‘ਕੋਰੋਨਾ ਨੇ ਬਦਲ ਦਿੱਤੀ ਜ਼ਿੰਦਗੀ’ ਲੋਕਾਂ ਨੂੰ ਨਵੇਂ ਹੋ ਰਹੇ ਤਜਰਬੇ

07/26/2020 3:39:14 AM

‘ਕੋਰੋਨਾ’ ਸਮੁੱਚੇ ਵਿਸ਼ਵ ’ਤੇ ਆਫਤ ਬਣ ਕੇ ਟੁੱਟਿਆ ਹੈ ਅਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ’ਚ ਲੋਕ ਜਾਨ ਗੁਆ ਰਹੇ ਹਨ। ‘ਕੋਰੋਨਾ’ ਤੋਂ ਬਚਾਅ ਲਈ ਲਗਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਲੋਕਾਂ ਦੀ ਜੀਵਨਸ਼ੈਲੀ, ਬੱਚਿਆਂ ਦੀ ਪੜ੍ਹਾਈ ਦੇ ਤੌਰ-ਤਰੀਕੇ ਅਤੇ ਕੁਝ ਕੁ ਨੇਤਾਵਾਂ ਦੇ ਸੋਚਣ ਦਾ ਅੰਦਾਜ਼ ਵੀ ਬਦਲ ਗਿਆ ਹੈ, ਜੋ ਹੇਠਾਂ ਦਿੱਤੀਆਂ ਉਦਾਹਰਣਾਂ ਤੋਂ ਸਪੱਸ਼ਟ ਹੁੰਦਾ ਹੈ :

* ਪਾਪੜ ਖਾਣ ਨਾਲ ‘ਕੋਰੋਨਾ’ ਠੀਕ ਹੋਣ ਦੀ ਨਵੀਂ ਜਾਣਕਾਰੀ ਕੇਂਦਰੀ ਸੰਸਦੀ ਮਾਮਲੇ ਮੰਤਰੀ ਅਰਜੁਨ ਰਾਮ ਮੇਘਵਾਲ (ਭਾਜਪਾ) ਨੇ ਦਿੱਤੀ ਹੈ। ਇਕ ਨਿੱਜੀ ਕੰਪਨੀ ਵਲੋਂ ‘ਭਾਬੀ ਜੀ’ ਨਾਂ ਨਾਲ ਬਾਜ਼ਾਰ ’ਚ ਉਤਾਰੇ ਪਾਪੜ ਦੀ ਵਿਕਰੀ ਸ਼ੁਰੂ ਕਰਨ ਲਈ ਆਯੋਜਿਤ ਸਮਾਗਮ ਦੇ ਵਾਇਰਲ ਹੋਏ ਵੀਡੀਓ ’ਚ ਉਨ੍ਹਾਂ ਨੇ ਿਕਹਾ, ਇਸ ਪਾਪੜ ਨਾਲ ਇਮਿਊਨਿਟੀ ਸਟ੍ਰੌਂਗ ਹੋਵੇਗੀ। ਆਤਮ-ਨਿਰਭਰ ਭਾਰਤ ਪ੍ਰੋਗਰਾਮ ਦੇ ਅਧੀਨ ਕੋਰੋਨਾ ਵਾਇਰਸ ਦੀ ਇਸ ਲੜਾਈ ’ਚ ਇਮਿਊਨਿਟੀ ਨੂੰ ਵਿਕਸਿਤ ਕਰਨ ’ਚ ਇਹ ਪਾਪੜ ਮਦਦ ਪਹੁੰਚਾਏਗਾ।’’

