‘ਮਹਾਮਾਰੀ ਦਾ ਅਸਰ’ ਲੋਕ ਕੰਮ-ਧੰਦੇ ਬਦਲਣ ਨੂੰ ਮਜਬੂਰ

09/20/2020 3:44:14 AM

ਮਹਾਮਾਰੀ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਲਗਾਏ ਗਏ ਵਿਸ਼ਵਪੱਧਰੀ ਲਾਕਡਾਊਨ ਨਾਲ ਉਦਯੋਗ-ਧੰਦੇ ਠੱਪ ਹੋ ਜਾਣ ਨਾਲ ਸਮੁੱਚੇ ਵਿਸ਼ਵ ’ਚ ਅਰਥਵਿਵਸਥਾ ’ਤੇ ਉਲਟ ਅਸਰ ਪਿਆ ਹੈ ਜਿਸ ਤੋਂ ਭਾਰਤ ਵੀ ਅਛੂਤਾ ਨਹੀਂ ਰਿਹਾ। ਰੋਜ਼ਗਾਰ ਖੁੱਸ ਜਾਣ ਅਤੇ ਬੰਦ ਹੋ ਜਾਣ ਕਾਰਨ ਕਰੋੜਾਂ ਲੋਕਾਂ ਨੂੰ ਆਪਣੇ ਪਰਿਵਾਰ ਨੂੰ ਜ਼ਿੰਦਾ ਰੱਖਣ ਲਈ ਆਪਣੇ ਕੰਮ-ਧੰਦੇ ਬਦਲਣੇ ਪਏ ਹਨ ਅਤੇ ਉਨ੍ਹਾਂ ਨੂੰ ਫਲ, ਸਬਜ਼ੀ, ਚਾਹ, ਆਈਸਕ੍ਰੀਮ ਦੀ ਰੇਹੜੀ ਲਗਾਉਣ ਤੋਂ ਲੈ ਕੇ ਮਜ਼ਦੂਰੀ ਕਰਨੀ ਅਤੇ ਰਿਕਸ਼ਾ ਤੱਕ ਚਲਾਉਣਾ ਪੈ ਰਿਹਾ ਹੈ।

* ਐੱਲ. ਐੱਲ. ਬੀ., ਐੱਮ. ਬੀ. ਏ. ਅਤੇ ਪੀ. ਜੀ. ਡਿਪਲੋਮਾ ਇਨ ਸਾਈਬਰ ਸਕਿਓਰਿਟੀ ਦੀ ਸਿੱਖਿਆ ਪ੍ਰਾਪਤ ਗ੍ਰੇਟਰ ਨੋਇਡਾ ਦੇ ਇਕ ਕਾਲਜ ’ਚ ਅਸਿਸਟੈਂਟ ਪ੍ਰੋਫੈਸਰ ਨੇ ਨੌਕਰੀ ਖੁੱਸ ਜਾਣ ਦੇ ਬਾਅਦ ਹੁਣ ਸਬਜ਼ੀ ਅਤੇ ਕਰਿਆਨੇ ਦੀ ਦੁਕਾਨ ਖੋਲ੍ਹ ਲਈ ਹੈ।

* ਇਸੇ ਤਰ੍ਹਾਂ ਬੇਰੋਜ਼ਗਾਰ ਹੋਏ ਕਈ ਅਧਿਆਪਕ ਮਜ਼ਦੂਰੀ ਕਰਨ ਨੂੰ ਮਜਬੂਰ ਹਨ, ਕੁਝ ਸਬਜ਼ੀ ਵੇਚ ਰਹੇ ਹਨ ਅਤੇ ਕੁਝ ਚਾਹ ਦੀ ਰੇਹੜੀ ਲਗਾ ਕੇ ਬੈਠੇ ਹਨ।

* ਟੂਰਿਜ਼ਮ ਠੱਪ ਪੈਣ ਕਾਰਨ ਅਜੇ ਮੋਦੀ ਨਾਮੀ ਅਹਿਮਦਾਬਾਦ ਦੇ ਇਕ ਟੂਰ ਆਪ੍ਰੇਟਰ ਨੇ ਆਪਣੇ ਸਟਾਫ ਨੂੰ ਨੌਕਰੀ ਤੋਂ ਕੱਢਣ ਦੀ ਬਜਾਏ ਆਪਣੇ ਆਫਿਸ ’ਚ ਗੁਜਰਾਤੀ ਨਮਕੀਨ ਵੇਚਣ ਦਾ ਨਵਾਂ ਬਿਜ਼ਨੈੱਸ ਸ਼ੁਰੂ ਕਰ ਕੇ ਨਾ ਸਿਰਫ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਕਰ ਲਿਆ ਸਗੋਂ ਆਪਣੇ ਸਟਾਫ ਨੂੰ ਵੀ ਭੁੱਖਮਰੀ ਤੋਂ ਬਚਾ ਲਿਆ ਹੈ।

