‘ਬੇ ਸਿਰ-ਪੈਰ’ ਬਿਆਨ ਦੇਣ ਵਾਲਿਆਂ ''ਤੇ ‘ਭਾਜਪਾ ਰੋਕ ਲਾਏ’

02/04/2020 1:24:11 AM

ਅਸੀਂ ਸਮੇਂ-ਸਮੇਂ ’ਤੇ ਲਿਖਦੇ ਰਹਿੰਦੇ ਹਾਂ ਕਿ ਸਾਡੇ ਮਾਣਯੋਗ ਨੇਤਾਵਾਂ ਨੂੰ ਹਰ ਬਿਆਨ ਸੋਚ-ਸਮਝ ਕੇ ਹੀ ਦੇਣਾ ਚਾਹੀਦਾ ਹੈ ਤਾਂ ਕਿ ਸਮਾਜ ’ਚ ਕੁੜੱਤਣ ਅਤੇ ਗੈਰ-ਜ਼ਰੂਰੀ ਵਿਵਾਦ ਪੈਦਾ ਨਾ ਹੋਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਕ ਤੋਂ ਵੱਧ ਵਾਰ ਆਪਣੀ ਪਾਰਟੀ ਦੇ ਸਾਰੇ ਮੈਂਬਰਾਂ ਨੂੰ ਇਹ ਸਲਾਹ ਦੇ ਚੁੱਕੇ ਹਨ ਪਰ ਸਾਡੇ ਨੇਤਾਵਾਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ, ਜਿਨ੍ਹਾਂ ਦੀਆਂ ਕੁਝ ਤਾਜ਼ਾ ਉਦਾਹਰਣਾਂ ਹੇਠਾਂ ਦਰਜ ਹਨ :

* 22 ਜਨਵਰੀ ਨੂੰ ਮੱਧ ਪ੍ਰਦੇਸ਼ ਦੇ ਸਾਬਕਾ ਮੰਤਰੀ ਬਦਰੀ ਲਾਲ ਯਾਦਵ (ਭਾਜਪਾ) ਨੇ ਭੋਪਾਲ ’ਚ ਇਕ ਸਮਾਰੋਹ ’ਚ ਰਾਜਗੜ੍ਹ ਦੀ ਇਕ ਉੱਚ ਅਧਿਕਾਰੀ ’ਤੇ ਅਭੱਦਰਤਾ ਭਰੀ ਅਤੇ ਇਤਰਾਜ਼ਯੋਗ ਟਿੱਪਣੀ ਕੀਤੀ ਅਤੇ ਕਿਹਾ, ‘‘ਮੇਰੀ ਗੱਲ ਨੂੰ ਗਲਤ ਨਾ ਸਮਝਣਾ ਪਰ ਇਕ ਗੱਲ ਮੇਰੇ ਮਨ ’ਚ ਆਈ, ਇਸ ਲਈ ਬੋਲ ਰਿਹਾ ਹਾਂ ਕਿ...ਕਾਂਗਰਸੀਆਂ ਨੂੰ ਗੋਦ ’ਚ ਬਿਠਾ ਕੇ ਦੁੱਧ ਪਿਲਾਉਂਦੀ ਹੈ ਅਤੇ ਭਾਜਪਾ ਵਾਲਿਆਂ ਨੂੰ ਚਪੇੜ ਮਾਰਦੀ ਹੈ।’’

* 28 ਜਨਵਰੀ ਨੂੰ ਭਾਜਪਾ ਦੇ ਸੰਸਦ ਮੈਂਬਰ ਪ੍ਰਵੇਸ਼ ਵਰਮਾ ਨੇ ਚਿਤਾਵਨੀ ਦਿੱਤੀ, ‘‘ਸ਼ਾਹੀਨ ਬਾਗ ’ਚ ਮੌਜੂਦ ਸੀ. ਏ. ਏ. ਵਿਰੋਧੀ ਪ੍ਰਦਰਸ਼ਨਕਾਰੀ ਤੁਹਾਡੇ ਘਰਾਂ ’ਚ ਦਾਖਲ ਹੋ ਕੇ ਧੀਆਂ-ਭੈਣਾਂ ਨਾਲ ਬਲਾਤਕਾਰ ਅਤੇ ਹੱਤਿਆ ਕਰ ਸਕਦੇ ਹਨ। ਜੇਕਰ ਦਿੱਲੀ ’ਚ ਭਾਜਪਾ ਸੱਤਾ ’ਚ ਆਈ ਤਾਂ ਇਕ ਮਹੀਨੇ ’ਚ ਸਰਕਾਰੀ ਜ਼ਮੀਨ ’ਤੇ ਬਣੀਆਂ ਸਾਰੀਆਂ ਮਸਜਿਦਾਂ ਹਟਾ ਦੇਵਾਂਗੇ।’’

