‘ਦੁਸ਼ਮਣੀ ਦਾ ਜ਼ਹਿਰ ਫੈਲਾ ਰਹੇ’ ‘ਕੁੱਝ ਕੁ ਨੇਤਾਵਾਂ ਦੇ ਮਰਿਆਦਾਹੀਣ ਬਿਆਨ’

04/15/2021 3:29:48 AM

ਅਸੀਂ ਲਿਖਦੇ ਰਹਿੰਦੇ ਹਾਂ ਕਿ ਸਾਡੇ ਮਾਣਯੋਗਾਂ ਨੂੰ ਹਰ ਬਿਆਨ ਸੋਚ-ਸਮਝਣ ਕੇ ਹੀ ਦੇਣਾ ਚਾਹੀਦਾ ਹੈ ਤਾਂ ਕਿ ਬੇਲੋੜੇ ਵਿਵਾਦ ਪੈਦਾ ਨਾ ਹੋਣ ਪਰ ਪਿਛਲੇ ਕੁੱਝ ਸਮੇਂ ਤੋਂ ਸਾਡੇ ਦੇਸ਼ ’ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਕੁਝ ਛੋਟੇ-ਵੱਡੇ ਆਗੂਆਂ ਵੱਲੋਂ ਦੁਸ਼ਮਣੀਪੂਰਨ, ਚੁੱਭਣ ਵਾਲੇ ਅਤੇ ਊਲ-ਜਲੂਲ ਬਿਆਨ ਦੇਣ ਦਾ ਇਕ ਰੁਝਾਨ ਜਿਹਾ ਚੱਲ ਪਿਆ ਹੈ, ਜਿਸ ਦੀਆਂ ਸਿਰਫ 20 ਦਿਨਾਂ ਦੀਆਂ ਕੁੱਝ ਕੁ ਉਦਾਹਰਣਾਂ ਹੇਠਾਂ ਦਰਜ ਹਨ :-

* 24 ਮਾਰਚ ਨੂੰ ਤਾਮਿਲਨਾਡੂ ’ਚ ਦ੍ਰਮੁਕ ਨੇਤਾ ‘ਡਿੰਡੀਗੁਲ ਲਿਓਨੀ’ ਨੇ ਕਿਹਾ,‘‘ਔਰਤਾਂ ਨੇ ਆਪਣੀ ਸ਼ੇਪ ਗੁਆ ਦਿੱਤੀ ਹੈ ਅਤੇ ਉਹ ‘ਢੋਲ’ ਦੇ ਵਾਂਗ ਦਿਸਣ ਲੱਗੀਆਂ ਹਨ ਕਿਉਂਕਿ ਵਿਦੇਸ਼ੀ ਗਾਵਾਂ ਦਾ ਦੁੱਧ ਪੀਣ ਕਾਰਨ ਉਨ੍ਹਾਂ ਦਾ ਭਾਰ ਵਧਦਾ ਜਾ ਰਿਹਾ ਹੈ।’’

* 24 ਮਾਰਚ ਨੂੰ ਹੀ ਤਾਮਿਲਨਾਡੂ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਐੱਮ.ਕੇ. ਸਟਾਲਿਨ (ਦ੍ਰਮੁਕ) ਨੇ ਕਿਹਾ,‘‘ਤਾਮਿਲਨਾਡੂ ਦਾ ਮੁੱਖ ਮੰਤਰੀ ਪਲਾਨੀਸਵਾਮੀ (ਅੰਨਾਦ੍ਰਮੁਕ) ਸੱਪ ਅਤੇ ਕੋਹੜ ਕਿਰਲੀ ਤੋਂ ਵੀ ਵੱਧ ਜ਼ਹਿਰੀਲਾ ਹੈ।’’

* 26 ਮਾਰਚ ਨੂੰ ਉੱਤਰ ਪ੍ਰਦੇਸ਼ ’ਚ ਬਾਰਾਬੰਕੀ ’ਚ ਭਾਜਪਾ ਨੇਤਾ ਰਣਜੀਤ ਬਹਾਦੁਰ ਸ਼੍ਰੀਵਾਸਤਵ ਬੋਲੇ,‘‘ਸੜਕ ’ਤੇ ਬਣੀਆਂ ਮਜ਼ਾਰਾਂ ਤਾਂ ਹਟਣੀਆਂ ਚਾਹੀਦੀਆਂ ਹਨ ਪਰ ਮੰਦਰ ਹਟਾਉਣ ਦੀ ਬਜਾਏ ਉੱਥੋਂ ਸੜਕ ਹੀ ਹਟਾ ਦੇਣੀ ਚਾਹੀਦੀ ਹੈ।’’