* ਉੱਤਰ ਪ੍ਰਦੇਸ਼ ਦੇ ਸੰਭਲ ਤੋਂ ਸਪਾ ਸੰਸਦ ਮੈਂਬਰ ਸ਼ਫੀਕੁਰਰਹਿਮਾਨ, ਜੋ ਡਾਕਟਰ ਵੀ ਹਨ, ਦਾ ਕਹਿਣਾ ਹੈ ਕਿ ‘‘ਕੋਰੋਨਾ ਵਾਇਰਸ ਕੋਈ ਬੀਮਾਰੀ ਨਹੀਂ, ਅੱਲ੍ਹਾ ਸਾਨੂੰ ਸਾਡੇ ਗੁਨਾਹਾਂ ਦੀ ਸਜ਼ਾ ਦੇ ਰਿਹਾ ਹੈ। ਅੱਲ੍ਹਾ ਕੋਲੋਂ ਮੁਆਫੀ ਮੰਗਣੀ ਹੀ ਕੋਰੋਨਾ ਤੋਂ ਬਚਣ ਦਾ ਸਭ ਤੋਂ ਚੰਗਾ ਤਰੀਕਾ ਹੈ। ਅੱਲ੍ਹਾ ਮੁਆਫ ਕਰੇਗਾ ਤਾਂ ਹੀ ਅਸੀਂ ਕੋਰੋਨਾ ਤੋਂ ਬਚ ਸਕਾਂਗੇ।’’

ਸੋਸ਼ਲ ਮੀਡੀਆ ’ਤੇ ਵਾਇਰਲ ਹੋਏ ਆਪਣੇ ਬਿਆਨ ’ਚ ਉਹ ਕਹਿ ਰਹੇ ਹਨ, ‘‘ਈਦ-ਉਲ-ਜ਼ੁਹਾ ਦੇ ਮੌਕੇ ’ਤੇ ਮਸਜਿਦਾਂ ਅਤੇ ਈਦਗਾਹ ’ਚ ਮੁਸਲਿਮਾਂ ਦੀ ਸਮੂਹਿਕ ਨਮਾਜ਼ ’ਤੇ ਪਾਬੰਦੀ ਲਗਾਉਣੀ ਗਲਤ ਹੈ। ਸਰਕਾਰ ਮਸਜਿਦ ਅਤੇ ਈਦਗਾਹ ’ਚ ਮੁਸਲਿਮਾਂ ਦੇ ਨਮਾਜ਼ ਅਦਾ ਕਰਨ ’ਤੇ ਲੱਗੀ ਪਾਬੰਦੀ ਹਟਾਵੇ ਕਿਉਂਕਿ ਜਦ ਦੇਸ਼ ਦੇ ਸਾਰੇ ਮੁਸਲਿਮ ਮਸਜਿਦਾਂ ’ਚ ਨਮਾਜ਼ ਪੜ੍ਹਨਗੇ ਤਾਂ ਹੀ ਇਹ ਮੁਲਕ ਬਚੇਗਾ।’’

ਉਨ੍ਹਾਂ ਦਾਅਵਾ ਕੀਤਾ ਕਿ ‘‘ਜਦੋਂ ਤਕ ਦੇਸ਼ ਦੇ ਸਾਰੇ ਮੁਸਲਮਾਨ ਮਸਜਿਦਾਂ ’ਚ ਨਮਾਜ਼ ਅਦਾ ਨਹੀਂ ਕਰਨਗੇ, ਉਦੋਂ ਤਕ ਕੋੋਰੋਨਾ ਮਹਾਮਾਰੀ ਨੂੰ ਨਹੀਂ ਭਜਾਇਆ ਜਾ ਸਕਦਾ।’’

* ਮਹਾਰਾਸ਼ਟਰ ਸਰਕਾਰ ਵਲੋਂ ਤਿੰਨ ਮਹੀਨੇ ਬਾਅਦ ਬਿਊਟੀ ਪਾਰਲਰ ਅਤੇ ਸੈਲੂਨ ਮੁੜ ਤੋਂ ਖੋਲ੍ਹਣ ਦੀ ਇਜਾਜ਼ਤ ’ਤੇ ਆਪਣਾ ਉਤਸ਼ਾਹ ਦਿਖਾਉਂਦੇ ਹੋਏ ਕੋਲ੍ਹਾਪੁਰ ਦੇ ਇਕ ਸੈਲੂਨ ਮਾਲਕ ਨੇ ਆਪਣੇ ਪਹਿਲੇ ਗਾਹਕ ਦੇ ਵਾਲ ਵਿਸ਼ੇਸ਼ ਤੌਰ ’ਤੇ 10 ਤੋਲੇ ਦੀਆਂ ਬਣਾਈਆਂ ਕੈਂਚੀਆਂ ਨਾਲ ਕੱਟੇ।

