਦ ਆਯੁਰਵਿਗਿਆਨ ਸੰਸਥਾਨ (ਏਮਜ਼) ਦੇਸ਼ ਦੀ ਸਭ ਤੋਂ ਵੱਡੀ ਮੈਡੀਕਲ ਸੰਸਥਾ ਹੈ, ਜਿਥੇ ਦੇਸ਼ ਤੋਂ ਹੀ ਨਹੀਂ, ਸਗੋਂ ਵਿਸ਼ਵ ਦੇ ਅਨੇਕ ਹਿੱਸਿਆਂ ਤੋਂ ਗੰਭੀਰ ਰੋਗਾਂ ਤੋਂ ਪੀੜਤ ਮਰੀਜ਼ ਇਲਾਜ ਕਰਵਾਉਣ ਲਈ ਆਉਂਦੇ ਹਨ।
ਇਸ ਲਿਹਾਜ਼ ਨਾਲ ਏਮਜ਼ ਨੂੰ ਮਰੀਜ਼ਾਂ ਦੇ ਇਲਾਜ ਅਤੇ ਸੰਤੁਸ਼ਟੀ ਦੇ ਮਾਮਲੇ 'ਚ ਸਭ ਤੋਂ ਉਪਰ ਹੋਣਾ ਚਾਹੀਦਾ ਹੈ ਪਰ ਅਜਿਹਾ ਹੁਣ ਨਹੀਂ ਹੈ। ਹਾਲ ਹੀ 'ਚ ਏਮਜ਼ ਪ੍ਰਤੀ ਮਰੀਜ਼ਾਂ ਦੀ ਪ੍ਰਤੀਕਿਰਿਆ ਜਾਣਨ ਲਈ ਸਰਕਾਰ ਵਲੋਂ ਇਥੇ ਇਲਾਜ ਕਰਵਾਉਣ ਆਉਣ ਵਾਲੇ 9940 ਮਰੀਜ਼ਾਂ ਤੋਂ ਫੀਡਬੈਕ ਲਿਆ ਗਿਆ।
ਇਸ ਅਨੁਸਾਰ ਲੱਗਭਗ 35 ਫੀਸਦੀ ਮਰੀਜ਼ ਏਮਜ਼ ਦੇ ਸਟਾਫ ਦੇ ਵਤੀਰੇ ਤੋਂ ਅਸੰਤੁਸ਼ਟ ਪਾਏ ਗਏ, ਜਦਕਿ ਲੱਗਭਗ 23 ਫੀਸਦੀ ਮਰੀਜ਼ ਇਥੇ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸਿਹਤ ਦੇਖਭਾਲ ਸਬੰਧੀ ਸੇਵਾਵਾਂ ਤੋਂ ਸੰਤੁਸ਼ਟ ਨਹੀਂ ਸਨ। ਇਨ੍ਹਾਂ 'ਚੋਂ ਜ਼ਿਆਦਾਤਰ ਮਰੀਜ਼ਾਂ ਨੇ ਐਮਰਜੈਂਸੀ, ਸਰਜਰੀ, ਹੱਡੀ ਰੋਗ, ਪੇਟ ਰੋਗ ਅਤੇ ਮਹਿਲਾ ਰੋਗ ਵਿਭਾਗ ਦੀਆਂ ਸੇਵਾਵਾਂ 'ਤੇ ਨਾਖੁਸ਼ੀ ਜ਼ਾਹਿਰ ਕੀਤੀ।
ਸਭ ਤੋਂ ਵੱਧ ਮਰੀਜ਼ (35 ਫੀਸਦੀ) ਸਟਾਫ ਦੇ ਵਤੀਰੇ ਤੋਂ ਨਾਰਾਜ਼ ਸਨ। ਇਸ ਤੋਂ ਬਾਅਦ ਮਰੀਜ਼ਾਂ ਨੇ (34 ਫੀਸਦੀ) ਹੋਰਨਾਂ ਕਾਰਨਾਂ ਕਰਕੇ ਨਾਰਾਜ਼ਗੀ ਜਤਾਈ। 13 ਫੀਸਦੀ ਮਰੀਜ਼ਾਂ ਨੇ ਇਲਾਜ ਦੀ ਗੁਣਵੱਤਾ ਅਤੇ 12 ਫੀਸਦੀ ਮਰੀਜ਼ਾਂ ਨੇ ਇਲਾਜ 'ਤੇ ਆਉਣ ਵਾਲੇ ਖਰਚ ਨੂੰ ਲੈ ਕੇ ਨਾਰਾਜ਼ਗੀ ਜ਼ਾਹਿਰ ਕੀਤੀ।
6 ਫੀਸਦੀ ਮਰੀਜ਼ ਦੇਸ਼ ਦੇ ਸਭ ਤੋਂ ਵੱਡੇ ਮੈਡੀਕਲ ਸੰਸਥਾਨ 'ਚ ਸਾਫ-ਸਫਾਈ ਨੂੰ ਲੈ ਕੇ ਵੀ ਅਸੰਤੁਸ਼ਟ ਪਾਏ ਗਏ। ਅਧਿਐਨ 'ਚ ਸ਼ਾਮਿਲ 25 ਫੀਸਦੀ ਮਰੀਜ਼ ਅੱਖ, ਨੱਕ ਅਤੇ ਗਲੇ ਦੇ ਵਿਭਾਗ ਦੇ ਕੰਮਕਾਜ ਤੋਂ ਸੰਤੁਸ਼ਟ ਨਹੀਂ ਸਨ।
ਜਨਤਕ ਸਿਹਤ ਸਹੂਲਤਾਂ ਦੀ ਗੁਣਵੱਤਾ ਦਾ ਪਤਾ ਲਾਉਣ ਲਈ ਮਰੀਜ਼ਾਂ ਦੇ ਤਜਰਬਿਆਂ 'ਤੇ ਆਧਾਰਿਤ ਉਕਤ ਜਾਣਕਾਰੀ ਤੋਂ ਇਹ ਸਪੱਸ਼ਟ ਹੈ ਕਿ ਏਮਜ਼ ਦੇ ਜਿਹੜੇ ਵਿਭਾਗਾਂ 'ਚ ਖਾਮੀਆਂ ਦਾ ਇਥੇ ਆਉਣ ਵਾਲੇ ਮਰੀਜ਼ਾਂ ਨੇ ਵਰਣਨ ਕੀਤਾ ਹੈ, ਉਨ੍ਹਾਂ ਨੂੰ ਤੁਰੰਤ ਦੂਰ ਕਰ ਕੇ ਇਥੇ ਮੈਡੀਕਲ ਸੇਵਾਵਾਂ 'ਚ ਸੁਧਾਰ ਕੀਤਾ ਜਾਵੇ।

                                                                                                             –ਵਿਜੇ ਕੁਮਾਰ


KamalJeet Singh

Content Editor

Related News