* 29 ਮਾਰਚ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਬੋਲੀ,‘‘ਮੈਂ ਰੋਇਲ ਬੰਗਾਲ ਟਾਈਗਰ ਹਾਂ ਅਤੇ ਜ਼ਖਮੀ ਬਾਘ ਜ਼ਿਆਦਾ ਖਤਰਨਾਕ ਹੁੰਦਾ ਹੈ।’’

* ਇਸੇ ਦਿਨ ਤ੍ਰਿਣਮੂਲ ਕਾਂਗਰਸ ਨੂੰ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਸ਼ੁਭੇਂਦੂ ਅਧਿਕਾਰੀ ਨੇ ਕਿਹਾ,‘‘ਬੇਗਮ (ਮਮਤਾ) ਨੂੰ ਵੋਟ ਨਾ ਦਿਓ। ਜੇਕਰ ਤੁਸੀਂ ਬੇਗਮ ਨੂੰ ਵੋਟ ਦੇਵੋਗੇ ਤਾਂ ਇਹ ਪੱਛਮੀ ਬੰਗਾਲ) ਮਿੰਨੀ ਪਾਕਿਸਤਾਨ ਬਣ ਜਾਵੇਗਾ।’’

* 30 ਮਾਰਚ ਨੂੰ ਕੇਰਲ ਦੇ ਸਾਬਕਾ ਆਜ਼ਾਦ ਸੰਸਦ ਮੈਂਬਰ ਜਾਯਸ ਜਾਰਜ ਨੇ ਕਿਹਾ,‘‘ਰਾਹੁਲ ਗਾਂਧੀ ਕੁਆਰੇ ਹੋਣ ਕਾਰਨ ਸਿਰਫ ਲੜਕੀਆਂ ਦੇ ਕਾਲਜਾਂ ’ਚ ਜਾਂਦੇ ਹਨ। ਇਸ ਲਈ ਮੈਂ ਵਿਦਿਆਰਥਣਾਂ ਨੂੰ ਕਹਾਂਗਾ ਕਿ ਉਹ ਰਾਹੁਲ ਗਾਂਧੀ ਦਾ ਸਾਹਮਣਾ ਕਰਦੇ ਸਮੇਂ ਉਨ੍ਹਾਂ ਤੋਂ ਸਾਵਧਾਨ ਰਹਿਣ ਅਤੇ ਉਨ੍ਹਾਂ ਦੇ ਅੱਗੇ ਕਦੀ ਨਾ ਝੁਕਣ... ਉਹ ਸਮੱਸਿਆ ਪੈਦਾ ਕਰਨ ਵਾਲੇ ਕੁਆਰੇ ਹਨ।’’

* 30 ਮਾਰਚ ਨੂੰ ਹੀ ਦ੍ਰਮੁਕ ਨੇਤਾ ਏ. ਰਾਜਾ ਨੇ ਇਕ ਬਿਆਨ ’ਚ ਤਾਮਿਲਨਾਡੂ ਦੇ ਮੁੱਖ ਮੰਤਰੀ ਅਤੇ ਅੰਨਾਦ੍ਰਮੁਕ ਦੇ ਨੇਤਾ ਪਲਾਨੀਸਵਾਮੀ ਦੀ ਤੁਲਨਾ ਆਪਣੀ ਪਾਰਟੀ ‘ਦ੍ਰਮੁਕ’ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਕਰੁਨਾਨਿਧੀ ਦੇ ਬੇਟੇ ਐੱਮ.ਕੇ. ਸਟਾਲਿਨ ਨਾਲ ਕਰਦੇ ਹੋਏ ਕਿਹਾ :