* ਪਟਿਆਲਾ ’ਚ ਸੂਲਰ ਰੋਡ ’ਤੇ ਪੁਲਮ ਮੁਲਾਜ਼ਮ ਬਣ ਕੇ ਨਾਕਾ ਲਗਾ ਕੇ ਖੜ੍ਹੇ ਠੱਗਾਂ ਨੇ 15-16 ਨੌਜਵਾਨਾਂ ਨੂੰ ਮਾਸਕ ਨਾ ਪਾਉਣ ’ਤੇ ਘੇਰ ਕੇ ਉਨ੍ਹਾਂ ਦਾ 800-800 ਰੁਪਏ ਦਾ ਚਲਾਨ ਕਰ ਦਿੱਤਾ, ਜਦਕਿ ਮਾਸਕ ਨਾ ਪਹਿਨਣ ’ਤੇ ਚਲਾਨ 500 ਰੁਪਏ ਦਾ ਹੀ ਕੱਟਦਾ ਹੈ।

ਜਿਹੜੇ ਨੌਜਵਾਨਾਂ ਦੇ ਕੋਲ ਪੈਸੇ ਨਹੀਂ ਸਨ, ਠੱਗਾਂ ਨੇ ਉਨ੍ਹਾਂ ਦੇ ਮੋਬਾਇਲ ਆਪਣੇ ਕੋਲ ਰੱਖ ਕੇ ਆਪਣੇ ਘਰਾਂ ਤੋਂ ਪੈਸੇ ਲਿਆਉਣ ਲਈ ਭੇਜ ਦਿੱਤਾ। ਹੁਣ ਸ਼ਿਕਾਇਤ ਮਿਲਣ ’ਤੇ ਪੁਲਸ ਘਟਨਾ ਦੀ ਸੱਚਾਈ ਜਾਂਚਣ ਲਈ ਸੀ. ਸੀ. ਟੀ. ਵੀ. ਦੇ ਫੁਟੇਜ ਫਰੋਲ ਰਹੀ ਹੈ।

* ਮਹਾਰਾਸ਼ਟਰ ’ਚ ਰਾਏਗੜ੍ਹ ਦੇ ਬੋਧਨੀ ਪਿੰਡ ਦੇ ਨਿਵਾਸੀਆਂ ਨੇ ‘ਕੋਰੋਨਾ’ ਯੋਧਿਆਂ ਵਲੋਂ ਕੀਤੀ ਜਾਣ ਵਾਲੀ ਜਾਂਚ ’ਚ ਅੜਿੱਕਾ ਡਾਹੁਣ ਲਈ ਬੇਹੱਦ ਘਟੀਆ ਅਤੇ ਨਿੰਦਣਯੋਗ ਤਰੀਕਾ ਅਪਣਾਇਆ। ਕੋਰੋਨਾ ਇਨਫੈਕਟਿਡ 2 ਰੋਗੀਆਂ ਸਮੇਤ ਸੈਂਕੜੇ ਗੁੱਸੇ ’ਚ ਆਏ ਪਿੰਡ ਵਾਲਿਆਂ ਨੇ ਜਾਂਚ ਕਰਨ ਪਹੁੰਚੀ ਸਰਕਾਰੀ ਕਰਮਚਾਰੀਆਂ, ਪੁਲਸ ਅਤੇ ਡਾਕਟਰਾਂ ਦੀ ਟੀਮ ’ਤੇ ਧਾਵਾ ਬੋਲ ਕੇ ਉਨ੍ਹਾਂ ਦੀ ਦੌੜ ਲਵਾ ਦਿੱਤੀ, ਉਨ੍ਹਾਂ ’ਚੋਂ ਕੁਝ ਕੁ ਨੇ ਇਹ ਸਿੱਧ ਕਰਨ ਲਈ ਕਿ ਉਨ੍ਹਾਂ ਨੂੰ ਕੁਝ ਨਹੀਂ ਹੋਇਆ ਹੈ, ਡਾਕਟਰਾਂ ਦੀ ਟੀਮ ’ਤੇ ਥੁੱਕ ਵੀ ਦਿੱਤਾ।