* ਕੰਪਿਊਟਰ ਸਾਇੰਸ ’ਚ ਗ੍ਰੈਜੂਏਟ ਲੁਧਿਆਣਾ ਦੀ ਇਕ ਮੁਟਿਆਰ ਪਰਿਵਾਰ ਦੇ ਪਾਲਣ-ਪੋਸ਼ਣ ਦੇ ਲਈ ਆਈਸਕ੍ਰੀਮ ਦੀ ਰੇਹੜੀ ਲਗਾ ਰਹੀ ਹੈ। ਉਸ ਦਾ ਕਹਿਣਾ ਹੈ ਕਿ ਹਾਲਾਤ ਆਮ ਵਰਗੇ ਹੋਣ ’ਤੇ ਉਹ ਆਪਣੇ ਲਈ ਕੋਈ ਚੰਗੀ ਨੌਕਰੀ ਲੱਭ ਲਵੇਗੀ।

* ਲੁਧਿਆਣਾ ਦੀ ਹੀ ਇਕ ਹੋਰ ਮੁਟਿਆਰ ਨੂੰ ਜਦੋਂ ਇਕ ਲੋਕਲ ਗਾਰਮੈਂਟ ਸਟੋਰ ’ਚ ਸੇਲਸ ਗਰਲ ਦੀ ਨੌਕਰੀ ਤੋਂ ਹੱਥ ਧੋਣੇ ਪਏ ਤਾਂ ਉਸ ਨੇ ਆਨਲਾਈਨ ਸ਼ਾਪਿੰਗ ਕਰਨ ਵਾਲੇ ਲੋਕਾਂ ਤੱਕ ਸਾਮਾਨ ਪਹੁੰਚਾਉਣ ਲਈ ਡਲਿਵਰੀ ਗਰਲ ਦਾ ਕੰਮ ਸ਼ੁਰੂ ਕਰ ਦਿੱਤਾ। ਉਹ ਦਿਨ ਭਰ ਘਰ-ਘਰ ਸਾਮਾਨ ਪਹੁੰਚਾਉਂਦੀ ਹੈ ਅਤੇ ਰਾਤ ਨੂੰ ਪੜ੍ਹਾਈ ਕਰਦੀ ਹੈ ਤਾਂ ਕਿ ਹਾਲਾਤ ਸੁਖਾਵੇਂ ਹੋਣ ’ਤੇ ਕਿਤੇ ਚੰਗੀ ਨੌਕਰੀ ਲੱਭ ਸਕੇ।

* ਲੁਧਿਆਣਾ ਦੀ ਹੀ ਇਕ ਹੋਰ ਮੁਟਿਆਰ ਨੇ ਸੈਲੂਨ ’ਚ ਨੌਕਰੀ ਛੁੱਟ ਜਾਣ ’ਤੇ ਇਕ ਪੈਟਰੋਲ ਪੰਪ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਕੋਰੋਨਾ ਦੀ ਮਾਰ ਨਾਲ ਦੇਸ਼ ਦੀ ਹੈਂਡਲੂਮ ਇੰਡਸਟਰੀ ਨੂੰ ਵੀ ਭਾਰੀ ਧੱਕਾ ਲੱਗਾ ਹੈ। ਲੱਖਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਖੁੱਸ ਗਈ ਹੈ ਅਤੇ ਪੀੜ੍ਹੀਅਾਂ ਤੋਂ ਕਲਾਤਮਕ ਕੰਮ ਕਰਦੇ ਆ ਰਹੇ ਮਾਹਿਰ ਬੁਣਕਰ ਬੇਰੋਜ਼ਗਾਰ ਹੋ ਗਏ ਹਨ।

* ਵਾਰਾਣਸੀ ਦੇ ਅਨੇਕ ਬੁਣਕਰਾਂ ਨੇ ਆਪਣਾ ਧੰਦਾ ਬਦਲ ਲਿਆ ਹੈ। ਆਪਣੇ ਪਿਤਾ ਅਤੇ ਦਾਦੇ ਕੋਲੋਂ ਵਿਰਾਸਤ ’ਚ ਇਹ ਕਲਾ ਸਿੱਖਣ ਵਾਲੇ ਉਹ ਹੱਥ ਜੋ ਕਦੇ ਰੇਸ਼ਮੀ ਸਾੜ੍ਹੀਅਾਂ ’ਤੇ ਸੋਨੇ ਅਤੇ ਚਾਂਦੀ ਦੀਅਾਂ ਤਾਰਾਂ ਦੀ ਬੁਣਾਈ ਕਰਦੇ ਸਨ, ਅੱਜ ਆਪਣੀ ਹੱਥਖੱਡੀ ਖੜ੍ਹੀ ਕਰ ਕੇ ਸਬਜ਼ੀਅਾਂ ਅਤੇ ਚਾਹ ਵੇਚ ਰਹੇ ਹਨ।