‘‘ਪਲਾਨੀਸਵਾਮੀ ਨਾਜਾਇਜ਼ ਸਬੰਧਾਂ ਦੇ ਕਾਰਣ ਸਮੇਂ ਤੋਂ ਪਹਿਲਾਂ ਪੈਦਾ ਹੋਇਆ ਬੱਚਾ ਹੈ ਜਦਕਿ ਸਟਾਲਿਨ ਜਾਇਜ਼ ਸੰਬੰਧਾਂ ਨਾਲ ਪੈਦਾ ਹੋਇਆ ਪੂਰੀ ਤਰ੍ਹਾਂ ਪਰਿਪੱਕ ਇਨਸਾਨ ਹੈ।’’ ਦ੍ਰਮੁਕ ਦੀ ਸੀਨੀਅਰ ਨੇਤਾ ਕਨੀਮੋਝੀ ਨੇ ਵੀ ਇਸ ਬਿਆਨ ’ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ।

* ਇਸੇ ਦਿਨ ਦ੍ਰਮੁਕ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਦਯਾਨਿਧੀ ਮਾਰਨ ਬੋਲੇ,‘‘ਅੰਨਾਦ੍ਰਮੁਕ ਦੇ ਨੇਤਾ ਜੈਲਲਿਤਾ ਨੂੰ ‘ਅੰਮਾ’ ਅਤੇ ਨਰਿੰਦਰ ਮੋਦੀ ਨੂੰ ‘ਪਿਤਾ’ ਕਹਿੰਦੇ ਹਨ। ਦੋਵਾਂ ਦਾ ਰਿਸ਼ਤਾ ਕੀ ਹੈ? ਜਦ ਮੈਂ ਇਹੀ ਗੱਲ ਕਹਿੰਦਾ ਹਾਂ ਤਾਂ ਉਹ ਮੇਰੇ ’ਤੇ ਚੀਕ ਦੇ ਹਨ।’’

* 02 ਅਪ੍ਰੈਲ ਨੂੰ ਅਸਾਮ ’ਚ ‘ਆਲ ਇੰਡੀਆ ਯੂਨਾਈਟਿਡ ਡੈਮੋਕ੍ਰੇਟਿਕ ਫ੍ਰੰਟ’ ਦੇ ਨੇਤਾ ਮੌਲਾਨਾ ਬਦਰੂਦੀਨ ਅਜਮਲ ਨੇ ਕਿਹਾ,‘‘ਗਰੀਬ ਜਦੋਂ ਰਾਤ ਨੂੰ ਉੱਠੇਗਾ...ਮੀਆਂ-ਬੀਵੀ ਹਨ... ਦੋਨੋਂ ਜਵਾਨ ਹਨ... ਤਾਂ ਫਿਰ ਰਾਤ ਨੂੰ ਕੀ ਕਰਨਗੇ? ਬੱਚੇ ਹੀ ਤਾਂ ਪੈਦਾ ਕਰਨਗੇ।’’

* 04 ਅਪ੍ਰੈਲ ਨੂੰ ਭਾਜਪਾ ਦੇ ਸਾਬਕਾ ਰਾਸ਼ਟਰੀ ਸਕੱਤਰ ਅਤੇ ‘ਬਿਆਨ ਬਹਾਦੁਰ’ ਦੇ ਨਾਂ ਨਾਲ ਮਸ਼ਹੂਰ ਵਿਨੈ ਕਟਿਆਰ ਨੇ ਬਾਰਾਬੰਕੀ ’ਚ ਬੋਲਦੇ ਹੋਏ ਰਾਹੁਲ ਗਾਂਧੀ ਨੂੰ ‘ਚੀਨ ਦਾ ਦਲਾਲ’ ਅਤੇ ਉਨ੍ਹਾਂ ਦੀ ਪੂਰੀ ਪਾਰਟੀ ਨੂੰ ਅਜਿਹੀ ਵਿਧਵਾ ਕਰਾਰ ਦਿੱਤਾ ਜੋ ਕੁਰਲਾਪ ਤਾਂ ਕਰਦੀ ਹੈ ਪਰ ਉਸ ਨੂੰ ਕੋਈ ਪੁਚਕਾਰਦਾ ਨਹੀਂ ਹੈ।

*08 ਅਪ੍ਰੈਲ ਨੂੰ ਮਾਲਦਾ ’ਚ ਏ.ਆਈ.ਐੱਮ.ਆਈ.ਐੱਮ. ਦੇ ਆਗੂ ਅਸਦੁਦੀਨ ਓਵੈਸੀ ਨੇ ਕਿਹਾ,‘‘ਮਮਤਾ ਬੈਨਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਰਮਿਆਨ ਅੰਦਰ-ਅੰਦਰ ਗੰਢਤੁਪ ਹੈ । ਦੋਨੋਂ ਭਰਾ-ਭੈਣ ਹਨ।