* 29 ਜਨਵਰੀ ਨੂੰ ਪ੍ਰਵੇਸ਼ ਵਰਮਾ ਨੇ ਅਰਵਿੰਦ ਕੇਜਰੀਵਾਲ ਨੂੰ ਅੱਤਵਾਦੀ ਅਤੇ ਨਕਸਲੀ ਦੱਸਦੇ ਹੋਏ ਕਿਹਾ, ‘‘ਜਿਵੇਂ ਨਕਸਲੀ ਅਤੇ ਅੱਤਵਾਦੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਂਦੇ ਹਨ, ਉਹੀ ਕੰਮ ਦਿੱਲੀ ਦੇ ਮੁੱਖ ਮੰਤਰੀ ਵੀ ਕਰ ਰਹੇ ਹਨ।’’

* 29 ਜਨਵਰੀ ਨੂੰ ਹੀ ਉੱਤਰ ਪ੍ਰਦੇਸ਼ ਦੇ ਕਿਰਤ ਰਾਜ ਮੰਤਰੀ ਰਘੁਰਾਜ ਸਿੰਘ ਬੋਲੇ, ‘‘ਕੁੱਤੇ ਦੀ ਮੌਤ ਮਾਰੇ ਜਾਣਗੇ ਇਹ ਲੋਕ, ਜੋ ਦੇਸ਼ਧ੍ਰੋਹੀ ਦਾ ਕੰਮ ਕਰਦੇ ਹਨ। ਪੁਲਸ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਅਜਿਹੇ ਰਾਸ਼ਟਰ ਵਿਰੋਧੀ ਅਨਸਰਾਂ ਨੂੰ ਗੋਲੀ ਮਾਰ ਦੇਵੇ।’’

ਇਸ ਤੋਂ ਕੁਝ ਹੀ ਦਿਨ ਪਹਿਲਾਂ ਇਨ੍ਹਾਂ ਨੇ ਕਿਹਾ ਸੀ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਯੋਗੀ ਆਦਿੱਤਿਆਨਾਥ ਵਿਰੁੱਧ ਬੋਲਣ ਵਾਲਿਆਂ ਨੂੰ ਜ਼ਿੰਦਾ ਦਫਨ ਕਰ ਦਿੱਤਾ ਜਾਵੇਗਾ।’’ ਇਕ ਹੋਰ ਬਿਆਨ ’ਚ ਉਨ੍ਹਾਂ ਨੇ ਚਿਤਾਵਨੀ ਦਿੱਤੀ, ‘‘ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦਾ ਨਾਂ ਬਦਲ ਕੇ ‘ਹਿੰਦੋਸਤਾਨ ਯੂਨੀਵਰਸਿਟੀ’ ਰੱਖ ਦਿੱਤਾ ਜਾਵੇਗਾ।’’

* 29 ਜਨਵਰੀ ਨੂੰ ਹੀ ਉੱਤਰ ਪ੍ਰਦੇਸ਼ ਦੇ ਜੇਲ ਮੰਤਰੀ ਜੈ ਕੁਮਾਰ ਸਿੰਘ ਨੇ ਸੀਤਾਪੁਰ ’ਚ ਇਕ ਕਾਲਜ ਦੇ ਸਮਾਰੋਹ ’ਚ ਬੋਲਦੇ ਹੋਏ ਸਿੱਖਿਆ ਨੂੰ ਸਿਆਸਤਦਾਨਾਂ ਲਈ ਗੈਰ-ਜ਼ਰੂਰੀ ਦੱਸਿਆ। ਉਨ੍ਹਾਂ ਨੇ ਫਰਮਾਇਆ, ‘‘ਕਈ ਵਾਰ ਪੜ੍ਹੇ-ਲਿਖੇ ਲੋਕ ਖਰਾਬ ਵਾਤਾਵਰਣ ਪੈਦਾ ਕਰ ਦਿੰਦੇ ਹਨ। ਕਿਸੇ ਨੇਤਾ ਲਈ ਪੜ੍ਹਿਆ-ਲਿਖਿਆ ਹੋਣਾ ਜ਼ਰੂਰੀ ਨਹੀਂ ਹੈ।’’