* ਲਿਨੇਨ ਅਤੇ ਰੇਸ਼ਮ ਦੀਆਂ ਸਾੜ੍ਹੀਆਂ ਲਈ ਪ੍ਰਸਿੱਧ ਭਾਗਲਪੁਰ ਦੇ ਅਨੇਕ ਕਾਰੀਗਰ ਬੇਰੋਜ਼ਗਾਰ ਹੋਣ ਦੇ ਬਾਅਦ ਆਟੋ ਰਿਕਸ਼ਾ ਚਲਾ ਕੇ ਜਾਂ ‘ਝਾਲਮੂਰੀ’ ਵੇਚ ਰਹੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਸਾੜ੍ਹੀਅਾਂ ਦੀ ਬੁਣਾਈ ਦਾ 90 ਫੀਸਦੀ ਧੰਦਾ ਚੌਪਟ ਹੋ ਚੁੱਕਾ ਹੈ ਅਤੇ ਪੀੜ੍ਹੀਅਾਂ ਤੋਂ ਚੱਲੀ ਆ ਰਹੀ ਉਨ੍ਹਾਂ ਦੀ ਕਲਾ ਲੁਪਤ ਹੁੰਦੀ ਜਾ ਰਹੀ ਹੈ।

* ਇਹੀ ਨਹੀਂ ਬੇਰੋਜ਼ਗਾਰੀ ਦੇ ਸ਼ਿਕਾਰ ਸਾਊਦੀ ਅਰਬ ’ਚ ਰਹਿ ਕੇ ਕੰਮ ਕਰਨ ਵਾਲੇ 450 ਭਾਰਤੀ ਮਜ਼ਦੂਰਾਂ ’ਚੋਂ ਕਈ ਮਜ਼ਦੂਰ ਤਾਂ ਸੜਕਾਂ ’ਤੇ ਨਿਕਲ ਕੇ ਭੀਖ ਮੰਗਣ ਲੱਗੇ। ਸਥਾਨਕ ਪ੍ਰਸ਼ਾਸਨ ਨੇ ਇਸ ਨੂੰ ਪਸੰਦ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਜੇਦਾ ਦੇ ‘ਸ਼ੁਮੈਸੀ ਡਿਟੈਂਸ਼ਨ ਸੈਂਟਰ’ ਵਿਚ ਭੇਜ ਦਿੱਤਾ ਹੈ। ਹਾਲ ਹੀ ’ਚ ਇਨ੍ਹਾਂ ਮਜ਼ਦੂਰਾਂ ਦਾ ਇਕ ਵੀਡੀਓ ਵਾਇਰਲ ਹੋਇਆ ਜਿਸ ’ਚ ਉਹ ਰੋਂਦੇ ਹੋਏ ਦਿਖਾਈ ਦੇ ਰਹੇ ਹਨ।

ਇਹ ਤਾਂ ਸਿਰਫ ਕੁਝ ਉਦਾਹਰਣਾਂ ਮਾਤਰ ਹਨ, ਅਸਲ ’ਚ ਕੋਰੋਨਾ ਮਹਾਮਾਰੀ ਨੇ ਅੱਜ ਸਮੁੱਚੇ ਵਿਸ਼ਵ ਦਾ ਤਾਣਾ-ਬਾਣਾ ਬਦਲ ਕੇ ਲੋਕਾਂ ਨੂੰ ਪੇਟ ਪਾਲਣ ਲਈ ਨਵੇਂ-ਨਵੇਂ ਖੇਤਰਾਂ ’ਚ ਕਿਸਮਤ ਅਜ਼ਮਾਉਣ ਲਈ ਮਜਬੂਰ ਕਰ ਦਿੱਤਾ ਹੈ।

ਬੇਸ਼ੱਕ ਕਿਹਾ ਜਾ ਸਕਦਾ ਹੈ ਕਿ ਇਸ ਆਫਤ ਨੇ ਲੋਕਾਂ ਨੂੰ ਜ਼ਿੰਦਗੀ ਜਿਊਣ ਦਾ ਨਵਾਂ ਨਜ਼ਰੀਆ ਦਿੱਤਾ ਹੈ ਪਰ ਇਹ ਅਨੁਭਵ ਬਹੁਤ ਦਰਦਨਾਕ ਹੈ। ਇਸ ਤੋਂ ਲੋਕਾਂ ਨੂੰ ਜਿੰਨੀ ਜਲਦੀ ਛੁਟਕਾਰਾ ਮਿਲੇ ਓਨਾ ਹੀ ਚੰਗਾ!

–ਵਿਜੇ ਕੁਮਾਰ


Bharat Thapa

Content Editor

Related News