ਜੰਮੂ-ਕਸ਼ਮੀਰ, ਹਿਮਾਚਲ ਅਤੇ ਉੱਤਰਾਖੰਡ ’ਚ 11 ਦਿਨਾਂ ਵਿਚ 6 ਵੱਡੇ ਸੜਕ ਹਾਦਸਿਆਂ ’ਚ 101 ਮੌਤਾਂ

07/03/2019 6:21:14 AM

ਦੇਸ਼ ’ਚ ਮੈਦਾਨੀ ਸੂਬਿਆਂ ਦੇ ਨਾਲ-ਨਾਲ ਪਹਾੜੀ ਸੂਬਿਆਂ ’ਚ ਲਗਾਤਾਰ ਹੋਣ ਵਾਲੇ ਸੜਕ ਹਾਦਸਿਆਂ ’ਚ ਵੱਡੀ ਗਿਣਤੀ ’ਚ ਮੌਤਾਂ ਕਾਰਣ ਦੇਸ਼ ਵਿਚ ਸੜਕ ਸੁਰੱਖਿਆ ਵੱਲ ਧਿਆਨ ਦੇਣ ਦੀ ਲੋੜ ਬਹੁਤ ਜ਼ਿਆਦਾ ਵਧ ਗਈ ਹੈ। ਪਿਛਲੇ 5 ਮਹੀਨਿਆਂ ’ਚ ਉੱਤਰੀ ਭਾਰਤ ਦੇ 3 ਪਹਾੜੀ ਸੂਬਿਆਂ–ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ’ਚ ਹੋਏ ਸੜਕ ਹਾਦਸਿਆਂ ਦੇ ਸਿੱਟੇ ਵਜੋਂ 1170 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹੁਣ ਸਿਰਫ ਪਿਛਲੇ 11 ਦਿਨਾਂ ’ਚ ਹਿਮਾਚਲ, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ’ਚ ਹੋਏ 6 ਵੱਡੇ ਸੜਕ ਹਾਦਸਿਆਂ ’ਚ ਘੱਟੋ-ਘੱਟ 101 ਮੌਤਾਂ ਹੋਈਆਂ, ਜੋ ਹੇਠਾਂ ਦਰਜ ਹਨ :

* 20 ਜੂਨ ਨੂੰ ਹਿਮਾਚਲ ’ਚ ਕੁੱਲੂ ਨੇੜੇ ਬੰਜਾਰ ਵਿਖੇ ਇਕ ਪ੍ਰਾਈਵੇਟ ਬੱਸ ਦੇ 500 ਫੁੱਟ ਡੂੰਘੀ ਖੱਡ ’ਚ ਡਿੱਗ ਜਾਣ ਨਾਲ 44 ਵਿਅਕਤੀਆਂ ਦੀ ਮੌਤ ਹੋ ਗਈ ਅਤੇ 35 ਜ਼ਖ਼ਮੀ ਹੋ ਗਏ। ਦੱਸਿਆ ਜਾਂਦਾ ਹੈ ਕਿ 42 ਸੀਟਾਂ ਵਾਲੀ ਬੱਸ ’ਚ 79 ਮੁਸਾਫਿਰ ਤੁੰਨ-ਤੁੰਨ ਕੇ ਭਰੇ ਹੋਏ ਸਨ। ਬੱਸ ਦੀ ਹਾਲਤ ਬਹੁਤ ਖਸਤਾ ਸੀ ਅਤੇ ਇਹ ਵਾਰ-ਵਾਰ ਖਰਾਬ ਹੋ ਰਹੀ ਸੀ।

* 27 ਜੂਨ ਨੂੰ ਜੰਮੂ-ਕਸ਼ਮੀਰ ’ਚ ਪੁੰਛ ਜ਼ਿਲੇ ’ਚ ਪੈਂਦੇ ‘ਪੀਰ ਕੀ ਗਲੀ’ ਨੇੜੇ ਇਕ ਗੱਡੀ ਦੇ ਡੂੰਘੀ ਖੱਡ ’ਚ ਡਿੱਗ ਜਾਣ ਨਾਲ ਉਸ ’ਚ ਸਵਾਰ 11 ਵਿਦਿਆਰਥੀਆਂ ਦੀ ਮੌਤ ਹੋ ਗਈ।

* 30 ਜੂਨ ਨੂੰ ਉੱਤਰਾਖੰਡ ਦੇ ਚਮੋਲੀ ਜ਼ਿਲੇ ’ਚ ਇਕ ਕਾਰ 700 ਮੀਟਰ ਡੂੰਘੀ ਖੱਡ ’ਚ ਜਾ ਡਿਗੀ, ਜਿਸ ਨਾਲ ਉਸ ’ਚ ਸਵਾਰ 5 ਵਿਅਕਤੀਆਂ ਦੀ ਮੌਤ ਹੋ ਗਈ।