* 30 ਜਨਵਰੀ ਨੂੰ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼ ਨੇ ਕਿਹਾ, ‘‘ਬਿਨਾਂ ਜੇਲ ਗਏ ਕੋਈ ਵਿਅਕਤੀ ਚੰਗਾ ਨੇਤਾ ਨਹੀਂ ਬਣ ਸਕਦਾ। ਤੁਹਾਨੂੰ ਸਾਰਿਆਂ ਨੂੰ ਸਰਗਰਮ ਹੋਣਾ ਪਵੇਗਾ ਅਤੇ ਕੰਮ ਕਰਨਾ ਪਵੇਗਾ ਤਾਂ ਕਿ ਪੁਲਸ ਤੁਹਾਨੂੰ ਗ੍ਰਿਫਤਾਰ ਕਰਨ ਲਈ ਮਜਬੂਰ ਹੋ ਜਾਵੇ। ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਦੀਆਂ ਧਮਕੀਆਂ ਤੋਂ ਡਰੋ ਨਾ।’’

* 31 ਜਨਵਰੀ ਨੂੰ ਭਾਜਪਾ ਵਿਧਾਇਕ ਸੰਗੀਤ ਸੋਮ ਨੇ ਕਿਹਾ, ‘‘ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਜੋ ਔਰਤਾਂ ਧਰਨੇ ’ਤੇ ਬੈਠੀਆਂ ਹਨ, ਉਨ੍ਹਾਂ ਦੇ ਕੋਲ ਕੰਮ ਨਹੀਂ ਹੈ। ਭਾਰਤ ਨੂੰ ਤੋੜਨ ਦੀ ਗੱਲ ਕਰਨ ਵਾਲੇ ਸ਼ਰਜੀਲ ਇਮਾਮ ਵਰਗੇ ਲੋਕਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ।’’

*01 ਫਰਵਰੀ ਨੂੰ ਸਾਬਕਾ ਕੇਂਦਰੀ ਮੰਤਰੀ ਅਨੰਤ ਕੁਮਾਰ ਹੇਗੜੇ (ਭਾਜਪਾ) ਨੇ ਬੈਂਗਲੁਰੂ ’ਚ ਇਕ ਜਨਸਭਾ ’ਚ ਮਹਾਤਮਾ ਗਾਂਧੀ ਦੀ ਅਗਵਾਈ ’ਚ ਲੜੇ ਗਏ ਆਜ਼ਾਦੀ ਅੰਦੋਲਨ ਨੂੰ ਨਾਟਕ ਦੱਸਿਆ ਅਤੇ ਬੋਲੇ :

‘‘ਪੂਰਾ ਆਜ਼ਾਦੀ ਅੰਦੋਲਨ ਅੰਗਰੇਜ਼ਾਂ ਦੀ ਸਹਿਮਤੀ ਅਤੇ ਸਮਰਥਨ ਨਾਲ ਖੇਡਿਆ ਗਿਆ ਇਕ ਵੱਡਾ ਨਾਟਕ ਸੀ। ਇਹ ਕਥਿਤ ਨੇਤਾ ਇਕ ਵਾਰ ਵੀ ਪੁਲਸ ਵਲੋਂ ਕੁੱਟੇ ਨਹੀਂ ਗਏ। ਇਨ੍ਹਾਂ ਦਾ ਆਜ਼ਾਦੀ ਸੰਘਰਸ਼ ਦਿਖਾਵਾ ਸੀ। ਅਜਿਹੇ ਲੋਕ ਭਾਰਤ ਵਿਚ ‘ਮਹਾਤਮਾ’ ਅਖਵਾਏ ਜਾਂਦੇ ਹਨ। ਅੰਗਰੇਜ਼ ਸ਼ਾਸਕ ਸੱਤਿਆਗ੍ਰਹਿ ਕਾਰਣ ਨਹੀਂ ਸਗੋਂ ਨਿਰਾਸ਼ਾ ਅਤੇ ਪ੍ਰੇਸ਼ਾਨੀ ਕਾਰਣ ਦੇਸ਼ ਛੱਡ ਕੇ ਗਏ।

*2 ਫਰਵਰੀ ਨੂੰ ਵਾਇਰਲ ਹੋਏ ਇਕ ਵੀਡੀਓ ’ਚ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬੱਬਨ ਰਾਵ ਲੋਣੀਕਰ (ਭਾਜਪਾ) ਇਕ ਮਹਿਲਾ ਤਹਿਸੀਲਦਾਰ ਨੂੰ ਕਹਿ ਰਹੇ ਹਨ ਕਿ ਉਹ ਹੀਰੋਇਨ ਵਰਗੀ ਦਿਸਦੀ ਹੈ। ਔਰੰਗਾਬਾਦ ’ਚ ਇਕ ਸਮਾਰੋਹ ’ਚ ਉਨ੍ਹਾਂ ਨੇ ਕਿਹਾ :