* ਉੱਤਰ ਪ੍ਰਦੇਸ਼ ਦੇ ਲਖਨਊ ’ਚ ਡੇਢ ਸਾਲ ਪਹਿਲਾਂ ਵਿਆਹੀ ਔਰਤ ਨੂੰ ਜਣੇਪੇ ਲਈ ਜਦੋਂ ਹਸਪਤਾਲ ਲਿਜਾਇਆ ਗਿਆ ਤਾਂ ਉਸ ਦੇ ਕੋਰੋਨਾ ਇਨਫੈਕਟਿਡ ਹੋਣ ਦੀ ਪੁਸ਼ਟੀ ਹੁੰਦੇ ਹੀ ਉਸ ਦਾ ਪਤੀ ਸੱਤ ਜਨਮਾਂ ਤਕ ਸਾਥ ਨਿਭਾਉਣ ਦੇ ਸਾਰੇ ਵਾਅਦੇ ਭੁੱਲ ਕੇ ਹਸਪਤਾਲ ’ਚੋਂ ਭੱਜ ਗਿਆ।

* ਹਾਲ ਹੀ ’ਚ ਪਟਿਆਲਾ ਤੋਂ ਕੁਝ ਲੋਕ ਬਰਾਤ ਲੈ ਕੇ ਉੱਤਰਾਖੰਡ ਪਹੰੁਚੇ ਤਾਂ ਜਾਂਚ ਦੌਰਾਨ ਉਨ੍ਹਾਂ ਦੇ ਵਾਹਨ ਦਾ ਡਰਾਈਵਰ ਕੋਰੋਨਾ ਇਨਫੈਕਟਿਡ ਨਿਕਲ ਆਇਆ, ਇਸ ਤੋਂ ਬਾਅਦ ਟਿਹਰੀ ਦੇ ਜ਼ਿਲਾ ਪ੍ਰਸ਼ਾਸਨ ਨੇ ਦੋਵਾਂ ਧਿਰਾਂ ਦੇ 46 ਵਿਅਕਤੀਆਂ ਨੂੰ ਕੁਆਰੰਟਾਈਨ ਕਰ ਿਦੱਤਾ ਅਤੇ ਲਾੜਾ-ਲਾੜੀ ਸੁਹਾਗਰਾਤ ਵਾਲੇ ਕਮਰੇ ਦੀ ਬਜਾਏ ਆਈਸੋਲੇਸ਼ਨ ਵਾਰਡਾਂ ’ਚ ਪਹੰੁਚ ਗਏ।