* 01 ਜੁਲਾਈ ਨੂੰ ਸ਼ਿਮਲਾ ’ਚ ਝੰਝੇੜੀ ਨੇੜੇ ਵਿਦਿਆਰਥਣਾਂ ਨੂੰ ਲੈ ਕੇ ਜਾ ਰਹੀ ਐੱਚ. ਆਰ. ਟੀ. ਸੀ. ਦੀ ਬੱਸ ਸੜਕ ਤੋਂ ਤਿਲਕ ਕੇ ਖੱਡ ’ਚ ਜਾ ਡਿਗਣ ਨਾਲ 2 ਵਿਦਿਆਰਥਣਾਂ ਅਤੇ ਬੱਸ ਦੇ ਡਰਾਈਵਰ ਦੀ ਮੌਤ ਹੋ ਗਈ।

* 01 ਜੁਲਾਈ ਨੂੰ ਹੀ ਜੰਮੂ-ਕਸ਼ਮੀਰ ਦੇ ਕੇਸ਼ਵਾਨ ’ਚ ਇਕ ਮਿੰਨੀ ਬੱਸ ਖੱਡ ’ਚ ਡਿਗ ਜਾਣ ਨਾਲ 35 ਵਿਅਕਤੀਆਂ ਦੀ ਮੌਤ ਹੋ ਗਈ ਅਤੇ 17 ਹੋਰ ਜ਼ਖ਼ਮੀ ਹੋ ਗਏ। 28 ਮੁਸਾਫਿਰਾਂ ਦੀ ਸਮਰੱਥਾ ਵਾਲੀ ਮਿੰਨੀ ਬੱਸ ’ਚ 52 ਮੁਸਾਫਿਰ ਤੁੰਨੇ ਹੋਏ ਸਨ।

* 02 ਜੁਲਾਈ ਨੂੰ ਜੰਮੂ-ਕਸ਼ਮੀਰ ’ਚ ਹੀਰਾਨਗਰ ਦੇ ਘਰਾਵਲ ਖੇਤਰ ’ਚ ਇਕ ਕਾਰ ਦੇ ਫੌਜੀ ਗੱਡੀ ਨਾਲ ਟਕਰਾ ਜਾਣ ’ਤੇ 3 ਵਿਅਕਤੀਆਂ ਦੀ ਮੌਤ ਹੋ ਗਈ।

ਮਾਹਿਰਾਂ ਮੁਤਾਬਿਕ ਤੇਜ਼ ਰਫਤਾਰ ਨਾਲ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣਾ, ਜਨਤਕ ਵਾਹਨਾਂ ’ਚ ਸਮਰੱਥਾ ਨਾਲੋਂ ਜ਼ਿਆਦਾ ਮੁਸਾਫਿਰ ਬਿਠਾਉਣਾ, ਸੜਕਾਂ ਕੰਢੇ ਚਿਤਾਵਨੀ ਸੰਕੇਤ, ਕ੍ਰੈਸ਼ ਬੈਰੀਅਰ ਆਦਿ ਦਾ ਨਾ ਲੱਗਾ ਹੋਣਾ ਹਾਦਸਿਆਂ ਦੀ ਵਜ੍ਹਾ ਬਣ ਰਿਹਾ ਹੈ ਅਤੇ ਕਾਫੀ ਟਰਾਂਸਪੋਰਟ ਸਹੂਲਤ ਮੁਹੱਈਆ ਨਾ ਹੋਣ ਕਰਕੇ ਮੁਸਾਫਿਰ ਨੱਕੋ-ਨੱਕ ਭਰੀਆਂ ਬੱਸਾਂ ’ਚ ਸਫਰ ਕਰਨ ਲਈ ਮਜਬੂਰ ਹੋਣ ਕਰਕੇ ਮੌਤ ਦੇ ਮੂੰਹ ’ਚ ਜਾ ਰਹੇ ਹਨ।

ਲਿਹਾਜ਼ਾ ਇਸ ਬਾਰੇ ਸਖਤ ਕਾਰਵਾਈ ਕਰਦਿਆਂ ਸਰਕਾਰੀ ਬੱਸਾਂ ਦੀ ਗਿਣਤੀ ਵਧਾਉਣ, ਪ੍ਰਾਈਵੇਟ ਅਤੇ ਸਰਕਾਰੀ ਦੋਹਾਂ ਤਰ੍ਹਾਂ ਦੀਆਂ ਬੱਸਾਂ ਦੀ ਲਗਾਤਾਰ ਜਾਂਚ, ਬੱਸਾਂ ’ਚ ਸਮਰੱਥਾ ਨਾਲੋਂ ਜ਼ਿਆਦਾ ਮੁਸਾਫਿਰ ਬਿਠਾਉਣ ’ਤੇ ਰੋਕ ਲਾਉਣ ਅਤੇ ਅਜਿਹਾ ਕਰਨ ਵਾਲੇ ਆਪ੍ਰੇਟਰਾਂ ਨੂੰ ਭਾਰੀ ਜੁਰਮਾਨੇ ਤੋਂ ਇਲਾਵਾ ਉਨ੍ਹਾਂ ਦੇ ਲਾਇਸੈਂਸ ਰੱਦ ਕਰਨ ਵਰਗੇ ਸਖਤ ਪ੍ਰਬੰਧ ਛੇਤੀ ਕਰਨਾ ਬੇਹੱਦ ਜ਼ਰੂਰੀ ਹੈ।

–ਵਿਜੇ ਕੁਮਾਰ
 

Bharat Thapa

This news is Content Editor Bharat Thapa