‘‘ਜੇਕਰ ਕਿਸਾਨ ਸਰਕਾਰ ਤੋਂ ਮਦਦ ਚਾਹੁੰਦੇ ਹਨ ਤਾਂ ਅਸੀਂ ਇਥੇ ਮਰਾਠਵਾੜਾ ਵਿਚ ‘ਪਰਤੁਰ’ ਵਿਚ ਵੱਡੀ ਰੈਲੀ ਕਰਨ ਦੀ ਯੋਜਨਾ ਬਣਾ ਸਕਦੇ ਹਾਂ। ਤੁਸੀਂ ਦੱਸੋ ਕਿਸ ਨੂੰ ਬੁਲਾਉਣਾ ਚਾਹੀਦਾ ਹੈ? ਅਸੀਂ ਇਸ ਦੇ ਲਈ ਇਕ ਹੀਰੋਇਨ ਨੂੰ ਬੁਲਾ ਸਕਦੇ ਹਾਂ, ਜੇਕਰ ਨਹੀਂ ਤਾਂ ਸਾਡੇ ਕੋਲ ਆਪਣੀ ਹੀਰੋਇਨ ਤਹਿਸੀਲਦਾਰ ਮੈਡਮ ਹੈ।’’

*02 ਫਰਵਰੀ ਨੂੰ ਮਹਾਰਾਸ਼ਟਰ ਦੇ ਗੰਗਾ ਪੁਰ ਤੋਂ ਵਿਧਾਇਕ ਪ੍ਰਸ਼ਾਂਤ ਬੰਬ (ਭਾਜਪਾ) ਨੇ ਨਾਂਦੇੜ ਸਾਹਿਬ ਤੋਂ ਅਾਪਣੀ ਪਾਰਟੀ ਦੇ ਸੰਸਦ ਮੈਂਬਰ ਪ੍ਰਤਾਪ ਪਾਟਿਲ ਚਿਖਲਕਰ ਨੂੰ ਨੋਟਿਸ ਭੇਜ ਕੇ ਦੋਸ਼ ਲਾਇਆ ਕਿ ‘‘ਹਾਲ ਹੀ ਵਿਚ ਚਿਖਲਕਰ ਨੇ ਪੀ. ਡਬਲਯੂ. ਡੀ. ਅਧਿਕਾਰੀਆਂ ਨੂੰ ਭੇਜੇ ਪੱਤਰ ਵਿਚ ਮੈਨੂੰ ਬਲੈਕਮੇਲਰ ਕਿਹਾ ਹੈ।’’

ਸਮਝ ਤੋਂ ਬਾਹਰ ਹੈ ਕਿ ਅਜਿਹੇ ਬਿਆਨ ਦੇ ਕੇ ਭਾਜਪਾ ਦੇ ਨੇਤਾ ਆਪਣੀ ਪਾਰਟੀ ਦਾ ਕਿਹੜਾ ਭਲਾ ਕਰ ਰਹੇ ਹਨ! ਨਾ ਸਿਰਫ ਇਸ ਨਾਲ ਦੇਸ਼ ਦਾ ਸਿਆਸੀ, ਸਮਾਜਿਕ ਅਤੇ ਭਾਈਚਾਰੇ ਦਾ ਮਾਹੌਲ ਖਰਾਬ ਹੁੰਦਾ ਹੈ ਸਗੋਂ ਵਿਦੇਸ਼ਾਂ ’ਚ ਵੀ ਭਾਰਤ ਦੀ ਦਿੱਖ ਖਰਾਬ ਹੁੰਦੀ ਹੈ, ਇਸ ਲਈ ਅਜਿਹੀ ਬਿਆਨਬਾਜ਼ੀ ਤੁਰੰਤ ਬੰਦ ਹੋਣੀ ਚਾਹੀਦੀ ਹੈ ਤਾਂ ਕਿ ਦੇਸ਼ ਦਾ ਮਾਹੌਲ ਖਰਾਬ ਨਾ ਹੋਵੇ ਅਤੇ ਲੋਕਾਂ ’ਚ ਸਦਭਾਵਨਾ ਵਧੇ।

–ਵਿਜੇ ਕੁਮਾਰ\\\


Bharat Thapa

Content Editor

Related News