‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ’: 13 ਸਾਲਾ ਬੱਚੀ ਨੇ ਬਚਾਈ ਤਿੰਨ ਭਰਾਵਾਂ ਦੀ ਜਾਨ

06/13/2023 4:05:28 AM

1 ਮਈ ਨੂੰ ਲੈਸਲੀ ਨਾਂ ਦੀ ਇਕ 13 ਸਾਲਾ ਬੱਚੀ 9, 5 ਅਤੇ 1 ਸਾਲ ਦੀ ਉਮਰ ਦੇ 3 ਭਰਾਵਾਂ ਅਤੇ ਆਪਣੀ ਮਾਂ ਦੇ ਨਾਲ ਇਕ ਛੋਟੇ ਜਹਾਜ਼ ’ਚ ਯਾਤਰਾ ਕਰ ਰਹੀ ਸੀ। ਇਹ ਜਹਾਜ਼ ਕੋਲੰਬੀਆ ’ਚ ਅਮੇਜ਼ਨ ਦੇ ਜੰਗਲਾਂ ’ਚ ਹਾਦਸਾਗ੍ਰਸਤ ਹੋ ਗਿਆ ਜਿਸ ਨਾਲ ਇਨ੍ਹਾਂ ਬੱਚਿਆਂ ਦੀ ਮਾਂ, ਜਹਾਜ਼ ਚਾਲਕ ਅਤੇ ਉਸ ’ਚ ਸਵਾਰ ਇਕ ਆਗੂ ਦੀ ਮੌਤ ਹੋ ਗਈ, ਜਦਕਿ ਇਨ੍ਹਾਂ ਚਾਰਾਂ ਬੱਚਿਆਂ ਦਾ ਕੋਈ ਅਤਾ-ਪਤਾ ਨਾ ਲੱਗਾ।

ਇਹ ਬੱਚੇ ਸੰਘਣੇ ਜੰਗਲ ’ਚ ਭਟਕਦੇ ਰਹੇ, ਜਿਨ੍ਹਾਂ ਨੂੰ ਬਚਾਅ ਦਲ ਨੇ 40 ਦਿਨਾਂ ਬਾਅਦ ਚਮਤਕਾਰੀ ਢੰਗ ਨਾਲ ਜਿਊਂਦੇ ਲੱਭ ਲਿਆ।

ਇੰਨੇ ਲੰਬੇ ਸਮੇਂ ਤਕ ਇਨ੍ਹਾਂ ਦੇ ਜਿਊਂਦੇ ਰਹਿਣ ਦਾ ਸਿਹਰਾ 13 ਸਾਲਾ ਲੈਸਲੀ ਨੂੰ ਜਾਂਦਾ ਹੈ। ਉਹ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਨਾਲ ਆਪਣੇ ਭਰਾਵਾਂ ਦਾ ਹੌਸਲਾ ਵਧਾਉਣ ਦੇ ਨਾਲ-ਨਾਲ ਮਲਬੇ ’ਚ ਮਿਲੇ ਸ਼ਕਰਕੰਦੀ ਵਰਗੇ ਫ਼ਲ਼ ਤੋਂ ਬਣਿਆ ‘ਫਰੀਨਾ’ ਨਾਮੀ ਪਕਵਾਨ ਖੁਦ ਅਤੇ ਉਨ੍ਹਾਂ ਨੂੰ ਖੁਆਉਂਦੀ ਰਹੀ ਅਤੇ ਇਸ ਦੇ ਖਤਮ ਹੋ ਜਾਣ ਬਾਅਦ ਉਹ ਚਾਰੋਂ ਜਣੇ ਜੰਗਲੀ ਫ਼ਲ਼ਾਂ ਦੇ ਬੀਜ ਖਾ ਕੇ ਜਿਊਂਦੇ ਰਹੇ।

ਲੈਸਲੀ ਆਪਣੇ ਭਰਾਵਾਂ ਦੀ ਜਾਨ ਬਚਾਉਣ ਲਈ ਉਨ੍ਹਾਂ ਨਾਲ ਸਰਵਾਈਵਲ ਗੇਮ ਵੀ ਖੇਡਦੀ ਰਹੀ, ਜਿਸ ਨਾਲ ਉਨ੍ਹਾਂ ’ਚ ਮੌਤ ਦਾ ਭੈਅ ਪੈਦਾ ਨਹੀਂ ਹੋਇਆ ਅਤੇ ਇਹ ਕਹਾਵਤ ਸੱਚ ਸਿੱਧ ਹੋ ਗਈ ਕਿ ‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ’।

ਬਚਾਅ ਦਲ ਦੇ ਮੈਂਬਰਾਂ ਨੂੰ ਜਦੋਂ ਇਹ ਬੱਚੇ ਪਹਿਲੀ ਵਾਰ ਸੰਘਣੇ ਜੰਗਲ ’ਚ ਮਿਲੇ ਤਾਂ ਲੈਸਲੀ ਆਪਣੀ ਗੋਦ ’ਚ ਸਭ ਤੋਂ ਛੋਟੇ ਭਰਾ ਨੂੰ ਲੈ ਕੇ ਦੌੜ ਕੇ ਉਨ੍ਹਾਂ ਕੋਲ ਪੁੱਜੀ ਅਤੇ ਬੋਲੀ, ‘‘ਮੈਨੂੰ ਭੁੱਖ ਲੱਗੀ ਹੈ’’ ਅਤੇ ਜ਼ਮੀਨ ’ਤੇ ਲੇਟੇ ਹੋਏ ਬੱਚੇ ਨੇ ਕਿਹਾ, ‘‘ਮਾਂ ਮਰ ਗਈ।’’ ਇਸ ਸਮੇਂ ਇਹ ਬੱਚੇ ਬੋਗੋਟਾ ਦੇ ਹਸਪਤਾਲ ’ਚ ਸਿਹਤ ਲਾਭ ਲੈ ਰਹੇ ਹਨ।

-ਵਿਜੇ ਕੁਮਾਰ

Anmol Tagra

This news is Content Editor Anmol Tagra