* ਇਕ ਘਟਨਾ ਜੀਂਦ ਦੇ ਨੰਦਗੜ੍ਹ ਪਿੰਡ ਦੇ ਇਕ ਨੌਜਵਾਨ ਨਾਲ ਵੀ ਵਾਪਰੀ, ਜਿਸ ਦਾ ਬੰਗਾਲ ਦੇ ਰਾਏਗੰਜ ’ਚ ਰਹਿਣ ਵਾਲੀ ਆਪਣੀ ਫੇਸਬੁੱਕ ਫ੍ਰੈਂਡ ਨਾਲ ਵਿਆਹ ਹੋਣ ਵਾਲਾ ਸੀ। ਪਹਿਲਾਂ ਤਾਂ ਮਾਰਚ ’ਚ ਕੋਰੋਨਾ ਕਾਰਨ ਦੋਵਾਂ ਦਾ ਵਿਆਹ ਟਲ ਗਿਆ ਅਤੇ ਜਦੋਂ ਕੁਝ ਆਵਾਜਾਈ ਖੁੱਲ੍ਹੀ ਤਾਂ ਉਹ 10 ਜੂਨ ਨੂੰ ਜੀਂਦ ਤੋਂ ਚੱਲ ਕੇ 21 ਜੁਲਾਈ ਨੂੰ ਰਾਏਗੰਜ ਆ ਪਹੰੁਚਿਆ।

ਮੈਰਿਜ ਰਜਿਸਟਰਾਰ ਦੇ ਦਫਤਰ ’ਚ ਵਿਆਹ ਸੰਪੰਨ ਹੋਣ ਤੋਂ ਪਹਿਲਾਂ ਹੀ ਉਸ ਦੀ ਕੋਰੋਨਾ ਜਾਂਚ ਦੀ ਰਿਪੋਰਟ ਪਾਜ਼ੇਟਿਵ ਆ ਗਈ ਅਤੇ ਉਸ ਨੂੰ ਉਸ ਦੀ ਲਾੜੀ ਦੇ ਘਰ ’ਚ ਹੀ ਕੁਆਰੰਟਾਈਨ ਕਰ ਦਿੱਤਾ ਗਿਆ।

* ਕੋਰੋਨਾ ਦੇ ਪ੍ਰਕੋਪ ਕਾਰਨ ਪੜ੍ਹਾਈ ਵੀ ਆਨਲਾਈਨ ਹੋ ਗਈ ਹੈ, ਜਿਸ ਦੇ ਲਈ ਸਮਾਰਟ ਮੋਬਾਇਲ ਫੋਨ ਵੀ ਜ਼ਰੂਰੀ ਹੈ ਪਰ ਕੁਝ ਲੋਕਾਂ ਕੋਲ ਪੈਸੇ ਨਾ ਹੋਣ ਕਾਰਨ ਸਮਾਰਟ ਮੋਬਾਇਲ ਫੋਨ ਖਰੀਦਣਾ ਸੌਖਾ ਨਹੀਂ। ਇਸੇ ਕਾਰਨ ਹਿਮਾਚਲ ’ਚ ਜਵਾਲਾਮੁਖੀ ਦੀ ਗੁੰਮਰ ਪੰਚਾਇਤ ਦੇ ਇਕ ਗਰੀਬ ਜੋੜੇ ਨੇ ਆਪਣੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਲਈ ਮੋਬਾਇਲ ਖਰੀਦਣ ਲਈ ਆਪਣੀ ਗਾਂ ਵੇਚ ਦਿੱਤੀ।

ਕੋਰੋਨਾ ਕਾਲ ਦੀਆਂ ਇਹ ਘਟਨਾਵਾਂ ਜਿਥੇ ਇਸ ਸੰਕਟ ਕਾਲ ’ਚ ਲੋਕਾਂ ਨੂੰ ਹੋਣ ਵਾਲੇ ਵੱਖ-ਵੱਖ ਤਜਰਬਿਆਂ ਦਾ ਪ੍ਰਗਟਾਵਾ ਕਰਦੀਆਂ ਹਨ, ਉਥੇ ਹੀ ਇਨ੍ਹਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਹਾਲਾਤ ਨੇ ਲੋਕਾਂ ਦੀ ਜ਼ਿੰਦਗੀ ਨੂੰ ਕਿਸ ਹੱਦ ਤਕ ਪ੍ਰਭਾਵਿਤ ਕਰ ਦਿੱਤਾ ਹੈ। 

-ਵਿਜੇ ਕੁਮਾਰ\\\


Bharat Thapa

Content Editor

Related News