* 12 ਅਪ੍ਰੈਲ ਨੂੰ ਭਾਜਪਾ ਨੇਤਾ ਰਾਹੁਲ ਸਿੰਨ੍ਹਾ ਨੇ ਕਿਹਾ,‘‘ਕੇਂਦਰੀ ਬਲਾਂ ਵੱਲੋਂ ਕੂਚ ਬਿਹਾਰ ਦੇ ਸ਼ੀਤਲਕੁਚੀ ’ਚ 4 ਦੀ ਜਗ੍ਹਾ 8 ਲੋਕਾਂ ਨੂੰ ਗੋਲੀ ਮਾਰਨੀ ਚਾਹੀਦੀ ਸੀ।’’

* 13 ਅਪ੍ਰੈਲ ਨੂੰ ਸੀਨੀਅਰ ਭਾਜਪਾ ਨੇਤਾ ਅਤੇ ਰਾਜਸਥਾਨ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਗੁਲਾਬ ਚੰਦ ਕਟਾਰੀਆ ਵੱਲੋਂ ਮਹਾਰਾਣਾ ਪ੍ਰਤਾਪ ਨੂੰ ਲੈ ਕੇ ਦਿੱਤੇ ਗਏ ਗਲਤ ਬਿਆਨ ਕਾਰਣ ਉਨ੍ਹਾਂ ਦੇ ਵਿਰੁੱਧ ਲੋਕਾਂ ਦਾ ਗੁੱਸਾ ਇਸ ਕਦਰ ਭੜਕ ਉਠਿਆ ਕਿ ਕਟਾਰੀਆ ਨੂੰ ਵੀਡੀਓ ਦੇ ਜ਼ਰੀਏ ਹੱਥ ਜੋੜ ਕੇ ਮਾਫੀ ਮੰਗਣੀ ਪਈ।

ਉਕਤ ਬਿਆਨਾਂ ਦੇ ਇਲਾਵਾ ਵੀ ਸਾਡੇ ਮਾਣਯੋਗ ਲੋਕ ਪ੍ਰਤੀਨਿਧੀਆਂ ਨੇ ਹੋਰ ਪਤਾ ਨਹੀਂ ਕਿੰਨੇ ਬਿਆਨ ਦੇ ਕੇ ਸਮਾਜ ’ਚ ਦੁਸ਼ਮਣੀ ਫੈਲਾਉਣੀ ਜਾਰੀ ਰੱਖੀ ਹੋਈ ਹੈ।

ਪਹਿਲਾਂ ਤਾਂ ਸਾਡੇ ਨੇਤਾਗਣ ਇਤਰਾਜ਼ਯੋਗ ਬਿਆਨ ਦੇ ਦਿੰਦੇ ਹਨ ਅਤੇ ਜਦ ਉਨ੍ਹਾਂ ’ਤੇ ਵਿਵਾਦ ਖੜ੍ਹਾ ਹੋ ਜਾਂਦਾ ਹੈ ਤਾਂ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ, ਜਦਕਿ ਅੱਜ ਦੇ ਇਲੈਕਟ੍ਰਾਨਿਕ ਮੀਡੀਆ ਦੇ ਯੁੱਗ ’ਚ ਸਭ ਕੁਝ ਰਿਕਾਰਡ ਹੋ ਜਾਂਦਾ ਹੈ।

ਇਸ ਲਈ ਮਨ ’ਚ ਇਹ ਸਵਾਲ ਉਠਣਾ ਸੁਭਾਵਿਕ ਹੀ ਹੈ ਿਕ ਆਖਰ ਇਸ ਤਰ੍ਹਾਂ ਦੀ ਬੇਲਗਾਮ ਬਿਆਨਬਾਜ਼ੀ ਨਾਲ ਬੇਲੋੜਾ ਵਿਵਾਦ ਪੈਦਾ ਕਰ ਕੇ ਉਨ੍ਹਾਂ ਨੂੰ ਕੀ ਮਿਲਦਾ ਹੈ ਅਤੇ ਇਸ ’ਤੇ ਕਦੋਂ ਤੇ ਕੌਣ ਲਗਾਮ ਲਗਾਵੇਗਾ।

- ਵਿਜੇ ਕੁਮਾਰ


Bharat Thapa

Content Editor

Related News